Weather Forecast: ਦੇਸ਼ ਦੇ ਕਈ ਸੂਬੇ ਇਸ ਸਮੇਂ ਭਿਆਨਕ ਗਰਮੀ ਦਾ ਸਾਹਮਣਾ ਕਰ ਰਹੇ ਹਨ। ਕਈ ਸ਼ਹਿਰਾਂ ਵਿੱਚ ਤਾਪਮਾਨ 45 ਨੂੰ ਪਾਰ ਕਰ ਗਿਆ ਹੈ। ਇਸ ਦੌਰਾਨ ਭਾਰਤੀ ਮੌਸਮ ਵਿਭਾਗ (IMD) ਨੇ 18 ਮਈ ਤੋਂ ਪੂਰਬੀ ਖੇਤਰ ਵਿੱਚ ਹੀਟ ਵੇਵ ਦੀ ਤਾਜ਼ਾ ਸਥਿਤੀ ਬਾਰੇ ਭਵਿੱਖਬਾਣੀ ਕੀਤੀ ਹੈ। ਇਨ੍ਹਾਂ ਹੀ ਨਹੀਂ ਮੌਸਮ ਵਿਭਾਗ ਨੇ ਦੱਖਣੀ ਪ੍ਰਾਇਦੀਪ ਭਾਰਤ ਵਿੱਚ ਤੂਫ਼ਾਨ, ਬਿਜਲੀ ਅਤੇ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਦੀ ਵੀ ਭਵਿੱਖਬਾਣੀ ਕੀਤੀ ਹੈ।
ਮੌਸਮ ਵਿਭਾਗ ਦੀ ਮੰਨੀਏ ਤਾਂ ਦੱਖਣ-ਪੱਛਮੀ ਮਾਨਸੂਨ ਦੇ 19 ਮਈ, 2024 ਤੱਕ ਦੱਖਣੀ ਅੰਡੇਮਾਨ ਸਾਗਰ, ਦੱਖਣ-ਪੂਰਬੀ ਬੰਗਾਲ ਦੀ ਖਾੜੀ ਅਤੇ ਨਿਕੋਬਾਰ ਟਾਪੂ ਦੇ ਕੁਝ ਖੇਤਰਾਂ ਵਿੱਚ ਅੱਗੇ ਵਧਣ ਦੀ ਸੰਭਾਵਨਾ ਹੈ। 17 ਤੋਂ 19 ਮਈ ਦੌਰਾਨ ਪੱਛਮੀ ਰਾਜਸਥਾਨ ਦੇ ਅਲੱਗ-ਥਲੱਗ ਜਾਂ ਕੁਝ ਹਿੱਸਿਆਂ ਵਿੱਚ ਗਰਮੀ ਦੀ ਸੰਭਾਵਨਾ ਹੈ। ਪੰਜਾਬ, ਦੱਖਣੀ ਹਰਿਆਣਾ ਵਿੱਚ 17 ਮਈ ਤੋਂ 19 ਮਈ ਦੌਰਾਨ ਅਤੇ ਉੱਤਰੀ ਮੱਧ ਪ੍ਰਦੇਸ਼, ਪੂਰਬੀ ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ 17 ਮਈ ਤੋਂ 19 ਮਈ ਦੌਰਾਨ ਹੀਟ ਵੇਵ ਦੀ ਸੰਭਾਵਨਾ ਹੈ।
ਦਿੱਲੀ ਦਾ ਮੌਸਮ
ਰਾਜਧਾਨੀ ਦਿੱਲੀ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਨੇ ਕਿਹਾ ਹੈ ਕਿ ਹਫਤੇ ਦੇ ਅੰਤ 'ਚ ਦਿੱਲੀ 'ਚ ਤਾਪਮਾਨ 45 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਹੈ। ਪਾਰਾ ਵਧਣ ਲਈ ਖੁਸ਼ਕ ਪੱਛਮੀ ਅਤੇ ਉੱਤਰ-ਪੱਛਮੀ ਹਵਾਵਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਮੌਸਮ ਵਿਭਾਗ ਮੁਤਾਬਕ ਸ਼ੁੱਕਰਵਾਰ ਤੱਕ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਅਤੇ ਸ਼ਨੀਵਾਰ ਨੂੰ 45 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਅਜਿਹੇ 'ਚ ਲੋਕਾਂ ਨੂੰ ਲੂ ਅਤੇ ਅੱਤ ਦੀ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ।
ਹਰਿਆਣਾ, ਪੰਜਾਬ, ਰਾਜਸਥਾਨ ਦਾ ਮੌਸਮ
ਮੌਸਮ ਵਿਭਾਗ ਨੇ ਹਰਿਆਣਾ, ਪੰਜਾਬ, ਰਾਜਸਥਾਨ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। IMD ਨੇ ਅਲਰਟ ਜਾਰੀ ਕਰਦਿਆਂ ਕਿਹਾ ਹੈ ਕਿ ਜੋ ਲੋਕ ਲੰਬੇ ਸਮੇਂ ਤੱਕ ਧੁੱਪ ਵਿੱਚ ਰਹਿੰਦੇ ਹਨ ਜਾਂ ਭਾਰੀ ਕੰਮ ਕਰਦੇ ਹਨ, ਉਨ੍ਹਾਂ ਵਿੱਚ ਗਰਮੀ ਨਾਲ ਸਬੰਧਤ ਬਿਮਾਰੀਆਂ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ। ਵਿਭਾਗ ਨੇ ਕਿਹਾ ਕਿ ਪੱਛਮੀ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ 17 ਤੋਂ 20 ਮਈ ਦੌਰਾਨ ਅਤੇ ਪੰਜਾਬ-ਹਰਿਆਣਾ ਵਿੱਚ 18 ਤੋਂ 20 ਮਈ ਦੌਰਾਨ ਤੇਜ਼ ਗਰਮੀ ਪੈਣ ਦੀ ਸੰਭਾਵਨਾ ਹੈ, ਅਜਿਹੇ 'ਚ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ।
ਯੂਪੀ, ਮੱਧ ਪ੍ਰਦੇਸ਼, ਬਿਹਾਰ ਵਿੱਚ ਅਲਰਟ
ਮੌਸਮ ਵਿਭਾਗ ਨੇ ਉੱਤਰ ਪ੍ਰਦੇਸ਼, ਪੂਰਬੀ ਰਾਜਸਥਾਨ, ਮੱਧ ਪ੍ਰਦੇਸ਼, ਬਿਹਾਰ, ਗੁਜਰਾਤ, ਝਾਰਖੰਡ, ਪੱਛਮੀ ਬੰਗਾਲ ਅਤੇ ਉੜੀਸਾ ਲਈ 'ਯੈਲੋ ਅਲਰਟ' ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਮਈ ਵਿੱਚ ਵਿਭਾਗ ਨੇ ਭਵਿੱਖਬਾਣੀ ਕੀਤੀ ਸੀ ਕਿ ਉੱਤਰੀ ਭਾਰਤ ਅਤੇ ਮੱਧ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਗਰਮੀ ਦੇ ਦਿਨਾਂ ਦੀ ਗਿਣਤੀ ਆਮ ਨਾਲੋਂ ਵੱਧ ਹੋਵੇਗੀ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਮ ਤੌਰ 'ਤੇ ਉੱਤਰੀ ਮੈਦਾਨੀ, ਮੱਧ ਭਾਰਤ ਅਤੇ ਪ੍ਰਾਇਦੀਪ ਭਾਰਤ ਦੇ ਨਾਲ ਲੱਗਦੇ ਖੇਤਰਾਂ ਵਿੱਚ ਮਈ ਵਿੱਚ ਲਗਭਗ ਤਿੰਨ ਦਿਨਾਂ ਤੱਕ ਲੂ ਦੀਆਂ ਲਹਿਰਾਂ ਰਹਿੰਦੀਆਂ ਹਨ।
ਮੌਸਮ ਦੀਆਂ ਗਤੀਵਿਧੀਆਂ
ਅੱਜ ਕੋਂਕਣ, ਗੋਆ, ਮੱਧ ਮਹਾਰਾਸ਼ਟਰ, ਮਰਾਠਵਾੜਾ, ਮੱਧ ਪ੍ਰਦੇਸ਼, ਵਿਦਰਭ, ਛੱਤੀਸਗੜ੍ਹ, ਉੜੀਸਾ ਅਤੇ ਗੁਜਰਾਤ ਦੇ ਵੱਖ-ਵੱਖ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਇਸ ਦੌਰਾਨ ਮੱਧ ਮਹਾਰਾਸ਼ਟਰ 'ਚ ਥੋੜ੍ਹੇ-ਥੋੜ੍ਹੇ ਹਲਕੀ ਗੜੇਮਾਰੀ ਦੀ ਵੀ ਸੰਭਾਵਨਾ ਹੈ। ਜਦੋਂਕਿ, ਅਗਲੇ 7 ਦਿਨਾਂ ਦੌਰਾਨ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। 19 ਮਈ ਨੂੰ ਨਿਕੋਬਾਰ ਦੀਪ ਸਮੂਹ 'ਚ ਵੱਖ-ਵੱਖ ਥਾਵਾਂ 'ਤੇ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਤਾਮਿਲਨਾਡੂ, ਪੁਡੂਚੇਰੀ ਅਤੇ ਕਰਾਈਕਲ, ਕੇਰਲ, ਮਾਹੇ, ਤੱਟਵਰਤੀ ਅਤੇ ਦੱਖਣੀ ਅੰਦਰੂਨੀ ਕਰਨਾਟਕ ਦੇ ਵੱਖ-ਵੱਖ ਸਥਾਨਾਂ 'ਤੇ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। 18 ਅਤੇ 19 ਤਰੀਕ ਨੂੰ ਤਾਮਿਲਨਾਡੂ ਅਤੇ 19 ਮਈ, 2024 ਨੂੰ ਕੇਰਲ ਵਿੱਚ ਬਹੁਤ ਜ਼ਿਆਦਾ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਅਗਲੇ 7 ਦਿਨਾਂ ਦੌਰਾਨ ਉਪ-ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ ਵਿੱਚ ਮੀਂਹ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ 19 ਮਈ, 2024 ਦੌਰਾਨ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਦੌਰਾਨ ਜੰਮੂ-ਕਸ਼ਮੀਰ-ਲਦਾਖ-ਗਿਲਗਿਤ-ਬਾਲਟਿਸਤਾਨ-ਮੁਜ਼ੱਫਰਾਬਾਦ, ਹਿਮਾਚਲ ਪ੍ਰਦੇਸ਼ ਅਤੇ ਕਈ ਥਾਵਾਂ 'ਤੇ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਰਾਜਸਥਾਨ, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਮੱਧ ਪ੍ਰਦੇਸ਼ ਅਤੇ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 40-42 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਅਨੁਮਾਨ ਹੈ ਕਿ 18 ਅਤੇ 19 ਮਈ, 2024 ਨੂੰ ਦਿੱਲੀ, ਝਾਰਖੰਡ, ਗੰਗਾ ਪੱਛਮੀ ਬੰਗਾਲ, ਓਡੀਸ਼ਾ ਦੇ ਵੱਖ-ਵੱਖ ਖੇਤਰਾਂ ਵਿੱਚ ਗਰਮੀ ਦੀ ਲਹਿਰ ਦੀ ਸੰਭਾਵਨਾ ਹੈ। ਨਾਲ ਹੀ, ਅੱਜ ਅਸਾਮ, ਮੇਘਾਲਿਆ, ਤ੍ਰਿਪੁਰਾ, ਉਪ-ਹਿਮਾਲਿਆ ਪੱਛਮੀ ਬੰਗਾਲ ਅਤੇ ਬਿਹਾਰ ਵਿੱਚ ਗਰਮ ਅਤੇ ਨਮੀ ਵਾਲੇ ਮੌਸਮ ਦੀ ਸੰਭਾਵਨਾ ਹੈ।
Summary in English: Heat wave fury continues in North India, Loo Alert in Punjab-Haryana till May 19, Temperature expected to exceed 45 degrees, Advisory issued