1. Home
  2. ਸਫਲਤਾ ਦੀਆ ਕਹਾਣੀਆਂ

ਪੰਜਾਬ ਦੀਆਂ Top 5 Women Farmers ਦੀ ਸੰਘਰਸ਼ ਅਤੇ ਮਿਹਨਤ ਦੀ Success Story, ਕਈ ਔਂਕੜਾਂ ਤੋਂ ਬਾਅਦ ਵੀ ਨਹੀਂ ਮੰਨੀ ਹਾਰ, ਰੱਚ ਦਿੱਤੀ ਸਫਲਤਾ ਦੀ ਵੱਖਰੀ ਮਿਸਾਲ

ਸਾਡੀ ਜ਼ਿੰਦਗੀ ਵਿੱਚ ਕਈ ਅਜਿਹੇ ਮੋੜ ਆਉਂਦੇ ਹਨ ਜੋ ਸਾਨੂੰ ਬਹੁਤ ਵੱਡਾ ਸਬਕ ਸਿਖਾਉਂਦੇ ਹਨ ਜਾਂ ਇੰਜ ਕਹਿ ਸਕਦੇ ਹਾਂ ਕਿ ਕਿਸੇ ਮੰਜ਼ਿਲ ਤੱਕ ਪਹੁੰਚਣ ਲਈ ਕੁਦਰਤ ਪਹਿਲਾਂ ਤੋਂ ਹੀ ਇੱਕ ਰਸਤਾ ਤਿਆਰ ਕਰ ਦਿੰਦੀ ਹੈ, ਚਾਹੇ ਉਹ ਕਿੰਨੀਆਂ ਵੀ ਮੁਸ਼ਕਿਲਾਂ ਨਾਲ ਭਰਿਆ ਹੋਵੇ, ਪਰ ਇਕ ਵਾਰ ਜਦੋਂ ਅਸੀਂ ਉਨ੍ਹਾਂ ਮੁਸ਼ਕਿਲਾਂ ਨੂੰ ਪਾਰ ਕਰ ਲੈਂਦੇ ਹਾਂ, ਤਾਂ ਸਫਲਤਾ ਆਪਣੇ ਆਪ ਕਦਮ ਚੁੱਮਦੀ ਹੈ। ਕੁਝ ਅਜਿਹੀਆਂ ਹੀ ਕਹਾਣੀਆਂ ਹਨ ਪੰਜਾਬ ਦੀਆਂ ਇਨ੍ਹਾਂ ਮਹਿਲਾ ਕਿਸਾਨਾਂ ਅਤੇ ਉੱਦਮੀਆਂ ਦੀਆਂ, ਜੋ ਆਪਣੇ ਸੰਘਰਸ਼ ਅਤੇ ਮਿਹਨਤ ਦੇ ਬਲਬੂਤੇ ਅੱਜ ਮਿਸਾਲ ਬਣੀਆਂ ਹੋਈਆਂ ਹਨ।

Gurpreet Kaur Virk
Gurpreet Kaur Virk
ਮਹਿਲਾ ਸਸ਼ਕਤੀਕਰਨ ਦੀ ਮਿਸਾਲ ਅਤੇ ਇੱਕ ਵਧੀਆ ਲੀਡਰ

ਮਹਿਲਾ ਸਸ਼ਕਤੀਕਰਨ ਦੀ ਮਿਸਾਲ ਅਤੇ ਇੱਕ ਵਧੀਆ ਲੀਡਰ

Women Farmers of Punjab: ਕਿਸਾਨ! ਇਹ ਨਾਮ ਆਪਣੇ ਆਪ ਵਿੱਚ ਉਸ ਕੰਮ ਦਾ ਵਰਣਨ ਕਰਨ ਲਈ ਕਾਫੀ ਹੈ ਜਿਸ ਬਾਰੇ ਅਸੀਂ ਗੱਲ ਕਰ ਰਹੇ ਹਾਂ। ਕਿਸਾਨ ਉਹ ਹਨ ਜੋ ਆਪਣੇ ਖੂਨ ਪਸੀਨੇ ਨਾਲ ਧਰਤੀ ਨੂੰ ਸਿੰਜਦੇ ਹਨ। ਬਰਸਾਤ ਹੋਵੇ, ਗਰਮੀ ਹੋਵੇ ਜਾਂ ਸਰਦੀ, ਕਿਸਾਨ ਹਰ ਮੌਸਮ ਵਿੱਚ ਨਿਡਰ ਹੋ ਕੇ ਖੜ੍ਹੇ ਰਹਿੰਦੇ ਹਨ। ਸਿਰਫ਼ ਖੇਤੀ ਹੀ ਨਹੀਂ, ਸਗੋਂ ਪਸ਼ੂ ਪਾਲਣ, ਮੱਛੀ ਪਾਲਣ ਅਤੇ ਮਧੂ ਮੱਖੀ ਪਾਲਣ ਵੀ ਹੁਣ ਕਿਸਾਨਾਂ ਦੇ ਰੁਜ਼ਗਾਰ ਦੇ ਸਾਧਨ ਬਣ ਗਏ ਹਨ।

ਖਾਸ ਤੌਰ 'ਤੇ ਜਦੋਂ ਕਿਸਾਨ ਬੀਬੀਆਂ ਦੀ ਗੱਲ ਆਉਂਦੀ ਹੈ, ਤਾਂ ਖੇਤੀ ਦੇ ਨਾਲ-ਨਾਲ ਇਹ ਔਰਤਾਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਵੀ ਬਾਖੂਬੀ ਢੰਗ ਨਾਲ ਨਿਭਾਉਂਦੀਆਂ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਪੰਜਾਬ ਦੀਆਂ ਕੁਝ ਅਜਿਹੀਆਂ ਮਹਿਲਾ ਕਿਸਾਨਾਂ ਅਤੇ ਉੱਦਮੀਆਂ ਬਾਰੇ ਜਾਣੂ ਕਰਵਾਉਣ ਜਾ ਰਹੇ ਹਾਂ, ਜੋ ਆਪਣੇ ਸੰਘਰਸ਼ ਅਤੇ ਮਿਹਨਤ ਦੇ ਬਲਬੂਤੇ ਮਿਸਾਲ ਬਣੀਆਂ ਹੋਈਆਂ ਹਨ।

ਅਮਰਜੀਤ ਕੌਰ ਚੰਦੀ, ਕਪੂਰਥਲਾ (Amarjeet Kaur Chandi, Kapurthala)

ਅਮਰਜੀਤ ਕੌਰ ਚੰਦੀ, ਕਪੂਰਥਲਾ (Amarjeet Kaur Chandi, Kapurthala)

1. ਅਮਰਜੀਤ ਕੌਰ ਚੰਦੀ, ਕਪੂਰਥਲਾ (Amarjeet Kaur Chandi, Kapurthala)

ਬੀਬੀ ਅਮਰਜੀਤ ਕੌਰ ਚੰਦੀ, ਸੁਪਤਨੀ ਸ. ਸਰਵਣ ਸਿੰਘ ਚੰਦੀ, ਪਿੰਡ ਬੂਲਪੁਰ ਜ਼ਿਲ੍ਹਾ ਕਪੂਰਥਲਾ, ਜਿਨ੍ਹਾਂ ਨੇ ਆਪਣੇ ਵਿਆਹ ਤੋਂ ਬਾਅਦ ਆਪਣੇ ਪਰਿਵਾਰ ਦੀ ਆਮਦਨ ਨੂੰ ਹੋਰ ਵਧਾਉਣ ਲਈ ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ ਇੱਕ ਮਿਸਾਲ ਕਾਇਮ ਕੀਤੀ ਹੈ, ਜਿਸ ਦਾ ਸਬੂਤ ਉਨ੍ਹਾਂ ਵੱਲੋਂ ਕੀਤੇ ਕੰਮਾਂ ਤੋਂ ਆਪ-ਮੁਹਾਰੇ ਹੀ ਮਿਲ ਜਾਂਦਾ ਹੈ। ਅਮਰਜੀਤ ਕੌਰ ਚੰਦੀ ਨੇ ਮਾਰਚ 1995 ਵਿੱਚ ਸ਼ਹਿਦ ਮੱਖੀਆਂ ਪਾਲਣ ਦੀ ਟ੍ਰੇਨਿੰਗ ਲੈ ਕੇ ਅਪ੍ਰੈਲ 1995 ਵਿੱਚ ਮਧੂ ਮੱਖੀ ਪਾਲਣ ਦਾ ਧੰਦਾ ਸ਼ੁਰੂ ਕਰ ਲਿਆ। ਕਿਉਂਕਿ ਚੰਦੀ ਪਰਿਵਾਰ ਰਵਾਇਤੀ ਖੇਤੀ ਦੇ ਨਾਲ-ਨਾਲ ਸਬਜ਼ੀਆਂ ਅਤੇ ਤੇਲ ਬੀਜ ਫਸਲਾਂ ਦੀ ਖੇਤੀ ਤਾਂ ਪਹਿਲਾਂ ਹੀ ਕਰਦਾ ਸੀ, ਸ਼ਹਿਦ ਮੱਖੀਆਂ ਵਾਸਤੇ ਚੰਗੇ ਫੁੱਲ-ਫਲਾਕੇ ਨਾਲ ਇਸ ਧੰਦੇ ਨੂੰ ਹੋਰ ਉਤਸ਼ਾਹ ਮਿਲਿਆ। ਵੇਖਦਿਆਂ ਹੀ ਵੇਖਦਿਆਂ 50 ਕਲੋਨੀਆਂ ਤੋਂ ਸ਼ੁਰੂ ਕੀਤਾ ਸਫਰ 400 ਕਲੋਨੀਆਂ ਤੱਕ ਪਹੁੰਚ ਗਿਆ। ਇਸ ਤੋਂ ਬਾਅਦ ਇੰਨ੍ਹਾਂ ਨੇ 1996 ਵਿੱਚ ਇੱਕ ਸੈਲਫ ਹੈਲਪ ਗਰੁੱਪ ਚੰਦੀ ਉਦਯੋਗ ਸਮਿਤੀ ਬਣਾਇਆ। ਇਸ ਗਰੁੱਪ ਦੇ ਬਣਨ ਨਾਲ ਦਸ ਹੋਰ ਲੋਕਾਂ ਨੂੰ ਰੋਜ਼ਗਾਰ ਮਿਲਿਆ।

ਸੰਨ 2005 ਵਿੱਚ ਇੱਕ ਹੋਰ ਸੈਲਫ ਹੈਲਪ ਗਰੁੱਪ ਬੇਬੇ ਨਾਨਕੀ ਬਣਾਇਆ ਗਿਆ। ਇਸ ਤੋਂ ਬਾਅਦ ਇਨ੍ਹਾਂ ਨੇ ਅਚਾਰ-ਚੱਟਣੀ, ਹਲਦੀ ਪਾਊਡਰ ਅਤੇ ਕੱਚੀ ਹਲਦੀ ਤਿਆਰ ਕਰ ਕੇ ਵੇਚਣਾ ਸ਼ੁਰੂ ਕੀਤਾ ਅਤੇ ਉਸ ਵਿੱਚ ਵੀ ਵਧੀਆ ਮੁਨਾਫਾ ਕਮਾਇਆ। ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਅਤੇ ਮਿੱਟੀ ਦੀ ਸਿਹਤ ਸੰਭਾਲ ਵਿੱਚ ਵੀ ਇਹ ਆਪਣਾ ਯੋਗਦਾਨ ਪਾ ਰਹੇ ਹਨ। ਚੰਦੀ ਫਾਰਮ ਨੇ ਇਸ ਕਾਰੋਬਾਰ ਦੇ ਚਲਦਿਆਂ ਬਹੁਤ ਸਾਰੀਆਂ ਪ੍ਰਾਪਤੀਆਂ ਕੀਤੀਆਂ ਹਨ। ਚੰਦੀ ਫਾਰਮ ਤੋਂ ਹੁਣ ਤੱਕ ਪੰਜਾਬ ਅਤੇ ਹੋਰ ਸੂਬਿਆਂ ਤੋਂ 900 ਦੇ ਕਰੀਬ ਕਿਸਾਨ ਸ਼ਹਿਦ ਮੱਖੀ ਪਾਲਣ ਅਤੇ ਹੋਰ ਸਹਾਇਕ ਧੰਦਿਆਂ ਵਿੱਚ ਸਿਖਲਾਈ ਲੈ ਚੁੱਕੇ ਹਨ, ਜੋ ਕਿ ਆਪਣੇ ਆਪ ਵਿੱਚ ਇੱਕ ਮਿਸਾਲ ਹੈ।

ਮਨਜੀਤ ਕੌਰ, ਹੁਸ਼ਿਆਰਪੁਰ (Manjeet Kaur, Hoshiarpur)

ਮਨਜੀਤ ਕੌਰ, ਹੁਸ਼ਿਆਰਪੁਰ (Manjeet Kaur, Hoshiarpur)

2. ਮਨਜੀਤ ਕੌਰ, ਹੁਸ਼ਿਆਰਪੁਰ (Manjeet Kaur, Hoshiarpur)

ਪੰਜਾਬ ਦੇ ਹੁਸ਼ਿਆਰਪੁਰ ਦੇ ਪਿੰਡ ਨੀਲਾ ਨਲੋਆ ਦੇ ਰਹਿਣ ਵਾਲੇ ਮਨਜੀਤ ਕੌਰ ਦੀ ਸਫ਼ਲਤਾ ਦੀ ਕਹਾਣੀ ਇੱਕ ਬੇਹੱਦ ਦੁਖਦ ਮੋੜ ਤੋਂ ਬਾਅਦ ਸ਼ੁਰੂ ਹੋਈ। ਪਰ ਮਨਜੀਤ ਕੌਰ ਨੇ ਇਨ੍ਹਾਂ ਦੁੱਖ-ਤਕਲੀਫ਼ਾਂ ਦਾ ਢੱਟ ਕੇ ਸਾਹਮਣਾ ਕੀਤਾ ਅਤੇ ਆਪਣੀ ਕਰੜੀ ਮਿਹਨਤ, ਸੰਜਮ ਅਤੇ ਲਗਨ ਸਦਕਾ ਉਹ ਕਰ ਦਿਖਾਇਆ, ਜੋ ਕੋਈ ਸੋਚ ਵੀ ਨਹੀਂ ਸਕਤਾ ਸੀ। ਬੇਸ਼ਕ ਅੱਜ ਮਨਜੀਤ ਕੌਰ ਦਾ ਨਾਂ ਵਿਦੇਸ਼ਾਂ ਵਿੱਚ ਗੂੰਜ ਰਿਹਾ ਹੈ, ਪਰ 10ਵੀਂ ਪਾਸ ਮਨਜੀਤ ਕੌਰ ਦੇ ਹਾਲਾਤ ਅੱਜ ਤੋਂ ਕੁਝ ਸਾਲ ਪਹਿਲਾਂ ਅਜਿਹੇ ਨਹੀਂ ਸਨ। ਦਰਅਸਲ, ਮਨਜੀਤ ਕੌਰ ਦੇ ਆਰਥਿਕ ਹਾਲਾਤ ਬਹੁਤ ਖਰਾਬ ਸਨ। ਸਮੱਸਿਆ ਇਸ ਲਈ ਵੀ ਜ਼ਿਆਦਾ ਸੀ ਕਿਉਂਕਿ ਮਨਜੀਤ ਕੌਰ ਦੀ ਬੇਟੀ ਕੈਂਸਰ ਦੀ ਬਿਮਾਰੀ ਤੋਂ ਪੀੜਤ ਸੀ। ਜਦੋਂ ਉਹ ਡਾਕਟਰ ਕੋਲ ਗਏ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਫ਼ਸਲਾਂ ਵਿੱਚ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਾਰਨ ਕੈਂਸਰ ਦੇ ਮਾਮਲੇ ਵੱਧ ਰਹੇ ਹਨ। ਇਸ ਤੋਂ ਬਾਅਦ ਹੀ ਮਨਜੀਤ ਕੌਰ ਦੀ ਜ਼ਿੰਦਗੀ 'ਚ ਟਰਨਿੰਗ ਪੁਆਇੰਟ ਆਇਆ ਅਤੇ ਸ਼ੁਰੂ ਹੋਇਆ ਉਨ੍ਹਾਂ ਦੀ ਸਫਲਤਾ ਦਾ ਸਫ਼ਰਨਾਮਾ।

ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਬਾਰੇ ਸੁਣਕੇ ਮਨਜੀਤ ਕੌਰ ਅਤੇ ਉਨ੍ਹਾਂ ਦੇ ਪਰਿਵਾਰ ਦੀ ਸੋਚ 'ਤੇ ਗਹਿਰਾ ਪ੍ਰਭਾਅ ਪਇਆ ਅਤੇ ਉਨ੍ਹਾਂ ਦਾ ਝੁਕਾਅ ਜੈਵਿਕ ਖੇਤੀ ਵੱਲ ਹੋ ਗਿਆ। ਮਨਜੀਤ ਕੌਰ ਕੋਲ ਪਰਿਵਾਰ ਦਾ ਸਾਥ ਹੋਣ ਕਰਕੇ ਉਨ੍ਹਾਂ ਲਈ ਜੈਵਿਕ ਖੇਤੀ ਕਰਨਾ ਕਾਫੀ ਸੌਖਾ ਸੀ। ਹਾਲਾਂਕਿ, ਮਨਜੀਤ ਕੌਰ ਨੂੰ ਇਸ ਦੌਰਾਨ ਕਈ ਔਕੜਾਂ ਦਾ ਸਾਹਮਣਾ ਵੀ ਕਰਨਾ ਪਿਆ, ਪਰ ਉਨ੍ਹਾਂ ਨੇ ਹਾਰ ਨਹੀਂ ਮੰਨੀ। ਉਨ੍ਹਾਂ ਦੱਸਿਆ ਕਿ ਸ਼ੁਰੂਆਤ ਵਿੱਚ ਅਸੀਂ ਮਦਰ ਟੈਰੇਸਾ ਗਰੁੱਪ ਬਣਾਇਆ ਅਤੇ ਠੇਕੇ 'ਤੇ ਜ਼ਮੀਨ ਲੈ ਕੇ ਜੈਵਿਕ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਸੰਨ 2013 ਤੋਂ ਹੀ ਗੰਡੋਇਆਂ ਦੀ ਖਾਦ ਬਣਾ ਕੇ ਉਸ ਦੀ ਵਰਤੋਂ ਖੇਤ ਵਿੱਚ ਕੀਤੀ ਜਾ ਰਹੀ ਹੈ। ਸਾਲ 2019-20 ਵਿੱਚ 20-25 ਕੁਇੰਟਲ ਗੁੜ ਅਤੇ ਸ਼ੱਕਰ ਤਿਆਰ ਕੀਤਾ ਅਤੇ 75 ਕਿਲੋ ਅਚਾਰ ਤਿਆਰ ਕੀਤਾ ਅਤੇ ਕੁੱਲ ਲਾਭ 2.25 ਲੱਖ ਰੁਪਏ ਹੋਇਆ। ਸ਼ੁਰੂਆਤੀ ਔਕੜਾਂ ਤੋਂ ਬਾਅਦ ਮਨਜੀਤ ਕੌਰ ਅਤੇ ਉਨ੍ਹਾਂ ਦੇ ਪਤੀ ਨੇ ਜੈਵਿਕ ਖੇਤੀ, ਗੁੜ ਅਤੇ ਸ਼ੱਕਰ ਦੇ ਉਤਪਾਦਨ ਵਿੱਚ ਆਪਣੇ ਮੰਡੀਕਰਨ ਨਾਲ ਸਫਲਤਾ ਪ੍ਰਾਪਤ ਕਰ ਲਈ।

ਇਹ ਵੀ ਪੜ੍ਹੋ : National Award Winner ਸਫਲ ਕਿਸਾਨ ਗੁਰਮੀਤ ਸਿੰਘ

ਰੇਖਾ ਸ਼ਰਮਾ, ਹੁਸ਼ਿਆਰਪੁਰ (Rekha Sharma, Hoshiarpur)

ਰੇਖਾ ਸ਼ਰਮਾ, ਹੁਸ਼ਿਆਰਪੁਰ (Rekha Sharma, Hoshiarpur)

3. ਰੇਖਾ ਸ਼ਰਮਾ, ਹੁਸ਼ਿਆਰਪੁਰ (Rekha Sharma, Hoshiarpur)

ਇੱਕ ਮੱਧਵਰਗੀ ਪਰਿਵਾਰ ਵਿੱਚ ਪੈਦਾ ਹੋਈ ਕੁਮਾਰੀ ਰੇਖਾ ਸ਼ਰਮਾ, ਸਪੁੱਤਰੀ ਸ੍ਰੀ ਰਾਕੇਸ਼ ਕੁਮਾਰ, ਪਿੰਡ ਰਾਮਗੜ੍ਹ ਸੀਕਰੀ, ਤਹਿਸੀਲ ਮੁਕੇਰੀਆਂ, ਬਲਾਕ ਤਲਵਾੜਾ, ਜ਼ਿਲ੍ਹਾ ਹੁਸ਼ਿਆਰਪੁਰ ਦੀ ਜਾਗਰੂਕ ਅਤੇ ਉੱਦਮੀ ਮਹਿਲਾ ਕਿਸਾਨ ਦੀ ਸੰਘਰਸ਼ ਭਰੀ, ਪਰ ਸਫ਼ਲ ਕਹਾਣੀ ਉਨ੍ਹਾਂ ਦੇ ਸਕੂਲੀ ਦਿਨਾਂ ਤੋਂ ਸ਼ੁਰੂ ਹੁੰਦੀ ਹੈ। ਦਰਅਸਲ, ਰੇਖਾ ਆਪਣੀ 10ਵੀਂ ਜਮਾਤ ਦੀ ਪੜ੍ਹਾਈ ਦੌਰਾਨ ਜਦੋਂ ਚਰਿੱਤਰ ਸਰਟੀਫਿਕੇਟ ਲੈਣ ਲਈ ਇੱਕ ਦਫਤਰ ਪਹੁੰਚੀ, ਤਾਂ ਉੱਥੇ ਜੋ ਦੇਖਿਆ, ਉਸ ਨੇ ਰੇਖਾ ਦੇ ਮਨ ਨੂੰ ਝੰਜੋੜ ਕੇ ਰੱਖ ਦਿੱਤਾ। ਕ੍ਰਿਸ਼ੀ ਜਾਗਰਣ ਨਾਲ ਖ਼ਾਸ ਗੱਲਬਾਤ ਦੌਰਾਨ ਰੇਖਾ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਔਰਤ ਨੂੰ ਕੁਝ ਪੈਸਿਆਂ ਦੀ ਖ਼ਾਤਰ ਇੱਕ ਤਰਸਯੋਗ ਜੀਵਨ ਬਤੀਤ ਕਰਦਿਆਂ ਦੇਖਿਆ, ਜੋ ਉਨ੍ਹਾਂ ਦੇ ਲਈ ਇੱਕ ਦਿਲ ਕੰਬਾਊ ਸਮਾਂ ਸੀ। ਉਸ ਦਿਨ ਰੇਖਾ ਨੇ ਠਾਣ ਲਿਆ ਕਿ ਉਹ ਆਪਣੀ ਜ਼ਿੰਦਗੀ ਨੂੰ ਸਮਾਜ ਦੀਆਂ ਉਨ੍ਹਾਂ ਔਰਤਾਂ ਦੇ ਉਤਥਾਨ ਲਈ ਸਮਰਪਿਤ ਕਰ ਦੇਣਗੇ, ਜਿਨ੍ਹਾਂ ਨੂੰ ਆਪਣੀ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਲਈ ਥਾਂ-ਥਾਂ ਧੱਕੇ ਖਾਣੇ ਪਹਿੰਦੇ ਹਨ।

ਰੇਖਾ ਸ਼ਰਮਾ ਦਾ ਕਹਿਣਾ ਹੈ ਕਿ ਅਸੀਂ ਕੁਦਰਤੀ ਖੇਤੀ ਕਰਨ ਦੇ ਨਾਲ-ਨਾਲ ਸਮਾਜ ਵਿੱਚ ਲੋਕ ਜਾਗਰੂਕਤਾ ਦਾ ਕੰਮ ਵੀ ਕਰਦੇ ਹਾਂ। ਅਸੀਂ ਲੋਕਾਂ ਨੂੰ ਦੱਸਦੇ ਹਾਂ ਕਿ ਰੋਜ਼ਾਨਾ ਇਨ੍ਹਾਂ ਉਤਪਾਦਾਂ ਦੀ ਵਰਤੋਂ ਕਰਕੇ ਕਈ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਅਸੀਂ ਆਪਣੇ ਉਤਪਾਦਾਂ ਦੀ ਖੁਦ ਮਾਰਕੀਟਿੰਗ ਕਰਦੇ ਹਾਂ ਅਤੇ ਉਨ੍ਹਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਗਾਹਕਾਂ ਲਈ ਉਪਲਬਧ ਕਰਾਉਂਦੇ ਹਾਂ। ਰੇਖਾ ਸ਼ਰਮਾ ਦੱਸਦੇ ਹਨ ਕਿ ਅਸੀਂ ਇਨ੍ਹਾਂ ਉਤਪਾਦਾਂ ਨੂੰ ਕਿਸਾਨ ਮੇਲਿਆਂ ਰਾਹੀਂ ਅਤੇ ਸੋਸ਼ਲ ਮੀਡੀਆ ਅਤੇ ਈ-ਕਾਮਰਸ ਪਲੇਟਫਾਰਮਾਂ ਰਾਹੀਂ ਵੀ ਵੇਚਦੇ ਹਾਂ।

ਇਹ ਵੀ ਪੜ੍ਹੋ : Naturalization of Agriculture: ਖੇਤੀ ਦਾ ਕੁਦਰਤੀਕਰਨ ਵਕਤ ਦੀ ਲੋੜ

ਅਮਨਦੀਪ ਕੌਰ, ਸੰਗਰੂਰ (Amandeep Kaur, Sangrur)

ਅਮਨਦੀਪ ਕੌਰ, ਸੰਗਰੂਰ (Amandeep Kaur, Sangrur)

4. ਅਮਨਦੀਪ ਕੌਰ, ਸੰਗਰੂਰ (Amandeep Kaur, Sangrur)

ਪੰਜਾਬ ਦੇ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਪਿੰਡ ਕਨੋਈ ਦੀ 21 ਸਾਲਾ ਨੌਜਵਾਨ ਕੁੜੀ ਅਮਨਦੀਪ ਕੌਰ ਆਪਣੇ ਪਰਿਵਾਰ ਨਾਲ ਮਿਲ ਕੇ ਖੇਤੀ ਨੂੰ ਨਵੀਂ ਸੇਧ ਦੇਣ ‘ਚ ਜੁਟੀ ਹੋਈ ਹੈ। ਅਮਨਦੀਪ ਕੌਰ ਨੇ ਖੇਤੀਬਾੜੀ ਵਿੱਚ ਹੱਥੀਂ ਕੰਮ ਕਰਨ ਦੀ ਅਜਿਹੀ ਮਿਸਾਲ ਸਿਰਜੀ ਹੈ ਜਿਸ ਨਾਲ ਉਹ ਨਾ ਸਿਰਫ ਹੋਰਨਾਂ ਕੁੜੀਆਂ ਲਈ ਮਾਰਗ ਦਰਸ਼ਕ ਬਣ ਕੇ ਉਭਰੀ ਹੈ, ਸਗੋਂ ਪੰਜਾਬ ਦੇ ਉਨ੍ਹਾਂ ਹਜ਼ਾਰਾਂ ਨੌਜਵਾਨਾਂ ਲਈ ਵੀ ਇੱਕ ਵਧੀਆ ਮਿਸਾਲ ਪੇਸ਼ ਕੀਤੀ ਹੈ ਜੋ ਆਪਣੇ ਖੇਤਾਂ ‘ਚ ਕੰਮ ਕਰਨ ਦੀ ਬਜਾਏ ਵਿਦੇਸ਼ਾਂ ‘ਚ ਜਾ ਕੇ ਮਜ਼ਦੂਰੀ ਕਰ ਰਹੇ ਹਨ। ਅਮਨਦੀਪ ਕੌਰ ਆਪਣੇ ਪਿਤਾ ਸ. ਹਰਮਿਲਾਪ ਸਿੰਘ ਤੂਰ ਦੇ ਨਾਲ 37 ਏਕੜ ਜ਼ਮੀਨ ਵਿੱਚ ਖੇਤੀ ਕਰਦੀ ਹੈ। ਉਸ ਦਾ ਵੱਡਾ ਭਰਾ ਚੰਡੀਗੜ੍ਹ ਵਿਖੇ ਪੜਾਈ ਕਰਦਾ ਹੈ ਅਤੇ ਉੱਥੇ ਹੀ ਰਹਿੰਦਾ ਹੈ।

ਅਮਨਦੀਪ ਕੌਰ ਖਾਲਸਾ ਕਾਲਜ, ਪਟਿਆਲਾ ਵਿਖੇ ਫੂਡ ਪ੍ਰੋਸੈਸਿੰਗ ਵਿਸ਼ੇ ਵਿੱਚ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਹੀ ਹੈ। ਪਰ ਇਸ ਤੋਂ ਪਹਿਲਾਂ ਜਦੋਂ ਉਸ ਨੇ 12ਵੀਂ ਜਮਾਤ ਪਾਸ ਕੀਤੀ ਤਾਂ ਉਸ ਮੌਕੇ ਆਈਲਟਸ ਵਿਚੋਂ 6.5 ਬੈਂਡ ਲੈ ਕੇ ਉਸ ਨੇ ਵਿਦੇਸ਼ ਜਾਣ ਦੀ ਤਿਆਰੀ ਕੀਤੀ ਸੀ। ਉਸ ਮੌਕੇ ਉਸ ਦਾ ਆਫਰ ਲੈਟਰ ਵੀ ਆ ਗਿਆ ਸੀ ਅਤੇ ਮੈਡੀਕਲ ਸਮੇਤ ਹੋਰ ਕਾਰਵਾਈਆਂ ਵੀ ਮੁਕੰਮਲ ਹੋ ਗਈਆਂ ਸਨ। ਪਰ ਐਨ ਮੌਕੇ ਉਸ ਨੇ ਆਪਣੇ ਪਰਿਵਾਰ ਨਾਲ ਸਲਾਹ ਕਰ ਕੇ ਆਪਣਾ ਇਰਾਦਾ ਬਦਲ ਲਿਆ ਕਿਉਂਕਿ ਉਸ ਨੂੰ ਲੱਗਿਆ ਕਿ ਉਸ ਦੇ ਵਿਦੇਸ਼ ਜਾਣ ਤੋਂ ਬਾਅਦ ਉਸ ਦੇ ਪਿਤਾ ਖੇਤੀ ਵਿੱਚ ਇਕੱਲੇ ਰਹਿ ਜਾਣਗੇ। ਹੁਣ ਜਿੱਥੇ ਉਹ ਆਪਣੀ ਪੜ੍ਹਾਈ ਕਰ ਰਹੀ ਹੈ ਉੱਥੇ ਨਾਲ ਹੀ ਆਪਣੇ ਪਿਤਾ ਨਾਲ ਪੁੱਤਰ ਦੀ ਤਰ੍ਹਾਂ ਕੰਮ ਕਰਕੇ ਆਪਣੀ ਮਾਂ-ਭੂਮੀ ਅਤੇ ਪਰਿਵਾਰ ਦੀ ਸੇਵਾ ਦਾ ਆਨੰਦ ਵੀ ਮਾਣ ਰਹੀ ਹੈ।

ਇਹ ਵੀ ਪੜ੍ਹੋ : ਇਹ ਹਨ ਪੰਜਾਬ ਦੇ Top 5 Richest Farmers, ਖੇਤੀਬਾੜੀ ਤੋਂ ਕਮਾ ਰਹੇ ਹਨ ਕਰੋੜਾਂ ਰੁਪਏ

ਗੁਰਦੇਵ ਕੌਰ ਦਿਓਲ, ਲੁਧਿਆਣਾ (Gurdev Kaur Deol, Ludhiana)

ਗੁਰਦੇਵ ਕੌਰ ਦਿਓਲ, ਲੁਧਿਆਣਾ (Gurdev Kaur Deol, Ludhiana)

5. ਗੁਰਦੇਵ ਕੌਰ ਦਿਓਲ, ਲੁਧਿਆਣਾ (Gurdev Kaur Deol, Ludhiana)

ਇੱਕ ਪਾਸੇ ਜਿੱਥੇ ਦੇਸ਼ ਵਿੱਚ ਲਾਗਤ ਕਾਰਨ ਕਿਸਾਨ ਖੇਤੀ ਛੱਡ ਰਹੇ ਹਨ, ਦੂਜੇ ਪਾਸੇ ਇੱਕ ਅਜਿਹੀ ਔਰਤ ਵੀ ਹੈ ਜੋ ਸਰਕਾਰੀ ਨੌਕਰੀ ਛੱਡ ਕੇ ਖੇਤੀ ਤੋਂ ਲੱਖਾਂ ਰੁਪਏ ਕਮਾ ਰਹੀ ਹੈ। ਇਨ੍ਹਾਂ ਨੇ ਨਾ ਸਿਰਫ਼ ਖੇਤੀ ਦੇ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ, ਸਗੋਂ 300 ਤੋਂ ਵੱਧ ਔਰਤਾਂ ਨੂੰ ਰੁਜ਼ਗਾਰ ਵੀ ਦਿੱਤਾ ਹੈ। ਅਸੀਂ ਗੱਲ ਕਰ ਰਹੇ ਹਾਂ ਲੁਧਿਆਣਾ ਜ਼ਿਲ੍ਹੇ ਦੀ ਗੁਰਦੇਵ ਕੌਰ ਦਿਓਲ ਦੀ, ਜਿਨ੍ਹਾਂ ਦੇ ਸੈਲਫ਼ ਹੈਲਪ ਗਰੁੱਪ ਤੇ ਫਾਰਮਰ ਪ੍ਰੋਡਿਊਸਰ ਆਰਗਨਾਈਜ਼ੇਸ਼ਨ ਨਾਲ ਜੁੜ ਕੇ ਇਲਾਕੇ ਦੀਆਂ ਔਰਤਾਂ ਤੇ ਕਿਸਾਨ ਮੋਟੀ ਕਮਾਈ ਕਰ ਰਹੇ ਹਨ। ਗੁਰਦੇਵ ਕੌਰ ਨੂੰ ਖੇਤੀ ਦਾ ਤਜ਼ਰਬਾ ਨਾ ਹੋਣ ਦੇ ਬਾਵਜੂਦ ਉਨ੍ਹਾਂ ਨੇ 2008 ਵਿੱਚ ਸਰਕਾਰੀ ਨੌਕਰੀ ਛੱਡ ਕੇ ਢਾਈ ਏਕੜ ਜ਼ਮੀਨ ਉੱਤੇ ਸਿਰਫ਼ ਪੰਜ ਹਜ਼ਾਰ ਰੁਪਏ ਨਾਲ ਖੇਤੀ ਕਰਨ ਦਾ ਫ਼ੈਸਲਾ ਕੀਤਾ। ਉਨ੍ਹਾਂ ਆਪਣੀ ਲਗਨ ਤੇ ਮਿਹਨਤ ਦਾ ਸਾਥ ਨਾ ਛੱਡਿਆ, ਜਿਸ ਦੀ ਬਦੌਲਤ ਅੱਜ ਉਹ ਖੇਤੀ ਤੇ ਇਸ ਨਾਲ ਜੁੜੇ ਕਾਰੋਬਾਰ ਤੋਂ ਲੱਖਾਂ ਰੁਪਏ ਕਮਾ ਰਹੇ ਹਨ।

ਪਿੰਡ ਇਆਲ਼ੀ ਖ਼ੁਰਦ ਦੇ ਦਸਮੇਸ਼ ਨਗਰ ਦੀ ਵਸਨੀਕ ਗੁਰਦੇਵ ਕੌਰ ਜੇਕਰ ਚਾਹੁੰਦੀ ਤਾਂ ਸੁਖੀ ਜੀਵਨ ਬਤੀਤ ਕਰ ਸਕਦੀ ਸੀ ਪਰ ਉਸ ਨੇ ਨੌਕਰੀ ਛੱਡ ਕੇ ਸੰਘਰਸ਼ ਦੀ ਜ਼ਿੰਦਗੀ ਚੁਣੀ। ਗੁਰਦੇਵ ਕੌਰ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਤੋਂ ਸਬਜ਼ੀਆਂ ਉਗਾਉਣ, ਅਨਾਜ ਮੰਡੀਕਰਨ ਅਤੇ ਮਧੂ ਮੱਖੀ ਪਾਲਣ ਦੀ ਦੋ ਮਹੀਨੇ ਦੀ ਸਿਖਲਾਈ ਲਈ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਖੇਤ ਵਿੱਚ ਸਬਜ਼ੀਆਂ ਦੀ ਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ। ਫਿਰ ਉਨ੍ਹਾਂ ਨੇ 15 ਔਰਤਾਂ ਦਾ ਇੱਕ ਸਵੈ-ਸਹਾਇਤਾ ਸਮੂਹ ਬਣਾਇਆ ਅਤੇ ਰਸੋਈ ਨਾਲ ਜੁੜੇ ਤਮਾਮ ਪਦਾਰਥ ਬਣਾਉਣੇ ਸ਼ੁਰੂ ਕੀਤੇ ਅਤੇ ਉਨ੍ਹਾਂ ਦਾ ਮੰਡੀਕਰਨ ਵੀ ਕੀਤਾ। ਅੱਜ ਉਨ੍ਹਾਂ ਦੇ ਸਵੈ-ਸਹਾਇਤਾ ਸਮੂਹ ਅਤੇ ਕਿਸਾਨ ਉਤਪਾਦਕ ਸੰਗਠਨ ਨਾਲ 300 ਤੋਂ ਵੱਧ ਔਰਤਾਂ ਜੁੜੀਆਂ ਹੋਈਆਂ ਹਨ, ਜੋ ਘਰ ਬੈਠੇ ਹਰ ਮਹੀਨੇ ਚੰਗੀ ਕਮਾਈ ਕਰ ਰਹੀਆਂ ਹਨ।

Summary in English: Success Story of struggle and hard work of Top 5 Women Farmers of Punjab

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters