1. Home
  2. ਸਫਲਤਾ ਦੀਆ ਕਹਾਣੀਆਂ

ਦ੍ਰਿੜ ਇਰਾਦੇ ਨਾਲ ਸਫ਼ਲ ਹੋਣ ਵਾਲੀ ਸ਼ਹਿਦ ਉਤਪਾਦਕ

ਅਜੋਕੇ ਸਮੇਂ ਪਿੰਡਾਂ ਵਿੱਚ ਛੋਟੇ ਕਿਸਾਨਾਂ ਲਈ ਸਿਰਫ ਖੇਤੀ ਨਾਲ ਗੁਜਾਰਾ ਕਰਨਾ ਬਹੁਤ ਮੁਸ਼ਕਿਲ ਹੈ ਇਸ ਲਈ ਖੇਤੀ ਦੇ ਨਾਲ ਨਾਲ ਆਮਦਨ ਦੇ ਹੋਰ ਸਾਧਨ ਤਲਾਸ਼ ਕਰਨਾ ਸਮੇਂ ਦੀ ਲੋੜ ਹੈ। ਕੁਝ ਲੋਕ ਆਪਣੀ ਮੇਹਨਤ ਤੇ ਲਗਨ ਨਾਲ ਐਸੇ ਕਾਰਨਾਮੇ ਕਰ ਦਿਖਾਉਂਦੇ ਹਨ ਕਿ ਉਹ ਸਮਾਜ ਲਈ ਤੇ ਖ਼ਾਸਕਰ ਥੱਕੇ ਹਾਰੇ ਨਿਰਾਸ਼ ਲੋਕਾਂ ਲਈ ਇੱਕ ਚਾਨਣ ਮੁਨਾਰਾ ਬਣ ਜਾਂਦੇ ਹਨ।

KJ Staff
KJ Staff
Paramveer Kaur

Paramveer Kaur

ਅਜੋਕੇ ਸਮੇਂ ਪਿੰਡਾਂ ਵਿੱਚ ਛੋਟੇ ਕਿਸਾਨਾਂ ਲਈ ਸਿਰਫ ਖੇਤੀ ਨਾਲ ਗੁਜਾਰਾ ਕਰਨਾ ਬਹੁਤ ਮੁਸ਼ਕਿਲ ਹੈ ਇਸ ਲਈ ਖੇਤੀ ਦੇ ਨਾਲ ਨਾਲ ਆਮਦਨ ਦੇ ਹੋਰ ਸਾਧਨ ਤਲਾਸ਼ ਕਰਨਾ ਸਮੇਂ ਦੀ ਲੋੜ ਹੈ। ਕੁਝ ਲੋਕ ਆਪਣੀ ਮੇਹਨਤ ਤੇ ਲਗਨ ਨਾਲ ਐਸੇ ਕਾਰਨਾਮੇ ਕਰ ਦਿਖਾਉਂਦੇ ਹਨ ਕਿ ਉਹ ਸਮਾਜ ਲਈ ਤੇ ਖ਼ਾਸਕਰ ਥੱਕੇ ਹਾਰੇ ਨਿਰਾਸ਼ ਲੋਕਾਂ ਲਈ ਇੱਕ ਚਾਨਣ ਮੁਨਾਰਾ ਬਣ ਜਾਂਦੇ ਹਨ।

ਇਹ ਕਹਾਣੀ ਹੈ ਬਠਿੰਡਾ ਜ਼ਿਲ੍ਹੇ ਦੇ ਮੌੜ ਮੰਡੀ ਬਲਾਕ ਅਧੀਨ ਆਉਂਦੇ ਪਿੰਡ ਭੂਦੜ ਵਿੱਚ ਰਹਿੰਦੀ ਇੱਕ ਹੋਣਹਾਰ ਅਤੇ ਅਗਾਂਹਵਧੂ ¨ ਕਿਸਾਨ ਬੀਬੀ ਪਰਮਵੀਰ ਕੌਰ ਦੀ, ਜੋ ਕਿ ਇੱਕ ਸਫ਼ਲ ਮਧੂ ਮੱਖੀ ਪਾਲਕ ਹੈ। ਕਿਸੇ ਨੇ ਸੱਚ ਹੀ ਕਿਹਾ ਕਿ ਜੇ ਤੁਸੀਂ ਕਿਸੇ ਚੀਜ਼ ਨੂੰ ਸ਼ਿੱਦਤ ਨਾਲ ਚਾਹੋ ਤਾਂ ਸਾਰੀ ਕਾਇਨਾਤ ਉਸ ਨੂੰ ਪ੍ਰਾਪਤ ਕਰਨ ਵਿੱਚ ਤੁਹਾਡੀ ਮਦਦ ਕਰਦੀ ਹੈ। ਇਹ ਵੀ ਸੱਚ ਹੈ ਕਿ ਕੁਦਰਤ ਜਾਂ ਪਰਮਾਤਮਾ ਉਦੋਂ ਹੀ ਸਾਡੀ ਮਦਦ ਕਰਦਾ ਹੈ ਜਦੋਂ ਅਸੀਂ ਖ਼ੁਦ ਆਪਣੀ ਮਦਦ ਕਰਦੇ ਹਾਂ।

ਇਹਨਾਂ ਤੱਥਾਂ ਤੇ ਹੀ ਪੱਕੀ ਮੋਹਰ ਲਗਾਈ ਹੈ ਬੀਬੀ ਪਰਮਵੀਰ ਕੌਰ ਨੇ, ਜੋ ਕੇ.ਵੀ.ਕੇ, ਬਠਿੰਡਾ ਤੋਂ ਮਧੂ ਮੱਖੀ ਪਾਲਣ ਦੀ ਟ੍ਰੇਂਨਿੰਗ ਲੈ ਕੇ ਇੱਕ ਕਾਮਯਾਬ ਮੱਖੀ ਪਾਲਕ ਬਣੀ। ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸੰਪਰਕ ਵਿੱਚ ਆਉਣ ਤੋਂ ਪਹਿਲਾਂ ਪਰਮਵੀਰ ਕੌਰ ਘਰੇਲ¨ ਔਰਤਾਂ ਵਾਂਗ ਸਿਰਫ਼ ਘਰ ਦਾ ਕੰਮ ਹੀ ਕਰਦੀ ਸੀ। ਉਸਦਾ ਪਤੀ ਸੰਦੀਪ ਸਿੰਘ ਇੱਕ ਰਿਟਾਇਰਡ ਫੌਜੀ ਹੈ ਅਤੇ ਘਰ ਵਿੱਚ ਉਸਦੇ ਇੱਕ 10 ਸਾਲ ਦੇ ਪੁੱਤਰ ਤੋਂ ਇਲਾਵਾ ਉਸਦੀ ਸੱਸ ਵੀ ਹੈ। ਜ਼ਮੀਨ ਨਾ ਹੋਣ ਕਾਰਨ ਸਿਰਫ਼ ਪਤੀ ਦੀ ਪੈਨਸ਼ਨ ਨਾਲ ਪਰਿਵਾਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਿਕਲ ਸੀ। ਕੌੜੀ ਵੇਲ ਵਾਂਗ ਦਿਨੋਂ ਦਿਨ ਵਧ ਰਹੀ ਮਹਿੰਗਾਈ ਇਹਨਾਂ ਹਾਲਾਤਾਂ ਨੂੰ ਹੋਰ ਵੀ ਬਦਤ ਰਬਣਾਉਂਦੀ ਜਾ ਰਹੀ ਸੀ। ਪਰਮਵੀਰ ਕੌਰ ਚਾਹੁੰਦੀ ਸੀ ਕਿ ਉਹ ਵੀ ਕੋਈ ਐਸਾ ਕੰਮ ਕਰੇ ਜਿਸ ਨਾਲ ਉਹਨਾਂ ਦੀ ਆਮਦਨ ਵਿੱਚ ਵਾਧਾ ਹੋਵੇ ਤਾਂ ਕਿ ਬੱਚੇ ਦੀ ਪੜ੍ਹਾਈ ਤੇ ਘਰ ਦੇ ਖ਼ਰਚ ਤੋਂ ਇਲਾਵਾ ਓਹ ਆਪਣੀਆਂ ਬਾਕੀ ਜ਼ਰੂਰਤਾਂ ਵੀ ਪੂਰੀਆਂ ਕਰ ਸਕਣ। ਛੋਟੀ ਉਮਰ ਵਿੱਚ ਵਿਆਹ ਹੋਣ ਕਾਰਨ ਉਹ ਸਿਰਫ਼ ਬਾਰਵੀਂ ਜਮਾਤ ਤੱਕ ਹੀ ਪੜ੍ਹ ਸਕੀ, ਇਸ ਲਈ ਕੋਈ ਛੋਟੀ-ਮੋਟੀ ਨੌਕਰੀ ਕਰਨਾ ਕਬੀਲਦਾਰੀ ਚਲਾਉਣ ਦਾ ਜ਼ਰੀਆ ਨਾ ਬਣ ਸਕਿਆ, ਪਰ ਉਸਨੇ ਹਿੰਮਤ ਨਾ ਹਾਰੀ। ਅਖ਼ੀਰ ਇੱਕ ਦਿਨ ਉਸ ਨੂੰ ਆਪਣੇ ਇੱਕ ਰਿਸ਼ਤੇਦਾਰ ਤੋਂ ਕੇ. ਵੀ. ਕੇ. ਬਠਿੰਡਾ ਵਿਖੇ ਚਲਦੇ ਸਿਖਲਾਈ ਕੋਰਸਾਂ ਬਾਰੇ ਪਤਾ ਲੱਗਿਆ ਜੋ ਕਿ ਬਠਿੰਡਾ ਜ਼ਿਲ੍ਹੇ ਦਾ ਇੱਕ ਸਿਰ ਕੱਢ ਮਧੂ ਮੱਖੀ ਪਾਲਕ ਹੈ। ਉਸ ਦੇ ਕੰਮ ਤੋਂ ਪ੍ਰੇਰਿਤ ਹੋ ਕੇ ਸਾਲ 2018 ਵਿੱਚ ਉਸ ਨੇ ਕੇ. ਵੀ. ਕੇ. ਬਠਿੰਡਾ ਤੋਂ ਮਧੂ ਮੱਖੀ ਪਾਲਣ ਦੀ ਟ੍ਰੇਨਿੰਗ ਲਈ। 3-4 ਬਕਸਿਆਂ ਤੋਂ ਇਸ ਕੰਮ ਦੀ ਸ਼ੁਰੁਆਤ ਕਰ ਕੇ ਉਸ ਨੇ ਫ਼ਿਰ ਪਿੱਛੇ ਮੁੜ ਕੇ ਨਹੀਂ ਦੇਖਿਆ। ਥੋੜ੍ਹੇ ਕਰਜ਼ ਤੇ ਸਬਸਿਡੀ ਦੀ ਸਹਾਇਤਾ ਨਾਲ ਉਹ ਬਕਸਿਆਂ ਦੀ ਗਿਣਤੀ 50 ਅਤੇ ਫ਼ਿਰ 100 ਤੱਕ ਲੈ ਗਈ। ਹੁਣ ਓਹ ਇਸ ਕੰਮ ਵਿੱਚ ਐਨੀ ਪਰਪੱਕ ਹੋ ਗਈ ਸੀ ਕਿ ਉਸ ਨੇ ਬਿਨਾਂ ਕਿਸੇ ਮਾਲੀ ਸਹਾਇਤਾ ਦੇ ਆਪਣੇ ਉੱਦਮ ਸਕਦਾ ਬਕਸਿਆਂ ਦੀ ਗਿਣਤੀ 150 ਤੱਕ ਲੈ ਗਈ। ਉਹ ਇਸ ਧੰਦੇ ਦੀਆਂ ਹੋਰ ਬਾਰੀਕੀਆਂ ਸਿੱਖਣ ਲਈ ਹੋਰ ਸਿਖਲਾਈ ਲੈਣ ਦੀ ਇੱਛੁਕ ਹੈ ਤੇ ਆਪਣਾ ਕੰਮ ਹੋਰ ਵਧਾਉਣ ਦੀ ਚਾਹਵਾਨ ਹੈ। ਉਸ ਦੁਆਰਾ ਬਣਾਏ ਸਾਰੇ ਸਾਲ ਦੇ ਸ਼ਹਿਦ ਦੀ ਖ਼ਪਤ ਉਸਦੇ ਪਿੰਡ ਵਿੱਚ ਹੀ ਹੋ ਗਈ। ਪਿੰਡ ਵਿੱਚ ਸ਼ਹਿਦ ਦਾ ਬਿਨ੍ਹਾਂ ਕਿਸੇ ਬਰੈਂਡ ਤੋਂ 300-350 ਰੁਪਏ ਪ੍ਰਤੀ ਕਿੱਲੋ ਵਿਕਣਾ, ਉਸਦੀ ਸਾਫ਼ ਸੁਥਰਾ ਸ਼ਹਿਦ ਤਿਆਰ ਕਰਨ ਦੀ ਕਾਬਲੀਅਤ ਨੂੰ ਦਰਸਾਉਂਦਾ ਹੈ। ਆਪਣੇ ਸ਼ਹਿਦ ਨੂੰ ਹੋਰ ਮਹਿੰਗਾ ਵੇਚ ਕੇ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਉਸਨੇ ਐਫ਼. ਐੱਸ. ਐੱਸ. ਏ. ਆਈ. (FSSAI) ਨੰਬਰ ਲੈਣ ਲਈ ਅਰਜ਼ੀ ਦਿੱਤੀ ਹੋਈ ਹੈ। ਜਦੋਂ ਇੱਥੇ ਫੁੱਲ-ਫਲਾਕੇ ਦੀ ਕਮੀ ਹੁੰਦੀ ਹੈ ਓਹ ਆਪਣੇ ਬਕਸਿਆਂ ਨੂੰ ਰਾਜਸਥਾਨ ਵੱਲ ਲੈ ਜਾਂਦੀ ਹੈ ਜਿਸ ਕਰਕੇ ਉਸਦਾ ਸ਼ਹਿਦ ਉਤਪਾਦਨ ਨਿਰਵਿਘਨ ਜਾਰੀ ਰਹਿੰਦਾ ਹੈ।

Paramveer Kaur

Bee keeping

ਮੌਜੂਦਾ ਸਮੇਂ ਉਹ ਸ਼ਹਿਦ ਵੇਚ ਕੇ ਸਲਾਨਾ ਇੱਕ ਲੱਖ ਤੋਂ ਉੱਤੇ ਦੀ ਕਮਾਈ ਕਰ ਰਹੀ ਹੈ। ਉਸਦਾ ਕਹਿਣਾ ਹੈ ਕਿ ਐਫ਼. ਐੱਸ. ਐੱਸ. ਏ. ਆਈ. ਨੰਬਰ ਲੈਣ ਤੋਂ ਬਾਅਦ ਉਹ ਸ਼ਹਿਦ ਦੀ ਚੰਗੀ ਤਰ੍ਹਾਂ ਪੈਕਿੰਗ ਕਰਕੇ ਵੇਚੇਗੀ,ਜਿਸ ਨਾਲ ਉਸਦਾ ਮੁਨਾਫ਼ਾ ਹੋਰ ਵੀ ਵਧੇਗਾ। ਉਸਨੇ ਆਪਣੀ ਮੱਦਦ ਲਈ 2 ਕਾਮੇ ਵੀ ਰੱਖੇ ਹਨ। ਇਸ ਪ੍ਰਕਾਰ ਓਹ ਸਵੈ-ਰੁਜ਼ਗਾਰ ਦੇ ਨਾਲ ਨਾਲ ਹੋਰਾਂ ਨੂੰ ਵੀ ਰੁਜ਼ਗਾਰ ਦੇ ਰਹੀ ਹੈ। ਉਹ ਆਪਣੇ ਪਿੰਡ ਦੇ ਹੋਰ ਲੋਕਾਂ ਨੂੰ ਵੀ ਆਪਣੀ ਮਿਹਨਤ ਨਾਲ ਪੈਰਾਂ ਤੇ ਖਲੋਣ ਦੀ ਪ੍ਰੇਰਨਾ ਦਿੰਦੀ ਹੈ। ਪਰਮਵੀਰ ਕੌਰ ਖ਼ੁਦ ਵੀ ਕਾਮਯਾਬੀ ਦੀ ਇਸ ਪੌੜੀ ਤੇ ਹੀ ਰੁਕਣਾ ਨਹੀਂ ਚਾਹੁੰਦੀ ਸਗੋਂ ਫ਼ੂਡ ਪ੍ਰੋਸੈਸਿੰਗ' ਦੀ ਟ੍ਰੇਨਿੰਗ ਲੈ ਕੇ ਆਚਾਰ, ਚਟਣੀ, ਮੁਰੱਬੇ ਤੇ ਸ਼ਰਬਤ ਆਦਿ ਬਣਾਉਣ ਦੇ ਖ਼ੇਤਰ ਵਿੱਚ ਨਵੀਆਂ ਪੁਲਾਘਾਂ ਪੁੱਟਣ ਦੀ ਇੱਛਕ ਹੈ ਅਤੇ ਇਸਦੀ ਸਿਖਲਾਈ ਲਈ ਨਾਮ ਵੀ ਦਰਜ ਕਰਵਾ ਚੁੱਕੀ ਹੈ ਅਤੇ ਜਿਵੇਂ ਕਿ ਕਿਸੇ ਪੰਜਾਬੀ ਸ਼ਾਇਰ ਨੇ ਲਿਖਿਆ-

ਜੇ ਕੁਝ ਮਨ ਵਿੱਚ ਲੋਚੇ ਸੱਜਣਾ, ਉੱਦਮ ਕਰੀਂ ਜ਼ਰੂਰ।
ਬਿਨ ਉੱਦਮ ਹੱਥ ਸੱਖਣੇ ਰਹਿ ਜਾਣ, ਉੱਦਮ ਥੀਂ ਭਰਭੂਰ।

ਇਸੇ ਤਰ੍ਹਾਂ ਸਾਨੂੰ ਪੂਰਨ ਆਸ ਹੈ ਦ੍ਰਿੜ ਇਰਾਦੇ, ਸਖ਼ਤ ਮਿਹਨਤ ਅਤੇ ਨਾਰੀ ਸ਼ਕਤੀ ਦੀ ਮਿਸਾਲ ਪਰਮਵੀਰ ਕੌਰ ਆਪਣੇ ਉੱਦਮ ਸਦਕਾ ਇਸ ਕੰਮ ਵਿੱਚ ਵੀ ਸਫ਼ਲ ਹੋਵੇਗੀ ਅਤੇ ਹੋਰ ਔਰਤਾਂ ਲਈ ਰਾਹ-ਦਿਸੇਰਾ ਬਣੇਗੀ।

ਅੰਤ ਵਿੱਚ ਅਸੀਂ ਹੋਰਨਾਂ ਚਾਹਵਾਨ ਬੀਬੀਆਂ ਨੂੰ ਵੀ ਕ੍ਰਿਸ਼ੀ ਵਿਗਿਆਨ ਕੇਂਦਰਾਂ ਨਾਲ ਜੁੜਣ ਦੀ ਸਲਾਹ ਦਿੰਦੇ ਹਾਂ ਤਾਂ ਜੋ ਓਹ ਵੀ ਪਰਮਵੀਰ ਵਾਂਗ ਆਪਣੇ ਜੀਵਨ ਪੱਧਰ ਨੂੰ ਸੁਧਾਰ ਸਕਣ। ਸਫ਼ਲਤਾ ਪੂਰਵਕ ਸਿਖਲਾਈ ਪ੍ਰਾਪਤ ਕਰਨ ਵਾਲੀਆਂ ਬੀਬੀਆਂ ਨੂੰ ਇਸ ਸੰਬੰਧੀ ਸਰਟੀਫ਼ਿਕੇਟ ਵੀ ਜਾਰੀ ਕੀਤੇ ਜਾਂਦੇ ਹਨ। ਚਾਹਵਾਨ ਬੀਬੀਆਂ ਇਸ ਤਰ੍ਹਾਂ ਦੀ ਸਿਖਲਾਈ ਲੈਣ ਲਈ ਆਪਣੇ ਜ਼ਿਲ੍ਹੇ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਨਾਲ ਸੰਪਰਕ ਕਰ ਕੇ ਇਸ ਮੁਫ਼ਤ ਦਿੱਤੀ ਜਾਣ ਵਾਲੀ ਸਿਖਲਾਈ ਦਾ ਲਾਭ ਲੈ ਸਕਦੀਆਂ ਹਨ।

ਜਸਵਿੰਦਰ ਕੌਰ ਬਰਾੜ, ਵਿਨੈ ਸਿੰਘ ਅਤੇ ਪਲਵਿੰਦਰ ਸਿੰਘ
ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ

Summary in English: Successful honey growers with determination

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters