National Poultry Symposium: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸ਼ੂਧਨ ਉਤਪਾਦ ਤਕਨਾਲੋਜੀ ਵਿਭਾਗ ਦੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ 39ਵੀਂ ਇੰਡੀਅਨ ਪੋਲਟਰੀ ਸਾਇੰਸ ਐਸੋਸੀਏਸ਼ਨ ਕਾਨਫਰੰਸ ਅਤੇ ਰਾਸ਼ਟਰੀ ਵਿਚਾਰ ਗੋਸ਼ਠੀ ਵਿੱਚ ਹਿੱਸਾ ਲੈ ਕੇ ਜ਼ਿਕਰਯੋਗ ਸਨਮਾਨ ਹਾਸਿਲ ਕੀਤਾ।
ਇਸ ਕਾਨਫਰੰਸ ਦਾ ਵਿਸ਼ਾ ਸੀ ‘ਟਿਕਾਊ ਵਾਧੇ ਲਈ ਭਾਰਤੀ ਮੁਰਗੀ ਪਾਲਣ ਖੇਤਰ ਨੂੰ ਆਕਾਰ ਦੇਣਾ’। ਇਹ ਕਾਨਫਰੰਸ ਮਹਾਰਾਸ਼ਟਰ ਐਨੀਮਲ ਐਂਡ ਫ਼ਿਸ਼ਰੀਜ਼ ਸਾਇੰਸ ਯੂਨੀਵਰਸਿਟੀ, ਨਾਗਪੁਰ ਦੇ ਵੈਟਨਰੀ ਕਾਲਜ ਵਿਖੇ ਇੰਡੀਅਨ ਪੋਲਟਰੀ ਸਾਇੰਸ ਐਸੋਸੀਏਸ਼ਨ, ਬਰੇਲੀ ਦੇ ਸਹਿਯੋਗ ਨਾਲ ਕਰਵਾਈ ਗਈ।
ਡਾ. ਰਾਜੇਸ਼ ਵੀ ਵਾਘ ਨੂੰ ਮੁਰਗੀ ਦੇ ਗੁਣਵੱਤਾ ਭਰਪੂਰ ਉਤਪਾਦ ਬਨਾਉਣ ਸੰਬੰਧੀ ਕੀਤੀ ਗਈ ਖੋਜ ਬਾਰੇ ਸਰਵਉੱਤਮ ਪੋਸਟਰ ਪੇਸ਼ਕਾਰੀ ਦਾ ਅਵਾਰਡ ਪ੍ਰਾਪਤ ਹੋਇਆ। ਉਨ੍ਹਾਂ ਨੇ ਇਕ ਤਕਨੀਕੀ ਸੈਸ਼ਨ ਵਿੱਚ ਰੈਪੋਰਟੀਅਰ ਵਜੋਂ ਵੀ ਯੋਗਦਾਨ ਦਿੱਤਾ। ਡਾ. ਨਿਤਿਨ ਮਹਿਤਾ ਨੇ ਇਸ ਖੋਜ ਵਿੱਚ ਉਨ੍ਹਾਂ ਦਾ ਸਹਿਯੋਗ ਕੀਤਾ ਸੀ। ਡਾ. ਯਸ਼ਪਾਲ ਸਿੰਘ, ਵਿਭਾਗ ਮੁਖੀ ਨੇ ਕਿਹਾ ਕਿ ਰਾਸ਼ਟਰੀ ਪੱਧਰ ’ਤੇ ਅਜਿਹਾ ਸਨਮਾਨ ਪ੍ਰਾਪਤ ਹੋਣ ਨਾਲ ਵਿਭਾਗ ਨੂੰ ਜ਼ਿਕਰਯੋਗ ਪਛਾਣ ਮਿਲਦੀ ਹੈ।
ਡਾ. ਸਰਵਪ੍ਰੀਤ ਸਿੰਘ ਘੁੰਮਣ, ਡੀਨ ਵੈਟਨਰੀ ਸਾਇੰਸ ਕਾਲਜ ਨੇ ਵਿਭਾਗ ਦੀਆਂ ਪ੍ਰਾਪਤੀਆਂ ਨੂੰ ਉਭਾਰਦਿਆਂ ਕਿਹਾ ਕਿ ਵਿਗਿਆਨਕ ਭਾਈਚਾਰੇ ਵਿੱਚ ਆਪਣੀ ਬਿਹਤਰ ਸਥਾਪਤੀ ਲਈ ਅਸੀਂ ਲਗਾਤਾਰ ਯਤਨਸ਼ੀਲ ਹਾਂ। ਡਾ. ਸੰਜੀਵ ਕੁਮਾਰ ਉੱਪਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਨੇ ਕਿਹਾ ਕਿ ਅਸੀਂ ਪੰਜਾਬ ਅਤੇ ਭਾਰਤ ਦੇ ਪਸ਼ੂਧਨ ਖੇਤਰ ਵਿੱਚ ਵਿਗਿਆਨਕ ਯੋਗਦਾਨ ਪਾ ਕੇ ਨਵੀਆਂ ਪੈੜ੍ਹਾਂ ਸਿਰਜਣ ਦਾ ਯਤਨ ਕਰ ਰਹੇ ਹਾਂ।
ਇਹ ਵੀ ਪੜ੍ਹੋ: DSR Technology: ਪੀ ਆਰ 131 ਕਿਸਮ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਦੇ ਖੇਤਾਂ ਦਾ ਦੌਰਾ, ਪੀ.ਏ.ਯੂ. ਦੇ ਵਾਈਸ ਚਾਂਸਲਰ Dr. Satbir Singh Gosal ਨੇ ਕੀਤੀ ਕਿਸਾਨਾਂ ਦੀ ਸ਼ਲਾਘਾ
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਵਿਭਾਗ ਦੀ ਸਾਰੀ ਟੀਮ ਨੂੰ ਉਨ੍ਹਾਂ ਦੀ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ ਅਤੇ ਆਸ ਪ੍ਰਗਟਾਈ ਕਿ ਸਾਡੇ ਹੋਰ ਵਿਦਿਆਰਥੀ ਅਤੇ ਅਧਿਆਪਕ ਵੀ ਇਸ ਤੋਂ ਪ੍ਰੇਰਨਾ ਲੈਂਦੇ ਹੋਏ ਨਵੇਂ ਉਪਰਾਲੇ ਕਰਨਗੇ।
Summary in English: Scientists of Veterinary University got recognition at the national level