Progressive Farmer: ਪਿੰਡ ਹਮਜਾ, ਬਲਾਕ ਮਜੀਠਾ, ਜ਼ਿਲ੍ਹਾ ਸ਼ੀ ਅਮ੍ਰਿਤਸਰ ਸਾਹਿਬ ਦਾ ਵਸਨੀਕ ਇੱਕ ਨੌਜਵਾਨ ਕਿਸਾਨ ਹੈ ਅਮ੍ਰਿਤਪਾਲ ਸਿੰਘ ਜੋ ਕਿ ਇੱਕ ਸਫ਼ਲ ਕਿਸਾਨ ਦੇ ਤੌਰ ਤੇ ਆਪਣੀ ਇੱਕ ਵਿਲੱਖਣ ਪਹਿਚਾਣ ਬਣਾਅ ਚੁਕਾ ਹੈ। ਖੇਤੀਬਾੜੀ ਇਸਦਾ ਪਿਤਾ ਪੁਰਖੀ ਧੰਦਾ ਹੈ ਅਤੇ ਇਹ ਆਪਣੀ ਬਹੁਤ ਘੱਟ ਭਾਵ 15 ਏਕੜ ਦੇ ਲਗਭਗ ਜ਼ਮੀਨ ਉੱਤੇ ਖੇਤੀ ਕਰਦਾ ਹੈ ਪਰ ਇਸ ਥੋੜੀ ਜ਼ਮੀਂਨ ਉੱਤੇ ਪੂਰੀ ਮਿਹਨਤ, ਸੂਝਬੂਝ ਅਤੇ ਤਕਨੀਕ ਨਾਲ ਖੇਤੀ ਕਰ ਚੰਗੀ ਚੋਖੀ ਆਮਦਨ ਪ੍ਰਾਪਤ ਕਰ ਰਿਹਾ ਹੈ।
ਮੁੱਖ ਤੌਰ ਤੇ ਇਹ ਝੋਨੇ ਤੋਂ ਇਲਾਵਾ ਬਾਸਮਤੀ, ਸਰੋਂ, ਤੋਰੀਆ, ਛੋਲੇ, ਮਸਰ, ਕਮਾਦ, ਆਲੂ, ਬੈਂਗਣ, ਫੁੱਲ ਗੋਭੀ, ਬੰਦ ਗੋਭੀ, ਮੇਥੀ, ਗਾਜਰ, ਸ਼ਲਗ਼ਮ, ਬੈਂਗਣ, ਮਟਰ, ਲੱਸਣ, ਪਿਆਜ਼, ਭਿੰਡੀ, ਹਲੂਆ ਕੱਦੂ, ਪੇਠਾ, ਟਮਾਟਰ, ਸ਼ਿਮਲਾ ਮਿਰਚ, ਹਰੀ ਮਿਰਚ, ਹਲਦੀ, ਪੁਦੀਨਾਂ, ਧਨੀਆਂ, ਖੀਰਾ, ਤਰ, ਕਰੇਲਾ ਆਦਿ ਦੀ ਕਾਸ਼ਤ ਕਰਦਾ ਹੈ। ਕੁਝ ਫ਼ਲਦਾਰ ਬੂਟੇ ਵੀ ਇਸ ਨੇ ਲਗਾਏ ਹੋਏ ਹਨ ਜਿਵੇਂ ਕਿੰਨੂੰ, ਚੀਕੂ, ਅਮਰੂਦ, ਅਨਾਰ, ਕੇਲਾ, ਜਾਮਣ, ਅੰਬ, ਨਿੰਬੂ ਆਦਿ।
ਖੇਤੀਬਾੜੀ ਨੂੰ ਆਧੁਨਿਕ ਬਣਾਉਣ ਲਈ ਇਸ ਦੇ ਕੋਲ ਵਧੀਆ ਖੇਤੀ ਮਸ਼ੀਨਰੀ ਵੀ ਹੈ ਜਿਵੇਂ ਟ੍ਰੈੱਕਟਰ, ਟ੍ਰਾਲੀ, ਵੱਟਾਂ ਬਣਾਉਣ ਵਾਲੀ ਮਸ਼ੀਨ, ਤਵੀਆਂ, ਸੁਹਾਗਾ, ਟ੍ਰੈਕਟਰ ਨਾਲ ਚੱਲਣ ਵਾਲਾ ਅਤੇ ਪਿੱਠੂ ਸਪਰੇਅ ਪੰਪ ਆਦਿ। ਆਪਣੀਆਂ ਫ਼ਸਲਾਂ ਦੀ ਵਧੀਆ ਸਿੰਚਾਈ ਕਰਨ ਲਈ ਅਮ੍ਰਿਤਪਾਲ ਸਿੰਘ ਨੇ ਆਪਣੇ ਖੇਤਾਂ ਵਿੱਚ ਟਿਊਬਵੈੱਲ ਤੋਂ ਇਲਾਵਾ ਤੁਪਕਾ ਅਤੇ ਫ਼ੁਆਰਾ ਸਿੰਚਾਈ ਤਕਨੀਕ ਦੀ ਵਰਤੋਂ ਵੀ ਕੀਤੀ ਹੋਈ ਹੈ ਜਿਸ ਨਾਲ ਧਰਤੀ ਹੇਠਲੇ ਪਾਣੀ ਦੇ ਡਿਗਦੇ ਪੱਧਰ ਨੂੰ ਉੱਚਾ ਚੁੱਕਣ ਵਿੱਚ ਇਹ ਬਹੁਤ ਮਦਦ ਕਰ ਰਿਹਾ ਹੈ।
ਖੇਤੀ ਜਿਣਸਾਂ ਦਾ ਵਧੀਆ ਮੰਡੀਕਰਨ ਕਰਨ ਲਈ ਇਹ ਆਪਣੇ ਪਿੰਡ ਤੋਂ ਇਲਾਵਾ ਮਜੀਠਾ, ਬਟਾਲਾ, ਅਮ੍ਰਿਤਸਰ ਆਦਿ ਮੰਡੀਆਂ ਵਿੱਚ ਆਪਣੀਆਂ ਖੇਤੀ ਜਿਣਸਾਂ ਲੈ ਕੇ ਜਾਂਦਾ ਹੈ। ਅਮ੍ਰਿਤਪਾਲ ਸਿੰਘ ਖੇਤੀ ਦੇ ਨਾਲ ਨਾਲ ਘਰੇਲੂ ਪੱਧਰ ਤੇ ਡੇਅਰੀ ਦੇ ਧੰਦੇ ਨਾਲ ਵੀ ਜੁੜਿਆ ਹੋਇਆ ਹੈ। ਇਸ ਦੇ ਕੋਲ ਕੁੱਲ 5 ਦੇ ਕਰੀਬ ਪਸ਼ੂ ਹਨ। ਇਹ ਪਸ਼ੂਆਂ ਦਾ ਦੁੱਧ ਘਰ ਵਰਤਦਾ ਹੈ ਅਤੇ ਵੱਧ ਜਾਣ ਤੇ ਉਸ ਨੂੰ ਵੇਚ ਵੀ ਲੈਂਦਾ ਹੈ। ਆਪਣੇ ਪਸ਼ੂਆਂ ਦੀ ਖ਼ੁਰਾਕ ਲਈ ਇਹ ਆਪਣੇ ਖੇਤਾਂ ਵਿੱਚ ਹੀ ਪਸ਼ੂਆਂ ਦੇ ਚਾਰੇ ਦੀ ਕਾਸ਼ਤ ਵੀ ਕਰਦਾ ਹੈ ਜਿਵੇਂ ਮੱਕੀ, ਬਰਸੀਨ ਆਦਿ। ਇਸ ਨੇ ਆਪਣੇ ਪਸ਼ੂਆਂ ਦੀ ਵਧੀਆ ਖ਼ੁਰਾਕ ਲਈ ਚਾਰੇ ਦੇ ਅਚਾਰ ਦਾ ਵੀ ਵਧੀਆ ਪ੍ਰਬੰਧ ਕੀਤਾ ਹੋਇਆ ਹੈ।
ਅਮ੍ਰਿਤਪਾਲ ਸਿੰਘ ਨੇ ਖੇਤੀ ਸਹਾਇਕ ਧੰਦਿਆਂ ਵਿੱਚ ਡੇਅਰੀ ਦੇ ਨਾਲ ਨਾਲ ਮੌਸਮੀ ਸਬਜ਼ੀਆਂ ਦੇ ਮਿਆਰੀ ਬੀਜ ਦੀਆਂ ਵਧੀਆ ਪਨੀਰੀਆਂ ਤਿਆਰ ਕਰਕੇ ਵੇਚਣਾ, ਖੁੰਬਾਂ ਵਿੱਚ ਖਾਸਕਰ ਢੀਂਗਰੀ ਅਤੇ ਬਟਨ ਖੂੰਬ ਦੀ ਕਾਸ਼ਤ ਵੀ ਕਰਦਾ ਹੈ। ਅਮ੍ਰਿਤਪਾਲ ਸਿੰਘ ਆਪਣੇ ਜ਼ਿਲ੍ਹੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਖੇਤੀਬਾੜੀ ਵਿਭਾਗ, ਬਾਗ਼ਬਾਨੀ ਵਿਭਾਗ, ਸਹਿਕਾਰੀ ਸਭਾ ਦੇ ਨਾਲ ਪੂਰੀ ਤਰਾਂ ਨਾਲ ਜੁੜਿਆ ਹੋਇਆ ਹੈ। ਅਮ੍ਰਿਤਪਾਲ ਸਿੰਘ ਨੇ ਖੇਤੀਬਾੜੀ ਵਿੱਚ ਕਈ ਤਰਾਂ ਦੀਆਂ ਖੋਜਾਂ ਵੀ ਕੀਤੀਆਂ ਹਨ ਜਿਨਾਂ ਵਿੱਚ ਟਮਾਟਰ ਦੀ ਫ਼ਸਲ ਵਿੱਚ ਟ੍ਰੈਕਟਰ ਨਾਲ ਚੱਲਣ ਵਾਲੀ ਇੱਕ ਗੁਡਾਈ ਦੀ ਮਸ਼ੀਨ ਬਣਾਈ ਹੈ ਜਿਸ ਨਾਲ ਖੇਤੀਬਾੜੀ ਵਿੱਚ ਇਸ ਨੂੰ ਬਹੁਤ ਲਾਭ ਮਿਲਿਆ ਹੈ।
ਅਮ੍ਰਿਤਪਾਲ ਸਿੰਘ ਨੇ ਬਹੁਤ ਸਮਾਂ ਪਹਿਲਾਂ ਤੋਂ ਹੀ ਫ਼ਸਲ ਵਿਭਿੰਨਤਾ ਦੇ ਚਲਦੇ ਕਣਕ ਦੀ ਕਾਸ਼ਤ ਕਰਨੀ ਬੰਦ ਕਰ ਦਿੱਤੀ ਅਤੇ ਟਮਾਟਰ ਦੀ ਖੇਤੀ ਵਲ ਸਭ ਤੋਂ ਵੱਧ ਤਰਜੀਹ ਦਿੱਤੀ। ਇਸ ਤੋਂ ਇਲਾਵਾ ਇਸ ਨੇ ਜੈਵਿਕ ਖੇਤੀ ਕਰਨ ਵਿੱਚ ਵੀ ਬਹੁਤ ਕੰਮ ਕੀਤਾ ਹੈ ਅਤੇ ਇਸ ਨੇ ਆਪਣੀ ਖੇਤੀ ਵਿੱਚ ਵਧੇਰੇ ਫ਼ਸਲਾਂ ਦੀ ਬਿਜਾਈ ਕੁਦਰਤੀ ਢੰਗ ਨਾਲ ਹੀ ਕੀਤੀ ਹੋਈ ਹੈ। ਵਾਤਾਵਰਣ ਦੀ ਸੰਭਾਲ ਨੂੰ ਦੇਖਦੇ ਹੋਏ ਅਮ੍ਰਿਤਪਾਲ ਸਿੰਘ ਆਪਣੇ ਖੇਤਾਂ ਦੀ ਪਰਾਲੀ ਅਤੇ ਰਹਿੰਦ ਖੂਹੰਦ ਨੂੰ ਖੇਤਾਂ ਵਿੱਚ ਅੱਗ ਨਹੀਂ ਲਗਾਉਂਦਾ ਸਗੋਂ ਉਸ ਦੀ ਖਾਦ ਅਤੇ ਪਰਾਲੀ ਦੀ ਤੂੜੀ ਬਣਾ ਕੇ ਪਸ਼ੂਆ ਨੂੰ ਚਾਰੇ ਦੇ ਤੌਰ ਤੇ ਵਰਤਦਾ ਹੈ।
ਇਹ ਵੀ ਪੜੋ: Progressive Farmers: ਪੰਜਾਬ ਦੇ ਇਨ੍ਹਾਂ ਕਿਸਾਨਾਂ ਨੂੰ ਮਿਲੇ MFOI Award 2024 ਵਿੱਚ ਜ਼ਿਲ੍ਹਾ ਪੱਧਰੀ ਅਵਾਰਡ
ਆਪਣੇ ਪਸ਼ੂਆਂ ਦੇ ਗੋਬਰ ਨੂੰ ਅਮ੍ਰਿਤਪਾਲ ਸਿੰਘ ਆਪਣੇ ਖੇਤਾਂ ਵਿੱਚ ਦੇਸੀ ਰੂੜੀ ਦੇ ਤੌਰ ਤੇ ਆਪਣੀਆਂ ਫ਼ਸਲਾਂ ਵਿੱਚ ਪਾਉਂਦਾ ਹੈ ਅਤੇ ਜਿਸ ਨਾਲ ਉਸ ਨੂੰ ਹੋਰ ਵਧੇਰੇ ਰਸਾਇਣਿਕ ਖਾਦਾਂ ਪਾਉਣ ਦੀ ਲੋੜ ਹੀ ਨਹੀਂ ਪੈਂਦੀ ਅਤੇ ਫ਼ਸਲਾਂ ਦਾ ਝਾੜ ਵੀ ਉਮੀਂਦ ਤੋਂ ਕਿਤੇ ਜ਼ਿਆਦਾ ਆਉਂਦਾ ਹੈ। ਆਪਣੀ ਖੇਤੀ ਨੂੰ ਵਧੀਆ ਬਣਾਉਣ ਲਈ ਇਹ ਸਮੇਂ ਸਮੇਂ ਆਪਣੇ ਖੇਤਾਂ ਦੀ ਮਿੱਟੀ ਦੀ ਪਰਖ਼ ਵੀ ਕਰਵਾਉਂਦਾ ਰਹਿੰਦਾ ਹੈ। ਖੇਤੀ ਵਿੱਚ ਵਧੀਆ ਕਾਰਗੁਜ਼ਾਰੀ ਕਰਨ ਕਰਕੇ ਇਸ ਨੂੰ ਪੰਜਾਬ ਖੇਤੀਬਾੜੀ ਅਤੇ ਵੈਟਨਰੀ ਯੂਨੀਵਰਸਿਟੀ ਲੁਧਿਆਣਾ, ਖੇਤੀਬਾੜੀ ਵਿਭਾਗ, ਬਾਗਬਾਨੀ ਵਿਭਾਗ, ਸਹਿਕਾਰੀ ਸਭਾਵਾਂ ਅਤੇ ਰਾਜ ਦੇ ਹੋਰ ਕਈ ਸਰਕਾਰੀ ਅਤੇ ਗੈਰਸਰਕਾਰੀ ਮਹਿਕਮਿਆਂ ਅਤੇ ਸੰਸਥਾਵਾਂ ਵੱਲੋਂ ਸਮੇਂ ਸਮੇਂ ਪਿੰਡ, ਜਿਲ੍ਹਾ ਅਤੇ ਰਾਜ ਪੱਧਰ ਦੇ ਉੱਚ ਅਧਿਕਾਰੀਆਂ ਵੱਲੋਂ ਹੱਲਾ-ਸ਼ੇਰੀ ਅਤੇ ਸ਼ਾਬਾਸ਼ੀ ਵੀ ਮਿਲਦੀ ਰਹਿੰਦੀ ਹੈ।
ਬਾਗ਼ਬਾਨੀ ਵਿਭਾਗ ਵੱਲੋਂ ਇਸ ਨੂੰ ਇੱਕ ਪੈਕ ਹਾਊਸ ਦੀ ਸੁਵਿਧਾ ਵੀ ਪ੍ਰਾਪਤ ਹੈ ਜਿਸ ਦੀ ਮਦਦ ਨਾਲ ਇਹ ਟਮਾਟਰ ਅਤੇ ਹੋਰ ਫ਼ਸਲਾਂ ਦੀ ਵਧੀਆ ਸਾਂਭ ਸੰਭਾਲ ਅਤੇ ਪੈਕਿੰਗ ਕਰਕੇ ਆਪਣੀ ਆਮਦਨ ਵਿੱਚ ਵਾਧਾ ਕਰ ਰਿਹਾ ਹੈ। ਅਮ੍ਰਿਤਪਾਲ ਸਿੰਘ ਪੰਜਾਬ ਖੇਤੀਬਾੜੀ ਅਤੇ ਵੈਟਨਰੀ ਯੂਨੀਵਰਸਿਟੀ ਲੁਧਿਆਣਾ, ਡੇਅਰੀ ਵਿਭਾਗ, ਖੇਤੀਬਾੜੀ ਵਿਭਾਗ, ਬਾਗਬਾਨੀ ਵਿਭਾਗ ਅਤੇ ਹੋਰ ਕਈ ਸਰਕਾਰੀ ਅਤੇ ਗੈਰਸਰਕਾਰੀ ਖੇਤੀ ਸੰਸਥਾਵਾਂ ਵਲੋਂ ਲਗਾਏ ਜਾਂਦੇ ਕਿਸਾਨ ਮੇਲਿਆਂ, ਕੈਂਪਾਂ ਅਤੇ ਸੈਮੀਨਾਰਾਂ ਵਿੱਚ ਵੀ ਭਾਗ ਲੈਂਦਾ ਹੈ। ਖੇਤੀਬਾੜੀ ਅਤੇ ਬਾਗ਼ਬਾਨੀ ਸੰਬੰਧੀ ਜਾਣਕਾਰੀ ਵਿੱਚ ਹੋਰ ਵਾਧਾ ਕਰਨ ਲਈ ਇਹ ਖੇਤੀ ਸਾਹਿਤ ਵੀ ਪੜ੍ਹਦਾ ਹੈ ਜਿਵੇਂ ਐੱਮ. ਏ. ਸੀ. ਕ੍ਰਿਸ਼ੀ ਜਾਗਰਣ ਅਤੇ ਚੰਗੀ ਖੇਤੀ ਆਦਿ। ਇਸ ਨੂੰ ਖੇਤੀ ਵਿੱਚ ਨਵੀਆਂ ਖੋਜਾਂ ਕਰਦੇ ਰਹਿਣ ਦਾ ਹਮੇਸ਼ਾਂ ਸ਼ੌਂਕ ਰਹਿੰਦਾ ਹੈ। ਅਸੀਂ ਅਮ੍ਰਿਤਪਾਲ ਸਿੰਘ ਨੂੰ ਖੇਤੀਬਾੜੀ ਵਿੱਚ ਹੋਰ ਉਚੇਰੀ ਸਫ਼ਲਤਾ ਹਾਸਲ ਕਰਨ ਲਈ ਸ਼ੁਭ ਇੱਛਾਵਾਂ ਭੇਂਟ ਕਰਦੇ ਹਾਂ।
ਸਰੋਤ: ਦਿਨੇਸ਼ ਦਮਾਥੀਆ
ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।
Summary in English: Success Story: Farmer Amritpal Singh, who earned more income from less land