
ਸਟਾਰਟਅੱਪ ‘ਡੇਅਰੀ ਮੁਨੀਮ’ ਐਗਰੀਸਟਾਰ ਐਨੀਮਲ ਸੋਲਿਊਸ਼ਨ ਪ੍ਰਾ. ਲਿਮ. ਨੂੰ 10 ਲੱਖ ਰੁਪਏ ਦੀ ਬੀਜ ਵਿਤੀ ਰਾਸ਼ੀ ਪ੍ਰਦਾਨ
Startup India: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੀ ਵੈਟਨਰੀ ਲਾਈਵਸਟਾਕ ਇਨੋਵੇਸ਼ਨ ਅਤੇ ਇਨਕਿਉਬੇਸ਼ਨ ਫਾਊਂਡੇਸ਼ਨ, ਸੈਕਸ਼ਨ 8 ਕੰਪਨੀ ਵੱਲੋਂ ਉਦਮੀਪਨ ਢਾਂਚੇ ਨੂੰ ਸੁਦ੍ਰਿੜ ਕਰਨ ਹਿਤ ਇਕ ਉਭਰ ਰਹੇ ਸਟਾਰਟਅੱਪ ‘ਡੇਅਰੀ ਮੁਨੀਮ’ ਐਗਰੀਸਟਾਰ ਐਨੀਮਲ ਸੋਲਿਊਸ਼ਨ ਪ੍ਰਾ. ਲਿਮ. ਨੂੰ 10 ਲੱਖ ਰੁਪਏ ਦੀ ਬੀਜ ਵਿਤੀ ਰਾਸ਼ੀ ਪ੍ਰਦਾਨ ਕੀਤੀ ਗਈ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਇਸ ਕੰਪਨੀ ਦੇ ਸਹਿ-ਭਾਈਵਾਲ ਸ਼੍ਰੀ ਵਿਪਨ ਕੁਮਾਰ ਸ਼ਰਮਾ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਹ ਆਸ ਕਰਦੇ ਹਨ ਕਿ ਅਜਿਹੇ ਉਪਰਾਲਿਆਂ ਤਹਿਤ ਨੌਜਵਾਨ ਤਕਨਾਲੋਜੀ ਆਧਾਰਿਤ ਨਿਵੇਕਲੇ ਅਤੇ ਸਮੱਸਿਆਵਾਂ ਦਾ ਹੱਲ ਲੱਭਣ ਵਾਲੇ ਸਟਾਰਟਅੱਪ ਸ਼ੁਰੂ ਕਰਨਗੇ।
ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਦੱਸਿਆ ਕਿ ਡੇਅਰੀ ਮੁਨੀਮ ਇਕ ਡਿਜੀਟਲ ਵਿਤੀ ਅਤੇ ਪ੍ਰਬੰਧਨ ਮੰਚ ਹੈ ਜੋ ਕਿ ਡੇਅਰੀ ਕਿਸਾਨਾਂ, ਦੁੱਧ ਸੰਗ੍ਰਹਿ ਕਰਨ ਵਾਲਿਆਂ ਅਤੇ ਛੋਟੇ ਡੇਅਰੀ ਉਦਯੋਗਾਂ ਲਈ ਬਹੁਤ ਸਹਾਈ ਸਿੱਧ ਹੋਵੇਗਾ।ਇਸ ਢਾਂਚੇ ਰਾਹੀਂ ਦੁੱਧ ਵਰਤਾਉਣ, ਰਕਮ ਪ੍ਰਬੰਧਨ ਅਤੇ ਮੁਨਾਫ਼ਾ ਵਧਾਉਣ ਵਿੱਚ ਬਹੁਤ ਸਹਾਇਤਾ ਮਿਲੇਗੀ। ਉਨ੍ਹਾਂ ਕਿਹਾ ਕਿ ਅਜਿਹੀ ਵਿਤੀ ਸਹਾਇਤਾ ਨਾਲ ਇਹ ਉਦਮ ਆਪਣੀ ਕਾਰਜਕੁਸ਼ਲਤਾ ਨੂੰ ਵਧਾ ਸਕੇਗਾ।
ਡਾ. ਰਾਮ ਸਰਨ ਸੇਠੀ, ਵਧੀਕ ਨਿਰਦੇਸ਼ਕ ਖੋਜ ਅਤੇ ਇਸ ਪ੍ਰਾਜੈਕਟ ਦੇ ਮੁੱਖ ਨਿਰੀਖਕ ਨੇ ਦੱਸਿਆ ਕਿ ਯੂਨੀਵਰਸਿਟੀ ਵਿਖੇ ਇਹ ਇਸ ਕਿਸਮ ਦਾ ਪਹਿਲਾ ਉਪਰਾਲਾ ਹੈ ਜਿਸ ਦੇ ਤਹਿਤ ਉਭਰ ਰਹੇ ਉਦਮੀਆਂ ਨੂੰ ਬੁਨਿਆਦੀ ਢਾਂਚੇ ਅਤੇ ਵਿਤੀ ਸਹਾਇਤਾ ਲਈ ਅਗਵਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਡੇਅਰੀ ਮੁਨੀਮ ਦੀ ਸਫ਼ਲਤਾ ਦੀ ਆਸ ਪ੍ਰਗਟਾਈ ਅਤੇ ਕਿਹਾ ਕਿ ਇਸ ਨਾਲ ਯੂਨੀਵਰਸਿਟੀ ਦਾ ਯੋਗਦਾਨ ਵੀ ਮੋਹਰੀ ਸਥਾਨ ’ਤੇ ਦਿਖੇਗਾ।
ਇਹ ਵੀ ਪੜ੍ਹੋ: New Technology: ਦਰਖਤਾਂ ਦੇ ਝੜੇ ਹੋਏ ਪੱਤਿਆਂ ਦੀ ਸੁਚੱਜੀ ਵਰਤੋਂ ਲਈ ਮਸ਼ੀਨੀ ਤਕਨੀਕ ਇਜਾਤ
ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਖੋਜ ਨੇ ਜਾਣਕਾਰੀ ਦਿੱਤੀ ਕਿ ਇਹ ਛੇਵਾਂ ਸਟਾਰਟਅੱਪ ਹੈ ਜਿਸ ਨੂੰ ਇਹ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਨੇ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਅੰਕੁਸ਼ ਪਠਾਨੀਆ ਅਤੇ ਪ੍ਰਾਜੈਕਟ ਦੇ ਕਰਮਚਾਰੀਆਂ ਦੀ ਸ਼ਲਾਘਾ ਕੀਤੀ ਕਿ ਉਹ ਪਸ਼ੂਧਨ ਅਤੇ ਡੇਅਰੀ ਖੇਤਰ ਨੂੰ ਉੱਚਿਆਂ ਚੁੱਕਣ ਲਈ ਲਗਾਤਾਰ ਯਤਨਸ਼ੀਲ ਹਨ।
Summary in English: Veterinary & Livestock Innovation and Incubation Foundation Grants Support to Startup Dairy Muneem