Success Story: ਪੰਜਾਬ ਦਾ ਕਿਸਾਨ ਹੋਵੇ ਜਾਂ ਬਾਗ਼ਬਾਨ ਆਪਣੀ ਹਿੰਮਤ ਅਤੇ ਮਿਹਨਤ ਸਦਕਾ ਉਹ ਇਹ ਸਾਬਤ ਕਰ ਦਿੰਦਾ ਹੈ ਕਿ ਉਸ ਲਈ ਕਾਮਯਾਬੀ ਹਾਸਲ ਕਰਨਾ ਕੋਈ ਔਖਾ ਕੰਮ ਨਹੀਂ। ਇਸੇ ਤਰਾਂ ਦਾ ਹੀ ਇੱਕ ਕਿਸਾਨ ਅਤੇ ਬਾਗ਼ਬਾਨ ਹੈ ਸ. ਦਿਲਬਾਗ ਸਿੰਘ ਚੀਮਾ।
ਪਿੰਡ ਬਰਿਆਰ, ਜ਼ਿਲ੍ਹਾ ਗੁਰਦਾਸਪੁਰ ਦੇ ਵਸਨੀਕ ਸ. ਦਿਲਬਾਗ ਸਿੰਘ ਚੀਮਾ ਨੂੰ ਲਾਲੀ ਚੀਮਾ ਵੱਜੋਂ ਵੀ ਜਾਣਿਆ ਜਾਂਦਾ ਹੈ, ਜੋ ਕਿ ਇੱਕ ਸਫ਼ਲ ਕਿਸਾਨ ਦੇ ਤੌਰ 'ਤੇ ਆਪਣੀ ਇੱਕ ਵਿਲੱਖਣ ਪਹਿਚਾਣ ਰੱਖਦੇ ਹਨ। ਇਸ ਕਿਸਾਨ ਨੂੰ ਆਪਣੀ ਸਫਲ ਬਾਗਬਾਨੀ ਸਦਕਾ ਕ੍ਰਿਸ਼ੀ ਜਾਗਰਣ ਦੇ MFOI Awards 2024 ਵਿੱਚ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।
ਨੈਸ਼ਨਲ ਅਵਾਰਡੀ ਸ. ਦਿਲਬਾਗ ਸਿੰਘ ਚੀਮਾ
ਲੀਚੀ ਕਿੰਗ ਸ. ਦਿਲਬਾਗ ਸਿੰਘ ਚੀਮਾ ਸਪੁੱਤਰ ਸ. ਅਜਿੰਦਰ ਸਿੰਘ ਚੀਮਾ ਆਪਣੀ ਇਹ ਕੁਲ 42 ਏਕੜ ਦੇ ਲਗਭਗ ਜ਼ਮੀਨ ਉੱਤੇ ਖੇਤੀ ਕਰਦੇ ਹਨ। ਮੁੱਖ ਤੌਰ 'ਤੇ ਇਹ ਕਣਕ ਝੋਨੇ ਤੋਂ ਇਲਾਵਾ ਕਮਾਦ, ਆਲੂ, ਮੌਸਮੀ ਸਬਜ਼ੀਆਂ, ਦਾਲਾਂ, ਬਰਸੀਮ, ਚਰੀ, ਬਾਜਰਾ, ਲੱਸਣ, ਪਿਆਜ਼ ਆਦਿ ਦੀ ਕਾਸ਼ਤ ਕਰਦੇ ਹਨ। ਇਨ੍ਹਾਂ ਦੇ ਕੋਲ ਲਗਭਗ 11 ਏਕੜ ਦੇ ਕਰੀਬ ਲੀਚੀ ਦਾ ਬਾਗ ਲੱਗਾ ਹੋਇਆ ਹੈ ਜਿਸ ਤੋਂ ਇਹ ਚੰਗੀ ਆਮਦਨ ਪ੍ਰਾਪਤ ਕਰਦੇ ਹਨ। ਕੁਝ ਹੋਰ ਫ਼ਲਦਾਰ ਬੂਟੇ ਵੀ ਇਹਨਾ ਨੇ ਲਗਾਏ ਹੋਏ ਹਨ ਜਿਵੇਂ ਅੰਬ, ਅਮਰੂਦ, ਜਾਮਣ, ਨਿੰਬੂ ਆਦਿ। ਇਨ੍ਹਾਂ ਨੇ ਬਾਗਬਾਨੀ, ਮੁਰਗੀ ਪਾਲਣ, ਸ਼ਹਿਦ ਦੇ ਧੰਦੇ ਸੰਬੰਧੀ ਸਿਖਲਾਈ ਵੀ ਲਈ ਹੋਈ ਹੈ। ਮੰਡੀਕਰਨ ਵਿੱਚ ਡਿਪਲੋਮਾ ਵੀ ਹਾਸਲ ਕੀਤਾ ਹੋਇਆ ਹੈ।
ਮਸ਼ੀਨਰੀ
ਖੇਤੀਬਾੜੀ ਨੂੰ ਆਧੁਨਿਕ ਬਣਾਉਣ ਲਈ ਇਨ੍ਹਾਂ ਕੋਲ ਵਧੀਆ ਖੇਤੀ ਮਸ਼ੀਨਰੀ ਵੀ ਹੈ ਜੋ ਨਹੀਂ ਉਹ ਲੋੜੀਂਦੀ ਖੇਤੀ ਮਸ਼ੀਨਰੀ ਇਹ ਕਿਰਾਏ 'ਤੇ ਲੈ ਕੇ ਵਰਤਦੇ ਹਨ ਅਤੇ ਆਪਣੀ ਖੇਤੀ ਨੂੰ ਹੋਰ ਵਧੀਆ ਬਣਾਉਂਦੇ ਹਨ। ਕੁਝ ਮਸ਼ੀਨਾਂ ਲੋੜ ਅਨੁਸਾਰ ਇਹ ਸਹਿਕਾਰੀ ਸਭਾਵਾਂ ਤੋਂ ਵੀ ਲੈ ਕੇ ਵਰਤਦੇ ਹਨ ਅਤੇ ਜਿਸ ਨਾਲ ਇਹ ਮਹਿੰਗੀਆਂ ਮਸ਼ੀਨਾਂ ਦੇ ਖਰਚੇ ਤੋਂ ਵੀ ਬਚੇ ਰਹਿੰਦੇ ਹਨ। ਫ਼ਸਲਾਂ ਦੀ ਸਿੰਚਾਈ ਲਈ ਇਹਨਾਂ ਨੇ ਟਿਊਬਵੈੱਲ ਦੀ ਚੋਣ ਕੀਤੀ ਹੋਈ ਹੈ।
ਮੰਡੀਕਰਨ
ਆਪਣੇ ਖੇਤੀ ਉਤਪਾਦ ਦੇ ਵਧੀਆ ਮੰਡੀਕਰਨ ਲਈ ਸ. ਦਿਲਬਾਗ ਸਿੰਘ ਚੀਮਾ ਪੂਰੀ ਤਰਾਂ ਨਾਲ ਸੁਚੇਤ ਰਹਿੰਦੇ ਹਨ। ਖੇਤੀ ਜਿਣਸਾਂ ਦਾ ਵਧੀਆ ਮੰਡੀਕਰਨ ਲਈ ਇਹ ਆਪਣੇ ਪਿੰਡ ਤੋਂ ਇਲਾਵਾ ਗੁਰਦਾਸਪੁਰ, ਦੀਨਾਨਗਰ, ਬਟਾਲਾ ਆਦਿ ਮੰਡੀਆਂ ਵਿੱਚ ਆਪਣੀ ਜਿਣਸ ਵੇਚਦੇ ਹਨ ਅਤੇ ਚੰਗਾ ਮੁੱਲ ਪ੍ਰਾਪਤ ਕਰਦੇ ਹਨ। ਲੀਚੀ ਦਾ ਮੰਡੀਕਰਨ ਇਹ ਦਿੱਲੀ ਅਤੇ ਚੰਡੀਗੜ੍ਹ ਕਰਦੇ ਹਨ। ਇਹਨਾ ਨੂੰ ਆਪਣੀ ਕਿਸੇ ਵੀ ਫ਼ਸਲ ਦੇ ਮੰਡੀਕਰਨ ਲਈ ਕਿਸੇ ਤਰਾਂ ਦੀ ਵੀ ਕੋਈ ਸਮਸਿਆ ਨਹੀਂ ਆਉਂਦੀ ਹੈ।
ਵਾਤਾਵਰਣ ਪ੍ਰੇਮੀ
ਸ. ਦਿਲਬਾਗ ਸਿੰਘ ਚੀਮਾ ਵਾਤਾਵਰਣ ਪ੍ਰਤੀ ਬਹੁਤ ਹੀ ਚਿੰਤਾ ਕਰਦੇ ਹਨ ਇਸੇ ਲਈ ਆਪਣੇ ਖੇਤਾਂ ਦੀ ਕਿਸੇ ਤਰਾਂ ਦੀ ਵੀ ਰਹਿੰਦ-ਖੂਹੰਦ ਨੂੰ ਅੱਗ ਲਗਾ ਕੇ ਸਾੜਦੇ ਨਹੀਂ ਸਗੋਂ ਉਸ ਤੋਂ ਦੇਸੀ ਖਾਦ ਬਣਾਉਂਦੇ ਹਨ। ਇਹ ਆਪਣੀ ਕੁਝ ਖੇਤੀਬਾੜੀ ਜੈਵਿਕ ਢੰਗ ਨਾਲ ਵੀ ਕਰਦੇ ਹਨ ਅਤੇ ਦੇਸੀ ਖਾਦਾਂ ਦੀ ਵਰਤੋਂ ਕਰ ਵਧੀਆ ਅਤੇ ਮਿਆਰੀ ਖੇਤੀ ਜਿਣਸਾਂ ਦੀ ਪੈਦਾਵਾਰ ਵੀ ਕਰਦੇ ਹਨ। ਇਹ ਆਪਣੀ ਖੇਤੀ ਨੂੰ ਹੋਰ ਵਧੇਰੇ ਤਕਨੀਕੀ ਅਤੇ ਵਧੀਆ ਬਣਾਉਣ ਲਈ ਅਕਸਰ ਵਧੀਆ ਖੇਤੀ ਸਾਹਿਤ ਨੂੰ ਪੜ੍ਹਦੇ ਹਨ ਜਿਵੇਂ ਐੱਮ. ਏ. ਸੀ. ਕ੍ਰਿਸ਼ੀ ਜਾਗਰਣ ਜਿਸ ਨਾਲ ਇਹਨਾਂ ਨੂੰ ਖੇਤੀ ਵਿੱਚ ਆਉਂਦੀਆਂ ਔਕੜਾਂ ਦਾ ਬੜਾ ਵਧੀਆ ਹੱਲ ਮਿਲ ਜਾਂਦਾ ਹੈ ਅਤੇ ਨਾਲ ਹੀ ਰਾਸ਼ਟਰੀ ਪੱਥਰ 'ਤੇ ਸਰਕਾਰ ਦੁਆਰਾ ਬਣਾਈਆਂ ਜਾ ਰਹੀਆਂ ਕਿਸਾਨਾਂ ਲਈ ਖੇਤੀਬਾੜੀ ਸੰਬੰਧੀ ਸਕੀਮਾਂ ਦੀ ਵੀ ਘਰ ਬੈਠੇ ਹੀ ਸਾਰੀ ਜਾਣਕਾਰੀ ਮਿਲ ਜਾਂਦੀ ਹੈ।
ਕਈ ਮਾਨ-ਸਨਮਾਨ ਪ੍ਰਾਪਤ
ਸ. ਦਿਲਬਾਗ ਸਿੰਘ ਚੀਮਾ ਨੇ ਵਧੀਆ ਖੇਤੀ ਲਈ ਜ਼ਮੀਨ ਅਤੇ ਪਾਣੀ ਦੀ ਪਰਖ਼ ਨੂੰ ਹਮੇਸ਼ਾਂ ਤਰਜੀਹ ਦਿੱਤੀ ਹੈ ਤਾਂ ਜੋ ਲੋੜ ਅਨੁਸਾਰ ਖਾਦਾਂ ਦੀ ਵਰਤੋਂ ਕਰ ਖੇਤੀ ਖਰਚੇ ਵੀ ਘਟਾਏ ਜਾ ਸਕਣ ਅਤੇ ਖੇਤੀ ਉਤਪਾਦ ਦਾ ਮਿਆਰ ਵੀ ਬਹੁਤ ਵਧੀਆ ਬਣਾਇਆ ਜਾ ਸਕੇ। ਇਹਨਾਂ ਨੂੰ ਆਪਣੀ ਵਧੀਆ ਖੇਤੀਬਾੜੀ ਅਤੇ ਬਾਗਬਾਨੀ ਲਈ ਖੇਤੀਬਾੜੀ ਮਹਿਕਮੇ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਈ ਜ਼ਿਲ੍ਹਾ ਪੱਧਰੀ, ਰਾਜ ਪੱਧਰੀ ਸਨਮਾਨ ਵੀ ਮਿਲ ਚੁਕੇ ਹਨ। ਆਪ ਖੇਤੀ ਕਿਸਾਨ ਮੇਲੇ ਵੇਖ ਕੇ ਵੱਧ ਤੋਂ ਵੱਧ ਖੇਤੀ ਗਿਆਨ ਹਾਸਲ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ। ਇਹਨਾਂ ਦੇ ਖੇਤੀ ਅਤੇ ਬਾਗਬਾਨੀ ਪ੍ਰਤੀ ਪੈਦਾ ਹੋਏ ਹੌਸਲੇ ਨੂੰ ਹਮੇਸ਼ਾਂ ਬੁਲੰਦ ਰੱਖਣ ਲਈ ਇਹ ਸਨਮਾਨ ਇਹਨਾਂ ਦਾ ਪੂਰਾ ਸਾਥ ਦਿੰਦੇ ਹਨ ਅਤੇ ਖੇਤੀ ਦਾ ਮਿਆਰ ਵਧਾਉਂਦੇ ਹਨ। ਹਾਲ ਹੀ ਵਿੱਚ ਸ. ਦਿਲਬਾਗ ਸਿੰਘ ਚੀਮਾ ਨੂੰ ਕ੍ਰਿਸ਼ੀ ਜਾਗਰਣ ਦੁਆਰਾ ਆਯੋਜਿਤ ਅਤੇ ਮਹਿੰਦਰਾ ਟਰੈਕਟਰਜ਼ ਦੁਆਰਾ ਸਪਾਂਸਰ 'ਮਿਲੀਅਨੇਅਰ ਫਾਰਮਰ ਆਫ ਇੰਡੀਆ ਅਵਾਰਡਜ਼ 2024' ਵਿੱਚ ਨੈਸ਼ਨਲ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਦੱਸ ਦੇਈਏ ਕਿ ਇਹ ਪ੍ਰੋਗਰਾਮ ਦਿੱਲੀ ਦੇ ਪੂਸਾ ਆਈਏਆਰਆਈ ਮੇਲਾ ਗ੍ਰਾਉਂਡ ਵਿੱਚ 1 ਤੋਂ 3 ਦਸੰਬਰ ਨੂੰ ਕਰਵਾਇਆ ਗਿਆ ਸੀ।
ਸੰਦੇਸ਼
ਸ. ਦਿਲਬਾਗ ਸਿੰਘ ਚੀਮਾ ਮੰਡੀਕਰਨ ਕਮੇਟੀ ਤੋਂ ਸਕੱਤਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਹਨ। ਇਹ ਗੁਰਦਾਸਪੁਰ ਵਿੱਖੇ ਉਤਪਾਦਨ ਕਮੇਟੀ, ਪ੍ਰਵਾਸੀ ਭਾਰਤੀਆਂ ਦੀ ਸਭਾ, ਬਾਗਬਾਨੀ ਵਿਕਾਸ ਕੌਂਸਲ, ਰੋਟਰੀ ਕੱਲਬ, ਨਸ਼ਾ ਛੁਡਾਊ ਕੇਂਦਰ, ਰੈੱਡ ਕਰਾਸ ਅਤੇ ਖਾਸਕਰ ਲੀਚੀ ਸਟੇਟ ਕਉਂਸਲ ਦੇ ਸਰਗਰਮ ਮੈਂਬਰ ਵੀ ਹਨ। ਇਹ ਆਪਣੇ ਪਿੰਡ ਦੇ ਲੰਬਰਦਾਰ ਵੀ ਹਨ। ਨਵੀਂ ਪੀੜੀ ਨੂੰ ਸ. ਦਿਲਬਾਗ ਸਿੰਘ ਚੀਮਾ ਹਮੇਸ਼ਾਂ ਮਿਹਨਤ ਕਰਨ ਦੀ ਸੇਧ ਦਿੰਦੇ ਰਹਿੰਦੇ ਹਨ ਅਤੇ ਵਿਦੇਸ਼ਾਂ ਵਿੱਚ ਜਾਣ ਦੀ ਬਜਾਏ ਪੰਜਾਬ ਵਿੱਚ ਹੀ ਰਹਿ ਕੇ ਅਤੇ ਵਧੀਆ ਖੇਤੀ ਕਰਕੇ ਆਮਦਨ ਪੈਦਾ ਕਰਨ ਬਾਰੇ ਕਹਿੰਦੇ ਹਨ। ਨਸ਼ਿਆਂ ਵਿੱਚ ਗਰਕ ਰਹੀ ਪੰਜਾਬ ਦੀ ਜਵਾਨੀ ਪ੍ਰਤੀ ਵੀ ਇਹ ਬਹੁਤ ਚਿੰਤਾ ਕਰਦੇ ਹਨ। ਸ. ਦਿਲਬਾਗ ਸਿੰਘ ਚੀਮਾ ਦੀ ਆਧੁਨਿਕ ਖੇਤੀਬਾੜੀ ਅਤੇ ਬਾਗਬਾਨੀ ਹੋਰ ਦੂਜੇ ਕਿਸਾਨਾਂ ਲਈ ਇੱਕ ਮਿਸਾਲ ਦਾ ਕੰਮ ਕਰਦੀ ਹੈ। ਅਸੀਂ ਸ. ਦਿਲਬਾਗ ਸਿੰਘ ਚੀਮਾ ਨੂੰ ਖੇਤੀਬਾੜੀ ਵਿੱਚ ਮਿਲੀ ਸਫ਼ਲਤਾ ਲਈ ਉਹਨਾਂ ਨੂੰ ਵਧਾਈ ਦਿੰਦੇ ਹਾਂ ਅਤੇ ਭਵਿੱਖ ਵਿੱਚ ਹੋਰ ਕਾਮਯਾਬ ਹੋਣ ਲਈ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹਾਂ।
ਸਰੋਤ: ਦਿਨੇਸ਼ ਦਮਾਥੀਆ
ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।
Summary in English: Punjab's Litchi King S. Dilbag Singh Cheema honored with National Award, learn from Lali Cheema how to earn more profit from horticulture