1. Home
  2. ਸਫਲਤਾ ਦੀਆ ਕਹਾਣੀਆਂ

Carrot King: ਗਾਜਰ ਦੀ ਖੇਤੀ ਦੇ ਕਿੰਗ ਕਿਸਾਨ ਫੁੰਮਣ ਸਿੰਘ, 4 ਏਕੜ ਤੋਂ 50 ਏਕੜ ਤੱਕ ਕੀਤਾ ਜ਼ਮੀਨ ਦਾ ਵਿਸਤਾਰ, ਪ੍ਰਤੀ ਸਾਲ ਹੋ ਰਹੀ ਹੈ 1 ਕਰੋੜ ਰੁਪਏ ਤੋਂ ਵੱਧ ਦੀ ਆਮਦਨ

ਪੰਜਾਬ ਦੇ ਕਪੂਰਥਲਾ ਦੇ ਰਹਿਣ ਵਾਲੇ 65 ਸਾਲਾ ਕਿਸਾਨ ਫੁੱਮਣ ਸਿੰਘ ਕੌੜਾ ਲੰਬੇ ਸਮੇਂ ਤੋਂ ਗਾਜਰ ਦੀ ਖੇਤੀ ਕਰ ਰਹੇ ਹਨ। ਪਹਿਲਾਂ ਇਨ੍ਹਾਂ ਦਾ ਪੂਰਾ ਪਰਿਵਾਰ ਸਿਰਫ਼ ਕਣਕ-ਝੋਨੇ ਦੀ ਖੇਤੀ ਕਰਦਾ ਸੀ, ਪਰ ਗਾਜਰ ਦੀ ਖੇਤੀ ਨੂੰ ਅਪਣਾਉਣ ਤੋਂ ਬਾਅਦ ਇਨ੍ਹਾਂ ਦੇ ਦਿਨ ਬਦਲ ਗਏ। ਆਓ ਜਾਣਦੇ ਹਾਂ ਇਹ ਕਿਸਾਨ ਗਾਜਰ ਦੀ ਖੇਤੀ ਤੋਂ ਕਿਵੇਂ ਸਾਲਾਨਾ 1 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਰਿਹਾ ਹੈ।

Gurpreet Kaur Virk
Gurpreet Kaur Virk
ਪੰਜਾਬ ਦੇ ਕਪੂਰਥਲਾ ਦੇ ਰਹਿਣ ਵਾਲੇ ਕਿਸਾਨ ਫੁੱਮਣ ਸਿੰਘ

ਪੰਜਾਬ ਦੇ ਕਪੂਰਥਲਾ ਦੇ ਰਹਿਣ ਵਾਲੇ ਕਿਸਾਨ ਫੁੱਮਣ ਸਿੰਘ

Inspirational Story: ਜੇਕਰ ਖੇਤੀ ਨੂੰ ਸਹੀ ਢੰਗ ਨਾਲ ਕੀਤਾ ਜਾਵੇ ਤਾਂ ਖੇਤੀ ਤੋਂ ਵੱਧ ਲਾਭਦਾਇਕ ਹੋਰ ਕੋਈ ਧੰਦਾ ਨਹੀਂ ਹੈ। ਪਰ ਇਸ ਲਾਹੇਵੰਦ ਅਤੇ ਸਫ਼ਲ ਧੰਦੇ ਲਈ ਸਭ ਤੋਂ ਵੱਧ ਜ਼ਰੂਰੀ ਹੈ ਖੇਤੀ ਦੇ ਸਹੀ ਤਰੀਕੇ ਨੂੰ ਜਾਣਨਾ। ਕਿਹੜੀ ਫ਼ਸਲ ਲਈ ਕਿਹੜੀ ਮਿੱਟੀ ਅਤੇ ਜਲਵਾਯੂ ਢੁਕਵੀਂ ਹੈ, ਇਸ ਬਾਰੇ ਪੂਰੀ ਜਾਣਕਾਰੀ ਹੋਣਾ ਜ਼ਰੂਰੀ ਹੈ। ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੇ ਕਿਸਾਨ ਦੀ ਜਿਨ੍ਹਾਂ ਨੇ ਕਿਤਾਬਾਂ ਤੋਂ ਗਿਆਨ ਹਾਸਲ ਕਰਕੇ ਨਾ ਸਿਰਫ ਚੰਗੀ ਖੇਤੀ ਸਿੱਖੀ, ਸਗੋਂ ਕਣਕ-ਝੋਨੇ ਦੇ ਫਸਲੀ ਗੇੜ ਨੂੰ ਛੱਡ ਕੇ ਖੇਤੀ ਨੂੰ ਨਵੀਂ ਦਿਸ਼ਾ ਦੇਣ ਦਾ ਕੰਮ ਵੀ ਕੀਤਾ।

ਪੰਜਾਬ ਦੇ ਪਿੰਡ ਪਰਮਜੀਤਪੁਰ ਦੇ ਰਹਿਣ ਵਾਲੇ ਕਿਸਾਨ ਫੁੱਮਣ ਸਿੰਘ ਕੌੜਾ ਇੱਕ ਅਜਿਹੀ ਸ਼ਖ਼ਸੀਅਤ ਵੱਜੋਂ ਉਭਰੇ ਹਨ, ਜਿਨ੍ਹਾਂ ਨੇ ਕਿਤਾਬਾਂ ਤੋਂ ਗਾਜਰ ਦੀ ਖੇਤੀ ਨਾਲ ਸਬੰਧਤ ਬਾਰੀਕੀਆਂ ਨੂੰ ਸਿੱਖਿਆ ਅਤੇ ਵਧੀਆ ਮੁਕਾਮ ਹਾਸਿਲ ਕੀਤਾ। ਇਨ੍ਹਾਂ ਦੀ ਸਫਲਤਾ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਅੱਜ ਇਹ ਕਿਸਾਨ ਗਾਜਰ ਦੀ ਖੇਤੀ ਤੋਂ ਸਾਲਾਨਾ 1 ਕਰੋੜ ਰੁਪਏ ਕਮਾ ਰਹੇ ਹਨ।

ਕਹਿੰਦੇ ਨੇ ਕਿ ਜਨੂੰਨ ਅੱਗੇ ਹਰ ਔਂਕੜਾਂ ਫਿੱਕੀਆਂ ਪੈ ਜਾਂਦੀਆਂ ਹਨ। ਅਜਿਹੀ ਹੀ ਕਹਾਣੀ ਪੰਜਾਬ ਦੇ ਕਪੂਰਥਲਾ ਦੇ ਪਿੰਡ ਪਰਮਜੀਤਪੁਰ ਦੇ ਰਹਿਣ ਵਾਲੇ 65 ਸਾਲਾ ਕਿਸਾਨ ਫੁੱਮਣ ਸਿੰਘ ਦੀ ਹੈ। ਦਰਅਸਲ, ਫੁੱਮਣ ਸਿੰਘ ਕੌੜਾ ਇੱਕ ਅਜਿਹੇ ਪਰਿਵਾਰ ਤੋਂ ਸਬੰਧ ਰੱਖਦੇ ਹਨ, ਜਿਨ੍ਹਾਂ ਨੇ ਸ਼ੁਰੂ ਤੋਂ ਹੀ ਰਵਾਇਤੀ ਖੇਤੀ ਨੂੰ ਤਰਜੀਹ ਦਿੱਤੀ। ਫੁੱਮਣ ਸਿੰਘ ਨੇ ਆਪਣੇ ਵੱਡੇ-ਵੱਡੇਰਿਆਂ ਨੂੰ ਹਮੇਸ਼ਾ ਖੇਤਾਂ ਵਿੱਚ ਮਿਹਨਤ ਕਰਦੇ ਦੇਖਿਆ ਸੀ, ਕਿਉਂਕਿ ਉਸ ਵੇਲੇ ਘਰ ਦੇ ਆਰਥਿਕ ਹਾਲਾਤ ਵੀ ਬਹੁਤੇ ਚੰਗੇ ਨਹੀਂ ਸਨ। ਇਕ ਸਮਾਂ ਅਜਿਹਾ ਵੀ ਆਇਆ ਜਦੋਂ ਫੁੱਮਣ ਸਿੰਘ ਨੂੰ ਆਪਣੀ ਪੜ੍ਹਾਈ ਅੱਧ ਵਿਚਾਲੇ ਛੱਡ ਕੇ ਖੇਤੀ ਕਰਨੀ ਪਈ। ਇਸ ਸਮੇਂ ਦੌਰਾਨ ਫੁੱਮਣ ਸਿੰਘ ਨੇ ਆਪਣੇ ਪਰਿਵਾਰ ਨਾਲ ਝੋਨੇ ਅਤੇ ਕਣਕ ਦੀ ਖੇਤੀ ਕੀਤੀ ਅਤੇ ਡੇਅਰੀ ਫਾਰਮ ਵੀ ਚਲਾਇਆ, ਪਰ ਜਲਦੀ ਹੀ ਫੁੱਮਣ ਸਿੰਘ ਨੂੰ ਅਹਿਸਾਸ ਹੋਇਆ ਕਿ ਇਹ ਧੰਦਾ ਉਨ੍ਹਾਂ ਲਈ ਲਾਹੇਵੰਦ ਨਹੀਂ ਹੈ, ਜਿਸ ਤੋਂ ਬਾਅਦ ਫੁੱਮਣ ਸਿੰਘ ਨੇ ਖੇਤੀ ਵਿੱਚ ਨਵੇਂ ਵਿਕਲਪਾਂ ਦੀ ਖੋਜ ਕਰਨੀ ਸ਼ੁਰੂ ਕਰ ਦਿੱਤੀ।

ਕ੍ਰਿਸ਼ੀ ਜਾਗਰਣ ਪੰਜਾਬੀ ਨਾਲ ਗੱਲ ਕਰਦਿਆਂ ਕਿਸਾਨ ਫੁੱਮਣ ਸਿੰਘ ਦੇ ਦੱਸਿਆ ਕਿ ਸਾਲ 1993 ਵਿੱਚ ਜਦੋਂ ਉਨ੍ਹਾਂ ਨੇ ਨੇੜਲੇ ਕਿਸਾਨਾਂ ਨੂੰ ਗਾਜਰਾਂ ਦੀ ਖੇਤੀ ਕਰਦਿਆਂ ਦੇਖਿਆ ਤਾਂ ਉਨ੍ਹਾਂ ਦੀ ਵੀ ਇਸ ਫ਼ਸਲ ਦੀ ਕਾਸ਼ਤ ਵਿੱਚ ਦਿਲਚਸਪੀ ਪੈਦਾ ਹੋ ਗਈ ਅਤੇ ਉਹ ਮਦਦ ਮੰਗਣ ਲਈ ਇੱਕ ਕਿਸਾਨ ਕੋਲ ਗਏ, ਪਰ ਉੱਥੋਂ ਉਨ੍ਹਾਂ ਨੂੰ ਕੋਈ ਜਾਣਕਾਰੀ ਹਾਸਿਲ ਨਹੀਂ ਹੋਈ। ਇਸ ਤੋਂ ਬਾਅਦ ਕਿਸਾਨ ਫੁੱਮਣ ਸਿੰਘ ਨੇ ਆਪਣੀ 4.5 ਏਕੜ ਜ਼ਮੀਨ 'ਤੇ ਗਾਜਰਾਂ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਆਪਣੀ ਮਿਹਨਤ ਦੇ ਬਲਬੂਤੇ ਅੱਜ ਫੁੱਮਣ ਸਿੰਘ ਕੁੱਲ 50 ਏਕੜ ਜ਼ਮੀਨ 'ਤੇ ਖੇਤੀ ਕਰਦੇ ਹਨ, ਜਿਸ ਵਿਚੋਂ 37 ਏਕੜ ਜ਼ਮੀਨ ਇਨ੍ਹਾਂ ਦੀ ਆਪਣੀ ਹੈ ਅਤੇ ਬਾਕੀ ਜ਼ਮੀਨ ਇਨ੍ਹਾਂ ਨੇ ਠੇਕੇ 'ਤੇ ਲਈ ਹੋਈ ਹੈ। ਜੇਕਰ ਫੁੱਮਣ ਸਿੰਘ ਦੇ ਦੋ ਭਰਾਵਾਂ ਦੀ ਜ਼ਮੀਨ ਵੀ ਸ਼ਾਮਲ ਕਰ ਲਈ ਜਾਵੇ ਤਾਂ ਇਨ੍ਹਾਂ ਦੇ ਪਰਿਵਾਰ ਕੋਲ 80 ਏਕੜ ਤੋਂ ਵੱਧ ਜ਼ਮੀਨ ਹੈ। ਇਹ ਪੂਰਾ ਪਰਿਵਾਰ ਗਾਜਰ ਉਗਾਉਣ ਅਤੇ ਬੀਜ ਪੈਦਾ ਕਰਨ ਲਈ ਸਾਰੀ ਜ਼ਮੀਨ 'ਤੇ ਖੇਤੀ ਕਰਦਾ ਹੈ। ਦੱਸ ਦੇਈਏ ਕਿ ਫੁੱਮਣ ਸਿੰਘ ਦੇ ਖੇਤ ਦਾ ਝਾੜ 110 ਕੁਇੰਟਲ ਤੋਂ ਲੈ ਕੇ 250 ਕੁਇੰਟਲ ਪ੍ਰਤੀ ਏਕੜ ਤੱਕ ਹੈ, ਜਿਸ ਤੋਂ ਉਹ ਸਾਲਾਨਾ 1 ਕਰੋੜ ਰੁਪਏ ਤੋਂ ਵੱਧ ਕਮਾ ਰਹੇ ਹਨ। ਇਸ ਤੋਂ ਇਲਾਵਾ ਕਿਸਾਨ ਫੁੱਮਣ ਸਿੰਘ ਝੋਨੇ ਅਤੇ ਮੱਕੀ ਦੀ ਕਾਸ਼ਤ ਵੀ ਕਰਦੇ ਹਨ।

ਇਹ ਵੀ ਪੜ੍ਹੋ : Sangrur ਦਾ Progressive Poultry Farmer ਕਰਮਜੀਤ ਸਿੰਘ ਬਰਾੜ ਬਣਿਆ ਮਿਸਾਲ, ਦੇਖੋ ਕਿਵੇਂ ਤਹਿ ਕੀਤਾ Traditional Farming ਤੋਂ 'Brar Poultry Farm' ਤੱਕ ਦਾ ਵਧੀਆ ਸਫਰ

ਤੁਹਾਨੂੰ ਦੱਸ ਦੇਈਏ ਕਿ ਕਿਸਾਨ ਫੁੰਮਣ ਸਿੰਘ ਨੇ ਆਪਣੇ ਇਲਾਕੇ ਨੇੜੇ ਖੇਤੀਬਾੜੀ ਯੂਨੀਵਰਸਿਟੀ ਵਿੱਚ ਜਾ ਕੇ ਕਿਤਾਬਾਂ ਤੋਂ ਗਾਜਰ ਦੀ ਖੇਤੀ ਨਾਲ ਸਬੰਧਤ ਬਾਰੀਕੀਆਂ ਸਿੱਖੀਆਂ ਅਤੇ ਨਵੇਕਲੀ ਖੇਤੀ ਦਾ ਕਾਰੋਬਾਰ ਸ਼ੁਰੂ ਕੀਤਾ। ਇਨ੍ਹਾਂ ਦਾ ਇਹ ਪਹਿਲਾ ਤਜਰਬਾ ਸੀ, ਜੋ ਸਫਲ ਰਿਹਾ ਅਤੇ ਅੱਜ ਤੱਕ ਨਿਰੰਤਰ ਜਾਰੀ ਹੈ। ਕਿਸਾਨ ਫੁੰਮਣ ਸਿੰਘ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਕਈ ਪ੍ਰੋਗਰਾਮਾਂ ਵਿੱਚ ਭਾਗ ਲੈ ਕੇ ਨਵੀਆਂ ਕਿਸਮਾਂ ਅਤੇ ਤਕਨੀਕਾਂ ਬਾਰੇ ਸਿੱਖਿਆ। ਅੱਜ ਕੱਲ੍ਹ ਫੁੰਮਣ ਸਿੰਘ ਨੂੰ ਆਪਣੀ ਉਪਜ ਵੇਚਣ ਲਈ ਕਿਸੇ ਮੰਡੀ ਵਿੱਚ ਨਹੀਂ ਜਾਣਾ ਪੈਂਦਾ, ਸਗੋਂ ਵਪਾਰੀ ਖੁਦ ਇਨ੍ਹਾਂ ਕੋਲ ਆਉਂਦੇ ਹਨ।

ਕਿਸਾਨ ਫੁੰਮਣ ਸਿੰਘ ਨੇ ਦੱਸਿਆ ਕਿ ਪਹਿਲਾਂ ਉਹ ਪਟਿਆਲਾ ਤੋਂ ਬੀਜ ਖਰੀਦਦੇ ਸਨ, ਪਰ 10 ਸਾਲ ਪਹਿਲਾਂ ਇਨ੍ਹਾਂ ਨੇ ਪਹਿਲੀ ਵਾਰ ਆਪਣੀ ਵਰਤੋਂ ਲਈ ਬੀਜ ਤਿਆਰ ਕਰਨ ਲਈ ਖੇਤੀ ਸ਼ੁਰੂ ਕੀਤੀ ਅਤੇ ਹੌਲੀ-ਹੌਲੀ ਇਸ ਦਾ ਵਪਾਰ ਵੀ ਸ਼ੁਰੂ ਕਰ ਦਿੱਤਾ। ਅੱਜ ਇਨ੍ਹਾਂ ਕੋਲ 650 ਏਕੜ ਤੋਂ ਵੱਧ ਜ਼ਮੀਨ ਵਿੱਚ ਬੀਜਣ ਲਈ ਬੀਜਾਂ ਦਾ ਭੰਡਾਰ ਹੈ। ਮੰਗ ਦੇ ਹਿਸਾਬ ਨਾਲ ਇਹ ਕਿਸਾਨ ਇੱਕ ਤੋਂ ਡੇਢ ਹਜ਼ਾਰ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਬੀਜ ਵੇਚਦਾ ਹੈ।

ਇਹ ਵੀ ਪੜ੍ਹੋ : ਦੂਰਦਰਸ਼ੀ ਸੋਚ ਦੇ ਮਾਲਿਕ Faridkot ਦੇ ਕਿਸਾਨ Gurpreet Singh ਬਣੇ ਮਿਸਾਲ, ਅਲੋਪ ਹੋ ਰਹੀ ਵਿਰਾਸਤੀ ਗਨੇਰੀਆਂ ਨੂੰ ਮੁੜ ਸੁਰਜੀਤ ਕਰਨ ਦਾ ਕਰ ਰਹੇ ਹਨ ਕੰਮ

ਪੁਰਾਣੇ ਸਮਿਆਂ ਨੂੰ ਯਾਦ ਕਰਦਿਆਂ ਕਿਸਾਨ ਫੁੰਮਣ ਸਿੰਘ ਕਹਿੰਦੇ ਹਨ ਕਿ "ਇੱਕ ਸਮਾਂ ਸੀ ਜਦੋਂ ਇੱਕ ਕਿਸਾਨ ਨੇ ਮੇਰੀ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਨੇ ਮੇਰੇ ਅੰਦਰ ਇੱਕ ਚੰਗਿਆੜੀ ਪੈਦਾ ਕੀਤੀ ਅਤੇ ਮੈਂ ਉਸ ਨੂੰ ਕਿਹਾ ਕਿ ਮੈਂ ਗਾਜਰਾਂ ਦੀ ਕਾਸ਼ਤ ਕਰਕੇ ਆਪਣਾ ਨਾਮ ਬਣਾਵਾਂਗਾ ਅਤੇ ਤੁਹਾਨੂੰ ਦਿਖਾਵਾਂਗਾ।" ਅੱਜ ਉਹ ਸਮਾਂ ਆ ਗਿਆ ਜਦੋਂ ਕਿਸਾਨ ਫੁੰਮਣ ਸਿੰਘ ਆਪਣੇ ਘਰ ਵਿੱਚ ਹੀ ਲੋਕਾਂ ਨੂੰ ਗਾਜਰ ਦੀ ਖੇਤੀ ਬਾਰੇ ਜਾਣਕਾਰੀ ਦਿੰਦੇ ਹਨ ਅਤੇ ਲੋੜ ਪੈਣ 'ਤੇ ਉਨ੍ਹਾਂ ਦੇ ਖੇਤਾਂ 'ਚ ਜਾ ਕੇ ਮਦਦ ਵੀ ਕਰਦੇ ਹਨ।

ਜ਼ਰੂਰੀ ਨੋਟ:ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Carrot King: Phumman Singh, the king farmer of carrot farming, expanded his land from 4 acres to 50 acres, earning more than 1 crore rupees per year.

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters