Organic Farming: ਪਿਛਲੇ ਕਈ ਦਹਾਕਿਆਂ ਤੋਂ ਭਾਰਤ ਵਿੱਚ ਖੇਤੀ ਉਤਪਾਦਨ, ਖਾਸ ਕਰਕੇ ਭੋਜਨ ਉਤਪਾਦਨ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਹ ਪ੍ਰਾਪਤੀ ਖੇਤੀ ਵਿੱਚ ਸੁਧਰੀਆਂ ਕਿਸਮਾਂ ਦੇ ਬੀਜਾਂ, ਰਸਾਇਣਕ ਖਾਦਾਂ ਦੀ ਵਰਤੋਂ ਅਤੇ ਮਸ਼ੀਨੀਕਰਨ ਕਾਰਨ ਹੋਈ ਹੈ। ਜੇਕਰ ਰਸਾਇਣਕ ਖਾਦਾਂ ਦੀ ਗੱਲ ਕਰੀਏ ਤਾਂ ਲੰਬੇ ਸਮੇਂ ਤੱਕ ਇਨ੍ਹਾਂ ਦੀ ਵਰਤੋਂ ਨਾਲ ਜ਼ਮੀਨ ਦੀ ਉਤਪਾਦਕਤਾ ਘਟਦੀ ਹੈ ਅਤੇ ਦੂਜੇ ਪਾਸੇ ਵਾਤਾਵਰਨ ਵੀ ਪ੍ਰਦੂਸ਼ਿਤ ਹੁੰਦਾ ਹੈ। ਇਨ੍ਹਾਂ ਸਮੱਸਿਆਵਾਂ ਕਾਰਨ ਖੇਤੀ ਵਿੱਚ ਬਦਲਵੇਂ ਤਰੀਕੇ ਲੱਭਣ ਦੇ ਯਤਨ ਸ਼ੁਰੂ ਹੋ ਗਏ ਹਨ। ਇਸ ਦਿਸ਼ਾ ਵਿੱਚ, ਅੱਜਕੱਲ੍ਹ ਆਧੁਨਿਕ ਖੇਤੀ ਤੋਂ ਆਰਗੈਨਿਕ ਖੇਤੀ ਵੱਲ ਧਿਆਨ ਦਿੱਤਾ ਜਾ ਰਿਹਾ ਹੈ।
ਆਰਗੈਨਿਕ ਖੇਤੀ ਯਾਨੀ ਜੈਵਿਕ ਖੇਤੀ, ਜੋ ਮਿੱਟੀ, ਖਣਿਜਾਂ, ਪਾਣੀ, ਪੌਦਿਆਂ, ਕੀੜੇ-ਮਕੌੜਿਆਂ, ਜਾਨਵਰਾਂ ਅਤੇ ਮਨੁੱਖਜਾਤੀ ਵਿਚਕਾਰ ਤਾਲਮੇਲ ਵਾਲੇ ਸਬੰਧਾਂ 'ਤੇ ਅਧਾਰਤ ਹੈ। ਇਹ ਨਾ ਸਿਰਫ ਮਿੱਟੀ ਨੂੰ ਸੁਰੱਖਿਅਤ ਕਰਦੀ ਹੈ, ਸਗੋਂ ਵਾਤਾਵਰਣ ਨੂੰ ਵੀ ਸਾਫ-ਸੁਥਰਾ ਰੱਖਦੀ ਹੈ। ਵਾਤਾਵਰਨ ਨੂੰ ਸ਼ੁੱਧ ਰੱਖਣ ਵਾਲੀ ਸੋਚ ਵਿੱਚ ਕਿਸਾਨ ਰਣਧੀਰ ਸਿੰਘ ਭੁੱਲਰ ਦਾ ਨਾਮ ਵੀ ਸ਼ੁਮਾਰ ਹੈ।ਦਰਅਸਲ, ਇਹ ਕਿਸਾਨ ਕਈ ਸਾਲਾਂ ਤੋਂ ਜੈਵਿਕ ਖੇਤੀ ਕਰ ਰਿਹਾ ਹੈ ਅਤੇ ਕਿਸਾਨਾਂ ਲਈ ਬੇਹਤਰੀਨ ਮਿਸਾਲ ਬਣਿਆ ਹੋਇਆ ਹੈ।
ਕਿਸਾਨ ਸ. ਰਣਧੀਰ ਸਿੰਘ ਭੁੱਲਰ
ਕਹਿੰਦੇ ਨੇ ਕਿ ਆਪਣੇ ਨਾਲ ਬੀਤੀ ਤੋਂ ਇਨਸਾਨ ਵਾਧੂ ਸਬਕ ਲੈਂਦਾ ਹੈ ਅਤੇ ਇਹੀ ਸਬਕ ਇਨਸਾਨ ਵਿੱਚ ਕੁਝ ਕਰਨ ਦਾ ਜਜ਼ਬਾ ਪੈਦਾ ਕਰ ਦਿੰਦਾ ਹੈ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਬਲਾਕ ਅਮਲੋਹ ਅਧੀਨ ਪੈਂਦੇ ਪਿੰਡ ਸਲਾਣਾ ਜੀਵਨ ਸਿੰਘ ਵਾਲਾ ਦੇ ਰਹਿਣ ਵਾਲੇ ਸ. ਰਣਧੀਰ ਸਿੰਘ ਭੁੱਲਰ ਨਾਲ ਵੀ ਕੁਝ ਅਜਿਹਾ ਹੀ ਹੋਇਆ। ਹਾਲਾਂਕਿ, ਸ. ਰਣਧੀਰ ਸਿੰਘ ਭੁੱਲਰ ਖੇਤੀਬਾੜੀ ਵਿੱਚ ਨਿਵੇਕਲੀ ਸੋਚ ਰੱਖਣ ਵਾਲੇ ਅਗਾਂਹਵਧੂ ਕਿਸਾਨ ਹਨ, ਪਰ ਕੁਝ ਸਾਲ ਪਹਿਲਾਂ ਅਜਿਹਾ ਨਹੀਂ ਸੀ, ਕਿਉਂਕਿ ਕਿਸਾਨ ਰਣਧੀਰ ਸਿੰਘ ਭੁੱਲਰ ਵੀ ਹੋਰਨਾਂ ਕਿਸਾਨਾਂ ਵਾਂਗ ਰਸਾਇਣਕ ਖਾਦਾਂ ਦੀ ਵਰਤੋਂ ਅਤੇ ਮਸ਼ੀਨੀਕਰਨ 'ਤੇ ਜ਼ੋਰ ਦਿੰਦੇ ਸਨ। ਜਿਸ ਦਾ ਨਤੀਜਾ ਇਹ ਹੋਇਆ ਕਿ ਉਹ ਆਪ ਵੀ ਸਿਹਤ ਨਾਲ ਸਬੰਧਤ ਸਮੱਸਿਆਵਾਂ ਦੀ ਲਪੇਟ ਵਿੱਚ ਆ ਗਏ। ਇਹ ਉਹ ਸਮਾਂ ਸੀ ਜਦੋਂ ਕਿਸਾਨ ਨੂੰ ਸਮਝ ਆਈ ਕਿ ਜੋ ਰਸਾਇਣਕ ਖਾਦਾਂ ਅਸੀਂ ਆਪਣੇ ਭੋਜਨ ਨੂੰ ਉਗਾਉਣ ਲਈ ਵਰਤ ਰਹੇ ਹਾਂ, ਉਹ ਨਾ ਸਿਰਫ ਸਾਡੀ ਸਿਹਤ ਨੂੰ ਸਗੋਂ ਵਾਤਾਵਰਨ ਦੀ ਸਿਹਤ ਨੂੰ ਵੀ ਖ਼ਰਾਬ ਕਰ ਰਹੀਆਂ ਹਨ। ਇਸ ਤੋਂ ਬਾਅਦ ਕਿਸਾਨ ਰਣਧੀਰ ਸਿੰਘ ਭੁੱਲਰ ਨੇ ਜੈਵਿਕ ਖੇਤੀ ਨੂੰ ਅਪਨਾਉਣ ਦਾ ਫੈਸਲਾ ਕੀਤਾ।
ਉਂਜ ਤਾਂ ਕਿਸਾਨ ਰਣਧੀਰ ਸਿੰਘ ਭੁੱਲਰ ਨੇ ਸਾਲ 2011 ਤੋਂ ਹੀ ਜੈਵਿਕ ਖੇਤੀ ਨੂੰ ਆਪਣਾ ਲਿਆ ਸੀ, ਪਰ ਸਾਲ 2015-16 ਤੋਂ ਇਹ ਕਿਸਾਨ ਕ੍ਰਿਸ਼ੀ ਵਿਗਿਆਨ ਕੇਂਦਰ, ਫ਼ਤਿਹਗੜ੍ਹ ਸਾਹਿਬ ਨਾਲ ਜੁੜ ਗਿਆ। ਵਾਤਾਵਰਣ ਅਤੇ ਮਨੁੱਖੀ ਸਿਹਤ ਦੀ ਸਾਂਭ-ਸੰਭਾਲ ਦੀ ਮੰਸ਼ਾ ਨਾਲ ਫਿਲਹਾਲ ਇਹ ਕਿਸਾਨ ਆਪਣੀ 14 ਏਕੜ ਜ਼ਮੀਨ ਵਿਚੋਂ 5 ਏਕੜ ਰਕਬੇ ਉੱਪਰ ਕਣਕ, ਛੋਲੇ, ਸਰ੍ਹੋਂ, ਹਲਦੀ, ਮੋਟੇ ਅਨਾਜਾਂ ਅਤੇ ਸਬਜ਼ੀਆਂ ਦੀ ਜੈਵਿਕ ਖੇਤੀ ਕਰ ਰਿਹਾ ਹੈ। ਇਹ ਕਿਸਾਨ ਜ਼ਹਿਰ ਮੁਕਤ ਖੇਤੀ ਨੂੰ ਉਤਸਾਹਿਤ ਕਰਨ ਲਈ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਲਈ ਰਸਾਇਣਕ ਖਾਦਾਂ ਦੀ ਥਾਂ ਰੂੜੀ ਅਤੇ ਗੰਡੋਇਆਂ ਦੀ ਖਾਦ 'ਤੇ ਭਰੋਸਾ ਕਰਦਾ ਹੈ। ਇਸੇ ਤਰ੍ਹਾਂ ਭੂਮੀ ਦਾ ਜੈਵਿਕ ਮਾਦਾ ਵਧਾਉਣ ਲਈ ਮੂੰਗੀ, ਜੰਤਰ ਅਤੇ ਗਵਾਰਾ ਆਦਿ ਨੂੰ ਹਰੀ ਖਾਦ ਵਜੋਂ ਵਰਤਦਾ ਹੈ, ਫ਼ਸਲਾਂ ਨੂੰ ਕੀੜੇ-ਮਕੋੜਿਆਂ ਤੋਂ ਬਚਾਉਣ ਲਈ ਖੱਟੀ ਲੱਸੀ, ਫਟਕੜੀ, ਸਰ੍ਹੋਂ ਦੀ ਖੱਲ, ਨਿੰਮ ਦੇ ਪੱਤੇ, ਦਸ ਪੱਤਰੀ ਅਤੇ ਟ੍ਰੈਪ ਆਦਿ ਨੂੰ ਵਰਤੋਂ ਵਿਚ ਲਿਆਉਂਦਾ ਹੈ ਅਤੇ ਬੀਮਾਰੀਆਂ ਦੇ ਹਮਲੇ ਤੋਂ ਫ਼ਸਲਾਂ ਨੂੰ ਬਚਾਉਣ ਲਈ ਨਿੰਮ ਦਾ ਤੇਲ, ਜੀਵ ਅੰਮ੍ਰਿਤ ਵਰਗੇ ਦੇਸੀ ਨੁਸਖੇ ਵਰਤਦਾ ਹੈ ਅਤੇ ਨਦੀਨਾਂ ਦੀ ਰੋਕਥਾਮ ਲਈ ਗੁਡਾਈ ਕਰਦਾ ਹੈ।
ਇਸ ਕਿਸਾਨ ਨੇ ਖੇਤੀ ਨਾਲ ਸਬੰਧਤ ਵੱਖ-ਵੱਖ ਸਿਖਲਾਈਆਂ ਵੀ ਹਾਸਿਲ ਕੀਤੀਆਂ ਹੋਈਆਂ ਹਨ ਅਤੇ ਸਾਲ 2016 ਤੋਂ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਿਰਾਂ ਤੋਂ ਤਕਨੀਕੀ ਗਿਆਨ ਪ੍ਰਾਪਤ ਕਰਕੇ ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਕਰਨ ਵਾਲੀ ਕਣਕ ਦੀ ਬਿਜਾਈ ਲਈ “ਹੈਪੀ ਸੀਡਰ” ਦੀ ਵਾਤਾਵਰਣ ਪੱਖੀ ਤਕਨੀਕ ਨੂੰ ਅਪਣਾਇਆ ਹੋਇਆ ਹੈ। ਜਿਸ ਸਦਕਾ ਉਸ ਨੂੰ ਪੰਜਾਬ ਸਰਕਾਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵਰਗੇ ਅਦਾਰਿਆਂ ਵੱਲੋਂ ਸਮੇਂ-ਸਮੇਂ ਤੇ ਪ੍ਰਸੰਸਾ ਪੱਤਰ ਵੀ ਪ੍ਰਦਾਨ ਕੀਤੇ ਗਏ ਹਨ।
ਇਹ ਵੀ ਪੜ੍ਹੋ: Progressive Farmer: ਮੈਟ੍ਰਿਕ ਪਾਸ ਕਿਸਾਨ ਨੇ ਗੰਨੇ ਅਤੇ ਆਲੂ ਦੀ ਖੇਤੀ ਤੋਂ ਬਣਾਈ ਪਛਾਣ, ਇਸ ਤਰ੍ਹਾਂ ਹੋ ਰਹੀ ਹੈ 10 ਲੱਖ ਤੋਂ ਉਪਰ ਆਮਦਨ
ਪੀ.ਏ.ਯੂ. ਆਰਗੈਨਿਕ ਕਲੱਬ, ਪੀ ਏ ਯੂ ਐਰੋਮੈਟਿਕ ਅਤੇ ਸਪਾਇਸ ਕਲੱਬ, ਅਮਲੋਹ ਬਲਾਕ ਖੇਤੀਬਾੜੀ ਦਫਤਰ ਅਤੇ ਹੋਰ ਖੇਤੀ ਸੰਸਥਾਵਾਂ ਨਾਲ ਜੁੜਿਆ ਰਣਧੀਰ ਸਿੰਘ ਇਲਾਕੇ ਦੇ ਕਿਸਾਨਾਂ ਦਾ ਚਾਨਣਮੁਨਾਰਾ ਹੈ, ਜੋ “ਆਤਮਾ ਸਕੀਮ” ਅਧੀਨ “ਆਰਗੈਨਿਕ ਸਕੂਲ” ਰਾਹੀਂ ਨੇੜਲੇ ਕਿਸਾਨਾਂ ਅਤੇ ਖੇਤੀਬਾੜੀ ਵਿਸ਼ੇ ਦੇ ਵਿਦਿਆਰਥੀਆਂ ਨੂੰ ਆਪਣੇ ਖੇਤਾਂ ਵਿਚ ਜੈਵਿਕ ਖੇਤੀ ਦੀਆਂ ਸਿਖਲਾਈਆਂ ਵੀ ਪ੍ਰਦਾਨ ਕਰਦਾ ਹੈ। ਖੇਤੀ ਵਿਚ ਹਮੇਸ਼ਾਂ ਕੁੱਝ ਨਵਾਂ ਸਿੱਖਣ ਦੇ ਜਜ਼ਬੇ ਨੇ ਉਸ ਨੂੰ ਚੰਡੀਗੜ੍ਹ, ਦਿੱਲੀ, ਨਾਗਪੁਰ, ਸਿਕਿੱਮ ਆਦਿ ਥਾਂਵਾਂ ਦਾ ਦੌਰਾ ਕਰਨ ਲਈ ਵੀ ਪ੍ਰੇਰਿਆ ਹੈ। ਉਹ ਖੇਤੀ ਨਾਲ ਸਬੰਧਤ ਕਿਸਾਨ ਮੇਲਿਆਂ, ਗੋਸ਼ਟੀਆਂ, ਪ੍ਰੋਗਰਾਮਾਂ, ਸੈਮੀਨਾਰਾਂ ਆਦਿ ਵਿਚ ਹਿਸਾ ਲੈਂਦਾ ਰਹਿੰਦਾ ਹੈ।
ਉਸ ਨੂੰ ਆਪਣੇ ਤਿਆਰ ਕੀਤੇ ਹੋਏ ਜੈਵਿਕ ਉਤਪਾਦਾਂ ਜਿਵੇਂ ਕਿ ਹਲਦੀ ਪਾਊਡਰ, ਬਾਸਮਤੀ ਚੌਲ, ਮਲਟੀਗ੍ਰੇਨ ਆਟਾ, ਮੂੰਗੀ ਦਾਲ, ਸਰੌਂ ਦਾ ਤੇਲ, ਤਿੱਲ, ਕੋਧਰਾ ਅਤੇ ਵਰਮੀਕੰਮਪੋਸਟ ਆਦਿ ਦੇ ਮੰਡੀਕਰਨ ਲਈ ਦੂਰ-ਦੁਰਾਡੇ ਮੰਡੀਆਂ ਜਾਂ ਬਜ਼ਾਰਾਂ ਵਿਚ ਨਹੀਂ ਜਾਣਾ ਪੈਂਦਾ ਸਗੋਂ ਉਸਦੇ ਘਰ ਜਾਂ ਫਾਰਮ ਤੋਂ ਇਹ ਚੰਗੀ ਕੀਮਤ ਤੇ ਹੱਥੋਂ-ਹੱਥ ਵਿਕ ਜਾਂਦੇ ਹਨ। ਇਹ ਕਿਸਾਨ ਵੀਰ ਕਣਕ ਦੀ ਬੰਸੀ ਗੋਲਡ ਕਿਸਮ ਉਗਾਉਂਦਾ ਹੈ ਜਿਹੜੀ ਕਿ ਪੰਜਾਬ ਐਗਰੀ ਐਕਸਪੌਰਟ ਕਾਰਪੌਰੇਸ਼ਨ ਲਿਮਟਿਡ ਵਲੋਂ ਅਧਿਕਾਰਕ ਤੌਰ ਤੇ ਆਰਗੈਨਿਕ ਵ੍ਹੀਟ (ਜੈਵਿਕ ਕਣਕ) ਵਜੋਂ ਪ੍ਰਮਾਣਿਤ ਕੀਤੀ ਗਈ ਹੈ ਜਿਸ ਦਾ ਉਸ ਨੂੰ 4100/- ਰੁਪਏ ਪ੍ਰਤੀ ਕੁਇੰਟਲ ਮੁੱਲ ਮਿਲ ਜਾਂਦਾ ਹੈ।
ਉਹ ਪੁਰਾਣੇ ਖੂਹਾਂ ਨੂੰ ਵਾਟਰ ਰਿਚਾਰਜ਼ ਅਤੇ ਤੁਪਕਾ ਸਿੰਚਾਈ ਵਰਗੀਆਂ ਤਕਨੀਕਾਂ ਅਪਣਾ ਕੇ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਕਰਨ ਦੀ ਹਾਮੀ ਵੀ ਭਰਦਾ ਹੈ। ਉਸ ਨੇ 4 ਗਊਆਂ ਅਤੇ 1 ਮੱਝ ਵੀ ਰੱਖੀ ਹੋਈ ਹੈ ਜਿਨਾਂ ਤੋਂ ਪੈਦਾ ਹੋਏ ਦੁੱਧ ਨਾਲ ਘਰ ਦੀ ਜਰੂਰਤ ਵੀ ਪੂਰੀ ਹੋ ਜਾਂਦੀ ਹੈ ਅਤੇ ਵਾਧੂ ਦੁੱਧ ਤੋਂ ਦੇਸੀ ਘਿਓ ਵੀ ਤਿਆਰ ਕਰ ਕੇ ਵੇਚ ਦਿੰਦਾ ਹੈ।
ਅੱਜ ਇਹ ਕਿਸਾਨ ਵੀਰ ਜ਼ਿਲ੍ਹੇ ਦੇ ਹੋਰਨਾਂ ਕਿਸਾਨ ਵੀਰਾਂ ਨੂੰ ਵੀ ਖੇਤੀ ਵਿਚ ਵਾਤਾਵਰਣ ਪੱਖੀ ਤਕਨੀਕਾਂ ਅਪਨਾਉਣ ਲਈ ਉਤਸਾਹਿਤ ਕਰ ਰਿਹਾ ਹੈ। ਸ. ਰਣਧੀਰ ਸਿੰਘ ਭੁੱਲਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਮਾਰਚ, 2024 ਵਿਚ ਆਯੋਜਿਤ ਕਿਸਾਨ ਮੇਲੇ ਦੌਰਾਨ ਜੈਵਿਕ ਖੇਤੀ ਵਿਚ ਆਪਣਾ ਯੋਗਦਾਨ ਪਾਉਣ ਸਦਕਾ “ਸੀ ਆਰ ਆਈ ਪੰਪਜ਼” ਪੁਰਸਕਾਰ ਨਾਲ ਨਵਾਜ਼ ਚੁੱਕੀ ਹੈ।
ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।
Summary in English: Sri Fatehgarh Sahib farmer Randhir Singh Bhullar reduced the cost of farming through Organic Method, shared the Profitable Formula