
ਵਿਸ਼ਵ ਵੈਟਨਰੀ ਦਿਵਸ-2025
World Veterinary Day: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਮਲਟੀਸਪੈਸ਼ਲਿਟੀ ਵੈਟਨਰੀ ਹਸਪਤਾਲ ਵਿਖੇ ਵਿਸ਼ਵ ਵੈਟਨਰੀ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਾਲ ਦੇ ਉਦੇਸ਼ ਨਾਅਰੇ, "ਪਸ਼ੂ ਸਿਹਤ ਲਈ ਟੀਮ ਜ਼ਰੂਰੀ," ਰਾਹੀਂ ਜਾਨਵਰਾਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਲੋੜੀਂਦੇ ਸਹਿਯੋਗੀ ਯਤਨਾਂ `ਤੇ ਜ਼ੋਰ ਦਿੱਤਾ।
ਇਸ ਮੌਕੇ ਹਸਪਤਾਲ ਨੇ ਜਾਨਵਰਾਂ ਲਈ ਇੱਕ ਹਲਕਾਅ ਵਿਰੋਧੀ ਟੀਕਾਕਰਨ ਅਤੇ ਮਲੱਪ/ਕੀਟਾਣੂ ਰਹਿਤ ਕਰਨ ਦੇ ਕੈਂਪ ਦਾ ਆਯੋਜਨ ਵੀ ਕੀਤਾ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਕਿਹਾ ਕਿ ਇਸ ਦਿਵਸ ਨੂੰ ਵਿਸ਼ਵ ਪੱਧਰ `ਤੇ ਜਾਨਵਰਾਂ ਦੀ ਸਿਹਤ ਸੰਭਾਲ ਲਈ ਟੀਮ ਕਾਰਜ ਦੀ ਮਹੱਤਤਾ ਨੂੰ ਉਜਾਗਰ ਕਰਨ ਲਈ ਮਨਾਇਆ ਜਾਂਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਾਨਵਰਾਂ ਦੀ ਸਿਹਤ ਦੀ ਰੱਖਿਆ ਕਰਨਾ ਇੱਕ ਸਮੂਹਿਕ ਯਤਨ ਹੈ ਜਿਸ ਵਿੱਚ ਪਸ਼ੂਆਂ ਦੇ ਡਾਕਟਰ, ਪਾਲਤੂ ਜਾਨਵਰਾਂ ਦੇ ਮਾਲਕ, ਉਦਯੋਗ ਅਤੇ ਸਾਰਾ ਸਮਾਜੀ ਭਾਈਚਾਰਾ ਸ਼ਾਮਲ ਹੈ, ਜੋ ਸਾਰੇ ਇਕੱਠੇ ਕੰਮ ਕਰਦੇ ਹਨ ਤਾਂ ਜੋ ਸਾਰਿਆਂ ਲਈ ਇੱਕ ਸਿਹਤਮੰਦ ਅਤੇ ਸੁਰੱਖਿਅਤ ਭਵਿੱਖ ਨੂੰ ਯਕੀਨੀ ਬਣਾਇਆ ਜਾ ਸਕੇ।
ਡਾ. ਸਵਰਨ ਸਿੰਘ ਰੰਧਾਵਾ, ਡੀਨ, ਵੈਟਨਰੀ ਸਾਇੰਸ ਕਾਲਜ ਨੇ ਕੈਂਪ ਦਾ ਉਦਘਾਟਨ ਕੀਤਾ। ਕਲੀਨਿਕ ਦੇ ਨਿਰਦੇਸ਼ਕ ਡਾ. ਜਤਿੰਦਰ ਮੋਹਿੰਦਰੂ ਨੇ ਪਾਲਤੂ ਜਾਨਵਰਾਂ ਦੇ ਮਾਲਕਾਂ ਨੂੰ ਆਪਣੇ ਪਾਲਤੂ ਜਾਨਵਰਾਂ ਨੂੰ ਗੰਭੀਰ ਅਤੇ ਜਾਨਲੇਵਾ ਬਿਮਾਰੀਆਂ ਤੋਂ ਸੁਰੱਖਿਅਤ ਅਤੇ ਸਿਹਤਮੰਦ ਰੱਖਣ ਲਈ ਸਹੀ ਟੀਕਾਕਰਨ ਅਤੇ ਮਲੱਪ/ਕੀਟਾਣੂ ਰਹਿਤ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ। ਪਾਲਤੂ ਜਾਨਵਰਾਂ ਦੇ ਮਾਲਕਾਂ ਨੂੰ ਕੈਲਸ਼ੀਅਮ ਸਪਲੀਮੈਂਟ, ਮਲੱਪ/ਕੀਟਾਣੂ ਰਹਿਤ ਕਰਨ ਦੀਆਂ ਵਸਤਾਂ ਅਤੇ ਹੋਰ ਖੁਰਾਕ ਸਪਲੀਮੈਂਟ ਮੁਫ਼ਤ ਵੰਡੇ ਗਏ। ਪਾਲਤੂ ਜਾਨਵਰਾਂ ਦੇ ਮਾਲਕਾਂ ਨੂੰ ਵੱਖ-ਵੱਖ ਸਵਾਲਾਂ ਬਾਰੇ ਸਲਾਹ-ਮਸ਼ਵਰਾ ਵੀ ਦਿੱਤਾ ਗਿਆ।
ਇਹ ਵੀ ਪੜ੍ਹੋ: ਤਰ-ਵਤਰ ਤਕਨੀਕ ਰਾਹੀਂ ਝੋਨੇ ਦੀ ਸਿੱਧੀ ਬਿਜਾਈ ਕਰੋ: Dr. Jasvir Singh Gill
ਡਾ. ਰਾਜ ਸੁਖਬੀਰ ਸਿੰਘ ਨੇ ਅਲੈਮਬਿਕ ਫਾਰਮਾਸਿਊਟੀਕਲਜ਼ ਲਿਮ., ਕੈਰਸ ਲੈਬਾਰਟਰੀਜ਼ ਪ੍ਰਾ. ਲਿਮ., ਵਿਰਬੈਕ ਐਨੀਮਲ ਹੈਲਥ ਇੰਡੀਆ ਪ੍ਰਾ. ਲਿਮ. ਅਤੇ ਇੰਟਾਸ ਫਾਰਮਾਸਿਊਟੀਕਲਜ਼ ਲਿਮ. ਵੱਲੋਂ ਮੁਫਤ ਟੀਕੇ ਅਤੇ ਸਪਲੀਮੈਂਟ ਪ੍ਰਦਾਨ ਕਰਨ ਲਈ ਕੀਤੇ ਗਏ ਯੋਗਦਾਨ ਦੀ ਸ਼ਲਾਘਾ ਕੀਤੀ।
Summary in English: `World Veterinary Day 2025` was celebrated at GADVASU with the slogan `Team is essential for animal health`