1. Home
  2. ਸਫਲਤਾ ਦੀਆ ਕਹਾਣੀਆਂ

Faridkot ਦੇ ਇਸ ਨੌਜਵਾਨ ਕਿਸਾਨ ਨੇ ਅਪਣਾਇਆ Organic Model, 10 ਏਕੜ ਵਿੱਚ ਬਣਾਈ ਪੌਸ਼ਟਿਕ ਬਗੀਚੀ, ਅੱਜ ਹੋ ਰਹੀ ਲੱਖਾਂ ਵਿੱਚ ਕਮਾਈ

ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਰਹਿਣ ਵਾਲੇ 34 ਸਾਲਾ ਨੌਜਵਾਨ ਕਿਸਾਨ ਗੁਰਭੇਜ ਸਿੰਘ ਸਰਾਂ ਦਾ ਨੌਕਰੀ ਛੱਡ ਕੇ ਖੇਤੀਬਾੜੀ ਵੱਲ ਪਰਤਣ ਦਾ ਫੈਸਲਾ ਅੱਜ ਉਨ੍ਹਾਂ ਦੀ ਕਾਮਯਾਬੀ ਦੀ ਕਹਾਣੀ ਆਪ ਬਿਆਨ ਕਰ ਰਿਹਾ ਹੈ। ਗੁਰਭੇਜ ਸਿੰਘ ਸਰਾਂ ਭਾਵੇਂ ਕਿਸਾਨ ਪਰਿਵਾਰ ਨਾਲ ਸਬੰਧਤ ਹਨ, ਪਰ ਇਨ੍ਹਾਂ ਦੀ ਸੋਚ ਕਣਕ-ਝੋਨੇ ਤੱਕ ਹੀ ਸੀਮਤ ਨਹੀਂ ਹੈ। ਦਰਅਸਲ, ਇਸ ਕਿਸਾਨ ਨੇ ਆਪਣੀ ਜ਼ਮੀਨ ਨੂੰ Organic Farm ਵਿੱਚ ਤਬਦੀਲ ਕਰ ਲਿਆ ਹੈ, ਜਿਸ ਵਿੱਚ ਇਹ 15 ਤੋਂ ਵੱਧ ਕਿਸਮਾਂ ਦੇ ਫਲ ਉਗਾ ਕੇ ਲੱਖਾਂ ਰੁਪਏ ਕਮਾ ਰਹੇ ਹਨ।

Gurpreet Kaur Virk
Gurpreet Kaur Virk
ਸਫਲ ਕਿਸਾਨ ਗੁਰਭੇਜ ਸਿੰਘ ਸਰਾਂ

ਸਫਲ ਕਿਸਾਨ ਗੁਰਭੇਜ ਸਿੰਘ ਸਰਾਂ

Success Story: ਦੇਸ਼ ਦੇ ਕਿਸਾਨਾਂ ਨੇ ਹੁਣ ਖੇਤੀ ਖੇਤਰ ਵਿੱਚ ਨਵੇਂ ਕਦਮ ਪੁੱਟਣੇ ਸ਼ੁਰੂ ਕਰ ਦਿੱਤੇ ਹਨ। ਆਪਣੀ ਇਸ ਨਵੀ ਸੋਚ ਸਦਕਾ ਹੁਣ ਕਿਸਾਨ ਕਣਕ-ਝੋਨੇ ਦੇ ਫਸਲੀ ਗੇੜ੍ਹ ਤੋਂ ਨਾ ਸਿਰਫ ਬਾਹਰ ਨਿਕਲ ਰਹੇ ਹਨ, ਸਗੋਂ ਖੇਤੀ ਖੇਤਰ ਵਿੱਚ ਨਵੇਂ ਮਾਡਲ ਵੀ ਸਥਾਪਿਤ ਕਰ ਰਹੇ ਹਨ। ਇਸੇ ਤਰ੍ਹਾਂ ਦੀ ਨਵੀ ਸੋਚ ਦੇ ਮਾਲਕ ਹਨ ਕਿਸਾਨ ਗੁਰਭੇਜ ਸਿੰਘ ਸਰਾਂ, ਜਿਨ੍ਹਾਂ ਨੇ ਆਪਣੀ ਕਣਕ-ਝੋਨੇ ਵਾਲੀ ਜ਼ਮੀਨ ਨੂੰ ਪੌਸ਼ਟਿਕ ਬਗੀਚੀ ਵਿੱਚ ਤਬਦੀਲ ਕਰ ਲਿਆ ਹੈ ਅਤੇ ਕਿਸਾਨਾਂ ਸਾਹਮਣੇ ਆਰਗੈਨਿਕ ਮਾਡਲ ਦੀ ਵਧੀਆ ਤਸਵੀਰ ਪੇਸ਼ ਕੀਤੀ ਹੈ।

ਕਿਸਾਨ ਗੁਰਭੇਜ ਸਿੰਘ ਸਰਾਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸਰਾਵਾਂ ਦੇ ਰਹਿਣ ਵਾਲੇ ਹਨ ਅਤੇ ਇਨ੍ਹਾਂ ਨੇ ਆਰਗੈਨਿਕ ਢੰਗ ਨਾਲ ਫਲਾਂ ਦੀ ਕਾਸ਼ਤ ਕਰਕੇ ਨਵੇਕਲੀ ਖੇਤੀ ਵੱਲ ਕਦਮ ਵਧਾਇਆ ਹੈ। ਆਓ ਜਾਣਦੇ ਹਾਂ ਗੁਰਭੇਜ ਸਿੰਘ ਸਰਾਂ ਤੋਂ ਕਿ ਕਿਵੇਂ ਉਨ੍ਹਾਂ ਨੇ ਨੌਕਰੀ ਕਰਦਿਆਂ ਖੇਤੀ ਵੱਲ ਮੁੜਨ ਦਾ ਫੈਸਲਾ ਕੀਤਾ ਅਤੇ ਕਣਕ-ਝੋਨੇ ਤੋਂ ਮੂੰਹ ਮੋੜ ਕੇ ਇੱਕ ਨਵਾਂ ਰਾਹ ਚੁਣਿਆ।

ਕਹਿੰਦੇ ਨੇ ਕਿ ਬਦਲਾਅ ਲਿਆਉਣ ਲਈ ਪਹਿਲ ਆਪ ਨੂੰ ਹੀ ਕਰਨੀ ਪੈਂਦੀ ਹੈ ਅਤੇ ਉਸ ਦੇ ਚੰਗੇ-ਮਾੜੇ ਨਤੀਜੇ ਵੀ ਆਪ ਹੀ ਭੁਗਤਣੇ ਪੈਂਦੇ ਹਨ, ਤਾਂ ਕਿਤੇ ਜਾ ਕੇ ਸਮਾਜ ਸਾਹਮਣੇ ਇਕ ਵੱਖਰੀ ਮਿਸਾਲ ਪੇਸ਼ ਹੁੰਦੀ ਹੈ। ਅਜਿਹੀ ਹੀ ਕਹਾਣੀ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸਰਾਵਾਂ ਦੇ ਰਹਿਣ ਵਾਲੇ ਕਿਸਾਨ ਗੁਰਭੇਜ ਸਿੰਘ ਸਰਾਂ ਦੀ ਹੈ, ਜੋ ਬੇਸ਼ੱਕ ਇੱਕ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਹਨ, ਪਰ ਕੁਝ ਸਾਲ ਪਹਿਲਾਂ ਇਨ੍ਹਾਂ ਦੀ ਸੋਚ ਕਿਰਸਾਨੀ ਵਾਲੀ ਨਹੀਂ ਸੀ, ਸਗੋਂ ਇਹ ਪੜ-ਲਿਖ ਕੇ ਨੌਕਰੀ ਕਰਨਾ ਚਾਹੁੰਦੇ ਸਨ। ਹਾਲਾਂਕਿ, ਆਪਣੀ ਇਸ ਸੋਚ ਅਤੇ ਇੱਛਾ ਨੂੰ ਗੁਰਭੇਜ ਸਿੰਘ ਨੇ ਪੂਰਾ ਵੀ ਕੀਤਾ ਅਤੇ ਬੀ-ਟੈਕ ਦੀ ਪੜਾਈ ਕਰਨ ਤੋਂ ਬਾਅਦ ਇਨ੍ਹਾਂ ਨੇ ਆਪਣਾ ਨੌਕਰੀ ਦਾ ਸਫਰ ਸ਼ੁਰੂ ਕਰ ਦਿੱਤਾ। ਨੌਕਰੀ ਲਈ ਗੁਰਭੇਜ ਸਿੰਘ ਫਰੀਦਕੋਟ ਤੋਂ ਚੰਡੀਗੜ੍ਹ ਸ਼ਿਫਟ ਹੋ ਗਏ ਅਤੇ ਇੱਥੇ ਦੀ ਇੱਕ ਆਈ.ਟੀ. ਕੰਪਨੀ ਵਿੱਚ ਵਧੀਆ ਨੌਕਰੀ ਕਰਨ ਲੱਗ ਪਏ। ਉਂਜ ਤਾਂ ਗੁਰਭੇਜ ਸਿੰਘ ਵੱਲੋਂ ਨੌਕਰੀ ਦੇ ਨਾਲ-ਨਾਲ ਖੇਤੀਬਾੜੀ ਦੇ ਕੰਮਾਂ ਨੂੰ ਵੀ ਬਰਾਬਰ ਤਰਜੀਹ ਦਿੱਤੀ ਜਾਂਦੀ ਰਹੀ, ਪਰ ਇੱਕ ਸਮਾਂ ਅਜਿਹਾ ਆਇਆ ਜਦੋਂ ਇਨ੍ਹਾਂ ਨੇ ਨੌਕਰੀ ਛੱਡ ਕੇ ਖੇਤੀਬਾੜੀ ਕਰਨ ਦਾ ਮੰਨ ਬਣਾ ਲਿਆ। ਗੁਰਭੇਜ ਸਿੰਘ ਦਾ ਇਹੀ ਫੈਸਲਾ ਉਨ੍ਹਾਂ ਦੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਬਣਿਆ ਅਤੇ ਫਿਰ ਇਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ।

ਕ੍ਰਿਸ਼ੀ ਜਾਗਰਣ ਪੰਜਾਬੀ ਨਾਲ ਗੱਲ ਕਰਦਿਆਂ ਕਿਸਾਨ ਗੁਰਭੇਜ ਸਿੰਘ ਸਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਸਾਲ 2012 ਤੋਂ ਕਣਕ-ਝੋਨੇ ਦੀ ਖੇਤੀ ਕਰ ਰਿਹਾ ਸੀ, ਜਿਸ ਵਿੱਚ ਉਹ ਵੀ ਆਪਣੇ ਪਰਿਵਾਰ ਦਾ ਹੱਥ ਵਟਾਉਂਦੇ ਸਨ। ਹਾਲਾਂਕਿ, ਉਨ੍ਹਾਂ ਦੀ ਦਿਲਚਸਪੀ ਰਵਾਇਤੀ ਖੇਤੀ ਵਿੱਚ ਬਿਲਕੁਲ ਵੀ ਨਹੀਂ ਸੀ, ਜਿਸ ਕਰਕੇ ਉਨ੍ਹਾਂ ਨੇ ਕਣਕ-ਝੋਨੇ ਦੇ ਬਦਲ ਬਾਰੇ ਵਿਕਲਪ ਲੱਭਣੇ ਸ਼ੁਰੂ ਕਰ ਦਿੱਤੇ। ਗੁਰਭੇਜ ਸਿੰਘ ਦੀ ਸੋਚ ਸੀ ਕਿ ਖੇਤੀਬਾੜੀ ਵਿੱਚ ਅਜਿਹੇ ਢੰਗ ਅਪਣਾਏ ਜਾਣ, ਜਿਸ ਨਾਲ ਮਨੁੱਖੀ ਜੀਵਨ ਦੇ ਨਾਲ-ਨਾਲ ਵਾਤਾਵਰਨ ਦੀ ਵੀ ਰਾਖੀ ਕੀਤੀ ਜਾ ਸਕੇ। ਗੁਰਭੇਜ ਸਿੰਘ ਅੰਦਰ ਚੱਲ ਰਹੀ ਇਸ ਕਸ਼ਮਕਸ਼ ਨੇ ਉਨ੍ਹਾਂ ਸਾਹਮਣੇ ਆਰਗੈਨਿਕ ਮਾਡਲ ਦਾ ਇੱਕ ਅਕਸ ਤਿਆਰ ਕਰ ਦਿੱਤਾ, ਜਿਸ ਤੋਂ ਬਾਅਦ ਗੁਰਭੇਜ ਸਿੰਘ ਨੇ ਇਸ ਨੂੰ ਅਮਲੀਜਾਮਾ ਪਹਿਨਾਉਣ ਦਾ ਕੰਮ ਸ਼ੁਰੂ ਕਰ ਦਿੱਤਾ।

ਗੁਰਭੇਜ ਸਿੰਘ ਨੇ ਖੇਤੀ ਦੇ ਗਣਿਤ ਨੂੰ ਸਮਝਦਿਆਂ ਸਾਲ 2018 ਵਿੱਚ ਕਣਕ-ਝੋਨੇ ਨੂੰ ਪੂਰੀ ਤਰ੍ਹਾਂ ਤਿਆਗ ਕੇ ਫ਼ਸਲੀ ਵਿਭਿੰਨਤਾ ਨੂੰ ਅਪਣਾਇਆ। ਆਰਗੈਨਿਕ ਮਾਡਲ ਰਾਹੀਂ ਇਸ ਕਿਸਾਨ ਨੇ ਫਲਾਂ ਦੀ ਪੌਸ਼ਟਿਕ ਬਗੀਚੀ ਤਿਆਰ ਕੀਤੀ, ਜਿਸ ਵਿੱਚ ਸਭ ਤੋਂ ਪਹਿਲਾ ਗੰਨੇ ਦੀ ਖੇਤੀ ਕੀਤੀ ਗਈ। ਪ੍ਰਯੋਗ ਦੇ ਅਧਾਰ 'ਤੇ ਗੁਰਭੇਜ ਸਿੰਘ ਨੇ ਪਹਿਲਾਂ 1 ਕਿੱਲੇ ਵਿੱਚ ਗੰਨੇ ਦੀ ਕਾਸ਼ਤ ਕੀਤੀ, ਪਰ ਵਧੀਆ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਇਸ ਕਿਸਾਨ ਨੇ ਫ਼ਸਲ ਦਾ ਰਕਬਾ ਵਧਾਇਆ ਅਤੇ ਢਾਈ ਕਿੱਲੇ ਵਿੱਚ ਗੰਨੇ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ।

ਇਸ ਤੋਂ ਬਾਅਦ ਗੁਰਭੇਜ ਸਿੰਘ ਨੇ ਸਾਲ 2022 ਵਿੱਚ ਡੇਢ ਕਿੱਲੇ ਵਿੱਚ ਅਮਰੂਦਾਂ ਦੀ ਕਾਸ਼ਤ ਕੀਤੀ। ਵਧੀਆ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਗੁਰਭੇਜ ਸਿੰਘ ਨੇ ਅੰਬ, ਨਿੰਬੂ, ਅੰਜੀਰ, ਲੀਚੀ, ਨਾਸ਼ਪਾਤੀ, ਆੜੂ, ਆਲੂਬੁਖਾਰਾ ਸਮੇਤ 15 ਤੋਂ ਵੱਧ ਤਰ੍ਹਾਂ ਦੇ ਫ਼ੱਲਾਂ ਦੀ ਕਾਸ਼ਤ ਕੀਤੀ। ਖਾਸ ਗੱਲ ਇਹ ਰਹੀ ਕਿ ਇਸ ਕਿਸਾਨ ਨੇ ਆਪਣੇ ਬਾਗ ਨੂੰ ਪੂਰੀ ਤਰ੍ਹਾਂ ਜੈਵਿਕ ਰੱਖਿਆ, ਜਿਸ ਕਾਰਨ ਗੁਰਭੇਜ ਸਿੰਘ ਦਾ ਨਾਂ ਆਲੇ-ਦੁਆਲੇ ਦੇ ਪਿੰਡਾਂ ਵਿੱਚ ਮਸ਼ਹੂਰ ਹੋ ਗਿਆ।

ਇਹ ਵੀ ਪੜੋ: Potato Seeds ਤਿਆਰ ਕਰਨ ਵਾਲਾ Progressive Farmer ਸ. ਅਰਸ਼ਦੀਪ ਸਿੰਘ ਢਿੱਲੋਂ, ਵੇਖੋ ਇਸ ਨੌਜਵਾਨ ਕਿਸਾਨ ਦੇ ਹੈਰਾਨ ਕਰ ਦੇਣ ਵਾਲੇ ਤਜ਼ਰਬੇ

ਫਲਾਂ ਤੋਂ ਬਾਅਦ, ਗੁਰਭੇਜ ਸਿੰਘ ਨੇ ਫੁੱਲਾਂ ਅਤੇ ਹਰਬਲ ਪੌਦਿਆਂ ਦੀ ਵੀ ਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ, ਜਿਸ ਨਾਲ ਇਸ ਕਿਸਾਨ ਨੂੰ ਚੰਗੀ ਆਮਦਨ ਹੋਣੀ ਸ਼ੁਰੂ ਹੋ ਗਈ। ਦੱਸ ਦੇਈਏ ਕਿ ਕਿਸਾਨ ਗੁਰਭੇਜ ਸਿੰਘ ਨੂੰ ਆਪਣੇ ਪਰਿਵਾਰਕ ਮੈਂਬਰਾਂ ਦਾ ਵੀ ਪੂਰਾ ਸਮਰਥਨ ਪ੍ਰਾਪਤ ਹੋਇਆ ਅਤੇ ਉਹ ਰਲ-ਮਿਲ ਕੇ ਬਾਗਬਾਨੀ ਦੇ ਕੰਮ ਕਰਦੇ ਗਏ। ਇਨ੍ਹਾਂ ਨੇ ਆਪਣੇ ਖੇਤਾਂ ਵਿੱਚ ਕੋਈ ਮਜ਼ਦੂਰ ਨਹੀਂ ਰੱਖੇ, ਸਗੋਂ ਹੱਥੀ ਕੰਮ ਨੂੰ ਹੀ ਤਰਜੀਹ ਦਿੱਤੀ। ਪਾਣੀ ਅਤੇ ਵਾਤਾਵਰਣ ਦੀ ਸੰਭਾਲ ਪ੍ਰਤੀ ਵੀ ਇਹ ਕਿਸਾਨ ਪੂਰੀ ਤਰ੍ਹਾਂ ਨਾਲ ਚਿੰਤਤ ਹੈ ਅਤੇ ਇਨ੍ਹਾਂ ਦੀ ਸੰਭਾਲ ਲਈ ਯੋਗ ਉਪਰਾਲੇ ਕਰ ਰਿਹਾ ਹੈ। ਆਪਣੇ ਫਾਰਮ ਵਿੱਚ ਸਿੰਚਾਈ ਲਈ ਨਹਿਰੀ ਅਤੇ ਟਿਊਬਵੈੱਲ ਦੇ ਪਾਣੀ ਦੀ ਵਰਤੋਂ ਵੀ ਇਹ ਕਿਸਾਨ ਬਹੁਤ ਹੀ ਸੰਯਮ ਨਾਲ ਕਰਦਾ ਹੈ। 

ਜ਼ਿਕਰਯੋਗ ਹੈ ਕਿ ਕਿਸਾਨ ਗੁਰਭੇਜ ਸਿੰਘ ਨੇ ਆਪਣੇ ਆਪ ਨੂੰ ਸਿਰਫ਼ ਖੇਤੀ ਅਤੇ ਬਾਗਬਾਨੀ ਤੱਕ ਹੀ ਸੀਮਤ ਨਹੀਂ ਰੱਖਿਆ, ਸਗੋਂ ਇਸ ਕਿਸਾਨ ਨੇ ਲੋਕਾਂ ਨੂੰ ਸਾਫ਼ ਅਤੇ ਸ਼ੁੱਧ ਭੋਜਨ ਪ੍ਰਦਾਨ ਕਰਨ ਲਈ ਪ੍ਰੋਸੈਸਿੰਗ ਦੇ ਨਾਲ-ਨਾਲ ਮਾਰਕੀਟਿੰਗ ਦੇ ਕੰਮ ਵੀ ਆਪ ਕਰਨੇ ਸ਼ੁਰੂ ਕੀਤੇ। ਦੇਖਦਿਆਂ ਦੀ ਦੇਖਦਿਆਂ ਗੁਰਭੇਜ ਸਿੰਘ ਆਰਗੈਨਿਕ ਫਾਰਮਰ ਵੱਜੋਂ ਆਪਣੀ ਵੱਖਰੀ ਪਛਾਣ ਬਣਾਉਣ ਵਿੱਚ ਕਾਮਯਾਬ ਹੋ ਗਏ। ਸੋ ਇੱਥੇ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਕਿਸਾਨ ਗੁਰਭੇਜ ਸਿੰਘ ਸਰਾਂ ਇੱਕ ਵਾਤਾਵਰਨ ਪ੍ਰੇਮੀ ਹੋਣ ਦੇ ਨਾਤੇ ਬਾਗਬਾਨੀ ਵਿੱਚ ਵਧੀਆ ਉਪਰਾਲੇ ਕਰ ਰਹੇ ਹਨ ਅਤੇ ਸਮਾਜ ਨੂੰ ਆਰਗੈਨਿਕ ਭੋਜਨ ਪ੍ਰਦਾਨ ਕਰ ਰਹੇ ਹਨ। ਕਿਸਾਨ ਗੁਰਭੇਜ ਸਿੰਘ ਸਰਾਂ ਦੀ ਇਸ ਮੁਹਿੰਮ ਨੂੰ ਕ੍ਰਿਸ਼ੀ ਜਾਗਰਣ ਸਲਾਮ ਕਰਦਾ ਹੈ ਅਤੇ ਉਨ੍ਹਾਂ ਦੀ ਇਸ ਕਾਮਯਾਬੀ ਲਈ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ ਹੈ।

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Punjab Successful Organic Farmer Gurbhej Singh Sran, young farmer from Faridkot adopted the organic model, created a nutritious garden in 10 acres

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters