
ਪਸ਼ੂ ਬਾਂਝਪਨ ਸੰਬੰਧੀ ਜਾਗਰੂਕਤਾ ਕੈਂਪ
Livestock Farming: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਕਿਲਾ ਰਾਏਪੁਰ ਵਿਖੇ ਪਸ਼ੂਆਂ ਦੀ ਬਾਂਝਪਨ ਦੀ ਸਮੱਸਿਆ ਸੰਬੰਧੀ ਜਾਗਰੂਕਤਾ ਹਿਤ ਅਤੇ ਇਲਾਜ ਸੰਬੰਧੀ ਇਕ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਕੈਂਪ ਭਾਰਤੀ ਖੇਤੀ ਖੋਜ ਪਰਿਸ਼ਦ ਵੱਲੋਂ ਪ੍ਰਾਯੋਜਿਤ ਫਾਰਮਰ ਫਸਟ ਪ੍ਰਾਜੈਕਟ ਤਹਿਤ ਕਰਵਾਇਆ ਗਿਆ।
ਇਹ ਕੈਂਪ ਪਸ਼ੂਧਨ ਨੂੰ ਬਾਂਝਪਨ ਦੀ ਸਮੱਸਿਆ ਤੋਂ ਬਚਾਉੁਣ ਅਤੇ ਜਿਨ੍ਹਾਂ ਪਸ਼ੂਆਂ ਨੂੰ ਸਮੱਸਿਆ ਆਈ ਹੈ ਉਨ੍ਹਾਂ ਦੇ ਇਲਾਜ ਹਿਤ ਆਯੋਜਿਤ ਕੀਤਾ ਗਿਆ ਸੀ।
ਕੈਂਪ ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਅਤੇ ਪ੍ਰਾਜੈਕਟ ਦੇ ਸਿਰਮੌਰ ਅਧਿਕਾਰੀ ਤੇ ਡਾ. ਪਰਮਿੰਦਰ ਸਿੰਘ, ਮੁੱਖ ਨਿਰੀਖਕ ਦੀ ਅਗਵਾਈ ਵਿੱਚ ਕੀਤਾ ਗਿਆ। ਕੈਂਪ ਦਾ ਸੰਯੋਜਨ ਡਾ. ਰਾਜੇਸ਼ ਕਸਰੀਜਾ, ਡਾ. ਬਿਲਾਵਲ ਸਿੰਘ ਅਤੇ ਡਾ. ਪ੍ਰਤੀਕ ਸਿੰਘ ਧਾਲੀਵਾਲ ਨੇ ਬਤੌਰ ਸਹਿ-ਨਿਰੀਖਕ ਕੀਤਾ। ਕੈਂਪ ਦੌਰਾਨ ਗਾਂਵਾਂ ਅਤੇ ਮੱਝਾਂ ਦੋਵਾਂ ਸ਼੍ਰੇਣੀਆਂ ਦੇ ਪਸ਼ੂਆਂ ਨੂੰ ਕਿਸਾਨਾਂ ਨੇ ਇਲਾਜ ਲਈ ਲਿਆਂਦਾ।
ਡਾ. ਕਸਰੀਜਾ ਅਤੇ ਡਾ. ਬਿਲਾਵਲ ਸਿੰਘ ਨੇ ਪਸ਼ੂਆਂ ਦੀ ਜਾਂਚ ਤੋਂ ਬਾਅਦ ਉਨ੍ਹਾਂ ਦਾ ਇਲਾਜ ਕੀਤਾ। ਜਾਂਚ ਦੌਰਾਨ ਪਸ਼ੂਆਂ ਵਿੱਚ ਹੇਹਾ ਖੁੰਝਣ, ਗੂੰਗਾ ਹੇਹਾ ਅਤੇ ਬੱਚੇਦਾਨੀ ਵਿੱਚ ਕਿਰਮ ਆਦਿ ਦੀਆਂ ਸਮੱਸਿਆਵਾਂ ਪਛਾਣੀਆਂ ਗਈਆਂ। ਡਾ. ਕਸਰੀਜਾ ਨੇ ਜਾਣਕਾਰੀ ਦਿੱਤੀ ਕਿ ਬਾਂਝਪਨ ਦੀ ਸਮੱਸਿਆ ਨਾਲ ਪਸ਼ੂ ਪਾਲਕਾਂ ਨੂੰ ਕਈ ਆਰਥਿਕ ਨੁਕਸਾਨ ਝੱਲਣੇ ਪੈਂਦੇ ਹਨ ਜਿਨ੍ਹਾਂ ਵਿੱਚ ਦੁੱਧ ਉਤਪਾਦਨ ਦਾ ਘੱਟ ਜਾਣਾ ਅਤੇ ਅਗਲੇ ਸੂਏ ਵਿੱਚ ਜ਼ਿਆਦਾ ਅੰਤਰਾਲ ਆ ਜਾਣਾ ਪ੍ਰਮੁੱਖ ਹਨ। ਡਾ. ਬਿਲਾਵਲ ਸਿੰਘ ਨੇ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੇ ਇਲਾਜ ਸੰਬੰਧੀ ਸਾਰੀ ਜਾਣਕਾਰੀ ਦਿੱਤੀ ਅਤੇ ਇਲਾਜ ਪੂਰਨ ਕਰਨ ਬਾਰੇ ਹਿਦਾਇਤ ਕੀਤੀ।
ਇਹ ਵੀ ਪੜ੍ਹੋ: Punjab ਵਿੱਚ ਪਾਣੀ ਤੇ ਪਰਾਲੀ ਦੀ ਸਾਂਭ-ਸੰਭਾਲ ਮੌਜੂਦਾ ਖੇਤੀ ਦੇ ਅਹਿਮ ਮੁੱਦੇ: VC Dr. Satbir Singh Gosal
ਡਾ. ਪ੍ਰਤੀਕ ਸਿੰਘ ਨੇ ਪਸ਼ੂ ਪਾਲਕਾਂ ਨੂੰ ਧਾਤਾਂ ਦਾ ਚੂਰਾ ਵੰਡਿਆ ਅਤੇ ਦੱਸਿਆ ਕਿ ਇਸ ਦੀ ਵਰਤੋਂ ਨਾਲ ਪਸ਼ੂਆਂ ਦੀ ਪ੍ਰਜਣਨ ਸਿਹਤ ਬਿਹਤਰ ਰਹਿੰਦੀ ਹੈ ਅਤੇ ਉਨ੍ਹਾਂ ਦੇ ਉਤਪਾਦਨ ਵਿੱਚ ਵੀ ਵਾਧਾ ਹੁੰਦਾ ਹੈ। ਕੈਂਪ ਵਿੱਚ ਭਰਵੀਂ ਗਿਣਤੀ ਵਿੱਚ ਪਸ਼ੂ ਪਾਲਕ ਪਹੁੰਚੇ ਅਤੇ ਮਾਹਿਰਾਂ ਨਾਲ ਸਲਾਹ ਮਸ਼ਵਰਾ ਵੀ ਕੀਤਾ।
Summary in English: Veterinary University organizes an awareness camp to educate about livestock infertility