1. Home
  2. ਸਫਲਤਾ ਦੀਆ ਕਹਾਣੀਆਂ

Women Farmer: ਕਿਸਾਨ ਬੀਬੀਆਂ ਲਈ ਰਾਹ-ਦਿਸੇਰਾ District Kapurthala ਦੇ ਪਿੰਡ ਬੂਲਪੁਰ ਦੀ ਬੀਬੀ Amarjit Kaur Chandi

ਅਮਰਜੀਤ ਕੌਰ ਚੰਦੀ ਨੇ ਮਾਰਚ 1995 ਵਿੱਚ ਸ਼ਹਿਦ ਮੱਖੀ ਪਾਲਣ ਦੀ ਟ੍ਰੇਨਿੰਗ ਲੈ ਕੇ ਅਪ੍ਰੈਲ 1995 ਵਿੱਚ ਮਧੂ ਮੱਖੀ ਪਾਲਣ ਦਾ ਧੰਦਾ ਸ਼ੁਰੂ ਕੀਤਾ, 50 ਕਲੋਨੀਆਂ ਤੋਂ ਸ਼ੁਰੂ ਕੀਤਾ ਇਹ ਸਫਰ ਅੱਜ 400 ਕਲੋਨੀਆਂ ਤੱਕ ਪਹੁੰਚ ਗਿਆ ਹੈ। ਇਸ ਤੋਂ ਬਾਅਦ ਸਾਲ 1996 ਵਿੱਚ ਅਮਰਜੀਤ ਕੌਰ ਚੰਦੀ ਨੇ ਇੱਕ ਸੈਲਫ ਹੈਲਪ ਗਰੁੱਪ ਚੰਦੀ ਉਦਯੋਗ ਸਮਿਤੀ ਬਣਾਇਆ, ਇਸ ਤੋਂ ਬਾਅਦ ਸਾਲ 2005 ਵਿੱਚ ਸੈਲਫ ਹੈਲਪ ਗਰੁੱਪ ਬੇਬੇ ਨਾਨਕੀ ਬਣਾਇਆ, ਇਨ੍ਹਾਂ ਗਰੁੱਪ ਦੇ ਬਣਨ ਨਾਲ ਕਈ ਲੋਕਾਂ ਨੂੰ ਰੁਜ਼ਗਾਰ ਮਿਲਿਆ।

Gurpreet Kaur Virk
Gurpreet Kaur Virk
ਸੈਲਫ ਹੈਲਪ ਗਰੁੱਪ ਰਾਹੀਂ ਕਈ ਲੋਕਾਂ ਨੂੰ ਮਿਲਿਆ ਰੁਜ਼ਗਾਰ

ਸੈਲਫ ਹੈਲਪ ਗਰੁੱਪ ਰਾਹੀਂ ਕਈ ਲੋਕਾਂ ਨੂੰ ਮਿਲਿਆ ਰੁਜ਼ਗਾਰ

Success Story: ਕਿਸਾਨ! ਇਹ ਨਾਮ ਆਪਣੇ ਆਪ ਵਿੱਚ ਉਸ ਕੰਮ ਦਾ ਵਰਣਨ ਕਰਨ ਲਈ ਕਾਫੀ ਹੈ ਜਿਸ ਬਾਰੇ ਅਸੀਂ ਗੱਲ ਕਰ ਰਹੇ ਹਾਂ। ਕਿਸਾਨ ਉਹ ਹਨ ਜੋ ਆਪਣੇ ਖੂਨ ਪਸੀਨੇ ਨਾਲ ਧਰਤੀ ਨੂੰ ਸਿੰਜਦੇ ਹਨ। ਬਰਸਾਤ ਹੋਵੇ, ਗਰਮੀ ਹੋਵੇ ਜਾਂ ਸਰਦੀ, ਕਿਸਾਨ ਹਰ ਮੌਸਮ ਵਿੱਚ ਨਿਡਰ ਹੋ ਕੇ ਖੜ੍ਹੇ ਰਹਿੰਦੇ ਹਨ। ਸਿਰਫ਼ ਖੇਤੀ ਹੀ ਨਹੀਂ, ਸਗੋਂ ਪਸ਼ੂ ਪਾਲਣ, ਮੱਛੀ ਪਾਲਣ ਅਤੇ ਮਧੂ ਮੱਖੀ ਪਾਲਣ ਵੀ ਹੁਣ ਕਿਸਾਨਾਂ ਦੇ ਰੁਜ਼ਗਾਰ ਦੇ ਸਾਧਨ ਬਣ ਗਏ ਹਨ। ਖਾਸ ਤੌਰ 'ਤੇ ਜਦੋਂ ਕਿਸਾਨ ਬੀਬੀਆਂ ਦੀ ਗੱਲ ਆਉਂਦੀ ਹੈ, ਤਾਂ ਖੇਤੀ ਦੇ ਨਾਲ-ਨਾਲ ਇਹ ਔਰਤਾਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਵੀ ਬਾਖੂਬੀ ਢੰਗ ਨਾਲ ਨਿਭਾਉਂਦੀਆਂ ਹਨ।

ਇਸ ਲਈ ਅੱਜ ਅਸੀਂ ਤੁਹਾਨੂੰ ਬੀਬੀ ਅਮਰਜੀਤ ਕੌਰ ਚੰਦੀ ਦੀ ਕਹਾਣੀ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੇ ਖੇਤੀਬਾੜੀ ਦੇ ਖੇਤਰ 'ਚ ਨਵਾਂ ਬਦਲਾਅ ਕੀਤਾ ਹੈ। ਇਹ ਬਦਲਾਅ ਸਿਰਫ ਉਨ੍ਹਾਂ ਆਪਣੇ ਲਈ ਹੀ ਨਹੀਂ ਸਗੋਂ ਆਪਣੀਆਂ ਵਰਗੀਆਂ ਕਈ ਔਰਤਾਂ ਲਈ ਵੀ ਕੀਤਾ ਹੈ, ਜਿਸ ਦੀ ਬਦੌਲਤ ਅੱਜ ਉਨ੍ਹਾਂ ਨੇ ਚੰਗਾ ਨਾਮਣਾ ਖੱਟਿਆ ਹੈ। ਤੁਹਾਨੂੰ ਦੱਸ ਦੇਈਏ ਕਿ ਅੱਜ ਦੇ ਨੌਜਵਾਨ ਵੀ ਇਨ੍ਹਾਂ ਔਰਤਾਂ ਤੋਂ ਪ੍ਰੇਰਨਾ ਲੈ ਕੇ ਖੇਤੀ ਧੰਦੇ ਆਪਣਾ ਰਹੇ ਹਨ।

ਵਿਆਹ ਤੋਂ ਬਾਅਦ ਅਕਸਰ ਔਰਤ ਦੀ ਜ਼ਿੰਦਗੀ ਵਿੱਚ ਵੱਡੀ ਤਬਦੀਲੀ ਆਉਂਦੀ ਹੈ, ਕਿਉਂਕਿ ਧੀ-ਭੈਣ ਹੋਣ ਤੋਂ ਬਾਅਦ ਉਹ ਕਿਸੇ ਦੀ ਨੂੰਹ, ਕਿਸੇ ਦੀ ਪਤਨੀ ਅਤੇ ਹੋਰ ਕਈ ਬੰਧਨਾਂ ਵਿੱਚ ਬੱਝ ਜਾਂਦੀ ਹੈ। ਪਰ ਜਦੋਂ ਅਜਿਹੀ ਔਰਤ ਆਪਣੇ ਪਰਿਵਾਰ ਦੇ ਨਾਲ-ਨਾਲ ਸਮਾਜ ਲਈ ਕੁਝ ਖਾਸ ਕੰਮ ਕਰਦੀ ਹੈ, ਤਾਂ ਉਹ ਹੋਰਨਾਂ ਔਰਤਾਂ ਲਈ ਇੱਕ ਪ੍ਰੇਰਨਾ ਸਰੋਤ ਬਣ ਜਾਂਦੀ ਹੈ। ਅਸੀਂ ਗੱਲ ਕਰ ਰਹੇ ਹੈ ਹਾਂ ਬੀਬੀ ਅਮਰਜੀਤ ਕੌਰ ਚੰਦੀ, ਸੁਪਤਨੀ ਸ. ਸਰਵਣ ਸਿੰਘ ਚੰਦੀ, ਪਿੰਡ ਬੂਲਪੁਰ ਜ਼ਿਲ੍ਹਾ ਕਪੂਰਥਲਾ, ਜਿਨ੍ਹਾਂ ਨੇ ਆਪਣੇ ਵਿਆਹ ਤੋਂ ਬਾਅਦ ਆਪਣੇ ਪਰਿਵਾਰ ਦੀ ਆਮਦਨ ਨੂੰ ਹੋਰ ਵਧਾਉਣ ਲਈ ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ ਇੱਕ ਮਿਸਾਲ ਕਾਇਮ ਕੀਤੀ ਹੈ, ਜਿਸ ਦਾ ਸਬੂਤ ਉਨ੍ਹਾਂ ਵੱਲੋਂ ਕੀਤੇ ਕੰਮਾਂ ਤੋਂ ਆਪ-ਮੁਹਾਰੇ ਹੀ ਮਿਲ ਜਾਂਦਾ ਹੈ।

ਅਪ੍ਰੈਲ 1995 ਵਿੱਚ ਸ਼ੁਰੂ ਕੀਤਾ ਕਾਰੋਬਾਰ

ਅਮਰਜੀਤ ਕੌਰ ਚੰਦੀ ਨੇ ਮਾਰਚ 1995 ਵਿੱਚ ਸ਼ਹਿਦ ਮੱਖੀਆਂ ਪਾਲਣ ਦੀ ਟ੍ਰੇਨਿੰਗ ਲੈ ਕੇ ਅਪ੍ਰੈਲ 1995 ਵਿੱਚ ਮਧੂ ਮੱਖੀ ਪਾਲਣ ਦਾ ਧੰਦਾ ਸ਼ੁਰੂ ਕਰ ਲਿਆ। ਕਿਉਂਕਿ ਚੰਦੀ ਪਰਿਵਾਰ ਰਵਾਇਤੀ ਖੇਤੀ ਦੇ ਨਾਲ-ਨਾਲ ਸਬਜ਼ੀਆਂ ਅਤੇ ਤੇਲ ਬੀਜ ਫਸਲਾਂ ਦੀ ਖੇਤੀ ਤਾਂ ਪਹਿਲਾਂ ਹੀ ਕਰਦਾ ਸੀ, ਸ਼ਹਿਦ ਮੱਖੀਆਂ ਵਾਸਤੇ ਚੰਗੇ ਫੁੱਲ-ਫਲਾਕੇ ਨਾਲ ਇਸ ਧੰਦੇ ਨੂੰ ਹੋਰ ਉਤਸ਼ਾਹ ਮਿਲਿਆ। ਬਸ ਫਿਰ ਕੀ ਸੀ ਖੇਤੀ ਨਾਲ ਸੰਬੰਧਤ ਹੋਰ ਅਦਾਰਿਆਂ ਨਾਲ ਮਿਲ ਕੇ ਖੇਤੀ ਨੂੰ ਹੋਰ ਚੰਗੇਰਾ ਅਤੇ ਮੁਨਾਫੇ ਵਾਲਾ ਬਣਾਉਣ ਲਈ ਨਵੀਆਂ ਤਕਨੀਕਾਂ ਸਿੱਖੀਆਂ ਅਤੇ ਆਪਣੇ ਫਾਰਮ ਲਾਗੂ ਕੀਤਾ। 50 ਕਲੋਨੀਆਂ ਤੋਂ ਕੀਤਾ ਸਫਰ ਅੱਜ 400 ਕਲੋਨੀਆਂ ਤੱਕ ਪਹੁੰਚ ਗਿਆ ਹੈ।

ਜਦੋਂ ਇੱਥੇ ਫੁੱਲ-ਫੁਲਾਕਾ ਨਹੀਂ ਹੁੰਦਾ ਤਾਂ ਨੇੜੇ ਦੇ ਸੂਬਿਆਂ ਵਿੱਚ ਕਲੋਨੀਆਂ ਨੂੰ ਲੈ ਕੇ ਜਾਂਦੇ ਹਨ। ਸ਼ਹਿਦ ਦੀ ਪੈਦਾਵਾਰ ਦਾ ਬਹੁਤਾ ਵੱਡਾ ਹਿੱਸਾ ਆਪਣੇ ਫਾਰਮ ਤੋਂ ਹੀ ਵੇਚ ਕੇ ਚੰਗਾ ਮੁਨਾਫਾ ਕਮਾ ਲੈਂਦੇ ਹਨ, ਜਦੋਂਕਿ ਸਬਜ਼ੀਆਂ ਦਾ ਮੰਡੀਕਰਨ ਉਹ ਜ਼ਿਆਦਾਤਰ ਜਲੰਧਰ ਦੀ ਪ੍ਰਮੁੱਖ ਮੰਡੀ ਵਿੱਚ ਕਰਦੇ ਹਨ। ਇੰਨ੍ਹਾਂ ਨੇ 1996 ਵਿੱਚ ਇੱਕ ਸੈਲਫ ਹੈਲਪ ਗਰੁੱਪ ਚੰਦੀ ਉਦਯੋਗ ਸਮਿਤੀ ਬਣਾਇਆ, ਤੇ ਜਿਸ ਦੇ ਇਹ ਸੈਕਟਰੀ ਹਨ। ਇਸ ਗਰੁੱਪ ਦੇ ਬਣਨ ਨਾਲ ਦਸ ਹੋਰ ਲੋਕਾਂ ਨੂੰ ਵੀ ਰੁਜ਼ਗਾਰ ਮਿਲਿਆ।

ਇਹ ਵੀ ਪੜ੍ਹੋ: Female Farmer ਸੁਰਜੀਤ ਕੌਰ ਨੇ YouTube ਅਤੇ Social Media ਰਾਹੀਂ ਸ਼ੁਰੂ ਕੀਤੀ Natural Farming, ਅੱਜ ਹੋਰਨਾਂ ਕਿਸਾਨ ਬੀਬੀਆਂ ਲਈ ਬਣੀ Inspiration

'ਬੇਬੇ ਨਾਨਕੀ' ਸੈਲਫ ਹੈਲਪ ਗਰੁੱਪ

ਸ਼ਹਿਦ ਦੇ ਕਿੱਤੇ ਨੂੰ ਹੋਰ ਨਿਖਾਰਣ ਅਤੇ ਮੁਨਾਫੇ ਨੂੰ ਵਧਾਉਣ ਲਈ ਅਮਰਜੀਤ ਕੌਰ ਚੰਦੀ ਨੇ ਅਚਾਰ-ਮੁਰੱਬੇ ਬਣਾਉਣ ਦੀ ਸਿਖਲਾਈ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲਈ। ਸੰਨ 2005 ਵਿੱਚ ਇੱਕ ਹੋਰ ਸੈਲਫ ਹੈਲਪ ਗਰੁੱਪ ਬੇਬੇ ਨਾਨਕੀ ਬਣਾਇਆ ਗਿਆ, ਜਿਸ ਦੇ ਪ੍ਰਧਾਨ ਇਨ੍ਹਾਂ ਦੇ ਪਤੀ ਸ. ਸਰਵਣ ਸਿੰਘ ਚੰਦੀ ਹਨ। ਬੀਬੀ ਅਮਰਜੀਤ ਕੌਰ ਚੰਦੀ ਇਸ ਗਰੁੱਪ ਦੇ ਵੀ ਸੈਕਟਰੀ ਹਨ। ਇਸ ਤੋਂ ਬਾਅਦ ਇਨ੍ਹਾਂ ਨੇ ਅਚਾਰ-ਚੱਟਣੀ, ਹਲਦੀ ਪਾਊਡਰ ਅਤੇ ਕੱਚੀ ਹਲਦੀ ਤਿਆਰ ਕਰ ਕੇ ਵੇਚਣਾ ਸ਼ੁਰੂ ਕੀਤਾ ਅਤੇ ਉਸ ਵਿੱਚ ਵੀ ਮੁਨਾਫਾ ਕਮਾਇਆ।

ਸੰਨ 2011 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਤਕਨੀਕ ‘ਹਨੀ ਪ੍ਰੋਸੈਸਿੰਗ ਪਲਾਂਟ ਲਗਾਇਆ, ਜਿਸ ਨਾਲ ਸ਼ਹਿਦ ਦੀ ਗੁਣਵੱਤਾ ਅਤੇ ਮੰਡੀਕਰਨ ਵਿੱਚ ਹੋਰ ਵੀ ਵਾਧਾ ਹੋਇਆ। ਅਮਰਜੀਤ ਕੌਰ ਚੰਦੀ ਨੇ ਆਪਣੇ ਪਤੀ ਨਾਲ ਮਿਲ ਕੇ ਸ਼ਹਿਦ ਮੱਖੀ ਪਾਲਣ ਵਿੱਚ ਵੰਨ-ਸੁਵੰਨਤਾ ਲਿਆਉਣ ਲਈ ਪੀ.ਏ.ਯੂ ਤੋਂ ਰਾਣੀ ਮੱਖੀ ਬਣਾਉਣ, ਪ੍ਰੋਪੋਲਿਸ, ਰਾਇਲ ਜੈਲੀ ਅਤੇ ਬੀ ਪੋਲਨ ਦੀ ਵਿਸ਼ੇਸ਼ ਸਿਖਲਾਈ ਵੀ ਲਈ। ਇਸ ਸਿਖਲਾਈ ਵਿੱਚ ਜੋ ਉਨ੍ਹਾਂ ਨੇ ਸਿੱਖਿਆ, ਉਹ ਆਪਣੇ ਸੰਪਰਕ ਵਿੱਚ ਆਉਣ ਵਾਲੇ ਹੋਰ ਕਿਸਾਨ ਅਤੇ ਕਿਸਾਨ ਬੀਬੀਆਂ ਨਾਲ ਵੀ ਸਾਂਝਾ ਕਰਦੇ ਹਨ ਤਾਂ ਜੋ ਉਹ ਵੀ ਆਪਣੀ ਆਮਦਨ ਵਿੱਚ ਵਾਧਾ ਕਰ ਸਕਣ।

ਵਾਤਾਵਰਣ ਦੀ ਰਾਖੀ

ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਅਤੇ ਮਿੱਟੀ ਦੀ ਸਿਹਤ ਸੰਭਾਲ ਵਿੱਚ ਵੀ ਇਹ ਆਪਣਾ ਯੋਗਦਾਨ ਪਾ ਰਹੇ ਹਨ। ਇਸੇ ਤਹਿਤ ਚੰਦੀ ਫਾਰਮ ਨੇ ਪਾਣੀ ਦੀ ਸੁੱਚਜੀ ਵਰਤੋਂ ਵਾਸਤੇ ਪਲਾਸਟਿਕ ਪਾਈਪ ਲਾਇਨ ਵਿਛਾਈ ਹੈ। “ਨੈਸ਼ਨਲ ਗਰੀਨ ਟ੍ਰਿਬਿਊਨਲ ਵਲੋਂ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਨਵੰਬਰ 2018 ਵਿੱਚ ਸੈਲਫ ਹੈਲਪ ਗਰੁੱਪ ਦੇ ਅਧੀਨ ਭਾਰਤ ਸਰਕਾਰ ਵੱਲੋਂ ਭੇਜੀ ਗਈ ਸਹਾਇਤਾ (ਸਬਸਿਡੀ) ਦਾ ਫਾਇਦਾ ਚੁੱਕਦਿਆਂ ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾਂਭਣ ਲਈ ਆਧੁਨਿਕ ਤਕਨੀਕ ਦੇ ਸੰਦ ਖਰੀਦੇ ਗਏ। ਇਸ ਨਾਲ ਅੱਗ ਲਾਉਣ ਤੋਂ ਬਿਨਾਂ ਹੀ ਕਣਕ, ਆਲੂ ਅਤੇ ਸਬਜ਼ੀਆਂ ਦੀ ਬਿਜਾਈ ਕੀਤੀ ਗਈ ਹੈ।

ਇਹ ਵੀ ਪੜੋ : Hoshiarpur ਦੀ Rekha Sharma ਸਬਰ, ਸੰਤੋਖ ਅਤੇ ਸਿੱਦਕ ਦੀ ਵਧੀਆ ਮਿਸਾਲ, ਵਿਲੱਖਣ ਸੋਚ ਅਤੇ ਕਰੜੀ ਮਿਹਨਤ ਸਦਕਾ ਬਦਲੀ ਕਈ ਔਰਤਾਂ ਦੀ ਜ਼ਿੰਦਗੀ, ਛੋਟੀ ਉਮਰ 'ਚ ਮਿਲਿਆ National Award

ਸੈਲਫ ਹੈਲਪ ਗਰੁੱਪ ਰਾਹੀਂ ਕਈ ਲੋਕਾਂ ਨੂੰ ਮਿਲਿਆ ਰੁਜ਼ਗਾਰ

ਸੈਲਫ ਹੈਲਪ ਗਰੁੱਪ ਰਾਹੀਂ ਕਈ ਲੋਕਾਂ ਨੂੰ ਮਿਲਿਆ ਰੁਜ਼ਗਾਰ

ਕਈ ਅਵਾਰਡ ਨਾਲ ਸਨਮਾਨਿਤ

ਚੰਦੀ ਫਾਰਮ ਨੇ ਇਸ ਕਾਰੋਬਾਰ ਦੇ ਚਲਦਿਆਂ ਬਹੁਤ ਸਾਰੀਆਂ ਪ੍ਰਾਪਤੀਆਂ ਕੀਤੀਆਂ ਹਨ। ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ 'ਤੇ ਮਾਰਚ 2008 ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਲੱਗੇ ਕਿਸਾਨ ਮੇਲੇ ਵਿੱਚ ਮੁੱਖ-ਮੰਤਰੀ ਅਵਾਰਡ ਮਿਲਣਾ। ਹੁਣ ਤਕ ਵੱਖ-ਵੱਖ ਕਿਸਾਨ ਅਤੇ ਸੱਭਿਆਚਾਰਕ ਮੇਲਿਆਂ ਵਿੱਚ ਬਹੁਤ ਸਾਰੇ ਮਾਨ-ਸਨਮਾਨ ਮਿਲ ਚੁੱਕੇ ਹਨ। ਨਵੰਬਰ 2018 ਵਿੱਚ ਨਵੀਂ ਦਿੱਲੀ ਵਿਖੇ ਡੀ.ਡੀ. ਕਿਸਾਨ ਚੈਨਲ ਵਲੋਂ ‘ਮਹਿਲਾ ਕਿਸਾਨ ਅਵਾਰਡ' ਨਾਲ ਸਨਮਾਨਿਤ ਕੀਤਾ ਗਿਆ।

ਸਹਾਇਕ ਧੰਦਿਆਂ ਦੀ ਸਿਖਲਾਈ

ਚੰਦੀ ਫਾਰਮ ਤੋਂ ਹੁਣ ਤੱਕ ਪੰਜਾਬ ਅਤੇ ਹੋਰ ਸੂਬਿਆਂ ਤੋਂ 900 ਦੇ ਕਰੀਬ ਕਿਸਾਨ ਸ਼ਹਿਦ ਮੱਖੀ ਪਾਲਣ ਅਤੇ ਹੋਰ ਸਹਾਇਕ ਧੰਦਿਆਂ ਵਿੱਚ ਸਿਖਲਾਈ ਲੈ ਚੁੱਕੇ ਹਨ, ਜੋ ਕਿ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਇਸ ਤੋਂ ਇਲਾਵਾ ਇਨ੍ਹਾਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ, ਕਪੂਰਥਲਾ ਅਤੇ ਖੇਤੀਬਾੜੀ ਮਹਿਕਮੇ ਨਾਲ ਮਿਲ ਕੇ 600 ਦੇ ਕਰੀਬ ਕਿਸਾਨ ਗੋਸ਼ਟੀਆਂ ਅਤੇ ਟ੍ਰੇਨਿੰਗ ਕੈਂਪ ਲਗਾਏ ਹਨ। ਪ੍ਰਮਾਤਮਾ ਅੱਗੇ ਇਹੀ ਦੁਆ ਹੈ ਕਿ ਬੀਬੀ ਅਮਰਜੀਤ ਕੌਰ ਚੰਦੀ ਪੁਲਾਂਘਾਂ ਪੁੱਟੇ ਅਤੇ ਜ਼ਿੰਦਗੀ ਦੇ ਹਰੇਕ ਖੇਤਰ ਵਿੱਚ ਹੋਰ ਕਾਮਯਾਬ ਹੋਵੇ।

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Women Farmer: Pathway for female farmers Amarjit Kaur Chandi of Bulpur village in District Kapurthala

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters