ਇਸ ਵਾਰ ਦੋ ਪੜਾਵਾਂ ਵਿੱਚ ਹੋਵੇਗਾ ਵੈਟਨਰੀ ਯੂਨੀਵਰਸਿਟੀ ਦਾ ਯੁਵਕ ਮੇਲਾ
Veterinary University: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ 26 ਨਵੰਬਰ 2025 ਤੋਂ 05 ਦਸੰਬਰ 2025 ਤੱਕ ਯੁਵਕ ਮੇਲਾ ਆਯੋਜਿਤ ਕਰ ਰਹੀ ਹੈ। ਇਹ ਯੁਵਕ ਮੇਲਾ ਦੋ ਪੜਾਵਾਂ ਵਿਚ ਕਰਵਾਇਆ ਜਾਏਗਾ। ਪਹਿਲਾ ਪੜਾਅ 26 ਨਵੰਬਰ ਤੋਂ 29 ਨਵੰਬਰ ਤੱਕ ਅਤੇ ਦੂਸਰਾ ਪੜਾਅ 03 ਦਸੰਬਰ ਤੋਂ 05 ਦਸੰਬਰ ਤਕ ਹੋਵੇਗਾ।
ਇਹ ਜਾਣਕਾਰੀ ਡਾ. ਰਾਬਿੰਦਰ ਸਿੰਘ ਔਲਖ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਸਾਂਝੀ ਦਿੱਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵਿਚ ਇਸ ਮੇਲੇ ਲਈ ਭਾਰੀ ਉਤਸ਼ਾਹ ਅਤੇ ਚਾਅ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਸਾਡੇ ਵਿਦਿਆਰਥੀ ਅੰਤਰ ਯੂਨੀਵਰਸਿਟੀ ਮੁਕਾਬਲਿਆਂ ਵਿੱਚ ਬੜੀਆਂ ਜ਼ਿਕਰਯੋਗ ਕਾਰਗੁਜ਼ਾਰੀਆਂ ਦਰਜ ਕਰਦੇ ਹਨ ਅਤੇ ਖੇਤੀਬਾੜੀ ਤੇ ਵੈਟਨਰੀ ਯੂਨੀਵਰਸਿਟੀਆਂ ਦੇ ਸਰਬ ਹਿੰਦ ਯੁਵਕ ਮੇਲਿਆਂ ਵਿੱਚ ਇਨ੍ਹਾਂ ਵਿਦਿਆਰਥੀਆਂ ਨੇ ਕਈ ਅਹਿਮ ਪ੍ਰਤੀਯੋਗਤਾਵਾਂ ਵਿੱਚ ਇਨਾਮ ਹਾਸਿਲ ਕੀਤੇ ਹਨ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਕਰਵਾਇਆ ਜਾ ਰਿਹਾ ਯੁਵਕ ਮੇਲਾ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਹੋਰ ਨਿਖਾਰਨ ਤੇ ਨਵਾਂਪਨ ਲਿਆਉਣ ਦਾ ਇਕ ਵਧੀਆ ਮੰਚ ਬਣਦਾ ਹੈ।
ਡਾ. ਸਰਵਪ੍ਰੀਤ ਸਿੰਘ ਘੁੰਮਣ, ਪ੍ਰਬੰਧਕੀ ਸਕੱਤਰ ਨੇ ਦੱਸਿਆ ਕਿ ਮੇਲੇ ਦੇ ਸਾਰੇ ਕਾਰਜਾਂ ਤੇ ਪ੍ਰਬੰਧਾਂ ਨੂੰ ਸੁਚਾਰੂ ਤਰੀਕੇ ਨਾਲ ਸਿਰੇ ਚੜਾਉਣ ਲਈ ਕਮੇਟੀਆਂ ਬਣਾ ਦਿੱਤੀਆਂ ਗਈਆਂ ਹਨ ਅਤੇ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ ਗਈਆਂ ਹਨ।
ਮੇਲੇ ਵਿੱਚ ਕਰਵਾਏ ਜਾਣ ਵਾਲੇ ਮੁਕਾਬਲਿਆਂ ਬਾਰੇ ਜਾਣਕਾਰੀ ਦਿੰਦਿਆਂ ਡਾ. ਘੁੰਮਣ ਨੇ ਦੱਸਿਆ ਕਿ ਯੁਵਕ ਮੇਲੇ ਦੇ ਪਹਿਲੇ ਅਤੇ ਦੂਸਰੇ ਪੜਾਅ ਦੀਆਂ ਸਰਗਰਮੀਆਂ ਦਾ ਵੇਰਵਾ ਸਾਂਝਾ ਕੀਤਾ।
ਇਹ ਵੀ ਪੜੋ: ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਵੱਲੋਂ ਝੋਨੇ ਦੀ ਪਰਾਲੀ ਦੀ ਸੰਭਾਲ ਸੰਬੰਧੀ 5 ਦਿਨਾਂ ਦਾ Training Course
ਪਹਿਲਾ ਪੜਾਅ
- 26 ਨਵੰਬਰ: ਫੋਟੋਗ੍ਰਾਫੀ, ਕਵਿਜ਼, ਸ਼ਬਦ ਗਾਇਨ, ਕਾਰਟੂਨ ਬਨਾਉਣਾ ਅਤੇ ਪੋਸਟਰ ਬਨਾਉਣਾ
- 27 ਨਵੰਬਰ: ਮੌਕੇ ’ਤੇ ਚਿੱਤਰਕਾਰੀ, ਕਲੇ ਮਾਡਲਿੰਗ, ਕੋਲਾਜ ਮੇਕਿੰਗ
- 28 ਨਵੰਬਰ:, ਰੰਗੋਲੀ, ਅਤੇ ਇੰਸਟਾਲੇਸ਼ਨ, ਭਾਸ਼ਣਕਾਰੀ ਅਤੇ ਕਾਵਿ-ਉਚਾਰਣ
- 29 ਨਵੰਬਰ: ਰਚਨਾਤਮਕ ਲੇਖਣੀ, ਮੌਕੇ ’ਤੇ ਭਾਸ਼ਣਕਾਰੀ ਅਤੇ ਵਾਦ-ਵਿਵਾਦ
- ਲੰਮੀ ਗੁੱਤ, ਕਵੀਸ਼ਰੀ, ਪੱਗ ਬੰਨਣਾ, ਮਹਿੰਦੀ ਲਗਾਉਣਾ
ਦੂਜਾ ਪੜਾਅ
- 03 ਦਸੰਬਰ: ਉਦਘਾਟਨ ਸਮਾਰੋਹ, ਲੋਕ ਗੀਤ, ਰਚਨਤਾਮਕ ਨਾਚ, ਸੁਗਮ ਸੰਗੀਤ ਅਤੇ ਸਮੂਹ ਗਾਨ (ਭਾਰਤੀ)
- 04 ਦਸੰਬਰ: ਮਾਈਮ, ਸਕਿਟ, ਮਮਿਕਰੀ ਅਤੇ ਇਕਾਂਗੀ ਨਾਟਕ
ਪੰਜਾਬੀ ਪਹਿਰਾਵੇ ਵਿੱਚ ਸਟੇਜ `ਤੇ ਪ੍ਰਦਰਸ਼ਨ
- 05 ਦਸੰਬਰ (ਆਖਰੀ ਦਿਨ): ਪੰਜਾਬੀ ਲੋਕ ਨਾਚ (ਲੜਕੀਆਂ/ਲੜਕੇ) ਅਤੇ ਇਨਾਮ ਵੰਡ ਸਮਾਰੋਹ
ਸੱਭਿਆਚਾਰ, ਵਿਰਸੇ ਤੇ ਭਾਸ਼ਾ ਦੀ ਪ੍ਰਫੁੱਲਤਾ ਵਾਸਤੇ ਇਸ ਵਾਰ ਯੂਥ ਫੈਸਟੀਵਲ ਵਿੱਚ ਕੁਝ ਨਵੀਆਂ ਗਤੀਵਿਧੀਆਂ ਉਲੀਕੀਆਂ ਗਈਆਂ ਹਨ ਇਹਨਾਂ ਗਤੀਵਿਧੀਆਂ ਦੇ ਵਿੱਚ ਵੱਖੋ ਵੱਖਰੀਆਂ ਵੰਨਗੀਆਂ ਦੇ ਨਵੇਂ ਮੁਕਾਬਲੇ ਰੱਖੇ ਗਏ ਹਨ ਜਿਨਾਂ ਵਿੱਚ ਲੰਮੀ ਗੁੱਤ, ਕਵੀਸ਼ਰੀ, ਪੱਗ ਬੰਨਣਾ, ਮਹਿੰਦੀ ਲਗਾਉਣਾ ਤੇ ਪੰਜਾਬੀ ਪਹਿਰਾਵੇ ਵਿੱਚ ਸਟੇਜ `ਤੇ ਪ੍ਰਦਰਸ਼ਨ ਹੋਵੇਗਾ। ਇਨ੍ਹਾਂ ਮੁਕਾਬਲਿਆਂ ਦਾ ਉਦੇਸ਼ ਵਿਦਿਆਰਥੀਆਂ ਨੂੰ ਆਪਣੇ ਅਮੀਰ ਵਿਰਸੇ, ਸੱਭਿਆਚਾਰ ਅਤੇ ਭਾਸ਼ਾ ਦੇ ਨਾਲ ਜੋੜਨਾ ਹੈ।
ਡਾ. ਘੁੰਮਣ ਨੇ ਕਿਹਾ ਕਿ ਸਾਰਾ ਯੁਵਕ ਮੇਲਾ ਅੰਤਰ-ਯੂਨੀਵਰਸਿਟੀ ਯੁਵਕ ਮੇਲਿਆਂ ਦੇ ਨਿਯਮਾਂ ਅਤੇ ਕਾਇਦੇ ਅਨੁਸਾਰ ਕਰਵਾਇਆ ਜਾਵੇਗਾ।
ਡਾ. ਔਲਖ ਨੇ ਆਸ ਪ੍ਰਗਟਾਈ ਕਿ ਵਿਦਿਆਰਥੀ ਅਤੇ ਦਰਸ਼ਕ ਇਸ ਯੁਵਕ ਮੇਲੇ ਦਾ ਭਰਪੂਰ ਲੁਤਫ਼ ਉਠਾਉਣਗੇ ਅਤੇ ਸੋਹਣੀਆਂ, ਰੰਗੀਨ, ਖੁਸ਼ੀ ਤੇ ਖੇੜੇ ਵਾਲੀਆਂ ਯਾਦਾਂ ਲੈ ਕੇ ਜਾਣਗੇ।
ਸਰੋਤ: ਗਡਵਾਸੂ (GADVASU)
Summary in English: Youth Festival: Veterinary University's youth festival will be held in two phases, starting from November 26