ECOSIKH: ਵਾਤਾਵਰਣ ਦੀ ਸੁਰੱਖਿਆ ਲਈ ਕੰਮ ਕਰ ਰਹੀ ਗਲੋਬਲ ਸੰਸਥਾ ਈਕੋ ਸਿੱਖ ਨੇ ਆਪਣੀ ਸਥਾਪਨਾ ਦੇ 15 ਸਾਲ ਪੂਰੇ ਹੋਣ 'ਤੇ ਸ਼ਾਨਦਾਰ ਸਮਾਗਮ ਦਾ ਆਯੋਜਨ ਕਰਕੇ ਜਸ਼ਨ ਮਨਾਇਆ। ਇਸ ਸਮਾਗਮ ਦਾ ਆਯੋਜਨ ਜੂਨੀਪਰ ਹਾਲ ਆਫ ਇੰਡੀਆ ਹੈਬੀਟੇਟ ਸੈਂਟਰ, ਨਵੀਂ ਦਿੱਲੀ ਵਿਖੇ ਕੀਤਾ ਗਿਆ, ਜਿਸ ਵਿੱਚ ਬਹੁਤ ਸਾਰੇ ਪ੍ਰਮੁੱਖ ਵਾਤਾਵਰਣ ਪ੍ਰੇਮੀ ਅਤੇ ਸਤਿਕਾਰਤ ਸ਼ਖਸੀਅਤਾਂ ਮੌਜੂਦ ਸਨ।
ਪ੍ਰੋਗਰਾਮ ਵਿੱਚ ਪ੍ਰਸਿੱਧ ਵਾਤਾਵਰਣ ਪ੍ਰੇਮੀ ਬਾਬਾ ਸੇਵਾ ਸਿੰਘ, ਸੰਸਦ ਮੈਂਬਰ ਵਿਕਰਮ ਸਾਹਨੀ, ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਅਤੇ ਡੀਐੱਸਜੀਐੱਮਸੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਵੀ ਸ਼ਿਰਕਤ ਕੀਤੀ।
ਦੱਸ ਦੇਈਏ ਕਿ ਈਕੋ ਸਿੱਖ ਨੇ 1032 ਜੰਗਲਾਂ ਵਿੱਚ 5,70,000 ਤੋਂ ਵੱਧ ਰੁੱਖ ਲਗਾਉਣ ਦੀ ਉਪਲਬਧੀ ਹਾਸਲ ਕੀਤੀ ਹੈ ਅਤੇ ਇਸ ਸਮਾਗਮ ਵਿੱਚ ਸੰਸਥਾ ਨੇ 2030 ਤੱਕ 10 ਮਿਲੀਅਨ ਰੁੱਖ ਲਗਾਉਣ ਦੀ ਆਪਣੀ ਅਗਲੀ ਯੋਜਨਾ ਦਾ ਐਲਾਨ ਕੀਤਾ ਹੈ। ਇਸ ਮੌਕੇ 'ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਈਕੋ ਸਿੱਖ ਦੇ ਗਲੋਬਲ ਪ੍ਰਧਾਨ ਡਾ. ਰਾਜਵੰਤ ਸਿੰਘ ਨੇ ਕਿਹਾ, “ਇਨ੍ਹਾਂ 15 ਸਾਲਾਂ ਵਿੱਚ ਧਰਤੀ ਨੂੰ ਬਚਾਉਣ ਲਈ ਲੋਕਾਂ ਦੇ ਸਮੂਹਿਕ ਯਤਨਾਂ ਦਾ ਇਹ ਸਫ਼ਰ ਸ਼ਾਨਦਾਰ ਰਿਹਾ ਹੈ। ਇਸ ਨੇ ਸਾਰਿਆਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਅਧਿਆਤਮਿਕ ਸਿੱਖਿਆਵਾਂ ਲੋਕਾਂ ਨੂੰ ਚੰਗੇ ਕੰਮ ਕਰਨ ਲਈ ਪ੍ਰੇਰਿਤ ਕਰਦੀਆਂ ਹਨ।"
ਡਾ. ਸਿੰਘ ਨੇ 2030 ਦੇ ਅੰਤ ਤੱਕ ਇੱਕ ਕਰੋੜ ਰੁੱਖ ਲਗਾਉਣ ਦੇ ਆਪਣੇ ਸੰਗਠਨ ਦੇ ਸੰਕਲਪ ਦਾ ਐਲਾਨ ਕੀਤਾ। ਉਨ੍ਹਾਂ ਨੇ ਦੁਨੀਆ ਭਰ ਦੇ ਭਾਈਚਾਰਿਆਂ ਨੂੰ ਇਸ ਮਿਸ਼ਨ ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ ਅਤੇ ਇੱਕ ਹਰੇ-ਭਰੇ, ਸਿਹਤਮੰਦ ਗ੍ਰਹਿ ਦੇ ਨਿਰਮਾਣ ਲਈ ਸਮੂਹਿਕ ਯਤਨਾਂ 'ਤੇ ਜ਼ੋਰ ਦਿੱਤਾ।
ਉੱਘੇ ਵਾਤਾਵਰਣ ਪ੍ਰੇਮੀ ਪਦਮ ਬਾਬਾ ਸੇਵਾ ਸਿੰਘ ਨੇ ਸਿੱਖ ਧਰਮ ਦੀ ਆਸਥਾ ਅਤੇ ਰੁੱਖ ਲਗਾਉਣ ਦੇ ਸਬੰਧਾਂ ਬਾਰੇ ਡੂੰਘਾਈ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਈਕੋ ਸਿੱਖ ਦੇ ਦ੍ਰਿਸ਼ਟੀਕੋਣ ਅਤੇ ਨੈਤਿਕਤਾ ਦੀ ਸ਼ਲਾਘਾ ਕੀਤੀ, ਜੋ ਹਰ ਸਿੱਖ ਨੂੰ ਖਾਸ ਤੌਰ 'ਤੇ ਅਤੇ ਆਮ ਤੌਰ 'ਤੇ ਮਨੁੱਖਤਾ ਨੂੰ ਰੁੱਖ ਲਗਾਉਣ ਲਈ ਪ੍ਰੇਰਿਤ ਕਰਦਾ ਹੈ।
ਈਕੋ ਸਿੱਖ ਇੰਡੀਆ ਦੀ ਪ੍ਰਧਾਨ ਡਾ. ਸੁਪ੍ਰੀਤ ਕੌਰ ਨੇ ਵੀ ਇਸ ਮੌਕੇ ਆਪਣੇ ਤਜ਼ਰਬੇ ਸਾਂਝੇ ਕੀਤੇ। ਉਨ੍ਹਾਂ ਕਿਹਾ, "ਇਸ ਮਿਸ਼ਨ ਨੂੰ ਸਮਰਪਿਤ ਲੋਕਾਂ ਅਤੇ ਭਾਈਵਾਲਾਂ ਦੇ ਸਹਿਯੋਗ ਤੋਂ ਬਿਨਾਂ ਅਸੀਂ ਇਹ ਮੀਲ ਪੱਥਰ ਹਾਸਲ ਨਹੀਂ ਕਰ ਸਕਦੇ ਸੀ। ਇਹ ਯਾਤਰਾ ਸਾਡੀ ਟੀਮ, ਵਰਕਰਾਂ ਅਤੇ ਵਾਲੰਟੀਅਰਾਂ ਲਈ ਇੱਕ ਤਸੱਲੀਬਖਸ਼ ਅਨੁਭਵ ਰਿਹਾ ਹੈ।"
ਇਹ ਵੀ ਪੜ੍ਹੋ: Appeal to Farmers: ਕਿਸਾਨ ਵੀਰੋਂ ਪਰਾਲੀ ਸਾੜਨ ਦੇ ਰੁਝਾਨ ਨੂੰ ਬੰਦ ਕਰੋ, ਆਰਥਿਕ ਨੁਕਸਾਨ ਤੋਂ ਬਚਣ ਲਈ ਕਣਕ ਦੀਆਂ ਸਿਫ਼ਾਰਸ਼ ਕਿਸਮਾਂ ਹੀ ਬੀਜੋ
ਐਫੋਰੈਸਟ ਦੇ ਸੰਸਥਾਪਕ ਅਤੇ ਈਕੋ ਸਿੱਖ ਦੇ ਸਲਾਹਕਾਰ ਸ਼ੁਭੇਂਦੂ ਸ਼ਰਮਾ ਨੇ ਕਿਹਾ, "ਈਕੋ ਸਿੱਖ ਨੇ ਜਿੱਥੇ ਧਰਤੀ ਦੇ ਵਾਤਾਵਰਣ ਨੂੰ ਬਚਾਉਣ ਲਈ ਇੱਕ ਅਹਿਮ ਉਪਰਾਲਾ ਕੀਤਾ ਹੈ, ਉੱਥੇ ਹੀ ਸਮਾਜ ਵਿੱਚ ਵਾਤਾਵਰਨ 'ਤੇ ਉਸਾਰੂ ਪ੍ਰਭਾਵ ਪਾਉਣ ਲਈ ਵੀ ਸੁਹਿਰਦ ਯਤਨ ਕੀਤੇ ਹਨ, ਜਿਸ ਨਾਲ ਲੋਕਾਂ ਵਿੱਚ ਜਾਗਰੂਕਤਾ ਪੈਦਾ ਹੋ ਰਹੀ ਹੈ। ਈਕੋ ਸਿੱਖ ਦੀ ਸਮਰਪਿਤ ਟੀਮ ਨਾਲ ਜੁੜ ਕੇ ਮੈਂ ਬੇਹੱਦ ਖੁਸ਼ੀ ਮਹਿਸੂਸ ਕਰ ਰਿਹਾ ਹਾਂ।"
ਈਕੋ ਸਿੱਖ ਨੇ ਪੰਜਾਬ ਅਤੇ ਹੋਰ ਰਾਜਾਂ ਵਿੱਚ ਸੂਖਮ ਜੰਗਲ (ਗੁਰੂ ਨਾਨਕ ਪਵਿੱਤਰ ਜੰਗਲ) ਬਣਾ ਕੇ ਅਤੇ ਖੇਤਰ ਦੀਆਂ ਸਥਾਨਕ ਜੰਗਲਾਂ ਦੀਆਂ ਕਿਸਮਾਂ ਨੂੰ ਸੁਰਜੀਤ ਕਰਕੇ ਮੁੜ ਜੰਗਲਾਤ ਅਤੇ ਜੈਵ ਵਿਭਿੰਨਤਾ ਦੀ ਸੰਭਾਲ ਦਾ ਕੰਮ ਕੀਤਾ ਹੈ। ਮਾਰਚ 2024 ਦੇ ਅੰਤ ਤੱਕ, ਈਕੋ ਸਿੱਖ ਨੇ 914 ਜੰਗਲਾਂ ਵਿੱਚ 5,02,700 ਤੋਂ ਵੱਧ ਰੁੱਖ ਲਗਾਏ ਹਨ। ਇਹ ਜੰਗਲ ਪੰਜਾਬ, ਹਰਿਆਣਾ, ਰਾਜਸਥਾਨ, ਗੁਜਰਾਤ, ਮਹਾਰਾਸ਼ਟਰ, ਦਿੱਲੀ, ਚੰਡੀਗੜ੍ਹ ਅਤੇ ਜੰਮੂ-ਕਸ਼ਮੀਰ ਵਿੱਚ ਸਥਿਤ ਹਨ।
ਹੁਣ ਤੱਕ, 100 ਤੋਂ ਵੱਧ ਸਥਾਨਕ, ਦੁਰਲੱਭ ਅਤੇ ਖ਼ਤਰੇ ਵਿੱਚ ਪੈ ਰਹੀਆਂ ਜੰਗਲੀ ਜਾਤੀਆਂ ਨੂੰ ਇਹਨਾਂ ਜੰਗਲਾਂ ਵਿੱਚ ਜੀਵਤ ਬੀਜ ਬੈਂਕਾਂ ਵਜੋਂ ਸੁਰੱਖਿਅਤ ਰੱਖਿਆ ਗਿਆ ਹੈ, ਜੋ ਮੀਆਵਾਕੀ ਵਿਧੀ ਦੀ ਵਰਤੋਂ ਕਰਕੇ ਬਣਾਈਆਂ ਗਈਆਂ ਹਨ। ਈਕੋ ਸਿੱਖ ਦਾ ਮਿਸ਼ਨ ਵਾਤਾਵਰਨ ਦੀ ਸੰਭਾਲ ਹੈ ਅਤੇ ਉਹ ਇਸ ਮਿਸ਼ਨ ਲਈ ਪੂਰੀ ਤਰ੍ਹਾਂ ਵਚਨਬੱਧ ਹਨ।
Summary in English: Tree Planting Mission and Vision: Eco Sikh celebrated 15th anniversary with a mission to plant 1 crore trees