Field Day: ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਵੱਲੋਂ ਪਿੰਡ ਅਸਰਪੁਰ ਵਿਖੇ ਮਿਤੀ 16.01.2025 ਨੂੰ ਟਮਾਟਰ ਦੀ ਫਸਲ ਦੀਆਂ ਬਿਮਾਰੀਆਂ ਦੀ ਰੋਕਥਾਮ ਦੀਆਂ ਤਕਨੀਕਾਂ ਬਾਰੇ ਖੇਤ ਦਿਵਸ ਦਾ ਆਯੋਜਨ ਕੀਤਾ ਗਿਆ।
ਇਸ ਖੇਤ ਦਿਵਸ ਵਿਚ ਪਿੰਡ ਅਸਰਪੁਰ, ਜੋਗੀਪੁਰ, ਫਤਿਹਪੁਰ, ਕਰਤਾਰਪੁਰ ਅਤੇ ਪੂਨੀਆਂ ਦੇ ਤਕਰੀਬਨ 80 ਕਿਸਾਨਾਂ ਵੱਲੋਂ ਸ਼ਿਰਕਤ ਕੀਤੀ ਗਈ। ਇਸ ਪ੍ਰੋਗਰਾਮ ਵਿਚ ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਦੇ ਵਿਗਿਆਨੀਆਂ ਦੇ ਨਾਲ-ਨਾਲ ਪੀ.ਏ.ਯੂ., ਲੁਧਿਆਣਾ ਦੇ ਸਬਜ਼ੀ ਵਿਭਾਗ ਅਤੇ ਪੌਦਾ ਰੋਗ ਵਿਭਾਗ ਦੇ ਵਿਗਿਆਨੀਆਂ ਨੇ ਉਚੇਚੇ ਤੌਰ ਤੇ ਭਾਗ ਲਿਆ।
ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਦੇ ਡਿਪਟੀ ਡਾਇਰੈਕਟਰ (ਸਿਖਲਾਈ) ਡਾ. ਹਰਦੀਪ ਸਿੰਘ ਸਭਿਖੀ ਨੇ ਆਏ ਹੋਏ ਕਿਸਾਨਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਕੇ.ਵੀ.ਕੇ. ਦੀਆਂ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਕਿੱਤਾ-ਮੁਖੀ ਸਿਖਲਾਈ ਪ੍ਰੋਗਰਾਮ ਅਤੇ ਕਿਸਾਨ ਮੇਲਿਆਂ ਆਦਿ ਬਾਰੇ ਜਾਣਕਾਰੀ ਦਿੱਤੀ। ਪੀ.ਏ.ਯੂ. ਤੋਂ ਆਏ ਪ੍ਰਿੰਸੀਪਲ ਸਬਜ਼ੀ ਬਰੀਡਰ ਡਾ. ਸ਼ੈਲੇਸ਼ ਜਿੰਦਲ ਨੇ ਕਿਸਾਨਾਂ ਨੂੰ ਪੀ.ਏ.ਯੂ. ਵੱਲੋਂ ਵਿਕਸਿਤ ਕੀਤੀਆਂ ਟਮਾਟਰ ਦੀਆਂ ਸੁਧਰੀਆਂ ਕਿਸਮਾਂ ਨੂੰ ਅਪਣਾਉਣ ਦਾ ਸੱਦਾ ਦਿੱਤਾ ਅਤੇ ਟਮਾਟਰ ਦੀ ਫ਼ਸਲ ਦੇ ਉਤਪਾਦਨ ਦੀਆਂ ਵਿਗਿਆਨਕ ਸਿਫਾਰਸ਼ਾਂ ਬਾਰੇ ਜਾਣਕਾਰੀ ਦਿੱਤੀ।
ਇਸੇ ਤਰ੍ਹਾਂ ਡਾ. ਸੰਦੀਪ ਜੈਨ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਨੇ ਟਮਾਟਰ ਦੀ ਫਸਲ ਨੂੰ ਪੈਣ ਵਾਲੀ ਗੰਭੀਰ ਬਿਮਾਰੀ ਪਿਛੇਤੇ ਝੁਲਸ ਰੋਗ ਤੋਂ ਬਚਣ ਲਈ ਸਰਵਪੱਖੀ ਰੋਕਥਾਮ ਦੇ ਉਪਰਾਲੇ ਅਪਣਾਉਣ ਲਈ ਪ੍ਰੇਰਿਤ ਕੀਤਾ। ਪ੍ਰੋਫੈਸਰ ਡਾ. ਗੁਰਉਪਦੇਸ਼ ਕੌਰ ਨੇ ਪੌਸ਼ਟਿਕ ਖੁਰਾਕੀ ਪ੍ਰਬੰਧ ਬਾਰੇ ਜਾਣਕਾਰੀ ਦਿੱਤੀ। ਇਸ ਪ੍ਰੋਗਰਾਮ ਵਿਚ ਡਾ. ਰਚਨਾ ਸਿੰਗਲਾ, ਪ੍ਰੋਫੈਸਰ (ਬਾਗਬਾਨੀ) ਨੇ ਟਮਾਟਰ ਦੀ ਸਿਹਤਮੰਦ ਨਰਸਰੀ ਤਿਆਰ ਕਰਨ ਦੇ ਨੁਕਤੇ ਸਾਂਝੇ ਕੀਤੇ। ਇਸ ਪ੍ਰੋਗਰਾਮ ਦਾ ਸੰਚਾਲਣ ਕਰਦਿਆਂ ਡਾ. ਗੁਰਪ੍ਰੀਤ ਸਿੰਘ ਸਿੱਧੂ, ਸਹਾਇਕ ਪ੍ਰੋਫੈਸਰ (ਫਸਲ ਵਿਗਿਆਨ) ਨੇ ਕਿਸਾਨਾਂ ਨੂੰ ਹਾੜੀ ਦੀਆਂ ਫਸਲਾਂ ਦੀ ਸੁੱਚਜੀ ਕਾਸ਼ਤ ਦੇ ਨੁਕਤਿਆਂ ਬਾਰੇ ਜਾਗਰੁਕ ਕਰਵਾਇਆ।
ਇਹ ਵੀ ਪੜ੍ਹੋ: ਝੋਨੇ ਦੀ ਪਰਾਲੀ ਆਧਾਰਿਤ Biogas Plant ਲਈ ਚਾਰ ਸਮਝੌਤਿਆਂ 'ਤੇ ਹਸਤਾਖਰ
ਇਸ ਪ੍ਰੋਗਰਾਮ ਵਿਚ ਅਸਰਪੁਰ ਅਤੇ ਨਾਲ ਦੇ ਪਿੰਡਾਂ ਤੋਂ ਆਏ ਅਗਾਂਹਵੱਧੂ ਕਿਸਾਨਾਂ ਗੁਰਮੀਤ ਸਿੰਘ, ਬਰਿੰਦਰ ਸਿੰਘ, ਜਸਵਿੰਦਰ ਸਿੰਘ ਆਦਿ ਨੇ ਟਮਾਟਰ ਦੀ ਫਸਲ ਦੇ ਉਤਪਾਦਨ ਸਬੰਧੀ ਦਰਪੇਸ਼ ਮੁਸ਼ਕਿਲਾਂ ਬਾਰੇ ਵਿਗਿਆਨੀਆਂ ਨੂੰ ਜਾਣੂ ਕਰਵਾਇਆ ਅਤੇ ਉਨ੍ਹਾਂ ਦੇ ਹੱਲ ਜਾਣੇ। ਪਿੰਡ ਦੇ ਕਿਸਾਨਾਂ ਨੇ ਵਿਗਿਆਨੀਆਂ ਦੀ ਟੀਮ ਦਾ ਇਸ ਪ੍ਰੋਗਰਾਮ ਦਾ ਆਯੋਜਨ ਕਰਨ ਲਈ ਧੰਨਵਾਦ ਕੀਤਾ।
Summary in English: Tomato Crop: Agricultural Experts give tips to avoid blight, a serious disease affecting tomato crops