ਕੁਝ ਦਿਨ ਪਹਿਲਾਂ 20 ਮਈ ਤੋਂ ਬਾਅਦ ਮਾਨਸੂਨ ਆਉਣ ਦੀ ਭਵਿੱਖਬਾਣੀ ਕੀਤੀ ਗਈ ਸੀ, ਪਰ ਉੱਤਰ ਭਾਰਤ ਵਿੱਚ ਬਣੇ ਗਰਮੀ ਦੇ ਹਾਲਾਤ ਕੁਝ ਹੋਰ ਹੀ ਕਹਾਣੀ ਬਿਆਨ ਕਰ ਰਹੇ ਹਨ। ਤਾਪਮਾਨ ਦਿਨੋਂ-ਦਿਨ ਵੱਧ ਰਿਹਾ ਹੈ, ਜਿਸਦੇ ਚਲਦਿਆਂ ਲੋਕ ਖੱਜਲ-ਖੁਆਰ ਹੋ ਰਹੇ ਹਨ। ਆਓ ਨਜ਼ਰ ਮਾਰੀਏ ਉਨ੍ਹਾਂ ਸੂਬਿਆਂ 'ਤੇ, ਜਿੱਥੇ ਗਰਮੀ ਆਪਣਾ ਕਹਿਰ ਬਰਪਾ ਰਹੀ ਹੈ।
Mausam Latest Update: ਮੌਸਮ ਵਿਭਾਗ (IMD) ਨੇ ਦਿੱਲੀ 'ਚ ਹੀਟਵੇਵ (Heat Wave in Delhi) ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਇਸ ਦੌਰਾਨ ਜ਼ਿਆਦਾ ਚੌਕਸ ਰਹਿਣ ਦੀ ਅਪੀਲ ਕੀਤੀ ਹੈ। ਜੇਕਰ ਗੱਲ ਕਰੀਏ ਪੰਜਾਬ ਦੀ, ਤਾਂ ਇੱਥੇ ਗਰਮੀ ਦਾ ਅਸਰ ਵਧਣਾ ਸ਼ੁਰੂ ਹੋ ਗਿਆ ਹੈ। ਵੀਰਵਾਰ ਨੂੰ ਖੁਸ਼ਕ ਮੌਸਮ ਕਾਰਨ ਤਾਪਮਾਨ 'ਚ ਵਾਧਾ ਦਰਜ ਕੀਤਾ ਗਿਆ ਹੈ। ਭਾਰਤੀ ਮੌਸਮ ਵਿਭਾਗ (IMD) ਅਨੁਸਾਰ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 3 ਤੋਂ 5 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ ਹੈ।
ਮੌਸਮ ਵਿਭਾਗ ਵੱਲੋਂ ਚਿਤਾਵਨੀ
ਮੌਸਮ ਵਿਭਾਗ ਨੇ 13 ਤੋਂ 15 ਮਈ ਦੌਰਾਨ ਦੱਖਣੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ‘ਲੂ’ ਚੱਲਣ ਦੀ ਚਿਤਾਵਨੀ ਜਾਰੀ ਕੀਤੀ ਹੈ। 16 ਮਈ ਤੋਂ ਵੈਸਟਰਨ ਡਿਸਟਰਬੈਂਸ ਦੇ ਪ੍ਰਭਾਵ ਕਾਰਨ ਮੌਸਮ 'ਚ ਬਦਲਾਅ ਹੋਵੇਗਾ ਅਤੇ ਅਸਮਾਨ 'ਚ ਹਲਕੇ ਬੱਦਲ ਛਾਏ ਰਹਿਣਗੇ, ਜਿਸ ਨਾਲ ਪਾਰਾ ਡਿੱਗੇਗਾ ਅਤੇ ਗਰਮੀ ਤੋਂ ਕੁਝ ਰਾਹਤ ਮਿਲੇਗੀ। ਇਸ ਤੋਂ ਇਲਾਵਾ ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਹਵਾ ਗੁਣਵੱਤਾ ਸੂਚਕ ਅੰਕ ‘ਤਸੱਲੀਬਖ਼ਸ਼ ਤੋਂ ਦਰਮਿਆਨੇ’ ਸ਼੍ਰੇਣੀ ਵਿੱਚ ਹੈ।
ਦਿੱਲੀ 'ਚ 'ਯੈਲੋ ਅਲਰਟ'
ਦਿੱਲੀ ਵਾਸੀਆਂ ਦਾ ਵੀਕਐਂਡ ਅੱਤ ਦੀ ਗਰਮੀ ਵਿੱਚ ਲੰਘਣ ਵਾਲਾ ਹੈ। ਸ਼ੁੱਕਰਵਾਰ ਤੋਂ ਐਤਵਾਰ ਤੱਕ ਤਾਪਮਾਨ 44 ਡਿਗਰੀ ਸੈਲਸੀਅਸ ਤੱਕ ਪੁੱਜ ਸਕਦਾ ਹੈ। ਮੌਸਮ ਵਿਭਾਗ ਨੇ ਗਰਮੀ ਦੇ ਮੱਦੇਨਜ਼ਰ 13 ਤੋਂ 15 ਮਈ ਦਰਮਿਆਨ ‘ਯੈਲੋ’ ਅਲਰਟ ਘੋਸ਼ਿਤ ਕੀਤਾ ਹੈ। ਇਸ ਦੌਰਾਨ ਕਈ ਥਾਵਾਂ 'ਤੇ ਹੀਟ ਵੇਵ ਦਾ ਪ੍ਰਭਾਵ ਬਣਿਆ ਰਹੇਗਾ।
ਰਾਜਸਥਾਨ 'ਚ ਹੀਟ ਵੇਵ ਦਾ ਰੈੱਡ ਅਲਰਟ ਜਾਰੀ
ਰਾਜਸਥਾਨ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਤੋਂ 48.1 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਪੱਛਮੀ ਹਿੱਸੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਅੱਤ ਦੀ ਗਰਮੀ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ। ਮੌਸਮ ਵਿਭਾਗ ਮੁਤਾਬਕ ਅਗਲੇ 4-5 ਦਿਨਾਂ ਦੌਰਾਨ ਜ਼ਿਆਦਾਤਰ ਹਿੱਸਿਆਂ ਵਿੱਚ ਤੇਜ਼ ਗਰਮੀ ਪੈਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : Weather Update: ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ! ਇਸ ਦਿਨ ਪਵੇਗਾ ਮੀਂਹ!
ਉੱਤਰ ਪ੍ਰਦੇਸ਼ 'ਚ ਗਰਮੀ ਦਾ ਹਾਲ
ਮੌਸਮ ਵਿਭਾਗ ਨੇ ਪੱਛਮੀ ਉੱਤਰ ਪ੍ਰਦੇਸ਼ ਵਿੱਚ 14 ਅਤੇ 15 ਮਈ ਨੂੰ ਗਰਮੀ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਇਸ ਸਮੇਂ ਯੂਪੀ ਵਿੱਚ ਵੱਧ ਤੋਂ ਵੱਧ ਤਾਪਮਾਨ 38 ਤੋਂ 41 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ ਅਤੇ ਮਈ ਦੇ ਤੀਜੇ ਹਫ਼ਤੇ ਇਹ 44 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਨਾਲ ਹੀ, ਯੂਪੀ ਵਿੱਚ ਅਪ੍ਰੈਲ ਵਰਗੀ ਭਿਆਨਕ ਗਰਮੀ ਦੀ ਸੰਭਾਵਨਾ ਬਹੁਤ ਘੱਟ ਹੈ। ਦੂਜੇ ਪਾਸੇ ਜ਼ਿਆਦਾਤਰ ਸ਼ਹਿਰਾਂ ਵਿੱਚ ਹਵਾ ਗੁਣਵੱਤਾ ਸੂਚਕ ਅੰਕ ‘ਚੰਗੇ ਤੋਂ ਦਰਮਿਆਨੇ’ ਸ਼੍ਰੇਣੀ ਵਿੱਚ ਹੈ।
ਹਾਲਾਂਕਿ, ਆਈਐਮਡੀ ਮੁਤਾਬਕ ਮਾਨਸੂਨ 20 ਮਈ ਤੋਂ ਬਾਅਦ ਕਿਸੇ ਵੀ ਸਮੇਂ ਕੇਰਲ ਵਿੱਚ ਆ ਸਕਦਾ ਹੈ ਅਤੇ ਇਸ ਵਾਰ ਉੱਤਰ ਭਾਰਤ ਵਿੱਚ ਪ੍ਰੀ-ਮਾਨਸੂਨ ਦੇਖਣ ਨੂੰ ਮਿਲੇਗਾ। ਫਿਲਹਾਲ, ਜੋ ਹਾਲ ਇਸ ਵੇਲੇ ਨਜ਼ਰ ਆ ਰਹੇ ਹਨ, ਉਸ ਤੋਂ ਤਾਂ ਇਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਮਾਨਸੂਨ ਆਪਣੇ ਸਮੇਂ 'ਤੇ ਹੀ ਉੱਤਰ ਭਾਰਤ ਪੁੱਜੇਗਾ।
Summary in English: Weather Update Today: Summer will increase in Punjab for a few more days! Heatwave rages in these states!