ਖੇਤੀ ਕਿਸਾਨ ਕਾਨੂੰਨਾਂ ਦਾ ਔਰਤਾਂ ਨਾਲ ਸੰਬੰਧ
- ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਪੁਰਸ਼ਾਂ ਨੂੰ ਹੀ ਪ੍ਰਮੁੱਖ ਮੰਨਿਆ ਜਾਂਦਾ ਹੈ ਅਤੇ ਜਦੋਂ ਵੀ ਕਿਸਾਨ ਸ਼ਬਦ ਸੁਣਿਆ ਜਾਂ ਬੋਲਿਆ ਜਾਂਦਾ ਹੈ ਤਾਂ ਉਹ ਪੁਰਸ਼ ਦੇ ਨਾਮ ਨਾਲ ਹੀ ਸਮਝਿਆ ਜਾਂਦਾ ਹੈ। ਕੀ ਇੱਕ ਔਰਤ ਜਾਂ ਮਹਿਲਾ ਕਿਸਾਨ ਨਹੀਂ ਹੋ ਸਕਦੀ??
- ਜਦੋਂ ਕਿ ਖੇਤੀਬਾੜੀ ਸਰਵੇ ਦੇ ਮੁਤਾਬਿਕ 73.2% ਪਿੰਡਾਂ ਦੀਆਂ ਔਰਤਾਂ ਖੇਤੀਬਾੜੀ ਕਿੱਤੇ ਨਾਲ ਜੁੜੀਆਂ ਹੋਈਆਂ ਹਨ , ਪਰ ਉਨ੍ਹਾਂ ਵਿੱਚੋਂ8% ਔਰਤਾਂ ਹੀ ਉਸ ਜ਼ਮੀਨ ਦੀਆਂ ਅਧਿਕਾਰੀ ਹਨ।
- ਸਮਾਜਿਕ, ਸਭਿਆਚਾਰਕ, ਧਾਰਮਿਕ ਕਾਰਨਾਂ ਕਰਕੇ ਉਹਨਾਂ ਦੇ ਨਾਮ ਜ਼ਮੀਨ ਨਹੀਂ ਕਰਾਈ ਜਾਂਦੀ, ਅਤੇ ਔਰਤਾਂ ਨੂੰ ਕਦੇ ਕਿਸਾਨ ਦਾ ਦਰਜਾ ਨਹੀਂ ਦਿੱਤਾ ਜਾਂਦਾ ਹੈ ਅਤੇ ਨਾ ਹੀ ਕੋਈ ਅਧਿਕਾਰ।
ਖੇਤੀਬਾੜੀ ਇੱਕ ਅਜਿਹਾ ਕਿੱਤਾ ਹੈ ਜੋ ਸਿਰਫ ਪੁਰਸ਼ਾਂ ਨਾਲ ਹੀ ਨਹੀਂ ਹੋ ਸਕਦਾ, ਔਰਤਾਂ ਵੀ ਬਰਾਬਰ ਦੀ ਭੂਮਿਕਾ ਨਿਭਾਉਂਦੀਆਂ ਹਨ। ਅਗਰ ਕਿਸਾਨ ਖੇਤ ਵਿੱਚ ਕੰਮ ਕਰ ਰਿਹਾ ਹੈ ਤਾਂ ਉਹ ਉਸਦਾ ਪੇਟ ਭਰਿਆ ਹੋਣ ਕਾਰਨ ਜੋ ਕਿ ਔਰਤ ਖਾਣਾ ਬਣਾ ਕੇ ਭਰਦੀ ਹੈ। ਕੇਵਲ ਇਹ ਹੀ ਨਹੀਂ ਘਰ ਦਾ ਕੰਮ ਕਰਨ ਦੇ ਨਾਲ ਪਸ਼ੂਆਂ ਨੂੰ ਸੰਭਾਲਣਾ, ਪੱਠੇ ਲੈ ਕੇ ਆਉਣਾ, ਸਬਜ਼ੀਆਂ ਉਗਾਉਣਾ, ਬੀਜ਼ ਨੂੰ ਸੰਭਾਲਣਾ, ਧੋਣਾ, ਸੁਕਾਉਣਾ ਅਤੇ ਸਟੋਰ ਕਰਨਾ, ਜੋ ਕੇ ਬਿਜਾਈ ਦੇ ਕੰਮ ਆਉਣਾ ਹੈ, ਵਾਢੀ ਕਰਨੀ, ਝੋਨਾ ਲਗਾਉਣਾ, ਹਰ ਕੰਮ ਵਿੱਚ ਔਰਤਾਂ ਇੱਕ ਅਹਿਮ ਭੂਮਿਕਾ ਨਿਭਾਉਂਦੀ ਹੈ ਪਰ ਫਿਰ ਵੀ ਉਸਨੂੰ ਕਿਸਾਨ ਨਹੀਂ ਕਿਹਾ ਜਾਂਦਾ ਬਲਕਿ ਕੇਵਲ ਮਜ਼ਦੂਰ ਕਿਹਾ ਜਾਂਦਾ ਹੈ
ਔਰਤਾਂ ਲਈ ਚੁਣੌਤੀਆਂ-
ਜ਼ਮੀਨ ਦੀ ਮਲਕੀਅਤ- ਖੇਤੀਬਾੜੀ ਸਰਵੇ ਦੇ ਮੁਤਾਬਿਕ ਤਾਂ ਸਿਰਫ 12.8 % ਮਹਿਲਾਵਾਂ ਕੋਲ ਹੀ ਜ਼ਮੀਨ ਦੀ ਮਲਕੀਅਤ ਹੈ। ਜਦੋਂ ਔਰਤਾਂ ਕੋਲ ਜ਼ਮੀਨ ਹੀ ਨਹੀਂ ਹੈ ਤਾਂ ਉਹ ਕਿਸੇ ਹੋਰ ਜ਼ਮੀਨ ਉੱਤੇ ਕੰਮ ਕਰਦੀ ਹੈ ਜਾਂ ਆਪਣੇ ਪਤੀ ਦੀ ਜ਼ਮੀਨ ਉੱਤੇ, ਇਸ ਤਰ੍ਹਾਂ ਨਾਲ ਉਸਨੂੰ ਅੱਗੇ ਕੀਤਾ ਹੀ ਨਹੀਂ ਜਾਂਦਾ ਅਤੇ ਨਾ ਹੀ ਕੋਈ ਅਧਿਕਾਰ ਹੁੰਦਾ ਹੈ ਕੋਈ ਫੈਸਲਾ ਲੈਣ ਦਾ ਜਿਵੇਂ ਕਿ ਕਿਹੜੀ ਫਸਲ ਲਗਾਉਣੀ ਹੈ ਅਤੇ ਕਿਹੜੀ ਕਿਸਮ, ਕਿਹੜਾ ਕੀਟਨਾਸ਼ਕ ਜਾਂ ਦਵਾਈ ਵਰਤਣੀ ਹੈ, ਉਹ ਸਿਰਫ ਪਿੱਛੇ ਰਹਿ ਕੇ ਕੰਮ ਕਰਦੀ ਹੈ।
ਕ੍ਰੈਡਿਟ- ਜਦੋਂ ਔਰਤ ਕੋਲ ਜ਼ਮੀਨ ਦੀ ਮਲਕੀਅਤ ਨਹੀਂ ਹੈ ਤਾਂ ਉਹ ਲੋਨ, ਵਿਆਜ਼, ਸਬਸਿਡੀ ਆਦਿ ਦਾ ਲਾਭ ਵੀ ਨਹੀਂ ਉਠਾ ਸਕਦੀ ਕਿਉਂਕਿ ਬੈਂਕਾਂ ਵੱਲੋਂ ਵੀ ਲੋਨ ਲੈਣ ਲਈ ਨਿਰਧਾਰਿਤ ਜ਼ਮੀਨ ਹੋਣੀ ਜ਼ਰੂਰੀ ਹੈ ਪਰ ਸਰਵੇ ਦੇ ਮੁਤਾਬਿਕ ਤਾਂ ਸਿਰਫ 12.8 % ਮਹਿਲਾਵਾਂ ਕੋਲ ਹੀ ਜ਼ਮੀਨ ਦੀ ਮਲਕੀਅਤ ਹੈ, ਬਿਨਾਂ ਪੈਸਿਆਂ ਦੀ ਸਹੂਲਤ ਦੇ ਔਰਤ ਕੁਝ ਨਵਾਂ ਸੂ਼ਰੂ ਨਹੀ ਕਰ ਸਕਦੀ, ਜਦੋਂ ਉਸ ਕੋਲ ਨਿਵੇਸ਼ ਕਰਨ ਲਈ ਪੈਸੇ ਨਹੀਂ ਤਾਂ ਉਤਪਾਦਨ ਘਟੇਗਾ ਅਤੇ ਕੋਈ ਲਾਭ ਨਹੀਂ ਹੋਵੇਗਾ।
ਵੇਤਣ - ਔਰਤ ਨੂੰ ਖੇਤੀਬਾੜੀ ਦੇ ਨਾਲ-ਨਾਲ ਘਰ ਦਾ ਕੰਮ ਵੀ ਕਰਨਾ ਪੈਂਦਾ ਹੈ ਅਤੇ ਕੰਮ ਜ਼ਿਆਦਾ ਹੋਣ ਦੇ ਬਾਵਜੂਦ ਵੀ ਉਸਨੂੰ ਪੁਰਸ਼ ਦੇ ਮੁਕਾਬਲੇ ਘੱਟ ਵੇਤਣ ਦਿੱਤਾ ਜਾਂਦਾ ਹੈ ਅਤੇ ਇਹ ਕਰਕੇ ਵੀ ਉਸਨੂੰ ਪੁਰਸ਼ ਤੋਂ ਘੱਟ ਹੀ ਦਿਖਾਇਆ ਜਾਂਦਾ ਹੈ।
ਮਸ਼ੀਨਰੀ - ਖੇਤੀ ਬਾੜੀ ਮਸ਼ੀਨਰੀ ਪੁਰਸ਼ਾਂ ਦੇ ਵਰਤਣਯੋਗ ਬਣਾਈ ਜਾਂਦੀ ਹੈ ਅਤੇ ਔਰਤਾਂ ਨੂੰ ਚਲਾਉਣ ਸਮੇ ਮੁਸ਼ਕਿਲ ਆਉਂਦੀ ਹੈ। ਜੇਕਰ ਮਸ਼ੀਨਾਂ ਔਰਤ ਦਾ ਪਹਿਲੂ ਸਮਝ ਕੇ ਬਣਾਈਆਂ ਜਾਣ ਤਾਂ ਉਹ ਅਸਾਨੀ ਨਾਲ ਚਲਾ ਸਕਦੀਆਂ ਹਨ ਅਤੇ ਖੇਤੀਬਾੜੀ ਮਸ਼ੀਨਾਂ ਤੇ ਮਿਲਣ ਵਾਲੀ ਸਬਸਿਡੀ ਪ੍ਰਾਪਤ ਕਰ ਸਕਦੀਆਂ ਹਨ।
- ਬਿਨਾਂ ਕਿਸੇ ਪਛਾਣ ਤੋਂ ਔਰਤਾਂ ਸਰਕਾਰੀ ਸਕੀਮ ਦਾ ਲਾਭ ਨਹੀਂ ਉਠਾ ਸਕਦੀਆਂ
- ਜੇ ਅੱਗੇ ਜਾ ਕੇ ਉਨ੍ਹਾਂ ਨੂੰ ਕਿਸਾਨ ਦੀ ਪਛਾਣ ਦਿੱਤੀ ਵੀ ਜਾਂਦੀ ਹੈ ਤਾਂ ਵੀ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਕਿ ਉਨ੍ਹਾਂ ਨੂੰ ਉਹ ਸਾਰੇ ਹੱਕ ਮਿਲਣਗੇ ਜੋ ਇੱਕ ਕਿਸਾਨ ਨੂੰ ਦਿੱਤੇ ਜਾਂਦੇ ਹਨ ਜਿਵੇਂ ਕਿ ਫਸਲਾਂ ਦਾ ਬੀਮਾ, ਲੋਨ, ਸਬਸਿਡੀ, ਅਤੇ ਰਾਹਤ ਜੇ ਕੋਈ ਮੈਂਬਰ ਆਤਮ ਹੱਤਿਆ ਕਰਦਾ ਹੈ।
ਕਿਉਂ ਕਰ ਰਹੀਆਂ ਹਨ ਔਰਤਾਂ ਖੇਤੀ ਕਾਨੂੰਨਾਂ ਦਾ ਵਿਰੋਧ
- ਇਨ੍ਹਾਂ ਨਵੇਂ ਕਾਨੂੰਨਾਂ ਨੇ ਅਸਮਾਨਤਾ ਨੂੰ ਘਟਾਉਣ ਦੀ ਬਜਾਏ ਉਨ੍ਹਾਂ ਦੀ ਚਿੰਤਾ ਵਧਾ ਦਿੱਤੀ ਹੈ, ਔਰਤਾਂ ਨੂੰ ਡਰ ਹੈ ਕਿ ਇਹ ਕਾਨੂੰਨ ਅਸਮਾਨਤਾ ਨੂੰ ਹੋਰ ਵਧਾਉਣਗੇ।
- ਪਹਿਲੀ ਚਿੰਤਾ ਇਹ ਹੈ ਕਿ MSP ਖਤਮ ਹੋ ਜਾਵੇਗਾ ਅਤੇ ਕੋਈ ਭਰੋਸਾ ਨਹੀਂ ਹੋਵੇਗਾ ਕਿ ਫਸਲ ਨੂੰ ਵੇਚਣ ਸਮੇਂ ਕਿੰਨਾ ਮੁੱਲ ਦਿੱਤਾ ਜਾਏਗਾ। ਜੋ ਔਰਤਾਂ ਵੱਡੇ ਪੱਧਰ ਤੇ ਖੇਤੀ ਕਰਦੀਆਂ ਹਨ, ਮਜ਼ਦੂਰ ਵੀ ਰੱਖਦੀਆਂ ਹਨ, ਜਦੋਂ ਉਨ੍ਹਾਂ ਨੂੰ ਆਪਣਾ ਸਾਰਾ ਖਰਚ ਕਰਕੇ ਵੀ ਨਿਰਧਾਰਿਤ ਮੁੱਲ ਨਹੀਂ ਮਿਲੇਗਾ ਤਾਂ ਉਨ੍ਹਾਂ ਵਿੱਚ ਨਿਰਾਸ਼ਾ ਆਏਗੀ ਅਤੇ ਕੋਈ ਵੀ ਔਰਤ ਅੱਗੇ ਆਉਣ ਨੂੰ ਤਿਆਰ ਨਹੀਂ ਹੋਵੇਗੀ ਮਤਲਬ ਕਿਸਾਨਾਂ ਦਾ ਆਰਥਿਕ ਸ਼ੋਸਣ ਹੋਵੇਗਾ।
- ਜਦੋਂ ਮੰਡੀ ਸਿਸਟਮ ਖਤਮ ਹੋ ਗਿਆ ਤਾਂ ਜਿੰਨਾ ਕਿਸਾਨਾਂ ਕੋਲ ਘੱਟ ਜ਼ਮੀਨ ਹੈ ਅਤੇ ਆਵਾਜਾਈ ਦਾ ਸਾਧਨ ਵੀ ਉਪਲਬਧ ਨਹੀਂ ਉਹਨਾਂ ਨੂੰ ਆਪਣੀ ਫਸਲ ਦੂਜੀ ਜਗ੍ਹਾ ਲਿਜਾਣ ਚ ਸਮੱਸਿਆ ਆਏਗੀ। ਇੱਕ ਔਰਤ ਲਈ ਇਹ ਸਭ ਸੰਭਾਲਣਾ ਹੋਰ ਵੀ ਮੁਸ਼ਕਿਲ ਹੋਵੇਗਾ, ਕਿਉਂਕਿ ਪੁਰਸ਼ ਕਿਸੇ ਵੀ ਤਰ੍ਹਾਂ ਜਾ ਸਕਦਾ ਹੈ ਅਤੇ ਬਾਹਰ ਰਹਿ ਵੀ ਸਕਦਾ ਹੈ ਪਰ ਔਰਤ ਨੇ ਖੇਤੀ ਬਾੜੀ ਦੇ ਨਾਲ ਘਰ ਵੀ ਸੰਭਾਲਣਾ ਹੈ।
- ਕੰਟਰੈਕਟ ਫ਼ਾਰਮਿੰਗ ਵਿੱਚ ਕਾਰਪੋਰੇਟ ਹੀ ਫਸਲ ਦਾ ਮੁੱਲ ਨਿਰਧਾਰਿਤ ਕਰਨ ਗੇ ਅਤੇ ਉਹ ਤਾਂ ਇਸ ਚੀਜ਼ ਦਾ ਫਾਇਦਾ ਉਠਾਉਣਗੇ ਕਿ ਇੱਕ ਔਰਤ ਕੋਲ ਹੋਰ ਰਸਤਾ ਹੀ ਕੀ ਰਹੇਗਾ ਆਪਣੀ ਫਸਲ ਨੂੰ ਕਿੱਥੇ ਜਗ੍ਹਾ ਜਗ੍ਹਾ ਲਈ ਫਿਰੇਗੀ ਉਸਨੂੰ ਨਾਂ ਚਾਹੁੰਦੇ ਹੋਏ ਵੀ ਆਪਣੀ ਫਸਲ ਵੇਚਣੀ ਪਵੇਗੀ ਅਤੇ ਉਹ ਆਪਣੀ ਹੀ ਜ਼ਮੀਨ ਵਿੱਚ ਇੱਕ ਮਜ਼ਦੂਰ ਬਣ ਕੇ ਰਹਿ ਜਾਣਗੀਆਂ। ਉਨ੍ਹਾਂ ਨੂੰ ਅੱਗੇ ਆਉਣ ਦਾ ਮੌਕਾ ਹੀ ਨਹੀਂ ਮਿਲੇਗਾ। ਔਰਤਾਂ ਇਨ੍ਹਾਂ ਕਾਨੂੰਨਾਂ ਨੂੰ ਸਮਝਦੀਆਂ ਹਨ ਕਿ ਆਉਣ ਵਾਲੇ ਸਮੇਂ ਵਿੱਚ ਇੰਨਾਂ ਦਾ ਕੀ ਨਤੀਜਾ ਨਿਕਲਣਾ ਹੈ, ਇਸ ਕਰਕੇ ਉਹ ਇਸ ਸੰਘਰਸ਼ ਦਾ ਹਿੱਸਾ ਬਣੀਆਂ ਹਨ ਇਹ ਯਾਦ ਕਰਾਉਣ ਲਈ ਕਿ ਉਹ ਵੀ ਕਿਸਾਨ ਹਨ ਅਤੇ ਉਨ੍ਹਾਂ ਦਾ ਵੀ ਬਰਾਬਰ ਅਧਿਕਾਰ ਹੈ ਇਸ ਵਿਰੋਧ ਵਿਚ ਸ਼ਾਮਿਲ ਹੋਣ ਦਾ।
ਮਨੀਸ਼ਾ ਰਾਣੀ ਅਤੇ ਸੁਖਜੀਤ ਸਿੰਘ
ਐਮ.ਐਸ.ਸੀ. ਵਿਦਿਆਰਥੀ, ਭੂਮੀ ਵਿਗਿਆਨ ਵਿਭਾਗ, ਐਮ. ਜੀ. ਸੀ., ਫ਼ਤਹਿਗੜ੍ਹ ਸਾਹਿਬ, ਪੰਜਾਬ, ਇੰਡੀਆ
ਐਮ.ਐਸ.ਸੀ. ਵਿਦਿਆਰਥੀ, ਫ਼ਸਲ ਵਿਗਿਆਨ ਵਿਭਾਗ, ਕੇ. ਸੀ. ਪੀ. ਪਟਿਆਲਾ, ਪੰਜਾਬ, ਇੰਡੀਆ
Summary in English: Why can't women join the front: Aren't women farmers ???