Success Story: ਜੇਕਰ ਮਨੁੱਖ ਦੇ ਮਨ ਵਿੱਚ ‘ਜਿਥੇ ਚਾਹ ਉੱਥੇ ਰਾਹ’ ਦੀ ਭਾਵਨਾ ਹੁੰਦੀ ਹੈ ਤਾਂ ਉਸ ਦੇ ਰਾਸਤੇ ਆਪਣੇ ਆਪ ਹੀ ਬਣਦੇ ਜਾਂਦੇ ਹਨ। ਜਿਲ੍ਹਾ ਹੁਸ਼ਿਆਰਪੁਰ ਵਿੱਚ ਪੈਂਦੇ ਬਲਾਕ ਮਾਹਿਲਪੁਰ ਵਿੱਚ ਪਿੰਡ ਦਾਤਾ ਦੇ ਵਸਨੀਕ ਸ. ਬਲਬੀਰ ਸਿੰਘ, ਇਸੇ ਸੋਚ ਦੇ ਮਾਲਕ ਹਨ, ਜੋ ਕਿ ਮਸ਼ੀਨਰੀ ਰਾਹੀਂ ਝੋਨੇ ਦੀ ਪਰਾਲੀ ਦਾ ਸੁਚੱਜਾ ਪ੍ਰਬੰਧ ਕਰਨ ਵਾਲਾ ਅਗਾਂਹਵਧੂ ਕਿਸਾਨ ਹੈ।
ਦਰਅਸਲ, ਕਿਸਾਨ ਬਲਬੀਰ ਸਿੰਘ ਨੇ ਹਾੜ੍ਹੀ 2017 ਦੌਰਾਨ ਝੋਨੇ ਦੇ ਵਾਢੀ ਲਈ ਪਰਾਲੀ ਖਿਲਾਰਨ ਵਾਲਾ ਯੰਤਰ (ਪੀ.ਏ.ਯੂ. ਸੁਪਰ ਐਸ.ਐਮ.ਐਸ.) ਲੱਗੀ ਕੰਬਾਈਨ ਖਰੀਦੀ। ਕਿਸਾਨ ਦਾ ਕਹਿਣਾ ਹੈ ਕਿ ਇਸ ਮਸ਼ੀਨ ਨਾਲ ਝੋਨੇ ਦੀ ਪਰਾਲੀ ਨੂੰ ਬਿਨ੍ਹਾ ਅੱਗ ਲਗਾਏ ਕਣਕ ਦੀ ਸਿੱਧੀ ਬਿਜਾਈ ਕਰਨ ਵਾਲੀ ਮਸ਼ੀਨਾਂ ਹੈਪੀ ਸੀਡਰ/ਪੀ.ਏ.ਯੂ. ਸਮਾਰਟ ਸੀਡਰ/ਸਰਫੇਸ ਸੀਡਰ ਦੀ ਸਮਰੱਥਾ ਵਿੱਚ ਵਾਧਾ ਹੁੰਦਾ ਹੈ। ਇਹ ਕਿਸਾਨ ਹਰ ਸਾਲ ਹਾੜ੍ਹੀ ਦੌਰਾਨ, ਪੀ.ਏ.ਯੂ. ਸੁਪਰ ਐਸ.ਐਮ.ਐਸ. ਲੱਗੀ ਕੰਬਾਈਨ ਦੀ ਵਰਤੋਂ ਲੱਗਭਗ 300 ਏਕੜ ਰਕਬੇ ਤੇ ਕਿਸਾਨਾਂ ਦੇ ਖੇਤਾਂ ਵਿੱਚ ਕਿਰਾਏ 'ਤੇ ਵਰਤੋਂ ਕਰਦਾ ਹੈ।
ਹਾੜ੍ਹੀ, 2022-23 ਦੌਰਾਨ ਇਸ ਕਿਸਾਨ ਨੇ ਆਪਣੇ ਖੇਤਾਂ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਦੁਆਰਾ ਉਪਲੱਬਧ ਕਰਵਾਏ ਪੀ.ਏ.ਯੂ. ਸਮਾਰਟ ਸੀਡਰ ਰਾਹੀਂ 8 ਏਕੜ ਰਕਬੇ ਤੇ ਕਣਕ ਦੀ ਸਫਲ ਕਾਸ਼ਤ ਕੀਤੀ ਅਤੇ ਲਗਾਤਾਰ ਪਿਛਲੇ 2 ਸਾਲਾਂ ਤੋਂ ਪੀ.ਏ.ਯੂ. ਸਮਾਰਟ ਸੀਡਰ ਦੀ ਵਰਤੋਂ ਕਰਦਾ ਆ ਰਿਹਾ ਹੈ। ਇਸ ਕਿਸਾਨ ਦਾ ਮੰਨਣਾ ਹੈ ਕਿ ਪੀ.ਏ.ਯੂ. ਸਮਾਰਟ ਸੀਡਰ ਵਿਧੀ ਰਾਹੀਂ ਕਣਕ ਦੀ ਬਿਜਾਈ ਸਮੇਂ ਸਿਰ ਹੁੰਦੀ ਹੈ, ਵਹਾਈ ਦੇ ਖਰਚਾ ਬੱਚਦਾ ਹੈ, ਨਦੀਨਾਂ ਦੀ ਸਮੱਸਿਆ ਵੀ ਘੱਟ ਆਉਂਦੀ ਹੈ ਅਤੇ ਵਾਤਾਵਰਣ ਵੀ ਪ੍ਰਦੂਸ਼ਤ ਨਹੀਂ ਹੁੰਦਾ ਹੈ। ਬਿਜਾਈ ਤੋਂ ਪਹਿਲਾਂ ਰੌਣੀ ਲਈ ਵਰਤਣ ਵਾਲੇ ਪਾਣੀ ਦੀ ਬੱਚਤ ਹੁੰਦੀ ਹੈ, ਕਿਉਂਕਿ ਝੋਨੇ ਦੀ ਫ਼ਸਲ ਕੱਟਣ ਤੋਂ ਬਾਅਦ ਪਾਣੀ ਲਾਉਣ ਤੋਂ ਬਗੈਰ ਕਣਕ ਦੀ ਬਿਜਾਈ ਪੀ.ਏ.ਯੂ. ਸਮਾਰਟ ਸੀਡਰ ਨਾਲ ਸੰਭਵ ਹੈ। ਇਸ ਕਿਸਾਨ ਦੀ ਖੇਤ ਕੱਲਰ ਕਿਸਮ ਦੇ ਹਨ। ਪੀ.ਏ.ਯੂ. ਸਮਾਰਟ ਸੀਡਰ ਦੀ ਵਰਤੋਂ ਤੋਂ ਪਹਿਲਾਂ ਇਹ ਕਿਸਾਨ ਤਹਿ-ਤੋੜ ਸੰਦ ਦੀ ਵਰਤੋਂ ਕਰਦਾ ਹੈ ਅਤੇ ਇਸ ਤਰ੍ਹਾਂ ਕਰਨ ਨਾਲ ਇਸ ਕਿਸਾਨ ਦਾ ਮੰਨਣਾ ਹੈ ਕਿ ਕਣਕ ਦਾ ਝਾੜ ਵੱਧ ਆਉਂਦਾ ਹੈ ਅਤੇ ਬਾਰਿਸ਼ ਦਾ ਅਸਰ ਕਣਕ ਤੇ ਘੱਟ ਹੁੰਦਾ ਹੈ ਤੇ ਖੇਤ ਵਿੱਚ ਬਾਰਿਸ਼ ਦਾ ਪਾਣੀ ਨਹੀਂ ਖੜਦਾ ਹੈ।
ਸ. ਬਲਬੀਰ ਸਿੰਘ ਦੇ ਅਨੁਸਾਰ, ਪੀ.ਏ.ਯੂ. ਸੁਪਰ ਐਸ.ਐਮ.ਐਸ. ਲੱਗੀ ਕੰਬਾਈਨ ਨਾਲ ਝੋਨੇ ਦੀ ਕਟਾਈ ਤੋਂ ਬਾਅਦ ਪੀ.ਏ.ਯੂ. ਸਮਾਰਟ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਨਾਲ, ਰਵਾਇਤੀ ਤਰੀਕੇ ਨਾਲ ਕਣਕ ਦੀ ਬਿਜਾਈ (ਰਵਾਇਤੀ ਕੰਬਾਈਨ ਨਾਲ ਝੋਨੇ ਦੀ ਵਢਾਈ + ਸਟਬਲ ਸ਼ੇਵਰ + ਦੋ ਵਾਰ ਤਵੀਆਂ + ਦੋ ਵਾਰ ਕਲਟੀਵੇਟਰ + ਸੁਹਾਗਾ + ਬੀਜ ਡਰਿਲ ਨਾਲ ਬਿਜਾਈ) ਦੇ ਮੁਕਾਬਲੇ 2270 ਪ੍ਰਤੀ ਏਕੜ ਰੁਪਏ ਦੀ ਬੱਚਤ ਹੁੰਦੀ ਹੈ ਅਤੇ ਇਸ ਦਾ ਕਾਰਨ ਇਹ ਹੈ ਕਿ ਪੀ.ਏ.ਯ.ੂ ਸਮਾਰਟ ਸੀਡਰ ਨਾਲ ਕਣਕ ਦੀ ਬਿਜਾਈ ਨਾਲ ਬਿਨਾਂ ਖੇਤ ਦੇ ਵਾਹੇ ਸੰਭਵ ਹੈ।
ਇਸ ਤੋਂ ਇਲਾਵਾ ਸ. ਬਲਬੀਰ ਸਿੰਘ ਦਾ ਮੰਨਣਾ ਹੈ ਕਿ ਪੀ.ਏ.ਯੂ ਸਮਾਰਟ ਸੀਡਰ ਨਾਲ ਬੀਜੇ ਉਸਦੇ ਕਣਕ ਦੇ ਖੇਤਾਂ ਵਿੱਚ ਝੋਨੇ ਦੀ ਪਰਾਲੀ ਦਾ ਮੱਲਚ ਹੋਣ ਕਰਕੇ ਗੁੱਲੀ ਡੰਡੇ ਦੀ ਘੱਟ ਸਮੱਸਿਆ ਆਉਂਦੀ ਹੈ ਅਤੇ ਨਦੀਨਨਾਸ਼ਕ ਦਾ ਛਿੜਕਾਅ ਨਹੀਂ ਕਰਨਾ ਪੈਂਦਾ ਅਤੇ ਇਸ ਨਾਲ ਇਹ ਕਿਸਾਨ ਨਦੀਨਨਾਸ਼ਕ ਤੇ ਹੋਣ ਵਾਲੇ ਤਕਰੀਬਨ 300 ਰੁਪਏ ਪ੍ਰਤੀ ਏਕੜ ਦੇ ਖਰਚੇ ਦੀ ਬੱਚਤ ਕਰਦਾ ਹੈ। ਸ. ਬਲਬੀਰ ਸਿੰਘ ਅਨੁਸਾਰ, ਉਸਦੇ ਪਿੰਡ ਦੇ ਖੇਤ ਕੱਲਰ ਹੋਣ ਕਰਕੇ ਅਤੇ ਬਾਰਿਸ਼ ਦਾ ਪਾਣੀ ਖੇਤ ਵਿੱਚ ਖੜਨ ਕਰਕੇ ਸਾਥੀ ਕਿਸਾਨਾਂ ਦੇ ਕਣਕ ਦਾ ਝਾੜ 14-15 ਕੁਇੰਟਲ ਪ੍ਰਤੀ ਏਕੜ ਆਉਂਦੇ ਹਨ, ਪਰ ਇਸ ਕਿਸਾਨ ਦੁਆਰਾ ਪੀ.ਏ.ਯੂ. ਸਮਾਰਟ ਸੀਡਰ ਨਾਲ ਬੀਜੇ ਕਣਕ ਦੇ ਖੇਤਾਂ ਦਾ ਝਾੜ 21.5-22.5 ਕੁਇੰਟਲ ਪ੍ਰਤੀ ਏਕੜ ਆਉਂਦਾ ਹੈ।
ਸ. ਬਲਬੀਰ ਸਿੰਘ ਦੂਸਰੇ ਕਿਸਾਨਾਂ ਨੂੰ ਕੁਦਰਤੀ ਸਰੋਤਾਂ ਦੀ ਉਚਿਤ ਤਕਨੀਕਾਂ ਅਪਨਾਉਣ ਵੱਲ ਵੀ ਪ੍ਰੇਰਿਤ ਕਰਦਾ ਹੈ। ਵੱਖ-ਵੱਖ ਪਿੰਡਾਂ ਦੇ ਕਿਸਾਨ, ਸ. ਬਲਬੀਰ ਸਿੰਘ ਦੀ ਪੀ.ਏ.ਯੂ. ਸਮਾਰਟ ਸੀਡਰ ਨਾਲ ਬੀਜੀ ਕਣਕ ਦੇ ਪ੍ਰਦਰਸ਼ਨੀ ਪਲਾਟ ਨੂੰ ਦੇਖ ਕੇ ਉਤਸ਼ਾਹਿਤ ਹੋਏ ਅਤੇ ਇਸ ਵਿਧੀ ਨਾਲ ਬੀਜੀ ਕਣਕ ਪ੍ਰਤੀ ਸੁੰਤਸ਼ਟੀ ਜ਼ਾਹਿਰ ਕੀਤੀ।ਇਹ ਕਿਸਾਨ ਪੀ.ਏ.ਯੂ.ਸਮਾਰਟ ਸੀਡਰ ਦੀ ਵਰਤੋਂ ਸਬੰਧੀ ਆਪਣੇ ਤਜਰਬੇ ਦੂਸਰਿਆਂ ਕਿਸਾਨਾਂ ਨਾਲ ਸਾਂਝਾ ਕਰਦਾ ਹੈ। ਨਵੀਨਤਮ ਖੇਤੀ ਤਕਨੀਕਾਂ ਦੀ ਜਾਣਕਾਰੀ ਵਾਸਤੇ ਸ. ਬਲਬੀਰ ਸਿੰਘ ਜ਼ਿਲ੍ਹਾ ਪੱਧਰੀ ਅਤੇ ਰਾਜ ਪੱਧਰੀ ਕਿਸਾਨ ਮੇਲਿਆਂ ਵਿੱਚ ਵੀ ਸ਼ਿਰਕਤ ਕਰਦੇ ਹਨ।ਇਹ ਕਿਸਾਨ ਇਲਾਕੇ ਦੇ ਸਮੂਹ ਕਿਸਾਨਾਂ ਦਾ ਮਾਰਗ ਦਰਸ਼ਕ ਅਤੇ ਚਾਨਣ ਮੁਨਾਰਾ ਹੈ।
ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।
Summary in English: Successful Farmer Balbir Singh of Hoshiarpur who direct sows wheat without burning paddy stubble with Smart Seeder