ਪਰਾਲੀ ਨੂੰ ਸਾੜਨਾ ਇਸ ਸਮੇਂ ਇਕ ਗੰਭੀਰ ਵਾਤਾਵਰਣ ਚੁਣੌਤੀ ਬਣ ਚੁੱਕੀ ਹੈ।ਇਸ ਕਾਰਣ ਪ੍ਰਾਣੀਆਂ ਦੀ ਸਿਹਤ ਉਤੇ ਮਾੜਾ ਅਸਰ ਪੈਂਦਾ ਹੈ।ਪਰਾਲੀ ਨੂੰ ਬਤੌਰ ਪਸ਼ੂ ਖੁਰਾਕ ਵਜੋਂ ਵਰਤਣ ਦੇ ਨਵੇਂ ਹਲ ਲੱਭਣ ਦੇ ਸੰਦਰਭ ਵਿਚ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸਾਰ ਸਿੱਖਿਆ ਵਿਭਾਗ ਵਲੋਂ ਇਕ ਕਾਰਜਸ਼ਾਲਾ ਕਰਵਾਈ ਗਈ।ਇਸ ਕਾਰਜਸ਼ਾਲਾ ਵਿਚ ਸੂਬੇ ਵਿਚ ਕੰਮ ਕਰਦੇ ਕਿ੍ਰਸ਼ੀ ਵਿਗਿਆਨ ਕੇਂਦਰਾਂ ਦੇ ਵਿਗਿਆਨੀਆਂ ਨੇ ਹਿੱਸਾ ਲਿਆ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਵੈਟਨਰੀ ਯੂਨੀਵਰਸਿਟੀ ਅਤੇ ਸੰਬੰਧਿਤ ਵਿਭਾਗਾਂ ਨੂੰ ਇਸ ਗੱਲ ਲਈ ਉਚੇਚਾ ਯਤਨ ਕਰਨਾ ਚਾਹੀਦਾ ਹੈ ਕਿ ਉਹ ਕਿਸਾਨਾਂ ਨੂੰ ਦੱਸਣ ਕਿ ਪਰਾਲੀ ਇਕ ਸਸਤੀ ਪਸ਼ੂ ਖੁੁਰਾਕ ਦੇ ਤੌਰ ’ਤੇ ਵਰਤੀ ਜਾ ਸਕਦੀ ਹੈ।ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ 80 ਲੱਖ ਟਨ ਪਰਾਲੀ ਖੇਤਾਂ ਵਿਚ ਸਾੜ ਦਿੱਤੀ ਜਾਂਦੀ ਹੈ, ਜਦਕਿ ਇਸ ਵਿਚੋਂ ਦੱਸਵਾਂ ਹਿੱਸਾ ਗ਼ੈਰ ਉਤਪਾਦਕ ਪਸ਼ੂਆਂ ਦੀ ਖੁਰਾਕ ਵਾਸਤੇ ਵਰਤਿਆ ਜਾ ਸਕਦਾ ਹੈ।
ਡਾ. ਰਾਜਬੀਰ ਸਿੰਘ, ਨਿਰਦੇਸ਼ਕ, ਖੇਤੀਬਾੜੀ ਤਕਨਾਲੋਜੀ ਖੋਜ ਸੰਸਥਾ (ਅਟਾਰੀ) ਨੇ ਵਿਗਿਆਨੀਆਂ ਨੂੰ ਸਲਾਹ ਦਿੱਤੀ ਕਿ ਉਹ ਵੇਖਣ ਕਿ ਪੰਜਾਬ ਵਿਚ ਦੂਜੇ ਸੂੂਬਿਆਂ ਦੇ ਮੁਕਾਬਲੇ ਪਰਾਲੀ ਦੀ ਵਰਤੋਂ ਘੱਟ ਕਿਉਂ ਹੋ ਰਹੀ ਹੈ।ਡਾ. ਜਸਕਰਨ ਸਿੰਘ ਮਾਹਲ, ਨਿਰਦੇਸ਼ਕ ਪਸਾਰ ਸਿੱਖਿਆ, ਪੀ ਏ ਯੂ ਨੇ ਕਿ੍ਰਸ਼ੀ ਵਿਗਿਆਨ ਕੇਂਦਰਾਂ ਦੇ ਵਿਗਿਆਨੀਆਂ ਨੂੰ ਕਿਹਾ ਕਿ ਉਹ ਪਰਾਲੀ ਦੀ ਵਰਤੋਂ ਪਸ਼ੂ ਖੁਰਾਕ ਦੇ ਤੌਰ ’ਤੇ ਸ਼ੁਰੂ ਕਰਵਾਉਣ ਅਤੇ ਇਸ ਸੰਬੰਧੀ ਭਰੋਸੇਯੋਗ ਅੰਕੜੇ ਵੀ ਇਕੱਠੇ ਕਰਨ।ਇਸ ਕਾਰਜਸ਼ਾਲਾ ਦੌਰਾਨ ਪਰਾਲੀ ਨੂੰ ਯੂਰੀਆ ਨਾਲ ਸੋਧ ਕੇ ਅਤੇ ਸੀਰੇ ਦੀ ਵਰਤੋਂ ਕਰਕੇ ਇਸ ਦੀ ਪੌਸ਼ਟਿਕਤਾ ਨੂੰ ਬਿਹਤਰ ਕਰਨ ਦਾ ਪ੍ਰਦਰਸ਼ਨ ਕੀਤਾ ਗਿਆ।ਇਸ ਗੱਲ ’ਤੇ ਚਰਚਾ ਕੀਤੀ ਗਈ ਕਿ ਸੋਧੀ ਪਰਾਲੀ ਦੀਆਂ ਗੰਢਾਂ ਬਣਾ ਕੇ ਨਾਲ ਲਗਦੇ ਸੂਬਿਆਂ ਨੂੰ ਵੀ ਪਸ਼ੂ ਖੁਰਾਕ ਦੇ ਤੌਰ ’ਤੇ ਵਰਤਣ ਲਈ ਭੇਜਿਆ ਜਾਵੇ।ਪਰਾਲੀ ਦੀ ਵਰਤੋਂ ਸੰਬੰਧੀ ਗਲਤ ਧਾਰਣਾਵਾਂ ’ਤੇ ਵੀ ਵਿਗਿਆਨੀਆਂ ਨੇ ਚਰਚਾ ਕੀਤੀ।ਉਨ੍ਹਾਂ ਕਿਹਾ ਕਿ ਪਰਾਲੀ ਨੂੰ ਸਹੀ ਢੰਗ ਨਾਲ ਕੁਤਰ ਕੇ ਪਾਣੀ ਵਿਚ ਭਿਉਂਣ ਨਾਲ ਇਸ ਦੇ ਤੇਜ਼ਾਬੀਪਨ, ਨਮਕ ਅਤੇ ਸਿਲਿਕਾ ਤੱਤ ਘੱਟ ਜਾਂਦੇ ਹਨ ਅਤੇ ਇਹ ਪਸ਼ੂ ਖੁਰਾਕ ਲਈ ਵਧੇਰੇ ਫਾਇਦੇਮੰਦ ਹੋ ਜਾਂਦੀ ਹੈ।
ਡਾ. ਪ੍ਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਹਾ ਕਿ ਵਿਗਿਆਨੀਆਂ ਵਲੋਂ ਦਿੱਤੇ ਸੁਝਾਅ ਬਹੁਤ ਲਾਹੇਵੰਦ ਸਨ ਅਤੇ ਇਸ ਨਾਲ ਅਸੀਂ ਪਸ਼ੂ ਖੁਰਾਕ ਦੇ ਖਰਚ ਨੂੰ ਘਟਾ ਸਕਦੇ ਹਾਂ।ਡਾ. ਉਦੈਬੀਰ ਸਿੰਘ ਚਾਹਲ ਨੇ ਕਿਹਾ ਕਿ ਭਵਿੱਖ ਵਿਚ ਪਰਾਲੀ ਦੇ ਅਚਾਰ ਦੀ ਪਸ਼ੂ ਖੁਰਾਕ ਵਜੋਂ ਵਰਤੋਂ ਅਤੇ ਇਸ ਦਾ ਭੰਡਾਰਨ ਕਰਨ ਸੰਬੰਧੀ ਪ੍ਰਯੋਗ ਵੀ ਛੇਤੀ ਕੀਤੇ ਜਾਣਗੇ।ਇਸ ਮੌਕੇ ’ਪਰਾਲੀ ਰਹਿੰਦ-ਖੂੰਹਦ ਪ੍ਰਬੰਧਨ’ ਸੰਬੰਧੀ ਇਕ ਪੁਸਤਕ ਵੀ ਜਾਰੀ ਕੀਤੀ ਗਈ।ਪ੍ਰਤੀਭਾਗੀਆਂ ਨੇ ਇਸ ਕਾਰਜਸ਼ਾਲਾ ਦੀ ਬਹੁਤ ਸਰਾਹਨਾ ਕੀਤੀ।
ਲੋਕ ਸੰਪਰਕ ਦਫਤਰ
ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Workshop on Use of Straw as Animal Feed at Veterinary University