KVK Bathinda: ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੁਆਰਾ ਚਲਾਏ ਜਾ ਰਹੇ ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਵੱਲੋਂ ਫਸਲੀ ਰਹਿੰਦ-ਖੂੰਹਦ ਦੇ ਪ੍ਰਬੰਧਨ ਸੰਬੰਧੀ ਚੁਣੇ ਹੋਏ ਪਿੰਡ ਵਿੱਚ ਪਰਾਲੀ ਪ੍ਰਬੰਧਨ ਸੰਬੰਧੀ ਪ੍ਰਦਰਸ਼ਨੀਆਂ ਲਗਾਈਆਂ ਜਾ ਰਹੀਆਂ ਹਨ, ਜਿਸ ਵਿੱਚ ਕਿਸਾਨ ਵੀਰਾਂ ਨੂੰ ਝੋਨੇ ਦੀ ਪਰਾਲੀ ਦੀ ਸੁਚੱਜੀ ਸੰਭਾਲ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।
ਇਸੇ ਕੜੀ ਤਹਿਤ ਪਿੰਡ ਸੂਚ ਦੇ ਅਗਾਂਹਵਧੂ ਕਿਸਾਨ ਸ੍ਰ. ਪਰਗਟ ਸਿੰਘ ਦੇ ਖੇਤ ਵਿੱਚ ਸਰਫੇਸ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਗਈ।
ਇਸ ਮੌਕੇ ਕਿਸਾਨ ਪਰਗਟ ਸਿੰਘ ਨੇ ਕਿਹਾ ਕਿ ਉਹ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੁਆਰਾ ਸਰਫੇਸ ਸੀਡਰ ਦੇ ਸਫਲ ਤਜਰਬਿਆਂ ਤੋਂ ਪ੍ਰੇਰਿਤ ਹੋ ਕੇ ਆਪਣੇ ਖੇਤ ਵਿੱਚ ਦੋ ਏਕੜ ਰਕਬੇ ਵਿੱਚ ਸਰਫੇਸ ਸੀਡਰ ਨਾਲ ਕਣਕ ਦੀ ਬਿਜਾਈ ਕਰ ਰਿਹਾ ਹੈ, ਜਿਸ ਨਾਲ ਸਮੇਂ, ਲੇਬਰ ਤੇ ਪੈਸੇ ਦੀ ਬੱਚਤ ਹੁੰਦੀ ਹੈ। ਇਸ ਸਬੰਧ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਦੇ ਡਿਪਟੀ ਡਾਇਰੈਕਟਰ ਡਾ. ਗੁਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਸਾਲ ਪਰਾਲੀ ਪ੍ਰਬੰਧਨ ਲਈ ਚਾਰ ਪਿੰਡ ਚੁਣੇ ਗਏ ਹਨ ਜਿਹਨਾਂ ਵਿੱਚ ਇਹ ਜਾਗਰੁਕਤਾ ਮੁਹਿੰਮ, ਕੈਂਪ ਤੇ ਪ੍ਰਦਰਸ਼ਨੀਆਂ ਆਦਿ ਲਗਾਈਆਂ ਜਾ ਰਹੀਆਂ ਹਨ ਤਾਂ ਜੋ ਪਰਾਲੀ ਦਾ ਸੁਚੱਜਾ ਪ੍ਰਬੰਧ ਕੀਤਾ ਜਾ ਸਕੇ।
ਉਹਨਾਂ ਅੱਗੇ ਦੱਸਿਆ ਕਿ ਚੁਣੇ ਹੋਏ ਪਿੰਡਾਂ ਤੋਂ ਇਲਾਵਾ ਜਿਲੇ ਦੇ ਵੱਖ-ਵੱਖ ਪਿੰਡਾਂ ਵਿੱਚ ਪਰਾਲੀ ਪ੍ਰਬੰਧਨ ਸੰਬੰਧੀ ਵੱਖ-ਵੱਖ ਤਕਨੀਕਾਂ ਦੀਆਂ ਪ੍ਰਦਰਸ਼ਨੀਆਂ ਜਾਰੀ ਹਨ ਅਤੇ ਕਿਸਾਨ ਵੀਰਾਂ ਨੂੰ ਅਪੀਲ ਹੈ ਕਿ ਉਹ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਕਿਸਾਨਾਂ ਦੀ ਸੇਵਾ ਵਿੱਚ ਉਪਲੱਬਧ ਖੇਤੀ ਮਸ਼ੀਨਰੀ ਜਿਵੇਂ ਕਿ ਹੈਪੀ ਸੀਡਰ, ਸਰਫੇਸ ਸੀਡਰ, ਜੀਰੋ ਟਿੱਲ ਡਰਿੱਲ, ਉਲਟਾਵੇਂ ਹਲ, ਚੌਪਰ ਅਤੇ ਮਲਚਰ ਦੀ ਵਰਤੋਂ ਕਰਕੇ ਆਪਣੇ ਖੇਤ ਵਿੱਚ ਪਰਾਲੀ ਪ੍ਰਬੰਧ ਕਰ ਸਕਦੇ ਹਨ। ਇਸ ਮੌਕੇ ਪਿੰਡ ਦੇ ਕਿਸਾਨਾਂ ਨੇ ਪਰਾਲੀ ਪ੍ਰਬੰਧ ਲਈ ਹਾਂ ਪੱਖੀ ਹੁੰਗਾਰਾ ਭਰਿਆ ਤੇ ਵਿਸਵਾਸ਼ ਦਵਾਇਆ ਕਿ ਉਹ ਪਰਾਲੀ ਪ੍ਰਬੰਧ ਲਈ ਪੂਰਾ ਸਹਿਯੋਗ ਦੇਣਗੇ।
ਇਹ ਵੀ ਪੜ੍ਹੋ: Expert Advice: ਪਰਾਲੀ ਦੀ ਸੰਭਾਲ ਕਰਕੇ ਬੀਜੀ ਕਣਕ ਵਿੱਚ ਖਾਦ ਪ੍ਰਬੰਧਨ ਅਤੇ ਜੀਵਾਣੂੰ ਖਾਦ ਦੇ ਟੀਕੇ ਬਾਰੇ ਮਾਹਿਰਾਂ ਵੱਲੋਂ ਵਧੀਆ ਜਾਣਕਾਰੀ ਸਾਂਝੀ
ਡਾ. ਗੁਰਮੀਤ ਸਿੰਘ ਢਿੱਲੋਂ, ਪੋਫੈਸਰ, ਪਸਾਰ ਸਿੱਖਿਆ ਨੇ ਪਰਾਲੀ ਲਈ ਵਰਤੀ ਜਾਣ ਵਾਲੀ ਖੇਤੀ ਮਸ਼ੀਨਰੀ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਪ੍ਰਬੰਧ ਸਬੰਧੀ ਖੇਤ ਮਸ਼ੀਨਰੀ ਜਿਵੇਂ ਹੈਪੀ ਸੀਡਰ, ਸਰਫੇਸ ਸੀਡਰ, ਜੀਰੋ ਟਿੱਲ ਡਰਿੱਲ, ਉਲਟਾਵੇਂ ਹਲ, ਚੌਪਰ ਅਤੇ ਮਲਚਰ ਆਦਿ ਦੀ ਵਰਤੋਂ ਕਰਕੇ ਆਪਣੇ ਖੇਤ ਵਿਚਲੀ ਪਰਾਲੀ ਦਾ ਮੁਕੰਮਲ ਪ੍ਰਬੰਧ ਕਰ ਸਕਦੇ ਹਨ।
ਇਸ ਦੇ ਨਾਲ-ਨਾਲ ਉਹਨਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀਆਂ ਕਣਕ ਦੀਆਂ ਨਵੀਆਂ ਕਿਸਮਾਂ ਤੇ ਗੁਣਵੱਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ। ਉਹਨਾਂ ਇਸ ਮੌਕੇ ਕਿਸਾਨਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਵੱਲੋਂ ਪਰਾਲੀ ਪ੍ਰਬੰਧਨ ਸਬੰਧੀ ਮੁਹੱਈਆ ਕਰਵਾਈ ਜਾ ਰਹੀ ਮਸ਼ੀਨਰੀ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ।
Summary in English: Sowing wheat with surface seeder in the field of Progressive Farmer Pargat Singh of Bathinda village Sooch