Weather Forecast: ਦੇਸ਼ ਦੇ ਕਈ ਸੂਬਿਆਂ 'ਚ ਤਾਪਮਾਨ ਆਮ ਨਾਲੋਂ ਵੱਧ ਦਰਜ ਕੀਤਾ ਜਾ ਰਿਹਾ ਹੈ। ਜਦੋਂਕਿ, ਕੁਝ ਸੂਬਿਆਂ 'ਚ ਪੱਛਮੀ ਗੜਬੜੀ ਕਾਰਨ ਮੁੜ ਮੌਸਮ ਵਿੱਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਮੰਗਲਵਾਰ ਯਾਨੀ 14 ਮਾਰਚ ਨੂੰ ਪੱਛਮੀ ਹਿਮਾਲੀਅਨ ਖੇਤਰ ਅਤੇ ਆਲੇ-ਦੁਆਲੇ ਦੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਦਾ ਮੌਸਮ ਜਾਨਣ ਲਈ ਇਸ ਰਿਪੋਰਟ ਨੂੰ ਪੜੋ...
ਮੌਸਮ ਵਿਭਾਗ (IMD) ਨੇ ਐਡਵਾਈਜ਼ਰੀ ਜਾਰੀ ਕਰਦਿਆਂ ਆਉਣ ਵਾਲੇ 5 ਦਿਨਾਂ ਲਈ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ 16 ਮਾਰਚ ਤੱਕ ਮੌਸਮ ਖੁਸ਼ਕ ਰਹੇਗਾ, ਜਦੋਂਕਿ 17 ਮਾਰਚ ਦੌਰਾਨ ਦੱਖਣੀ, ਮੱਧ ਅਤੇ ਪੂਰਬੀ ਭਾਰਤ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ 18 ਅਤੇ 19 ਮਾਰਚ ਨੂੰ ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਕਾਰਨ ਪੰਜਾਬ-ਹਰਿਆਣਾ-ਦਿੱਲੀ ਅਤੇ ਨਾਲ ਲੱਗਦੇ ਸੂਬਿਆਂ 'ਚ ਬੱਦਲਵਾਈ ਨਾਲ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਹਨ।
ਇਹ ਵੀ ਪੜ੍ਹੋ : ਸਵੇਰ ਵੇਲੇ ਹਲਕੀ ਠੰਡ - ਦੁਪਹਿਰ ਵੇਲੇ ਗਰਮੀ, ਆਉਣ ਵਾਲੇ 2-3 ਦਿਨਾਂ ਲਈ IMD ਵੱਲੋਂ ਚੇਤਾਵਨੀ
ਦਿੱਲੀ ਵਿੱਚ ਬੱਦਲਵਾਈ
ਮੌਸਮ ਵਿਭਾਗ ਅਨੁਸਾਰ ਅੱਜ ਅਤੇ ਅਗਲੇ ਕੁਝ ਦਿਨਾਂ ਤੱਕ ਦਿੱਲੀ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਅੰਸ਼ਕ ਤੌਰ 'ਤੇ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। ਆਈਐਮਡੀ (IMD) ਦਾ ਇਹ ਵੀ ਕਹਿਣਾ ਹੈ ਕਿ ਅੱਜ ਤੋਂ 16 ਮਾਰਚ ਦਰਮਿਆਨ ਦਿੱਲੀ ਦੇ ਕੁਝ ਖੇਤਰਾਂ ਵਿੱਚ ਹਲਕੀ ਬਾਰਿਸ਼ ਦੀਆਂ ਗਤੀਵਿਧੀਆਂ ਵੀ ਦੇਖੀਆਂ ਜਾ ਸਕਦੀਆਂ ਹਨ। ਅੱਜ ਦਿੱਲੀ 'ਚ ਘੱਟੋ-ਘੱਟ ਤਾਪਮਾਨ 16 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ।
ਪੰਜਾਬ-ਹਰਿਆਣਾ ਦਾ ਮੌਸਮ
ਪੰਜਾਬ ਅਤੇ ਹਰਿਆਣਾ ਦੇ ਮੌਸਮ ਵਿੱਚ ਲਗਾਤਾਰ ਬਦਲਾਅ ਹੋ ਰਿਹਾ ਹੈ। ਦੁਪਹਿਰ ਦਾ ਤਾਪਮਾਨ ਵਧਣ ਕਾਰਨ ਗਰਮੀ ਵਧ ਰਹੀ ਹੈ। ਜਦੋਂਕਿ, ਸਵੇਰ ਵੇਲੇ ਠੰਡਕ ਦਾ ਇਹਸਾਸ ਹੋ ਰਿਹਾ ਹੈ। ਮੌਸਮ ਵਿੱਚ ਲਗਾਤਾਰ ਉਤਰਾਅ-ਚੜ੍ਹਾਅ ਦੇ ਮੱਦੇਨਜ਼ਰ ਵਿਭਾਗ ਨੇ ਅਗਲੇ ਇੱਕ ਹਫ਼ਤੇ ਤੱਕ ਇਸ ਦੇ ਜਾਰੀ ਰਹਿਣ ਦੀ ਸੰਭਾਵਨਾ ਜਤਾਈ ਹੈ। ਨਾਲ ਹੀ ਮੌਸਮ ਵਿਭਾਗ ਨੇ 18 ਅਤੇ 19 ਮਾਰਚ ਨੂੰ ਵੈਸਟਰਨ ਡਿਸਟਰਬੈਂਸ ਕਾਰਨ ਬੱਦਲਵਾਈ ਤੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ।
ਇਹ ਵੀ ਪੜ੍ਹੋ : Weather Forecast: ਪੰਜਾਬ 'ਚ 11 ਮਾਰਚ ਤੱਕ ਮੌਸਮ ਸਾਫ਼, 12-13 ਮਾਰਚ ਨੂੰ ਬੱਦਲਵਾਈ ਨਾਲ ਮੀਂਹ
ਉੱਤਰ ਪ੍ਰਦੇਸ਼ ਦਾ ਮੌਸਮ
ਉੱਤਰ ਪ੍ਰਦੇਸ਼ ਦਾ ਮੌਸਮ ਇੱਕ ਵਾਰ ਫਿਰ ਕਰਵਟ ਲੈ ਰਿਹਾ ਹੈ। ਇੱਥੇ ਸੋਮਵਾਰ ਸ਼ਾਮ ਨੂੰ ਬੱਦਲਾਂ ਦੀ ਹਲਚਲ ਨਾਲ ਮੌਸਮ 'ਚ ਬਦਲਾਅ ਦੇਖਣ ਨੂੰ ਮਿਲਿਆ। ਮੌਸਮ ਵਿਭਾਗ ਮੁਤਾਬਕ ਅਗਲੇ ਪੰਜ ਦਿਨਾਂ ਤੱਕ ਬੱਦਲਵਾਈ ਦੇ ਨਾਲ-ਨਾਲ ਬਾਰਿਸ਼ ਵੀ ਹੋ ਸਕਦੀ ਹੈ ਅਤੇ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ 16 ਅਤੇ 17 ਮਾਰਚ ਨੂੰ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।
ਦੇਸ਼ ਦੇ ਹੋਰ ਸੂਬਿਆਂ ਵਿੱਚ ਮੌਸਮ ਦੇ ਹਾਲਾਤ
ਮੌਸਮ ਵਿਭਾਗ ਦੁਆਰਾ ਜਾਰੀ ਤਾਜ਼ਾ ਅਪਡੇਟ ਦੇ ਅਨੁਸਾਰ, ਉੱਤਰੀ ਅੰਦਰੂਨੀ ਤਾਮਿਲਨਾਡੂ, ਆਂਧਰਾ ਪ੍ਰਦੇਸ਼, ਉਪ-ਹਿਮਾਲਿਆ ਪੱਛਮੀ ਬੰਗਾਲ ਵਿੱਚ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਗਰਜ, ਬਿਜਲੀ, ਤੇਜ਼ ਹਵਾਵਾਂ ਦੇ ਨਾਲ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। 14-15 ਮਾਰਚ, 2023 ਦੌਰਾਨ ਪੱਛਮੀ ਹਿਮਾਲੀਅਨ ਖੇਤਰ ਵਿੱਚ ਗਰਜ ਅਤੇ ਬਿਜਲੀ ਦੇ ਨਾਲ ਖਿੰਡੇ ਹੋਏ ਮੀਂਹ ਦੀ ਸੰਭਾਵਨਾ ਹੈ।
ਆਈਐਮਡੀ (IMD) ਦੇ ਅਨੁਸਾਰ, 15-18 ਮਾਰਚ ਨੂੰ, ਉਪ-ਹਿਮਾਲੀਅਨ ਪੱਛਮੀ ਬੰਗਾਲ, ਸਿੱਕਮ, ਉੱਤਰ-ਪੂਰਬੀ ਭਾਰਤ ਵਿੱਚ ਤੇਜ਼ ਹਵਾਵਾਂ ਕਾਰਨ ਕੁਝ ਖੇਤਰਾਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਗੜੇਮਾਰੀ ਹੋ ਸਕਦੀ ਹੈ। ਮੱਧ ਪ੍ਰਦੇਸ਼, ਵਿਦਰਭ, ਛੱਤੀਸਗੜ੍ਹ ਅਤੇ ਤੇਲੰਗਾਨਾ 'ਚ ਕੁਝ ਥਾਵਾਂ 'ਤੇ ਗੜੇ ਪੈਣ ਦੀ ਸੰਭਾਵਨਾ ਹੈ।
Summary in English: IMD issues advisory for next 5 days, ALERT for 18th and 19th March