1. Home
  2. ਸਫਲਤਾ ਦੀਆ ਕਹਾਣੀਆਂ

MFOI 2024 ਵਿੱਚ Sangrur ਦੇ ਸਫ਼ਲ ਬੀਜ ਉਤਪਾਦਕ Gurinder Pal Singh Zaildar ਦਾ ਸਨਮਾਨ, Bhagirath Choudhary ਨੇ ਦਿੱਤਾ District Award

ਆਮ ਕਿਸਾਨ ਤੋਂ ਖ਼ਾਸ ਕਿਸਾਨ ਬਣੇ ਸੰਗਰੂਰ ਦੇ ਗੁਰਿੰਦਰ ਪਾਲ ਸਿੰਘ ਜ਼ੈਲਦਾਰ ਅੱਜ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਦਰਅਸਲ, ਇਸ ਕਿਸਾਨ ਨੇ ਆਪਣੀ ਕੁਲ 28 ਏਕੜ ਜ਼ਮੀਨ 'ਤੇ ਪੂਰੀ ਕਾਮਯਾਬੀ ਨਾਲ ਸਫ਼ਲ ਖੇਤੀ ਕਰਕੇ ਬੀਜ ਉਤਪਾਦਨ ਦਾ ਕਿੱਤਾ ਅਪਣਾਇਆ ਹੋਇਆ ਹੈ। ਇਹੀ ਕਾਰਨ ਹੈ ਕਿ ਕਿਸਾਨ ਗੁਰਿੰਦਰ ਪਾਲ ਸਿੰਘ ਜ਼ੈਲਦਾਰ ਨੂੰ ਆਪਣੀ ਮਿਹਨਤ ਅਤੇ ਲਗਨ ਸਦਕਾ MFOI Awards 2024 ਵਿੱਚ ਸਨਮਾਨਿਤ ਕੀਤਾ ਗਿਆ ਹੈ।

Gurpreet Kaur Virk
Gurpreet Kaur Virk
ਸਫ਼ਲ ਕਿਸਾਨ ਗੁਰਿੰਦਰ ਪਾਲ ਸਿੰਘ ਜ਼ੈਲਦਾਰ

ਸਫ਼ਲ ਕਿਸਾਨ ਗੁਰਿੰਦਰ ਪਾਲ ਸਿੰਘ ਜ਼ੈਲਦਾਰ

Success Story: ਸਿਆਣੇ ਕਹਿੰਦੇ ਨੇ ਕਿ “ਸਬਰ” ਅਤੇ “ਸ਼ੁਕਰਾਨਾ” ਤੁਹਾਨੂੰ ਕਦੇ ਵੀ ਡੋਲਣ ਨਹੀਂ ਦਿੰਦਾ ਅਤੇ ਜੋ ਵੀ ਇਮਾਨਦਾਰੀ, ਦ੍ਰਿੜ ਇਰਾਦੇ ਅਤੇ ਸੱਚੇ ਦਿਲੋਂ ਮਿਹਨਤ ਕਰਦਾ ਹੈ, ਸਫਲਤਾ ਲਾਜ਼ਮੀ ਉਸ ਦੇ ਕਦਮ ਚੁੰਮਦੀ ਹੈ। ਅਜਿਹੀ ਹੀ ਕਹਾਣੀ ਹੈ ਜ਼ਿਲ੍ਹਾ ਸੰਗਰੂਰ, ਪਿੰਡ ਭਵਾਨੀਗੜ੍ਹ ਦੇ ਵਸਨੀਕ ਗੁਰਿੰਦਰ ਪਾਲ ਸਿੰਘ ਜ਼ੈਲਦਾਰ ਦੀ, ਜਿਨ੍ਹਾਂ ਨੇ ਪੰਜਾਬ ਵਿੱਚ ਹੀ ਰਹਿ ਕੇ ਉਹ ਕਾਮਯਾਬੀ ਹਾਸਿਲ ਕੀਤੀ ਹੈ, ਜਿਸ ਦੇ ਲਈ ਅੱਜ ਲੋਕ ਵਿਦੇਸ਼ਾਂ ਵੱਲ ਨੂੰ ਭੱਜਦੇ ਹਨ।

ਕਿਸਾਨ ਗੁਰਿੰਦਰ ਪਾਲ ਸਿੰਘ ਦੇ ਆਮ ਕਿਸਾਨ ਤੋਂ ਖ਼ਾਸ ਕਿਸਾਨ ਬਨਣ ਤੱਕ ਦੇ ਸਫ਼ਰ 'ਤੇ ਨਜ਼ਰ ਮਾਰੀਏ ਤਾਂ ਅਸੀਂ ਆਸਾਨੀ ਨਾਲ ਜਾਣ ਸਕਦੇ ਹਾਂ ਕਿ ਦ੍ਰਿੜ ​​ਇਰਾਦੇ ਵਾਲਾ ਮਿਹਨਤੀ ਵਿਅਕਤੀ ਕਿਵੇਂ ਵੱਡੀਆਂ ਬੁਲੰਦੀਆਂ ਤੱਕ ਆਸਾਨੀ ਨਾਲ ਪਹੁੰਚ ਸਕਦਾ ਹੈ। ਆਓ ਇੱਕ ਝਾਤ ਮਾਰੀਏ ਕਿਸਾਨ ਗੁਰਿੰਦਰ ਪਾਲ ਸਿੰਘ ਜ਼ੈਲਦਾਰ ਦੇ ਖੇਤੀ ਖੇਤਰ ਵਿੱਚ ਅਦਭੁਤ ਸਫ਼ਰ ’ਤੇ...

ਸਫ਼ਲ ਕਿਸਾਨ ਗੁਰਿੰਦਰ ਪਾਲ ਸਿੰਘ ਜ਼ੈਲਦਾਰ

ਇਕ ਚੰਗਾ ਵਿਅਕਤੀ, ਜਿਸ ਵਿੱਚ ਕੰਮ ਕਰਨ ਦਾ ਜਜ਼ਬਾ ਹੋਵੇ, ਸਿੱਖਣ ਦੀ ਕਲਾ ਹੋਵੇ ਅਤੇ ਸਮੇਂ ਦੀ ਕਦਰ ਜਾਣਦਾ ਹੋਵੇ, ਅਜਿਹਾ ਇਨਸਾਨ ਦੇਰ ਨਾਲ ਹੀ ਸਹੀ ਪਰ ਸਫਲਤਾ ਜ਼ਰੂਰ ਪ੍ਰਾਪਤ ਕਰਦਾ ਹੈ। ਕਿਸਾਨ ਗੁਰਿੰਦਰ ਪਾਲ ਸਿੰਘ ਜ਼ੈਲਦਾਰ ਦੀ ਗੱਲ ਕਰੀਏ ਤਾਂ ਇਨ੍ਹਾਂ ਵੱਲੋਂ ਸਾਲ 2011 ਤੋਂ ਖੇਤੀਬਾੜੀ ਦਾ ਕਿੱਤਾ ਅਪਣਾਇਆ ਗਿਆ, ਉਂਝ ਤਾਂ ਇਹ ਇਨ੍ਹਾਂ ਦਾ ਪਿਤਾ ਪੁਰਖੀ ਕਿੱਤਾ ਸੀ, ਪਰ ਇਸ ਕਿਸਾਨ ਨੇ ਨੌਕਰੀ ਨਾ ਕਰਨ ਦਾ ਫੈਸਲਾ ਲੈ ਕੇ ਖੇਤੀਬਾੜੀ ਨੂੰ ਆਪਣਾ ਕਰਮ ਤੇ ਧਰਮ ਬਣਾਇਆ। ਇਸ ਕਿਸਾਨ ਨੇ ਆਪਣੀ ਕੁਲ 28 ਏਕੜ ਜ਼ਮੀਨ 'ਤੇ ਪੂਰੀ ਕਾਮਯਾਬੀ ਨਾਲ ਸਫ਼ਲ ਖੇਤੀ ਕੀਤੀ ਅਤੇ ਦੇਖਦਿਆਂ ਹੀ ਦੇਖਦਿਆਂ ਵੱਡੇ ਬੀਜ ਉਤਪਾਦਨ ਵੱਜੋਂ ਨਾਮ ਕਮਾਇਆ। ਦੱਸ ਦੇਈਏ ਕਿ ਗੁਰਿੰਦਰ ਪਾਲ ਸਿੰਘ ਮੁੱਖ ਤੌਰ 'ਤੇ ਕਣਕ, ਝੋਨਾ, ਬਾਸਮਤੀ, ਸਰ੍ਹੋਂ, ਗੰਨਾ, ਮਸਰ, ਛੋਲੇ, ਮੂੰਗੀ, ਮੌਸਮੀ ਸਬਜ਼ੀਆਂ, ਹਲਦੀ, ਪਿਆਜ਼, ਖਸਖਸ ਆਦਿ ਫ਼ਸਲਾਂ ਦੀ ਕਾਸ਼ਤ ਕਰਦੇ ਹਨ। ਇਸ ਤੋਂ ਇਲਾਵਾ ਗੁਰਿੰਦਰ ਪਾਲ ਸਿੰਘ ਨੇ ਆਪਣੇ ਫ਼ਾਰਮ 'ਤੇ ਕੁਝ ਫ਼ਲਦਾਰ ਰੁੱਖ ਵੀ ਲਗਾਏ ਹੋਏ ਹਨ ਜਿਵੇਂ ਅੰਬ, ਜਾਮਣ, ਕਿਨੂੰ, ਆਂਵਲਾ, ਅਮਰੂਦ, ਖੁਰਮਾਨੀ, ਅੰਜੀਰ, ਆੜੂ, ਕਟਹਲ ਆਦਿ।

ਸਹਾਇਕ ਕਿੱਤੇ

ਕਿਸਾਨ ਗੁਰਿੰਦਰ ਪਾਲ ਸਿੰਘ ਨੇ ਸਹਾਇਕ ਕਿੱਤੇ ਵੱਜੋਂ 10 ਮੱਝਾਂ ਅਤੇ 2 ਦੇਸੀ ਨਸਲ ਦੀਆਂ ਗਾਵਾਂ ਪਾਲੀਆਂ ਹੋਈਆਂ ਹਨ। ਇਸ ਕਿਸਾਨ ਵੱਲੋਂ ਪਸ਼ੂਆਂ ਦਾ ਦੁੱਧ ਵੇਚ ਕੇ ਆਪਣੀ ਘਰੇਲੂ ਆਮਦਨ ਵਿੱਚ ਵਾਧਾ ਕੀਤਾ ਜਾਂਦਾ ਹੈ। ਇਨ੍ਹਾਂ ਪਸ਼ੂਆਂ ਲਈ ਚਾਰਾ ਵੀ ਗੁਰਿੰਦਰ ਪਾਲ ਸਿੰਘ ਆਪਣੇ ਖੇਤਾਂ ਵਿੱਚ ਹੀ ਪੈਦਾ ਕਰਦੇ ਹਨ, ਜਿਸ ਵਿੱਚ ਮੁੱਖ ਤੌਰ 'ਤੇ ਬਰਸੀਮ, ਮੱਖਣ ਘਾਹ, ਮੱਕੀ, ਜਵਾਰ, ਬਾਜਰਾ ਆਦਿ ਸ਼ਾਮਿਲ ਹਨ। ਆਪਣੀਆਂ ਖੇਤੀ ਜਿਣਸਾਂ ਦਾ ਬੀਜ ਉਤਪਾਦਨ ਗੁਰਿੰਦਰ ਪਾਲ ਸਿੰਘ ਦਾ ਮੁੱਖ ਕਿੱਤਾ ਹੈ। ਇਹ ਕਿਸਾਨ ਇਨ੍ਹਾਂ ਫ਼ਸਲਾਂ ਨੂੰ ਅਨਾਜ ਦੇ ਤੌਰ 'ਤੇ ਬਹੁਤ ਘੱਟ ਵੇਚਦੇ ਹਨ, ਜ਼ਿਆਦਾਤਰ ਜਿਣਸਾਂ ਦਾ ਬੀਜ ਉਤਪਾਦਨ ਕਰਕੇ ਹੀ ਵੇਚਣ ਨੂੰ ਪਹਿਲ ਦਿੰਦੇ ਹਨ।

ਬੀਜ ਉਤਪਾਦਨ

ਕਿਸਾਨ ਗੁਰਿੰਦਰ ਪਾਲ ਸਿੰਘ ਕਣਕ ਦੀਆਂ ਮੁੱਖ ਕਿਸਮਾਂ ਜਿਵੇਂ ਡੀ. ਬੀ. ਡਬਲਯੂ. 327, 370, 371, 372 ਅਤੇ ਪੀ. ਬੀ. ਡਬਲਯੂ. 826 ਦਾ ਬੀਜ ਉਤਪਾਦਨ ਕਰਦੇ ਹਨ। ਇਸ ਤੋਂ ਇਲਾਵਾ ਬਾਸਮਤੀ ਦੀਆਂ ਪ੍ਰਮਾਣਿਤ ਕਿਸਮਾਂ ਜਿਵੇਂ ਪੂਸਾ 1847, 1885, 1886, ਪੰਜਾਬ ਬਾਸਮਤੀ-7, ਪੀ. ਆਰ. 126, ਪੂਸਾ 44 ਆਦਿ ਕਿਸਮਾਂ ਦਾ ਵੀ ਬੀਜ ਉਤਪਾਦਨ ਕਰਦੇ ਹਨ। ਇਸ ਤੋਂ ਇਲਾਵਾ ਸਰ੍ਹੋਂ ਦੀ ਖਾਸ ਕਿਸਮ ਪੂਸਾ ਮਸਟਰਡ 0033 (ਕਨੋਲਾ ਸਰ੍ਹੋਂ) ਦਾ ਬੀਜ ਉਤਪਾਦਨ ਵੀ ਕਰਦਾ ਹੈ। ਬੀਜ ਉਤਪਾਦਨ ਦੀ ਤਕਨੀਕੀ ਸਿਖਲਾਈ ਗੁਰਿੰਦਰ ਪਾਲ ਸਿੰਘ ਨੇ ਪੂਸਾ ਯੂਨੀਵਰਸਿਟੀ, ਦਿੱਲੀ ਅਤੇ ਖੇਤੀਬਾੜੀ ਯੂਨੀਵਰਸਿਟੀ ਕਰਨਾਲ ਤੋਂ ਲਈ ਹੈ।

ਇਹ ਵੀ ਪੜੋ: Success Story: ਪੰਜਾਬ ਦੇ ਅਗਾਂਹਵਧੂ ਕਿਸਾਨ ਗੁਰਦਿਆਲ ਸਿੰਘ MFOI Award 2023 'ਚ ਸਨਮਾਨਿਤ, ਪੜ੍ਹੋ ਸਫਲਤਾ ਦੀ ਪੂਰੀ ਕਹਾਣੀ

ਮਸ਼ੀਨਰੀ ਦੀ ਵਰਤੋਂ

ਆਪਣੀਆਂ ਫ਼ਸਲਾਂ ਦੀ ਸਿੰਚਾਈ ਗੁਰਿੰਦਰ ਪਾਲ ਸਿੰਘ ਨਹਿਰੀ ਪਾਣੀ ਨਾਲ ਕਰਦੇ ਹਨ ਅਤੇ ਇਸ ਤੋਂ ਇਲਾਵਾ ਇਨ੍ਹਾਂ ਦੇ ਖੇਤਾਂ ਵਿੱਚ ਲਗਭਗ 6 ਦੇ ਕਰੀਬ ਟਿਊਬਵੈੱਲ ਵੀ ਲੱਗੇ ਹੋਏ ਹਨ। ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿੱਚ ਹੀ ਨਸ਼ਟ ਕਰਨ ਲਈ ਪੂਸਾ ਯੂਨੀਵਰਸਿਟੀ, ਦਿੱਲੀ ਦੀ ਖਾਸ ਪੇਸ਼ਕਸ਼ ਡੀ. ਕੰਪੋਜ਼ਰ ਦੀ ਵਰਤੋਂ ਕਰਕੇ ਆਪਣੇ ਖੇਤਾਂ ਦੀ ਸਾਰੀ ਪਰਾਲੀ ਨੂੰ ਖੇਤਾਂ ਵਿੱਚ ਹੀ ਜਜ਼ਬ ਕੀਤਾ ਜਾਂਦਾ ਹੈ, ਜਿਸ ਨਾਲ ਜ਼ਮੀਨ ਦੀ ਸਿਹਤ ਵੀ ਵਧੀਆ ਹੁੰਦੀ ਹੈ ਅਤੇ ਫ਼ਸਲਾਂ ਦਾ ਝਾੜ ਵੀ ਜ਼ਿਆਦਾ ਅਤੇ ਮਿਆਰੀ ਆਉਂਦਾ ਹੈ। ਕਣਕ ਦੀ ਬਿਜਾਈ ਸੂਪਰ ਸੀਡਰ ਨਾਲ ਕੀਤੀ ਜਾਂਦੀ ਹੈ ਅਤੇ ਜਿਸ ਨਾਲ ਸਮਾਂ ਵੀ ਬਚਦਾ ਹੈ ਅਤੇ ਬਿਜਾਈ ਵੀ ਇਕਸਾਰ ਹੁੰਦੀ ਹੈ। ਗੁਰਿੰਦਰ ਪਾਲ ਸਿੰਘ ਦੀ ਸਰ੍ਹੋਂ ਦੀ ਫ਼ਸਲ ਵੀ ਹੋਰ ਦੂਜੇ ਕਿਸਾਨਾਂ ਨਾਲੋਂ ਵਧੀਆ ਝਾੜ ਦਿੰਦੀ ਹੈ ਅਤੇ ਇਸ ਫ਼ਸਲ ਦੀ ਕੁਆਲਿਟੀ ਵੀ ਬਹੁਤ ਮਿਆਰੀ ਹੁੰਦੀ ਹੈ। ਗੁਰਿੰਦਰ ਪਾਲ ਸਿੰਘ ਦੀ ਖੇਤੀ ਕਾਰਗੁਜ਼ਾਰੀ ਨੂੰ ਦੇਖਕੇ ਕਰਨਾਲ ਯੂਨੀਵਰਸਿਟੀ ਨੇ ਇਸ ਕਿਸਾਨ ਨੂੰ ਕਈ ਵਾਰ ਸਨਮਾਨਿਤ ਵੀ ਕੀਤਾ ਹੈ ਅਤੇ ਭਾਰਤੀ ਖੇਤੀ ਖੋਜ ਸੰਸਥਾਨ ਦੇ ਉੱਚ ਅਧਿਕਾਰੀ ਅਤੇ ਵਿਗਿਆਨੀ ਵੀ ਇਸ ਕਿਸਾਨ ਦੇ ਖੇਤਾਂ ਵਿੱਚ ਆਪ ਆ ਕੇ ਖੇਤਾਂ ਦੀ ਸਥਿਤੀ ਮੁਤਾਬਕ ਕੀਮਤੀ ਖੇਤੀ ਸਲਾਹ ਵੀ ਇਸ ਕਿਸਾਨ ਨੂੰ ਦਿੰਦੇ ਹਨ।

ਬਾਇਉ ਗੈਸ ਪਲਾਂਟ ਅਤੇ ਸੋਲਰ ਸਿਸਟਮ

ਆਪਣੀ ਸੁਵਿਧਾ ਅਤੇ ਸਰੋਤਾਂ ਦੇ ਅਨੁਸਾਰ ਗੁਰਿੰਦਰ ਪਾਲ ਸਿੰਘ ਨੇ ਆਪਣੇ ਘਰ ਬਾਇਉ ਗੈਸ ਪਲਾਂਟ ਅਤੇ ਸੋਲਰ ਸਿਸਟਮ ਵੀ ਲਗਾਇਆ ਹੋਇਆ ਹੈ ਜਿਸ ਨਾਲ ਉਨ੍ਹਾਂ ਨੂੰ ਆਰਥਿਕ ਲਾਭ ਵੀ ਹੁੰਦਾ ਹੈ ਅਤੇ ਮਾਨਸਿਕ ਸਕੂਨ ਵੀ ਮਿਲਦਾ ਹੈ। ਗੰਨੇ ਦਾ ਘਰੇਲੂ ਵਰਤੋਂ ਲਈ ਗੁੜ ਵੀ ਬਣਾਇਆ ਜਾਂਦਾ ਹੈ ਜਿਸ ਨਾਲ ਘਰ ਵਿੱਚ ਮਿੱਠੇ ਦੀ ਲੋੜ ਪੂਰੀ ਹੁੰਦੀ ਰਹਿੰਦੀ ਹੈ।

ਪਾਣੀ ਦੀ ਸੁਚੱਜੀ ਵਰਤੋਂ ਅਤੇ ਸੰਭਾਲ

ਪੰਜਾਬ ਰਾਜ ਬੀਜ ਪ੍ਰਮਾਣਨ ਸੰਸਥਾ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਗੁਰਿੰਦਰ ਪਾਲ ਸਿੰਘ ਨੂੰ ਆਪਣੇ ਖੇਤਾਂ ਵਿੱਚ ਫ਼ਸਲਾਂ ਦਾ ਬੀਜ ਉਤਪਾਦਨ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਰਹਿੰਦਾ ਹੈ। ਬੀਜ ਉਤਪਾਦਨ ਕਰਨ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀਆਂ ਵੱਲੋਂ ਗੁਰਿੰਦਰ ਪਾਲ ਸਿੰਘ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ, ਜਿਸ ਦੇ ਸਦਕਾ ਅੱਜ ਗੁਰਿੰਦਰ ਪਾਲ ਸਿੰਘ ਆਪਣੇ ਇਸ ਕੰਮ ਨੂੰ ਆਪਣੇ ਜ਼ਿਲ੍ਹੇ ਸੰਗਰੂਰ ਤੋਂ ਲੈ ਕੇ ਦੇਸ਼ ਦੇ ਹੋਰ ਦੂਜੇ ਜ਼ਿਲਿਆਂ ਅਤੇ ਰਾਜਾਂ ਤੱਕ ਵੀ ਫ਼ੈਲਾਅ ਚੁੱਕੇ ਹਨ। ਗੁਰਿੰਦਰ ਪਾਲ ਸਿੰਘ ਨੇ ਆਪਣੇ ਸਾਰੇ ਖੇਤਾਂ ਨੂੰ ਕੰਪਿਊਟਰ ਕਰਾਹੇ ਨਾਲ ਪੱਧਰ ਕਰਵਾਇਆ ਹੋਇਆ ਹੈ ਅਤੇ ਸਾਰਿਆਂ ਖੇਤਾਂ ਵਿੱਚ ਜ਼ਮੀਨਦੋਜ਼ ਪਾਈਪਾਂ ਵੀ ਪਾਈਆਂ ਹੋਈਆਂ ਹਨ, ਜਿਸ ਨਾਲ ਉਹ ਧਰਤੀ ਹੇਠਲੇ ਪਾਣੀ ਦੀ ਸੁਚੱਜੀ ਵਰਤੋਂ ਅਤੇ ਸੰਭਾਲ ਕਰਦੇ ਹਨ।

ਕਈ ਅਵਾਰਡ ਨਾਲ ਸਨਮਾਨਿਤ

ਇਹ ਕਿਸਾਨ ਆਪਣੀਆਂ ਖੇਤੀ ਸਿਣਸਾਂ ਦੇ ਬੀਜਾਂ ਦੀ ਵਧੀਆ ਪੈਕਿੰਗ ਕਰਕੇ ਸਿੱਧਾ ਹੋਰ ਦੂਜੇ ਕਿਸਾਨਾਂ ਨੂੰ ਵੇਚਦੇ ਹਨ। ਬੀਜ ਉਤਪਾਦਨ ਅਤੇ ਉੱਦਮੀ ਕਿਸਾਨ ਵੱਜੋਂ ਗੁਰਿੰਦਰ ਪਾਲ ਸਿੰਘ ਨੂੰ ਕਈ ਪਿੰਡ, ਜ਼ਿਲ੍ਹਾ, ਅਤੇ ਰਾਜ ਪੱਧਰ ਤੇ ਸਰਕਾਰੀ ਅਤੇ ਗ਼ੈਰਸਰਕਾਰੀ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਜਾ ਚੁਕਾ ਹੈ। ਹਾਲ ਹੀ ਵਿੱਚ ਇਸ ਕਿਸਾਨ ਨੂੰ ਦਿੱਲੀ ਦੇ ਪੂਸਾ ਆਈਏਆਰਆਈ ਮੇਲਾ ਗ੍ਰਾਉਂਡ ਵਿੱਚ ਕ੍ਰਿਸ਼ੀ ਜਾਗਰਣ ਦੁਆਰਾ ਆਯੋਜਿਤ ਅਤੇ ਮਹਿੰਦਰਾ ਟਰੈਕਟਰਜ਼ ਦੁਆਰਾ ਸਪਾਂਸਰ 'ਮਿਲੀਅਨੇਅਰ ਫਾਰਮਰ ਆਫ ਇੰਡੀਆ ਅਵਾਰਡਜ਼ 2024' ਦੇ ਸ਼ਾਨਦਾਰ ਸਮਾਰੋਹ ਦੌਰਾਨ ਭਾਰਤ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਭਾਗੀਰਥ ਚੌਧਰੀ ਵੱਲੋਂ ਜ਼ਿਲ੍ਹਾ ਪੱਧਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਗੁਰਿੰਦਰ ਪਾਲ ਸਿੰਘ ਦਾ ਆਪਣੇ ਜ਼ਿਲ੍ਹੇ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਕ੍ਰਿਸ਼ੀ ਵਿਗਿਆਨ ਕੇਂਦਰ, ਫ਼ਾਰਮ ਸਲਾਹਕਾਰ ਸੇਵਾ ਕੇਂਦਰ, ਬਾਗ਼ਬਾਨੀ ਵਿਭਾਗ ਆਦਿ ਸਰਕਾਰੀ ਵਿਭਾਗਾਂ ਦੇ ਅਫ਼ਸਰਾਂ ਅਤੇ ਖੇਤੀ ਮਾਹਿਰਾਂ ਨਾਲ ਪੂਰਾ ਸੰਪਰਕ ਬਣਿਆਂ ਰਹਿੰਦਾ ਹੈ।

ਇਹ ਵੀ ਪੜ੍ਹੋ: RFOI Award 2024: Gujarat ਦੀ ਮਹਿਲਾ ਕਿਸਾਨ ਨੀਤੂਬੇਨ ਪਟੇਲ ਬਣੀ 'Richest Farmer of India', ਖੇਤੀਬਾੜੀ ਉੱਦਮਤਾ ਅਤੇ ਕੁਦਰਤੀ ਖੇਤੀ ਵਿੱਚ ਵਿਲੱਖਣ ਯੋਗਦਾਨ ਲਈ ਮਾਨਤਾ ਪ੍ਰਾਪਤ

ਸਫ਼ਲ ਕਿਸਾਨ ਗੁਰਿੰਦਰ ਪਾਲ ਸਿੰਘ ਜ਼ੈਲਦਾਰ

ਸਫ਼ਲ ਕਿਸਾਨ ਗੁਰਿੰਦਰ ਪਾਲ ਸਿੰਘ ਜ਼ੈਲਦਾਰ

ਵਾਤਾਵਰਨ ਪ੍ਰੇਮੀ

ਭਵਿੱਖ ਵਿੱਚ ਗੁਰਿੰਦਰ ਪਾਲ ਸਿੰਘ ਮਿੱਟੀ, ਧਰਤੀ ਹੇਠਲੇ ਪਾਣੀ ਅਤੇ ਵਾਤਾਵਰਣ ਦੀ ਸੰਭਾਲ ਲਈ ਨਿਰੰਤਰ ਉਪਰਾਲੇ ਕਰਦੇ ਰਹਿਣਗੇ। ਝੋਨੇ ਦੀ ਪਰਾਲੀ ਨੂੰ ਜਮੀਨ ਵਿੱਚ ਹੀ ਜਜ਼ਬ ਕਰਨਾ ਅਤੇ ਹੋਰ ਦੂਜੇ ਕਿਸਾਨਾਂ ਨੂੰ ਵੀ ਇਸ ਪ੍ਰਤੀ ਪ੍ਰੇਰਿਤ ਕਰਨਾ ਇਨ੍ਹਾਂ ਦਾ ਮੁਖ ਟੀਚਾ ਰਹੇਗਾ। ਗੁਰਿੰਦਰ ਪਾਲ ਸਿੰਘ ਆਪਣੇ ਖੇਤਾਂ ਦੀ ਮਿੱਟੀ ਅਤੇ ਪਾਣੀ ਦੀ ਨਿਰੰਤਰ ਹਰ ਸਾਲ ਪਰਖ ਵੀ ਕਰਵਾਉਂਦੇ ਹਨ, ਜਿਸ ਨਾਲ ਉਨ੍ਹਾਂ ਦੀ ਖੇਤੀ ਵਿੱਚ ਵਿਕਾਸ ਨਜ਼ਰ ਆਉਂਦਾ ਹੈ। ਗੁਰਿੰਦਰ ਪਾਲ ਸਿੰਘ ਨੇ ਆਪਣੇ ਫ਼ਾਰਮ ਨੂੰ ਇੱਕ ਤਜ਼ਰਬਾ ਖੇਤਰ ਬਣਾਇਆ ਹੋਇਆ ਹੈ, ਜਿਸ ਵਿੱਚ ਉਹ ਦੂਜੇ ਕਿਸਾਨਾਂ ਨੂੰ ਬੀਜ ਉਤਪਾਦਨ ਨਾਲ ਸੰਬੰਧਤ ਜਾਣਕਾਰੀ ਦਿੰਦੇ ਰਹਿੰਦੇ ਹਨ।

ਵਧੀਆ ਉਦਾਹਰਨ

ਪੰਜਾਬ ਦੇ ਵੱਖ-ਵੱਖ ਵਿਭਾਗਾਂ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੁਆਰਾ ਲਗਾਏ ਜਾਂਦੇ ਕਿਸਾਨ ਕੈਂਪਾਂ, ਮੇਲਿਆਂ ਅਤੇ ਪ੍ਰਦਰਸ਼ਨੀਆਂ ਵਿੱਚ ਵੀ ਗੁਰਿੰਦਰ ਪਾਲ ਸਿੰਘ ਬੜੇ ਉਤਸ਼ਾਹ ਨਾਲ ਹਿੱਸਾ ਲੈਂਦੇ ਹਨ। ਲਾਕਡਾਊਨ ਅਤੇ ਕਰੋਨਾ ਦੇ ਮਾੜੇ ਦੌਰ ਵਿੱਚ ਵੀ ਗੁਰਿੰਦਰ ਪਾਲ ਸਿੰਘ ਦਾ ਬੀਜ ਉਤਪਾਦਨ ਦਾ ਕੰਮਕਾਜ ਨਿਰਵਿਘਨ ਚਲਦਾ ਰਿਹਾ ਅਤੇ ਬੀਜਾਂ ਦੀ ਵਿਕਰੀ ਕਰਨ ਵਿੱਚ ਵੀ ਕੋਈ ਬਹੁਤੀ ਵੱਡੀ ਮੁਸ਼ਕਿਲ ਪੇਸ਼ ਨਹੀਂ ਆਈ। ਕ੍ਰਿਸ਼ੀ ਜਾਗਰਣ, ਗੁਰਿੰਦਰ ਪਾਲ ਸਿੰਘ ਜ਼ੈਲਦਾਰ ਨੂੰ ਉਨ੍ਹਾਂ ਦੀ ਕਾਮਯਾਬ ਖੇਤੀ ਅਤੇ ਐਮਐਫਓਆਈ ਅਵਾਰਡ 2024 ਵਿੱਚ ਸਨਮਾਨ ਪ੍ਰਾਪਤ ਹੋਣ ਦੀ ਖੁਸ਼ੀ ਵਿੱਚ ਬਹੁਤ-ਬਹੁਤ ਵਧਾਈਆਂ ਦਿੰਦਾ ਹੈ।

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Successful seed producer Gurinder Pal Singh Zaildar of Sangrur honored in MFOI 2024, Bhagirath Choudhary gave District Award

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters