
ਕਿਸਾਨ ਸਿਖਲਾਈ ਕੈਂਪ
Paddy Cultivation: ਝੋਨੇ ਦੀ ਲੁਆਈ ਦਾ ਕੰਮ ਸਾਰੇ ਪੰਜਾਬ ਵਿੱਚ ਜ਼ੋਰਾਂ 'ਤੇ ਚੱਲ ਰਿਹਾ ਹੈ ਅਤੇ ਕਿਸਾਨ ਵੀਰ ਝੋਨੇ ਦੀ ਲੁਆਈ ਅਤੇ ਚੰਗੇ ਝਾੜ ਲਈ ਖਾਦਾਂ ਦੀ ਵਰਤੋਂ ਬਾਰੇ ਅਕਸਰ ਹੀ ਜਾਣਨਾ ਚਾਹੁੰਦੇ ਹਨ।
ਸੋ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੰਗਰੂਰ ਜਿਲ੍ਹੇ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ ਨੇ ਅੱਜ ਮਿਤੀ 23 ਜੂਨ 2025 ਨੂੰ ਪਿੰਡ ਰਾਜਪੁਰਾ ਵਿਖੇ ਝੋਨੇ ਅਤੇ ਬਾਸਮਤੀ ਵਿੱਚ ਖਾਦਾਂ ਦੀ ਸੰਜਮ ਨਾਲ ਵਰਤੋਂ ਬਾਰੇ ਕਿਸਾਨ ਸਿਖਲਾਈ ਕੈਂਪ ਲਗਾਇਆ।
ਕੈਂਪ ਦੀ ਅਗਵਾਈ ਕਰਦੇ ਹੋਏ ਕੇਂਦਰ ਦੇ ਮੁਖੀ ਡਾ. ਅਸ਼ੋਕ ਕੁਮਾਰ, ਜਿਲ੍ਹਾ ਪਸਾਰ ਵਿਗਿਆਨੀ ਨੇ ਸਾਰੇ ਕਿਸਾਨਾਂ ਨੂੰ ਸਵਾਗਤੀ ਸ਼ਬਦ ਕਹਿਣ ਤੋਂ ਬਾਅਦ ਝੋਨੇ ਦੀ ਫਸਲ ਤੋਂ ਚੰਗਾ ਝਾੜ ਲਾਣ ਲਈ ਖੁਰਾਕੀ ਨੁਕਤੇ ਸਾਂਝੇ ਕੀਤੇ। ਉਹਨਾਂ ਕਿਹਾ ਕਿ ਕਿਸਾਨ ਵੀਰਾਂ ਨੂੰ ਯੂਰੀਆ ਖਾਦ ਦੀ ਵਰਤੋਂ ਝੋਨੇ ਅਤੇ ਬਾਸਮਤੀ ਦੀ ਕਿਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਮਿੱਟੀ ਪਰਖ ਦੇ ਅਧਾਰ ਤੇ ਕਰਨੀ ਚਾਹੀਦੀ ਹੈ। ਪੀ ਆਰ ਦੀਆਂ ਕਿਸਮਾਂ ਨੂੰ ਮਿੱਟੀ ਵਿੱਚ ਦਰਮਿਆਨੇ ਜੈਵਿਕ ਕਾਰਬਨ ਦੀ ਸਥਿਤੀ ਵਿੱਚ ਕੇਵਲ 90 ਕਿਲੋ ਯੂਰੀਆ ਪ੍ਰਤੀ ਏਕੜ ਹੀ ਤਿੰਨ ਬਰਾਬਰ ਕਿਸ਼ਤਾਂ ਵਿੱਚ ਭਾਵ ਲੁਆਈ ਤੋਂ 7, 21 ਅਤੇ 42 ਦਿਨਾਂ ਤੱਕ ਪਾ ਕੇ ਚੰਗਾ ਝਾੜ ਲਿਆ ਜਾ ਸਕਦਾ ਹੈ।
ਨਵੀਂ ਕਿਸਮ ਪੀ ਆਰ 132 ਨੂੰ ਕੇਵਲ ਡੇਢ ਥੈਲਾ ਯੂਰੀਆ ਹੀ ਪਾਉਣਾ ਹੈ। ਪੀ ਆਰ 126 ਕਿਸਮ ਨੂੰ ਤਿੰਨ ਬਰਾਬਰ ਕਿਸ਼ਤਾਂ ਵਿੱਚ ਲੁਆਈ ਤੋਂ 7, 21 ਅਤੇ 35 ਦਿਨਾਂ ਤੱਕ ਯੂਰੀਆ ਖਾਦ ਪੂਰੀ ਕਰ ਦੇਣੀ ਚਾਹੀਦੀ ਹੈ। ਡਾ. ਅਸ਼ੋਕ ਕੁਮਾਰ ਨੇ ਕਿਸਾਨਾਂ ਨੂੰ ਜ਼ਿੰਕ ਦੀ ਘਾਟ ਦੇ ਲੱਛਣਾਂ ਅਤੇ ਉਸਦੀ ਰੋਕਥਾਮ ਬਾਰੇ ਵਿਸਥਾਰਪੂਰਵਕ ਜਾਣੂ ਕਰਵਾਇਆ ਅਤੇ ਉਹਨਾਂ ਨੂੰ ਪੂਰੀ ਸਿਫਾਰਸ਼ ਕੀਤੀ ਮਾਤਰਾ ਪਾਉਣ ਲਈ ਪ੍ਰੇਰਿਆ। ਕੱਲਰ ਦੀ ਸਮੱਸਿਆ ਵਾਲੀਆਂ ਜ਼ਮੀਨਾਂ ਵਿੱਚ ਮਿੱਟੀ ਪਰਖ ਕਰਵਾ ਕੇ ਖਾਦਾਂ ਪਾਉਣ ਦੀ ਸਲਾਹ ਵੀ ਦਿੱਤੀ ਗਈ।
ਇਹ ਵੀ ਪੜ੍ਹੋ: ਟਿਕਾਉ ਆਮਦਨ ਲਈ ਸੰਯੁਕਤ ਖੇਤੀਬਾੜੀ ਪ੍ਰਣਾਲੀ ਮਾਡਲ ਅਪਣਾਉਣ ਦੀ ਲੋੜ: Dr. Tarsem Singh Dhillon
ਸਿੰਚਾਈ ਵਾਲੇ ਪਾਣੀ ਦੇ ਸੰਜਮ ਨਾਲ ਵਰਤੋਂ ਕਰਨ ਲਈ ਕਿਸਾਨ ਵੀਰਾਂ ਨੂੰ ਸੁਕਾ-ਸੁਕਾ ਪਾਣੀ ਲਾਉਣ ਦੀ ਸਲਾਹ ਵੀ ਦਿੱਤੀ ਗਈ ਜਿਸ ਨਾਲ ਸਿੰਚਾਈ ਵਾਲੇ ਪਾਣੀ ਦੀ ਬਚਤ ਕੀਤੀ ਜਾ ਸਕਦੀ ਹੈ। ਇਸ ਮੌਕੇ ਡਾ. ਅਸ਼ੋਕ ਕੁਮਾਰ ਨੇ ਕਿਸਾਨ ਵੀਰਾਂ ਨੂੰ ਟਿਊਬਵੈੱਲ ਦੇ ਪਾਣੀ ਨੂੰ ਪਰਖ ਕਰਵਾਉਣ ਲਈ ਜਾਗਰੂਕ ਕਰਦੇ ਹੋਏ ਨਮੂਨੇ ਲੈਣ ਦੇ ਢੰਗ ਬਾਰੇ ਦੱਸਿਆ। ਝੋਨੇ ਦੀ ਸਿੱਧੀ ਬਿਜਾਈ ਅਤੇ ਮਸ਼ੀਨੀ ਝੋਨੇ ਬਾਰੇ ਵੀ ਵਿਚਾਰ ਸਾਂਝੇ ਕੀਤੇ ਗਏ। ਅੰਤ ਵਿੱਚ ਸਾਰੇ ਕਿਸਾਨ ਵੀਰਾਂ ਵਲੋਂ ਉਠਾਏ ਗਏ ਬਹੁਤ ਸਾਰੇ ਸਵਾਲਾਂ ਦੇ ਜਵਾਬ ਤਸੱਲੀਬਖਸ਼ ਦਿੱਤੇ ਗਏ। ਕੈਂਪ ਦੌਰਾਨ ਸ. ਕੁਲਦੀਪ ਸਿੰਘ (ਸਰਪੰਚ), ਸ. ਰੋਹੀ ਸਿੰਘ, ਸ. ਜੋਬਨਪ੍ਰੀਤ ਸਿੰਘ, ਸ. ਗੁਰਤੇਜ ਸਿੰਘ, ਸ. ਜਸਪ੍ਰੀਤ ਸਿੰਘ ਅਤੇ ਹੋਰ ਕਿਸਾਨ ਸ਼ਾਮਲ ਸਨ।
Summary in English: Sangrur organizes camp at village Rajpura on balanced use of fertilizers and water in paddy and basmati