ਵੈਟਨਰੀ ਯੂਨੀਵਰਸਿਟੀ ਨੇ ਮਨਾਇਆ ਵਿਸ਼ਵ ਮੱਛੀ ਪਾਲਣ ਦਿਵਸ
Veterinary University: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ ਫ਼ਿਸ਼ਰੀਜ਼ ਵੱਲੋਂ ਵਿਸ਼ਵ ਮੱਛੀ ਪਾਲਣ ਦਿਵਸ ਸੰਬੰਧੀ ਕਈ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਡਾ. ਮੀਰਾ ਡੀ ਆਂਸਲ, ਡੀਨ, ਕਾਲਜ ਆਫ ਫ਼ਿਸ਼ਰੀਜ਼ ਨੇ ਦੱਸਿਆ ਕਿ ਇਹ ਦਿਵਸ ਹਰ ਸਾਲ 21 ਨਵੰਬਰ ਨੂੰ ਆਲਮੀ ਪੱਧਰ ’ਤੇ ਮਨਾਇਆ ਜਾਂਦਾ ਹੈ। ਇਸ ਦਾ ਉਦੇਸ਼ ‘ਜਲਜੀਵਾਂ, ਜਲ ਦੀ ਸੰਭਾਲ ਅਤੇ ਵਾਤਾਵਰਣ ਸੰਤੁਲਨ ਦੀ ਦਰੁਸਤੀ ਨਾਲ ਸੰਬੰਧਿਤ ਹੈ’।
ਇਸ ਦੇ ਤਹਿਤ ਨਦੀਆਂ, ਝੀਲਾਂ, ਸਮੁੰਦਰ, ਮਛੇਰਿਆਂ ਅਤੇ ਜਲਜੀਵਾਂ ਦੇ ਪੇਸ਼ੇ ਨਾਲ ਜੁੜੇ ਹਰੇਕ ਪੇਸ਼ੇਵਰ ਨੂੰ ਸੁਰੱਖਿਅਤ ਰੱਖਣ ਅਤੇ ਨਵੀਆਂ ਚੁਣੌਤੀਆਂ ਨੂੰ ਨਜਿੱਠਣ ਸੰਬੰਧੀ ਜਾਗਰੂਕਤਾ ਪੈਦਾ ਕੀਤੀ ਜਾਂਦੀ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਭਾਰਤ ਵਿੱਚ ਇਸ ਦਿਵਸ ਦਾ ਵਿਸ਼ਾ ‘ਭਾਰਤ ਦੀ ਨੀਲੀ ਤਬਦੀਲੀ: ਸਮੁੰਦਰੀ ਭੋਜਨ ਦੀ ਬਰਾਮਦ ਵਿੱਚ ਗੁਣਵੱਤਾ ਨੂੰ ਉਤਸ਼ਾਹਿਤ ਕਰਨਾ’ ਰੱਖਿਆ ਗਿਆ ਹੈ।
ਕਾਲਜ ਵੱਲੋਂ ਕਰਵਾਈਆਂ ਗਤੀਵਿਧੀਆਂ ਦੇ ਤਹਿਤ ਲੁਧਿਆਣਾ ਦੇ ਕੋਲ ਵਗਦੇ ਸਤਲੁਜ ਦਰਿਆ ਅਤੇ ਸਿਧਵਾਂ ਨਹਿਰ ’ਤੇ ਜਾ ਕੇ ਵਿਦਿਆਰਥੀਆਂ ਨੇ ਪੋਸਟਰਾਂ ਅਤੇ ਬੈਨਰਾਂ ਦੇ ਮਾਧਿਅਮਾਂ ਰਾਹੀਂ ਆਮ ਨਾਗਰਿਕਾਂ ਨੂੰ ਜਲ ਸਰੋਤਾਂ ਦੀ ਸੰਭਾਲ ਅਤੇ ਪ੍ਰਦੂਸ਼ਣ ਤੋਂ ਬਚਾਉਣ ਲਈ ਜਾਗਰੂਕ ਕੀਤਾ। ਇਸੇ ਸਿਲਸਿਲੇ ਅਧੀਨ ਵਿਦਿਆਰਥੀਆਂ ਦਾ ਇਕ ਪੋਸਟਰ ਮੁਕਾਬਲਾ ਵੀ ਕਰਵਾਇਆ ਗਿਆ। ਪੋਸਟਰ ਮੁਕਾਬਲੇ ਵਿੱਚ ਜਲਜੀਵ ਸਰੋਤਾਂ ਨੂੰ ਸੁਰੱਖਿਅਤ ਰੱਖਣ ਅਤੇ ਜੀਵਨ ਬਚਾਉਣ ਸੰਬੰਧੀ ਵਿਦਿਆਰਥੀਆਂ ਨੇ ਆਪਣੀ ਕਲਾ ਉਜਾਗਰ ਕੀਤੀ।
ਵਿਸ਼ਵ ਮੱਛੀ ਪਾਲਣ ਦਿਵਸ ਸੰਬੰਧੀ ਗਤੀਵਿਧੀਆਂ 22 ਨਵੰਬਰ ਨੂੰ ਵੀ ਕੀਤੀਆਂ ਜਾਣਗੀਆਂ ਜਿਨ੍ਹਾਂ ਤਹਿਤ ਮੱਛੀਆਂ ਦੀ ਪ੍ਰਦਰਸ਼ਨੀ, ਮੱਛੀ ਦੇ ਪਕਵਾਨ ਅਤੇ ਵਿਭਿੰਨ ਉਤਪਾਦਾਂ ਦੀ ਵਿਕਰੀ ਵੀ ਹੋਵੇਗੀ। ਇਸ ਮੌਕੇ ਮੱਛੀ ਵਿਗਿਆਨ ਦੇ ਖੇਤਰ ਵਿੱਚ ਉਪਲਬਧ ਸਿੱਖਿਆ ਦੇ ਭਾਰਤ ਅਤੇ ਵਿਦੇਸ਼ ਵਿੱਚ ਮਿਲਦੇ ਮੌਕਿਆਂ ਅਤੇ ਇਸ ਦੇ ਸਮਾਜੀ, ਆਰਥਿਕ ਲਾਭਾਂ ਬਾਰੇ ਵੀ ਦੱਸਿਆ ਜਾਵੇਗਾ।
ਇਹ ਵੀ ਪੜੋ: Sangrur ਵਿਖੇ ਪਰਾਲੀ ਪ੍ਰਬੰਧਨ ਪ੍ਰੋਜੈਕਟ ਅਧੀਨ ਜ਼ਿਲ੍ਹਾ ਪੱਧਰੀ ਕੈਂਪ ਦਾ ਆਯੋਜਨ, 150 ਤੋਂ ਵੱਧ ਕਿਸਾਨਾਂ ਨੇ ਲਿਆ ਭਾਗ
ਇਸ ਦਿਵਸ ਦੀ ਮੁਬਾਰਕਬਾਦ ਦਿੰਦਿਆਂ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਕਿਹਾ ਕਿ ਇਹ ਜੀਵ ਸਾਡੇ ਵਾਤਾਵਰਣ ਸੰਤੁਲਨ ਅਤੇ ਭੋਜਨ ਪੌਸ਼ਟਿਕਤਾ ਲਈ ਬਹੁਤ ਅਹਿਮ ਹਨ। ਉਨ੍ਹਾਂ ਕਿਹਾ ਕਿ ‘ਵਨ ਹੈਲਥ’ ਵਿਸ਼ੇ ਅਧੀਨ ਸਾਨੂੰ ਵਾਤਾਵਰਣ, ਮਨੁੱਖੀ ਸਿਹਤ ਅਤੇ ਹਰ ਕਿਸਮ ਦੇ ਜੀਵ ਜੰਤੂ ਦੇ ਸੰਤੁਲਨ ਨੂੰ ਕਾਇਮ ਰੱਖ ਕੇ ਪ੍ਰਕਿਰਤੀ ਨੂੰ ਬਚਾਉਣਾ ਚਾਹੀਦਾ ਹੈ।
ਸਰੋਤ: ਗਡਵਾਸੂ (GADVASU)
Summary in English: World Fisheries Day: Animals are very important for our ecological balance and food security: VC Dr Jatinder Paul Singh Gill