Weather Forecast: ਪੂਰੇ ਉੱਤਰ ਭਾਰਤ ਵਿੱਚ ਮਾਨਸੂਨ ਦੀ ਬਾਰਿਸ਼ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲ ਰਹੀ ਹੈ। ਹਾਲਾਂਕਿ, ਮੀਂਹ ਤੋਂ ਬਾਅਦ ਨਮੀ ਦੀ ਗਰਮੀ ਵੀ ਵਧ ਰਹੀ ਹੈ। ਮੌਸਮ ਵਿਭਾਗ ਨੇ ਇਸ ਹਫਤੇ ਦਿੱਲੀ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ, ਪੰਜਾਬ, ਹਰਿਆਣਾ, ਕੇਰਲ, ਗੋਆ, ਮਹਾਰਾਸ਼ਟਰ, ਗੁਜਰਾਤ ਸਮੇਤ ਕਈ ਸੂਬਿਆਂ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ।
ਇਸ ਦੇ ਨਾਲ ਹੀ ਉਤਰਾਖੰਡ ਅਤੇ ਹਿਮਾਚਲ 'ਚ ਬਾਰਿਸ਼ ਤੋਂ ਬਾਅਦ ਲੈਂਡ ਸਲਾਈਡ ਦਾ ਖਤਰਾ ਵੀ ਵਧ ਗਿਆ ਹੈ। ਮੌਸਮ ਵਿਭਾਗ ਮੁਤਾਬਕ ਸੋਮਵਾਰ ਨੂੰ ਹਿਮਾਚਲ ਦੇ ਜ਼ਿਆਦਾਤਰ ਸਥਾਨਾਂ 'ਤੇ ਮੌਸਮ ਸਾਫ ਰਹਿਣ ਜਾਂ ਕੁਝ ਥਾਵਾਂ 'ਤੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਜਦੋਂਕਿ, ਉੱਤਰਾਖੰਡ ਵਿੱਚ 17 ਜੁਲਾਈ ਤੱਕ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।
ਦਿੱਲੀ-ਐਨਸੀਆਰ ਦਾ ਮੌਸਮ
ਬਾਰਿਸ਼ ਦੇ ਬਾਵਜੂਦ ਦਿੱਲੀ-ਐਨਸੀਆਰ ਵਿੱਚ ਨਮੀ ਵਾਲੀ ਗਰਮੀ ਬਰਕਰਾਰ ਹੈ। ਐਤਵਾਰ ਦੀ ਸਵੇਰ ਧੁੱਪ ਨਾਲ ਹੋਈ, ਜਿਸ ਕਾਰਨ ਤਾਪਮਾਨ ਵੀ ਵਧ ਗਿਆ। ਹਾਲਾਂਕਿ, ਸੋਮਵਾਰ ਨੂੰ ਦਿੱਲੀ 'ਚ ਮੌਸਮ ਥੋੜ੍ਹਾ ਸੁਹਾਵਣਾ ਹੋ ਗਿਆ, ਕਿਉਂਕਿ ਇੱਥੇ ਸਵੇਰ ਤੋਂ ਹੀ ਮੀਂਹ ਪੈਣਾ ਸ਼ੁਰੂ ਹੋ ਗਿਆ। ਮੌਸਮ ਵਿਭਾਗ ਨੇ ਅੱਜ ਦਿੱਲੀ-ਐਨਸੀਆਰ ਵਿੱਚ ਹਲਕਾ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਜਦੋਂਕਿ, ਕਈ ਇਲਾਕਿਆਂ 'ਚ ਬੱਦਲ ਛਾਏ ਰਹਿਣ ਅਤੇ ਦਰਮਿਆਨੀ ਮੀਂਹ ਪੈਣ ਦੇ ਆਸਾਰ ਜਤਾਏ ਹਨ। ਅੱਜ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 28 ਡਿਗਰੀ ਰਹਿ ਸਕਦਾ ਹੈ।
ਪੰਜਾਬ ਦਾ ਮੌਸਮ
ਪੰਜਾਬ ਦਾ ਮੌਸਮ ਇੱਕ ਵਾਰ ਫਿਰ ਬਦਲ ਗਿਆ ਹੈ। ਨਮੀ ਅਤੇ ਗਰਮੀ ਨੇ ਲੋਕਾਂ ਨੂੰ ਦੁਬਾਰਾ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਤਾਪਮਾਨ ਵਿੱਚ ਵੀ ਵਾਧਾ ਮਹਿਸੂਸ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਵਿਭਾਗ ਮੁਤਾਬਕ ਮਾਨਸੂਨ ਦੀ ਰਫ਼ਤਾਰ ਮੱਠੀ ਹੋਣ ਕਰਕੇ ਧੁੱਪ ਨਿਕਲੇਗੀ, ਜਿਸ ਨਾਲ ਲੋਕਾਂ ਨੂੰ ਮੁੜ ਤੋਂ ਗਰਮੀ ਦਾ ਅਹਿਸਾਸ ਹੋਵੇਗਾ। ਮਾਹਿਰਾਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਵੀ ਮੌਸਮ ਇਸੇ ਤਰ੍ਹਾਂ ਸਾਫ਼ ਰਹੇਗਾ। ਹਾਲਾਂਕਿ, ਹਲਕੇ ਬੱਦਲਾਂ ਦੀ ਸੰਭਾਵਨਾ ਹੈ, ਪਰ ਕਿਤੇ ਵੀ ਭਾਰੀ ਮੀਂਹ ਦੀ ਚੇਤਾਵਨੀ ਨਹੀਂ ਹੈ। ਇਸ ਕਾਰਨ ਲੋਕਾਂ ਨੂੰ ਇੱਕ ਵਾਰ ਫਿਰ ਗਰਮੀ ਦਾ ਅਹਿਸਾਸ ਹੋ ਸਕਦਾ ਹੈ।
ਇਹ ਵੀ ਪੜ੍ਹੋ: Weather Today: ਪੰਜਾਬ ਵਿੱਚ ਮੀਂਹ ਨਾਲ ਗੜ੍ਹੇਮਾਰੀ, 10 ਜ਼ਿਲ੍ਹਿਆਂ ਲਈ ਅਲਰਟ ਜਾਰੀ
ਮੌਸਮ ਦੀ ਗਤੀਵਿਧੀ
ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਦੌਰਾਨ, ਕੋਂਕਣ ਅਤੇ ਗੋਆ, ਤੱਟਵਰਤੀ ਕਰਨਾਟਕ, ਮੱਧ ਮਹਾਰਾਸ਼ਟਰ ਦੇ ਕੁਝ ਹਿੱਸਿਆਂ ਅਤੇ ਉੱਤਰੀ ਅੰਦਰੂਨੀ ਕਰਨਾਟਕ ਵਿੱਚ ਦਰਮਿਆਨੀ ਤੋਂ ਭਾਰੀ ਬਾਰਸ਼ ਦੇ ਨਾਲ ਅਲੱਗ-ਥਲੱਗ ਥਾਵਾਂ 'ਤੇ ਬਹੁਤ ਭਾਰੀ ਬਾਰਸ਼ ਹੋਵੇਗੀ। ਕੇਰਲ, ਵਿਦਰਭ, ਮਰਾਠਵਾੜਾ, ਦੱਖਣੀ ਮੱਧ ਪ੍ਰਦੇਸ਼ ਅਤੇ ਗੁਜਰਾਤ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਅਤੇ ਕੁਝ ਥਾਵਾਂ 'ਤੇ ਭਾਰੀ ਮੀਂਹ ਪੈ ਸਕਦਾ ਹੈ।
ਸਿੱਕਮ, ਉੱਤਰ-ਪੂਰਬੀ ਭਾਰਤ, ਦੱਖਣੀ ਅੰਦਰੂਨੀ ਕਰਨਾਟਕ, ਲਕਸ਼ਦੀਪ, ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ, ਉੱਤਰਾਖੰਡ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਲੱਦਾਖ, ਜੰਮੂ ਅਤੇ ਕਸ਼ਮੀਰ, ਗੰਗਾ ਪੱਛਮੀ ਬੰਗਾਲ, ਰਾਇਲਸੀਮਾ, ਤਾਮਿਲਨਾਡੂ, ਦਿੱਲੀ, ਪੰਜਾਬ ਅਤੇ ਹਰਿਆਣਾ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ।
Summary in English: Heavy rain in Delhi-NCR, know Punjab-Haryana-Himachal weather here