Youth Festival: ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ 25 ਨਵੰਬਰ 2024 ਤੋਂ 05 ਦਸੰਬਰ 2024 ਤੱਕ ਯੁਵਕ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਯੁਵਕ ਮੇਲਾ ਇਸ ਵਾਰ ਦੋ ਪੜਾਵਾਂ ਵਿੱਚ ਕਰਵਾਇਆ ਜਾ ਰਿਹਾ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਪਹਿਲਾ ਪੜਾਅ 25 ਨਵੰਬਰ ਤੋਂ 28 ਨਵੰਬਰ ਤੱਕ ਅਤੇ ਦੂਸਰਾ ਪੜਾਅ 03 ਦਸੰਬਰ ਤੋਂ 05 ਦਸੰਬਰ ਤਕ ਹੋਵੇਗਾ। ਇਹ ਜਾਣਕਾਰੀ ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਦਿੱਤੀ। ਉਨ੍ਹਾਂ ਕਿਹਾ ਕਿ ਇਸ ਵਕਤ ਵਿਦਿਆਰਥੀਆਂ ਵਿਚ ਇਸ ਮੇਲੇ ਲਈ ਭਾਰੀ ਉਤਸਾਹ ਅਤੇ ਚਾਹ ਹੈ।
ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਇਹ ਵੀ ਦੱਸਿਆ ਕਿ ਸਾਡੇ ਵਿਦਿਆਰਥੀ ਅੰਤਰ ਯੂਨੀਵਰਸਿਟੀ ਮੁਕਾਬਲਿਆਂ ਵਿੱਚ ਬੜੀਆਂ ਜ਼ਿਕਰਯੋਗ ਕਾਰਗੁਜ਼ਾਰੀਆਂ ਦਰਜ ਕਰਦੇ ਹਨ ਅਤੇ ਖੇਤੀਬਾੜੀ ਤੇ ਵੈਟਨਰੀ ਯੂਨੀਵਰਸਿਟੀਆਂ ਦੇ ਸਰਬ ਹਿੰਦ ਯੁਵਕ ਮੇਲਿਆਂ ਵਿੱਚ ਇਨ੍ਹਾਂ ਵਿਦਿਆਰਥੀਆਂ ਨੇ ਕਈ ਅਹਿਮ ਪ੍ਰਤੀਯੋਗਤਾਵਾਂ ਵਿੱਚ ਇਨਾਮ ਹਾਸਿਲ ਕੀਤੇ ਹਨ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਕਰਵਾਇਆ ਜਾ ਰਿਹਾ ਯੁਵਕ ਮੇਲਾ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਹੋਰ ਨਿਖਾਰਨ ਤੇ ਲੱਭਣ ਦਾ ਇਕ ਵਧੀਆ ਮੰਚ ਬਣਦਾ ਹੈ। ਡਾ. ਬਰਾੜ ਨੇ ਦੱਸਿਆ ਕਿ ਮੇਲੇ ਦੇ ਸਾਰੇ ਕੰਮਾਂ ਅਤੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਮੇਟੀਆਂ ਦਾ ਗਠਨ ਕਰਕੇ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।
ਮੁਕਾਬਲਿਆਂ ਬਾਰੇ ਜਾਣਕਾਰੀ
ਪਹਿਲੇ ਪੜਾਅ ਵਿੱਚ:
● 25 ਨਵੰਬਰ ਨੂੰ ਫੋਟੋਗ੍ਰਾਫੀ, ਕਵਿਜ਼, ਕਾਰਟੂਨ ਬਨਾਉਣ ਅਤੇ ਪੋਸਟਰ ਬਨਾਉਣ ਦੇ ਮੁਕਾਬਲੇ
● 26 ਨਵੰਬਰ ਨੂੰ ਮੌਕੇ ’ਤੇ ਚਿੱਤਰਕਾਰੀ, ਕੋਲਾਜ ਮੇਕਿੰਗ, ਭਾਸ਼ਣਕਾਰੀ ਅਤੇ ਕਾਵਿ-ਉਚਾਰਣ ਦੇ ਮੁਕਾਬਲੇ
● 27 ਨਵੰਬਰ ਨੂੰ ਰੰਗੋਲੀ, ਕਲੇ ਮਾਡਲਿੰਗ ਅਤੇ ਇੰਸਟਾਲੇਸ਼ਨ ਦੇ ਮੁਕਾਬਲੇ
● 28 ਨਵੰਬਰ ਨੂੰ ਰਚਨਾਤਮਕ ਲੇਖਣੀ, ਮੌਕੇ ’ਤੇ ਭਾਸ਼ਣਕਾਰੀ ਅਤੇ ਵਾਦ-ਵਿਵਾਦ ਮੁਕਾਬਲੇ ਹੋਣਗੇ
ਦੂਜਾ ਪੜਾਅ ਵਿੱਚ:
● 03 ਦਸੰਬਰ ਨੂੰ ਉਦਘਾਟਨ ਸਮਾਰੋਹ, ਲੋਕ ਗੀਤ, ਰਚਨਤਾਮਕ ਨਾਚ, ਸ਼ਬਦ ਗਾਇਨ, ਸੁਗਮ ਸੰਗੀਤ ਅਤੇ ਸਮੂਹ ਗਾਨ (ਭਾਰਤੀ) ਹੋਣਗੇ
● 04 ਦਸੰਬਰ ਨੂੰ ਮਾਈਮ, ਸਕਿਟ, ਮਿਮਕਰੀ ਅਤੇ ਇਕਾਂਗੀ ਨਾਟਕ ਦਾ ਆਯੋਜਨ
● ਸਮਾਪਨ ਦਿਨ 05 ਦਸੰਬਰ ਨੂੰ ਸਮੂਹ ਨਾਚ ਤੇ ਲੋਕ ਨਾਚ ਦੇ ਮੁਕਾਬਲੇ ਦਰਸ਼ਕਾਂ ਦੇ ਰੂ-ਬ-ਰੂ ਹੋਣਗੇ। ਇਸੇ ਦਿਨ ਇਨਾਮ ਵੰਡ ਸਮਾਰੋਹ ਵੀ ਕਰਵਾਇਆ ਜਾਵੇਗਾ।
ਸੰਯੁਕਤ-ਪ੍ਰਬੰਧਕੀ ਸਕੱਤਰ ਡਾ. ਨਿਧੀ ਸ਼ਰਮਾ ਨੇ ਕਿਹਾ ਕਿ ਅਜਿਹੇ ਮੇਲਿਆਂ ਨਾਲ ਵਿਦਿਆਰਥੀਆਂ ਦਾ ਜਿੱਥੇ ਆਪਸ ਵਿੱਚ ਸਹਿਚਾਰ ਵਧਦਾ ਹੈ ਉੱਥੇ ਉਨ੍ਹਾਂ ਅੰਦਰ ਨਵਾਂ ਵਿਸ਼ਵਾਸ ਵੀ ਪੈਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਯੁਵਕ ਮੇਲਾ ਪੂਰਨ ਨਿਯਮਾਂ ਅਤੇ ਕਾਇਦੇ ਅਨੁਸਾਰ ਕਰਵਾਇਆ ਜਾਵੇਗਾ।
ਇਸ ਮੌਕੇ ਡਾ. ਪ੍ਰਕਾਸ਼ ਸਿੰਘ ਬਰਾੜ ਨੇ ਆਸ ਪ੍ਰਗਟਾਈ ਕਿ ਵਿਦਿਆਰਥੀ ਅਤੇ ਦਰਸ਼ਕ ਇਸ ਯੁਵਕ ਮੇਲੇ ਦਾ ਭਰਪੂਰ ਲੁਤਫ਼ ਉਠਾਉਣਗੇ ਅਤੇ ਸੋਹਣੀਆਂ, ਰੰਗੀਨ, ਖੁਸ਼ੀ ਤੇ ਖੇੜੇ ਵਾਲੀਆਂ ਯਾਦਾਂ ਲੈ ਕੇ ਜਾਣਗੇ।
ਸਰੋਤ: ਗਡਵਾਸੂ (GADVASU)
Summary in English: Veterinary University's Youth Festival will be held in two phases this time