1. Home
  2. ਖਬਰਾਂ

PAU ਵਿਖੇ ਪੌਦਾ ਰੋਗ ਮਾਹਿਰਾਂ ਦਾ ਤਿੰਨ ਰੋਜ਼ਾ ਸਿੰਪੋਜ਼ੀਅਮ ਆਰੰਭ, PAU ਦੇ ਸਾਬਕਾ VC ਡਾ. ਕਿਰਪਾਲ ਸਿੰਘ ਔਲਖ ਸ਼ਾਮਿਲ

ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਮੌਜੂਦਾ ਸਮਾਂ ਖੇਤੀ ਉਤਪਾਦਨ ਬਰਕਰਾਰ ਰੱਖਣ ਦੇ ਨਾਲ-ਨਾਲ ਵਾਤਾਵਰਨ ਦੀ ਸੰਭਾਲ ਬਾਰੇ ਚੇਤੰਨਤਾ ਦਾ ਹੈ। ਉਹਨਾਂ ਨੇ ਫਸਲਾਂ ਦੀਆਂ ਬਿਮਾਰੀਆਂ ਦੀ ਰੋਕਥਾਮ ਲਈ ਵਾਤਾਵਰਨ ਪੱਖੀ ਤਕਨੀਕਾਂ ਦੇ ਨਾਲ-ਨਾਲ ਮੌਜੂਦਾ ਯੁੱਗ ਦੀਆਂ ਅਤਿਅੰਤ ਵਿਕਸਿਤ ਤਕਨਾਲੋਜੀਆਂ ਜਿਵੇਂ ਏ ਆਈ ਅਤੇ ਸੈਸਿੰਗ ਆਦਿ ਤੋਂ ਸਹਾਇਤਾ ਲੈਣ ਦੀ ਗੱਲ ਵੀ ਕੀਤੀ।

Gurpreet Kaur Virk
Gurpreet Kaur Virk
ਪੌਦਾ ਰੋਗ ਮਾਹਿਰਾਂ ਦਾ ਤਿੰਨ ਰੋਜ਼ਾ ਸਿੰਪੋਜ਼ੀਅਮ

ਪੌਦਾ ਰੋਗ ਮਾਹਿਰਾਂ ਦਾ ਤਿੰਨ ਰੋਜ਼ਾ ਸਿੰਪੋਜ਼ੀਅਮ

Punjab Agricultural University: ਪੀ.ਏ.ਯੂ. ਦੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿਚ ਪੌਦਾ ਰੋਗ ਮਾਹਿਰਾਂ ਦਾ ਤਿੰਨ ਰੋਜ਼ਾ ਸਿੰਪੋਜ਼ੀਅਮ ਬੜੇ ਜੋਸ਼ ਨਾਲ ਆਰੰਭ ਹੋ ਗਿਆ। ਇਹ ਵਰਕਸ਼ਾਪ ਪੌਦਾ ਰੋਗ ਮਾਹਿਰਾਂ ਦੀ ਭਾਰਤੀ ਸੁਸਾਇਟੀ ਅਤੇ ਪੀ.ਏ.ਯੂ. ਲੁਧਿਆਣਾ ਦੀ ਪੌਦਾ ਰੋਗ ਵਿਗਿਆਨੀਆਂ ਦੀ ਸੁਸਾਇਟੀ ਵੱਲੋਂ ਆਈ ਏ ਆਰ ਆਈ ਖੇਤਰੀ ਕੇਂਦਰ ਸ਼ਿਮਲਾ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਜਾ ਰਹੀ ਹੈ।

ਆਰੰਭਕ ਸੈਸ਼ਨ ਵਿਚ ਮੁੱਖ ਮਹਿਮਾਨ ਵਜੋਂ ਪੀ.ਏ.ਯੂ. ਦੇ ਸਾਬਕਾ ਵਾਈਸ ਚਾਂਸਲਰ ਡਾ. ਕਿਰਪਾਲ ਸਿੰਘ ਔਲਖ ਸ਼ਾਮਿਲ ਹੋਏ। ਇਸ ਸਮਾਰੋਹ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਮੌਜੂਦਾ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਡਾ. ਪੀ ਕੇ ਚੱਕਰਬਰਤੀ ਨੇ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਮਹਾਰਾਣਾ ਪ੍ਰਤਾਪ ਖੇਤੀ ਤਕਨਾਲੋਜੀ ਯੂਨੀਵਰਸਿਟੀ ਉਦੈਪੁਰ ਦੇ ਸਾਬਕਾ ਵਾਈਸ ਚਾਂਸਲਰ ਡਾ. ਐੱਸ ਐੱਸ ਚਾਹਲ ਮੌਜੂਦ ਰਹੇ।

ਡਾ. ਔਲ਼ਖ ਨੇ ਆਪਣੇ ਭਾਸ਼ਣ ਵਿਚ ਨੌਜਵਾਨ ਪੌਦਾ ਰੋਗ ਮਾਹਿਰਾਂ ਨੂੰ ਮੌਜੂਦਾ ਸਮੇਂ ਦੀਆਂ ਚੁਣੌਤੀਆਂ ਨਾਲ ਦਸਤਪੰਜਾ ਲੈਣ ਵਾਸਤੇ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਖੇਤੀ ਦੇ ਵਿਕਾਸ ਵਿਚ ਬਿਮਾਰੀਆਂ ਦੀ ਰੋਕਥਾਮ ਕਰਨ ਵਾਲੇ ਮਾਹਿਰਾਂ ਦਾ ਯੋਗਦਾਨ ਬਹੁਤ ਅਟੁੱਟ ਹੈ ਅਤੇ ਆਉਂਦੇ ਸਮੇਂ ਵੀ ਖੇਤੀ ਦੀ ਜੋ ਦਸ਼ਾ ਅਤੇ ਦਿਸ਼ਾ ਹੋਵੇਗੀ ਉਸ ਵਿਚ ਬਿਮਾਰੀ ਮਾਹਿਰਾਂ ਦਾ ਯੋਗਦਾਨ ਘਟਾ ਕੇ ਨਹੀਂ ਦੇਖਿਆ ਜਾ ਸਕਦਾ। ਉਹਨਾਂ ਨੇ ਨਵੀਨ ਤਕਨੀਕਾਂ ਅਪਣਾ ਕੇ ਸੰਯੁਕਤ ਤਰੀਕਿਆਂ ਨਾਲ ਪੌਦਾ ਰੋਗਾਂ ਦੀ ਰੋਕਥਾਮ ਦੀਆਂ ਤਕਨੀਕਾਂ ਵਿਕਸਿਤ ਕਰਨ ਦਾ ਸੱਦਾ ਦਿੱਤਾ। ਡਾ. ਔਲਖ ਨੇ ਪੀ.ਏ.ਯੂ. ਵੱਲੋਂ ਪੌਦਾ ਰੋਗ ਦੇ ਖੇਤਰ ਵਿਚ ਪਾਏ ਯੋਗਦਾਨ ਨੂੰ ਅੰਕਿਤ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਨੇ ਖੇਤੀ ਦੇ ਇਸ ਪੱਖ ਨੂੰ ਬਹੁਤ ਤਰਜੀਹੀ ਰੂਪ ਵਿਚ ਦੇਖਿਆ ਅਤੇ ਇਸੇ ਸਦਕਾ ਰਾਜ ਦੀ ਖੇਤੀ ਨਵੀਆਂ ਸਿਖਰਾਂ ਛੂਹ ਸਕੀ ਹੈ।

ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਮੌਜੂਦਾ ਸਮਾਂ ਖੇਤੀ ਉਤਪਾਦਨ ਬਰਕਰਾਰ ਰੱਖਣ ਦੇ ਨਾਲ-ਨਾਲ ਵਾਤਾਵਰਨ ਦੀ ਸੰਭਾਲ ਬਾਰੇ ਚੇਤੰਨਤਾ ਦਾ ਹੈ। ਉਹਨਾਂ ਨੇ ਫਸਲਾਂ ਦੀਆਂ ਬਿਮਾਰੀਆਂ ਦੀ ਰੋਕਥਾਮ ਲਈ ਵਾਤਾਵਰਨ ਪੱਖੀ ਤਕਨੀਕਾਂ ਦੇ ਨਾਲ-ਨਾਲ ਮੌਜੂਦਾ ਯੁੱਗ ਦੀਆਂ ਅਤਿਅੰਤ ਵਿਕਸਿਤ ਤਕਨਾਲੋਜੀਆਂ ਜਿਵੇਂ ਏ ਆਈ ਅਤੇ ਸੈਸਿੰਗ ਆਦਿ ਤੋਂ ਸਹਾਇਤਾ ਲੈਣ ਦੀ ਗੱਲ ਵੀ ਕੀਤੀ। ਡਾ. ਗੋਸਲ ਨੇ ਆਸ ਪ੍ਰਗਟਾਈ ਕਿ ਅੱਜ ਸ਼ੁਰੂ ਹੋਈ ਕਾਨਫਰੰਸ ਇਸ ਦਿਸ਼ਾ ਵਿਚ ਨਵੀਆਂ ਪੈੜਾਂ ਦੀ ਨਿਸ਼ਾਨਦੇਹੀ ਕਰਨ ਵਿਚ ਸਫਲ ਰਹੇਗੀ।

ਡਾ. ਪੀ ਕੇ ਚੱਕਰਬਰਤੀ ਨੇ ਪੌਦਾ ਰੋਗ ਮਾਹਿਰਾਂ ਦੀ ਖੇਤੀ ਵਿਚ ਵਧ ਰਹੀ ਭੂਮਿਕਾ ਬਾਰੇ ਗੱਲਬਾਤ ਕੀਤੀ ਅਤੇ ਕਿਹਾ ਕਿ ਬਦਲਦੇ ਪੌਣ ਪਾਣੀ ਦੇ ਮੁਤਾਬਿਕ ਖੇਤੀ ਵਿਚ ਵਧ ਰਹੇ ਬਿਮਾਰੀਆਂ ਦੇ ਖਤਰੇ ਨੂੰ ਠੱਲ੍ਹ ਪਾਉਣ ਲਈ ਪੌਦਾ ਰੋਗ ਮਾਹਿਰਾਂ ਦੀ ਭੂਮਿਕਾ ਬੇਹੱਦ ਅਹਿਮ ਹੋ ਜਾਂਦੀ ਹੈ।

ਇਹ ਵੀ ਪੜੋ: Weather Today: ਪੰਜਾਬ ਵਿੱਚ ਸੀਤ ਲਹਿਰ ਅਤੇ ਸੰਘਣੀ ਧੁੰਦ ਦਾ ਕਹਿਰ ਸ਼ੁਰੂ, ਅਗਲੇ ਦੋ ਹਫ਼ਤਿਆਂ ਦੌਰਾਨ ਵੱਡੇ ਬਦਲਾਅ

ਭਾਰਤੀ ਪੌਦਾ ਰੋਗ ਮਾਹਿਰਾਂ ਦੀ ਸੁਸਾਇਟੀ ਦੇ ਚੁਣੇ ਗਏ ਪ੍ਰਧਾਨ ਡਾ. ਆਰ ਵਿਸ਼ਵਨਾਥਨ ਨੇ ਸੁਸਾਇਟੀ ਦੀਆਂ ਗਤੀਵਿਧੀਆਂ ਅਤੇ ਨਵੇਂ ਵਿਗਿਆਨੀਆਂ ਨੂੰ ਪ੍ਰੇਰਿਤ ਕਰਨ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਚਾਨਣਾ ਪਾਇਆ।

ਡਾ. ਐੱਸ ਐੱਸ ਚਾਹਲ ਨੇ ਪੌਦਾ ਰੋਗ ਵਿਗਿਆਨ ਦੇ ਖੇਤਰ ਵਿਚ ਹਰ ਰੋਜ਼ ਸ਼ਾਮਿਲ ਹੋ ਰਹੀਆਂ ਨਵੀਆਂ ਤਕਨਾਲੋਜੀਆਂ ਦੀ ਵਰਤੋਂ ਦੇ ਨਾਲ-ਨਾਲ ਫਸਲਾਂ ਦੀਆਂ ਬਿਮਾਰੀਆਂ ਦੀ ਰੋਕਥਾਮ ਦੇ ਠੇਠ ਦੇਸੀ ਤਰੀਕਿਆਂ ਨੂੰ ਮਹੱਤਵ ਦੇਣ ਦੀ ਗੱਲ ਕੀਤੀ।
ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਆਪਣੇ ਸੰਬੋਧਨ ਵਿਚ ਪੀ.ਏ.ਯੂ. ਵੱਲੋਂ ਫਸਲਾਂ ਦੀਆਂ ਬਿਮਾਰੀਆਂ ਦੀ ਰੋਕਥਾਮ ਦੇ ਖੇਤਰ ਵਿਚ ਸੰਯੁਕਤ ਤਕਨੀਕਾਂ ਦਾ ਵਿਸ਼ੇਸ਼ ਹਵਾਲਾ ਦਿੱਤਾ।

ਭਾਰਤੀ ਪੌਦਾ ਰੋਗ ਮਾਹਿਰਾਂ ਦੀ ਸੁਸਾਇਟੀ ਵੱਲੋਂ ਡਾ. ਜਗਜੀਤ ਸਿੰਘ ਲੋਰੇ ਨੇ ਮਾਹਿਰਾਂ ਨੂੰ ਸੰਬੋਧਨ ਕੀਤਾ। ਸੈਸ਼ਨ ਦੇ ਆਰੰਭ ਵਿਚ ਪੌਦਾ ਰੋਗ ਵਿਗਿਆਨ ਵਿਭਾਗ ਦੇ ਮੁਖੀ ਡਾ. ਪ੍ਰਭਜੋਧ ਸਿੰਘ ਸੰਧੂ ਨੇ ਕਾਨਫਰੰਸ ਵਿਚ ਸ਼ਾਮਿਲ ਹੋਣ ਲਈ ਪੁੱਜੇ ਮਾਹਿਰਾਂ ਅਤੇ ਵਿਗਿਆਨੀਆਂ ਲਈ ਸਵਾਗਤ ਦੇ ਸ਼ਬਦ ਕਹੇ।

ਇਸ ਮੌਕੇ ਯੂਨੀਵਰਸਿਟੀ ਦੇ ਸਾਬਕਾ ਪੌਦਾ ਰੋਗ ਮਾਹਿਰਾਂ ਨੂੰ ਸਨਮਾਨਿਤ ਕੀਤਾ ਗਿਆ। ਸੁਸਾਇਟੀ ਵੱਲੋਂ ਡਾ. ਜਸਪਾਲ ਕੌਰ, ਡਾ. ਅਨੀਤਾ ਅਰੋੜਾ, ਡਾ. ਹਰਲੀਨ ਕੌਰ ਅਤੇ ਡਾ. ਵੀ ਸ਼ਾਨਮੁਗਮ ਨੂੰ ਫੈਲੋ ਨਿਯੁਕਤ ਕੀਤਾ ਗਿਆ। ਪੌਦਾ ਰੋਗ ਮਾਹਿਰ ਡਾ. ਟੀ ਐੱਸ ਥਿੰਦ ਨੂੰ ਡਾ. ਦਲੀਪ ਕੁਮਾਰ ਘੋਸ਼ ਯਾਦਗਾਰੀ ਪੌਦਾ ਰੋਗ ਵਿਗਿਆਨੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਪ੍ਰਧਾਨਗੀ ਮੰਡਲ ਨੇ ਸੁਸਾਇਟੀ ਵੱਲੋਂ ਪ੍ਰਕਾਸ਼ਿਤ ਖੇਤੀ ਸਾਹਿਤ ਲੋਕ ਅਰਪਿਤ ਕੀਤਾ। ਸਮਾਰੋਹ ਦਾ ਸੰਚਾਲਨ ਡਾ. ਯੋਗਿਤਾ ਵੋਹਰਾ ਨੇ ਕੀਤਾ। ਅੰਤ ਵਿਚ ਧੰਨਵਾਦ ਦੇ ਸ਼ਬਦ ਡਾ. ਰਿਤੂ ਰਾਣੀ ਨੇ ਕਹੇ।

ਸਰੋਤ: ਪੰਜਾਬ ਖੇਤੀਬਾੜੀ ਯੂਨੀਵਰਸਿਟੀ (Punjab Agricultural University)

Summary in English: Three-day symposium of plant pathologists begins at PAU, former VC of PAU Dr. Kirpal Singh Aulakh participates

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters