ਅੱਜ ਤੋਂ ਅਗਲੇ 5 ਦਿਨਾਂ ਤੱਕ ਪੰਜਾਬ, ਹਰਿਆਣਾ, ਦਿੱਲੀ-ਐਨਸੀਆਰ ਸਮੇਤ ਪੂਰਾ ਉੱਤਰ ਅਤੇ ਉੱਤਰ ਪੱਛਮੀ ਭਾਰਤ ਸੰਘਣੀ ਧੁੰਦ ਦੀ ਲਪੇਟ ਵਿੱਚ ਰਹੇਗਾ, ਜਿਸ ਦੇ ਲਈ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ।
Weather Today: ਸਮੁੱਚਾ ਉੱਤਰ ਭਾਰਤ ਸ਼ੀਤ ਲਹਿਰ ਦੀ ਲਪੇਟ 'ਚ ਹੈ, ਜਿਸਦੇ ਚਲਦਿਆਂ ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਤੱਕ ਦਿੱਲੀ, ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰਾਖੰਡ, ਯੂਪੀ, ਰਾਜਸਥਾਨ ਵਿੱਚ ਸੰਘਣੀ ਧੁੰਦ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਧੁੰਦ ਕਾਰਨ ਵਿਜ਼ੀਬਿਲਟੀ ਦਾ ਪੱਧਰ ਵੀ ਬਹੁਤ ਘੱਟ ਜਾਵੇਗਾ, ਜਿਸ ਨਾਲ ਰੇਲ, ਬੱਸ ਅਤੇ ਹਵਾਈ ਆਵਾਜਾਈ ਵੀ ਪ੍ਰਭਾਵਿਤ ਹੋ ਸਕਦੀ ਹੈ। ਜਾਣੋ ਮੌਸਮ ਦਾ ਤਾਜ਼ਾ ਹਾਲ...
ਪੰਜਾਬ-ਹਰਿਆਣਾ 'ਚ ਹੱਡ ਚੀਰਵੀਂ ਠੰਡ
ਬਰਫੀਲੀਆਂ ਹਵਾਵਾਂ ਕਾਰਨ ਤਾਪਮਾਨ ਕਾਫੀ ਹੇਠਾਂ ਆ ਗਿਆ ਹੈ। ਜਿਸਦੇ ਚਲਦਿਆਂ ਲੋਕ ਆਪਣੇ ਘਰਾਂ 'ਚ ਲੁਕੇ ਹੋਏ ਹਨ। ਜਦੋਂਕਿ, ਘਰੋਂ ਬਾਹਰ ਨਿਕਲਣ ਵਾਲੇ ਲੋਕਾਂ 'ਤੇ ਵੀ ਠੰਡ ਦਾ ਅਸਰ ਦੇਖਿਆ ਜਾ ਰਿਹਾ ਹੈ, ਇੱਥੇ ਸੰਘਣੀ ਧੁੰਦ ਕਾਰਨ ਵਾਹਨਾਂ ਦੀ ਰਫ਼ਤਾਰ ਮੱਠੀ ਨਜ਼ਰ ਆਈ। ਸਵੇਰੇ ਦਫ਼ਤਰ ਜਾਣ ਵਾਲੇ ਲੋਕ ਧੁੰਦ ਕਾਰਨ ਦਫ਼ਤਰ ਵਿੱਚ ਦੇਰੀ ਨਾਲ ਪੁੱਜੇ। ਪੰਜਾਬ 'ਚ ਪੈ ਰਹੀ ਕੜਾਕੇ ਦੀ ਠੰਡ ਦੇ ਅਸਰ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਲੋਕ ਸੜਕ ਦੇ ਕਿਨਾਰੇ ਅੱਗ ਲਗਾ ਕੇ ਤਾਪ ਸੇਕਦੇ ਨਜ਼ਰ ਆਏ। ਫਿਲਹਾਲ, ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਦੋਵਾਂ ਸੂਬਿਆਂ ਵਿੱਚ ਠੰਡ ਵਧਣ ਦੀ ਸੰਭਾਵਨਾ ਜਤਾਈ ਹੈ।
ਦਿੱਲੀ-ਐਨਸੀਆਰ 'ਚ ਬਰਫੀਲੀਆਂ ਹਵਾਵਾਂ
ਦਿੱਲੀ ਵਿੱਚ ਸੀਤ ਲਹਿਰ ਜਾਰੀ ਰਹਿਣ ਕਾਰਨ ਸੰਘਣੀ ਧੁੰਦ ਦੇਖਣ ਨੂੰ ਮਿਲ ਰਹੀ ਹੈ। ਧੁੰਦ ਦੇ ਨਾਲ-ਨਾਲ ਦਿੱਲੀ-ਐੱਨਸੀਆਰ ਦੇ ਲੋਕ ਵੀ ਠੰਡ ਦਾ ਸ਼ਿਕਾਰ ਹੋ ਰਹੇ ਹਨ। ਮੌਸਮ ਵਿਭਾਗ ਦੀ ਮੰਨੀਏ ਤਾਂ ਇੱਥੇ ਤਾਪਮਾਨ 7 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਹੈ। ਸੰਘਣੀ ਧੁੰਦ ਕਾਰਨ ਵਾਹਨਾਂ ਦੀ ਰਫ਼ਤਾਰ ਵੀ ਰੁਕ ਗਈ ਹੈ। ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਤੱਕ ਸੀਤ ਲਹਿਰ ਅਤੇ ਠੰਡ ਤੋਂ ਰਾਹਤ ਨਾ ਮਿਲਣ ਦੀ ਸੰਭਾਵਨਾ ਜਤਾਈ ਹੈ।
ਇਹ ਵੀ ਪੜ੍ਹੋ : ਸੰਘਣੀ ਧੁੰਦ ਕਾਰਨ ਰੇਲ, ਬੱਸ ਅਤੇ ਹਵਾਈ ਆਵਾਜਾਈ ਪ੍ਰਭਾਵਿਤ, ਉੱਤਰੀ ਭਾਰਤ ਦੇ ਇਨ੍ਹਾਂ ਸੂਬਿਆਂ 'ਚ ਅਲਰਟ
ਮੱਧ ਪ੍ਰਦੇਸ਼ 'ਚ ਠੰਡ ਦੇ ਤੇਵਰ
ਪਹਾੜਾਂ ਤੋਂ ਆ ਰਹੀਆਂ ਬਰਫੀਲੀਆਂ ਹਵਾਵਾਂ ਕਾਰਨ ਮੱਧ ਪ੍ਰਦੇਸ਼ 'ਚ ਤਾਪਮਾਨ ਹੇਠਾਂ ਆ ਗਿਆ ਹੈ। ਇੱਥੇ ਕਈ ਜ਼ਿਲ੍ਹਿਆਂ ਵਿੱਚ ਸੀਤ ਲਹਿਰ ਵਰਗੀ ਸਥਿਤੀ ਬਣੀ ਹੋਈ ਹੈ। ਇਸ ਦੇ ਨਾਲ ਹੀ ਆਉਣ ਵਾਲੇ ਕੁਝ ਦਿਨਾਂ ਤੱਕ ਸ਼ੀਤਲਹਰ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਨਵੇਂ ਸਾਲ 'ਚ ਪਾਰਾ ਤੇਜ਼ੀ ਨਾਲ ਡਿੱਗੇਗਾ ਅਤੇ 31 ਦਸੰਬਰ ਦੇ ਜਸ਼ਨ 'ਚ ਲੋਕਾਂ ਨੂੰ ਹੱਡ ਭੰਨਵੀਂ ਠੰਡ ਝੱਲਣੀ ਪਵੇਗੀ।
ਬਿਹਾਰ 'ਚ ਵਧੀ ਠੰਡ
ਬਿਹਾਰ 'ਚ ਠੰਡ ਨੇ ਆਪਣਾ ਭਿਆਨਕ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸੀਤ ਲਹਿਰ ਅਤੇ ਧੁੰਦ ਕਾਰਨ ਪੇਂਡੂ ਖੇਤਰ ਦੇ ਲੋਕ ਤਾਂ ਪਰੇਸ਼ਾਨ ਹੋ ਹੀ ਰਹੇ ਹਨ ਪਰ ਇਸ ਦੇ ਨਾਲ ਪਸ਼ੂਆਂ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਘੱਟੋ-ਘੱਟ ਤਾਪਮਾਨ ਵਿੱਚ ਚਾਰ ਤੋਂ ਪੰਜ ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਅਲਰਟ, ਇਨ੍ਹਾਂ ਸੂਬਿਆਂ 'ਚ ਸੰਘਣੀ ਧੁੰਦ ਦਾ ਕਹਿਰ ਜਾਰੀ, 25 ਦਿਸੰਬਰ ਤੋਂ ਬਾਅਦ ਕੜਾਕੇ ਦੀ ਠੰਡ
ਪਹਾੜੀ ਸੂਬਿਆਂ ਦਾ ਮੌਸਮ
ਪਹਾੜਾਂ 'ਚ ਬਰਫਬਾਰੀ ਕਾਰਨ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉਤਰਾਖੰਡ ਦੇ ਤਾਪਮਾਨ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਠੰਡ ਵਧਣ ਕਾਰਨ ਲੋਕਾਂ ਦੀਆਂ ਮੁਸੀਬਤਾਂ ਵੀ ਵੱਧ ਗਈਆਂ ਹਨ। ਕਸ਼ਮੀਰ ਦੇ ਲਗਭਗ ਸਾਰੇ ਖੇਤਰਾਂ ਵਿੱਚ ਘੱਟੋ-ਘੱਟ ਤਾਪਮਾਨ ਫ੍ਰੀਜ਼ਿੰਗ ਪੁਆਇੰਟ ਤੋਂ ਹੇਠਾਂ ਚਲਾ ਗਿਆ ਹੈ। ਕੜਾਕੇ ਦੀ ਠੰਡ ਕਾਰਨ ਸੜਕ, ਰੇਲ ਅਤੇ ਹਵਾਈ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਹਿਮਾਚਲ ਪ੍ਰਦੇਸ਼ ਵਿੱਚ ਵੀ ਠੰਡ ਆਪਣਾ ਕਹਿਰ ਬਰਪਾ ਰਹੀ ਹੈ। ਲਾਹੌਲ-ਸਪਿਤੀ ਜ਼ਿਲੇ ਦੇ ਸ਼ਿੰਕੁਲਾ ਦੱਰੇ 'ਤੇ ਸੋਮਵਾਰ ਨੂੰ ਤਾਜ਼ਾ ਬਰਫਬਾਰੀ ਕਾਰਨ ਇੱਥੇ ਠੰਡ ਵੱਧ ਗਈ ਹੈ।
Summary in English: Bone-chilling cold continues in these states including Punjab, these states are on alert