
ਉਪ-ਕੁਲਪਤੀ ਵੱਲੋਂ ਘੋੜਾ ਪਾਲਕਾਂ ਅਤੇ ਵਿਗਿਆਨੀਆਂ ਦੇ ਸਾਂਝੇ ਯਤਨਾਂ ਦੀ ਸ਼ਲਾਘਾ
Horse Breeders: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸਾਰ ਸਿੱਖਿਆ ਨਿਰਦੇਸ਼ਾਲੇ ਵੱਲੋਂ ਪੰਜਾਬ ਦੇ ਘੋੜਾ ਪਾਲਕਾਂ ਦੀ ਇਕ ਮੀਟਿੰਗ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਦੇ ਦਿਸ਼ਾ ਨਿਰਦੇਸ਼ ਅਧੀਨ ਆਯੋਜਿਤ ਕੀਤੀ ਗਈ।
ਇਸ ਦਾ ਉਦੇਸ਼ ਘੋੜਿਆਂ ਦੀਆਂ ਨਸਲਾਂ ਨੂੰ ਬਿਹਤਰ ਕਰਨਾ ਅਤੇ ਘੋੜਿਆਂ ਨਾਲ ਸੰਬੰਧਿਤ ਖੇਡਾਂ ਨੂੰ ਉਤਸ਼ਾਹਿਤ ਕਰਨਾ ਸੀ। ਇਸ ਵਿੱਚ 40 ਦੇ ਕਰੀਬ ਘੋੜਾ ਪਾਲਕਾਂ ਨੇ ਸਾਰੇ ਸੂਬੇ ਵਿੱਚੋਂ ਹਿੱਸਾ ਲਿਆ ਅਤੇ ਆਪਣੇ ਵਿਚਾਰ ਸਾਂਝੇ ਕੀਤੇ।
ਡਾ. ਗਿੱਲ ਨੇ ਇਸ ਯਤਨ ਲਈ ਘੋੜਾ ਪਾਲਕਾਂ ਅਤੇ ਵਿਗਿਆਨੀਆਂ ਦੇ ਸਾਂਝੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਘੋੜੇ ਪਾਲਣਾ ਸਾਡੇ ਅਮੀਰ ਵਿਰਸੇ ਦਾ ਹਿੱਸਾ ਹੈ ਜਿਸ ਨਾਲ ਮਨੋਰੰਜਨ ਵੀ ਹੁੰਦਾ ਅਤੇ ਆਮਦਨ ਵੀ ਮਿਲਦੀ ਹੈ। ਵਿਗਿਆਨਕ ਢੰਗ ਨਾਲ ਘੋੜੇ ਪਾਲ ਕੇ ਉਨ੍ਹਾਂ ਦੇ ਪ੍ਰਦਰਸ਼ਨੀ ਪੱਧਰ ਨੂੰ ਬਿਹਤਰ ਕੀਤਾ ਸਕਦਾ ਹੈ। ਕਿਸਾਨ, ਯੂਨੀਵਰਸਿਟੀ ਅਤੇ ਪਸ਼ੂ ਪਾਲਣ ਵਿਭਾਗ, ਪੰਜਾਬ ਮਿਲ ਕੇ ਤਕਨੀਕੀ ਸਹਿਯੋਗ ਰਾਹੀਂ ਬਹੁਤ ਉਤਮ ਯੋਗਦਾਨ ਪਾ ਸਕਦੇ ਹਨ।
ਇਸ ਮੀਟਿੰਗ ਵਿੱਚ ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਹਾ ਕਿ ਪੰਜਾਬ ਵਿੱਚ ਪਾਲੀਆਂ ਜਾਂਦੀਆਂ ਘੋੜਿਆਂ ਦੀ ਨਸਲਾਂ ਸਾਰੇ ਮੁਲਕ ਵਿੱਚ ਮੰਨੀਆਂ ਪ੍ਰਮੰਨੀਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਡੇਅਰੀ ਦੇ ਖੇਤਰ ਵਾਂਗ ਹੀ ਇਸ ਖੇਤਰ ਵਿੱਚ ਵੀ ਸੂਬੇ ਨੂੰ ਮੋਹਰੀ ਬਨਾਉਣਾ ਲੋੜੀਂਦਾ ਹੈ।
ਇਹ ਵੀ ਪੜ੍ਹੋ: Fish Festival: ਵੈਟਨਰੀ ਯੂਨੀਵਰਸਿਟੀ ਵੱਲੋਂ 12 ਮਾਰਚ ਨੂੰ ‘ਮੱਛੀ ਮੇਲੇ’ ਦਾ ਆਯੋਜਨ
ਡਾ. ਸਵਰਨ ਸਿੰਘ ਰੰਧਾਵਾ, ਡੀਨ, ਵੈਟਨਰੀ ਸਾਇੰਸ ਕਾਲਜ ਨੇ ਬਿਹਤਰ ਨਸਲ ਲਈ ਘੋੜਿਆਂ ਦੇ ਸਿਹਤ ਪ੍ਰਬੰਧਨ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਇਹ ਉਹ ਬੁਨਿਆਦੀ ਪੱਖ ਹੈ ਜਿਸ ਨਾਲ ਘੋੜਿਆਂ ਦਾ ਪ੍ਰਜਣਨ ਅਤੇ ਨਸਲ ਬਿਹਤਰ ਹੁੰਦੀ ਹੈ। ਡਾ. ਅਰੁਣ ਆਨੰਦ ਨੇ ਯੂਨੀਵਰਸਿਟੀ ਵੱਲੋਂ ਘੋੜਿਆਂ ਦੇ ਇਲਾਜ ਹਿਤ ਉਪਲਬਧ ਸਹੂਲਤਾਂ ਬਾਰੇ ਚਾਨਣਾ ਪਾਇਆ।
ਡਾ. ਯਸ਼ਪਾਲ ਸਿੰਘ ਨੇ ਘੋੜਿਆਂ ਦੀ ਨਸਲ ਸੁਧਾਰ ਸੰਬੰਧੀ ਚੋਣ ਅਤੇ ਪਛਾਣ ਵਿਧੀਆਂ ਬਾਰੇ ਜਾਣਕਾਰੀ ਦਿੱਤੀ। ਡਾ. ਪ੍ਰਬਜਿੰਦਰ ਸਿੰਘ ਅਤੇ ਡਾ. ਅਰੁਣਬੀਰ ਸਿੰਘ ਨੇ ਘੋੜਾ ਪਾਲਕਾਂ ਦੀ ਸੋਸਾਇਟੀ ਬਨਾਉਣ ਦੇ ਲਾਭ ਅਤੇ ਭਵਿੱਖੀ ਮੌਕਿਆਂ ਬਾਰੇ ਇਕ ਪੇਸ਼ਕਾਰੀ ਦਿੱਤੀ।
Summary in English: Veterinary University brings horse breeders of Punjab on one platform, VC praises joint efforts of horse breeders and scientists