Weather Forecast: ਨਵਾਂ ਸਾਲ ਆਉਂਦੇ ਹੀ ਮੌਸਮ 'ਚ ਬਦਲਾਅ ਵਾਰ-ਵਾਰ ਦੇਖਣ ਨੂੰ ਮਿਲ ਰਿਹਾ ਹੈ। ਕੜਾਕੇ ਦੀ ਠੰਢ ਨੇ ਪਹਿਲਾਂ ਹੀ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਸੀ, ਹੁਣ ਮੀਂਹ ਅਤੇ ਗੜ੍ਹੇਮਾਰੀ ਨੇ ਇਨ੍ਹਾਂ ਮੁਸ਼ਕਲਾਂ ਨੂੰ ਹੋਰ ਵਧਾ ਦਿੱਤਾ ਹੈ। ਉੱਤਰੀ ਭਾਰਤ ਦੇ ਕਈ ਸੂਬੇ ਸੀਤ ਲਹਿਰ ਦੀ ਲਪੇਟ ਵਿੱਚ ਹਨ। ਮੌਸਮ ਵਿਭਾਗ ਅਨੁਸਾਰ ਇਸ ਠੰਢ ਤੋਂ ਕੁਝ ਹੋਰ ਦਿਨਾਂ ਤੱਕ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਜੇਕਰ ਅਸੀਂ ਪੰਜਾਬ, ਹਰਿਆਣਾ, ਦਿੱਲੀ-ਐਨਸੀਆਰ ਦੇ ਮੌਸਮ ਦੀ ਗੱਲ ਕਰੀਏ ਤਾਂ ਤੁਹਾਡੇ ਲਈ ਮੌਸਮ ਵਿਭਾਗ ਦੁਆਰਾ ਜਾਰੀ ਇਨ੍ਹਾਂ ਤਾਜ਼ਾ ਅਪਡੇਟਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ।
ਪੰਜਾਬ ਦਾ ਮੌਸਮ (Punjab Weather)
ਮੌਸਮ ਵਿਭਾਗ ਨੇ ਪੰਜਾਬ 'ਚ ਅਗਲੇ ਦੋ ਦਿਨਾਂ ਤੱਕ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਹੈ। ਸੂਬੇ ਦੀਆਂ ਕੁਝ ਥਾਵਾਂ 'ਤੇ ਮੀਂਹ ਦੇ ਨਾਲ ਗੜ੍ਹੇਮਾਰੀ ਦਾ ਵੀ ਖ਼ਦਸ਼ਾ ਜਤਾਇਆ ਗਿਆ ਹੈ। ਫਿਲਹਾਲ, ਸੂਬੇ 'ਚ ਬੱਦਲਵਾਈ ਦੇ ਚਲਦਿਆਂ ਤਾਪਮਾਨ ਵਿੱਚ ਮਾਮੂਲੀ ਵਾਧਾ ਹੋਇਆ ਹੈ। ਅੰਮ੍ਰਿਤਸਰ 'ਚ ਪਾਰਾ 6 ਡਿਗਰੀ, ਲੁਧਿਆਣਾ ਦਾ 7 ਡਿਗਰੀ, ਪਠਾਨਕੋਟ 7 ਡਿਗਰੀ, ਪਟਿਆਲਾ 'ਚ 9 ਡਿਗਰੀ, ਗੁਰਦਾਸਪੁਰ 'ਚ 8 ਡਿਗਰੀ, ਬਠਿੰਡਾ 'ਚ 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਵੀਰਵਾਰ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਅਤੇ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ। ਇਸ ਤੋਂ ਬਾਅਦ 28 ਜਨਵਰੀ ਤੋਂ ਇੱਕ ਨਵਾਂ ਵੈਸਟਰਨ ਡਿਸਟਰਬੈਂਸ ਮੁੜ ਸਰਗਰਮ ਹੋ ਰਿਹਾ ਹੈ।
ਇਹ ਵੀ ਪੜ੍ਹੋ : New Western Disturbance Active: 27 ਜਨਵਰੀ ਤੱਕ ਮੀਂਹ ਦੇ ਆਸਾਰ, ਫਸਲਾਂ ਲਈ ਲਾਹੇਵੰਦ
ਹਰਿਆਣਾ ਦਾ ਮੌਸਮ (Haryana Weather)
ਪੰਜਾਬ ਵਾਂਗ ਹਰਿਆਣਾ 'ਚ ਵੀ ਪੱਛਮੀ ਗੜਬੜੀ ਦੇ ਪ੍ਰਭਾਵ ਦੇਖਣ ਨੂੰ ਮਿਲ ਰਹੇ ਹਨ, ਇੱਥੇ ਮੰਗਲਵਾਰ ਨੂੰ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਦਰਜ ਕੀਤੀ ਗਈ। ਸੂਬੇ 'ਚ ਬੱਦਲਵਾਈ ਅਤੇ ਮੀਂਹ ਕਾਰਨ ਰਾਤ ਦਾ ਤਾਪਮਾਨ ਵਧ ਗਿਆ। ਮੌਸਮ ਵਿਭਾਗ ਮੁਤਾਬਕ ਅੱਜ ਯਾਨੀ ਬੁੱਧਵਾਰ ਨੂੰ ਵੀ ਹਰਿਆਣਾ ਦੇ ਕਈ ਜਿਲ੍ਹਿਆਂ 'ਚ ਤੇਜ਼ ਹਵਾਵਾਂ ਅਤੇ ਮੀਂਹ ਪੈਣ ਦੀ ਸੰਭਾਵਨਾਵਾਂ ਹਨ। ਇਸ ਤੋਂ ਬਾਅਦ 28 ਜਨਵਰੀ ਤੋਂ ਸਰਗਰਮ ਪੱਛਮੀ ਗੜਬੜੀ ਕਾਰਣ ਮੌਸਮ 'ਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ।
ਦਿੱਲੀ-ਐੱਨ.ਸੀ.ਆਰ ਦਾ ਮੌਸਮ (Delhi-NCR Weather)
ਰਾਜਧਾਨੀ ਦਿੱਲੀ ਨੂੰ ਬੱਦਲਾਂ ਨੇ ਪੂਰੀ ਤਰ੍ਹਾਂ ਆਪਣੀ ਲਪੇਟ 'ਚ ਲੈ ਲਿਆ ਹੈ। ਬੇਸ਼ਕ ਧੁੱਪ ਤੋਂ ਦਿੱਲੀ ਵਾਸੀ ਵਾਂਝੇ ਹਨ, ਪਰ ਅੱਤ ਦੀ ਠੰਢ ਤੋਂ ਵੀ ਰਾਹਤ ਮਹਿਸੂਸ ਕਰ ਰਹੇ ਹਨ। ਮੌਸਮ ਵਿਭਾਗ ਦੀ ਮੰਨੀਏ ਤਾਂ ਅੱਜ ਯਾਨੀ ਬੁਧਵਾਰ ਨੂੰ ਦਿੱਲੀ 'ਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਅੱਜ ਦਿੱਲੀ ਦਾ ਔਸਤ AQI 131 ਹੈ, ਜੋ ਤਸੱਲੀਬਖਸ਼ ਸ਼੍ਰੇਣੀ ਵਿੱਚ ਹੈ।
ਇਹ ਵੀ ਪੜ੍ਹੋ : IMD ALERT: 26 ਜਨਵਰੀ ਤੱਕ ਪਹਾੜਾਂ 'ਤੇ ਬਰਫ਼ਬਾਰੀ, ਪੰਜਾਬ-ਹਰਿਆਣਾ-ਯੂਪੀ 'ਚ ਇਸ ਦਿਨ ਮੀਂਹ ਤੇ ਗੜ੍ਹੇਮਾਰੀ
ਪਹਾੜਾਂ ਦਾ ਮੌਸਮ (Mountain Weather)
● ਉੱਤਰਾਖੰਡ 'ਚ 26 ਜਨਵਰੀ ਤੱਕ ਜ਼ਿਆਦਾਤਰ ਇਲਾਕਿਆਂ 'ਚ ਮੀਂਹ ਅਤੇ ਭਾਰੀ ਬਰਫਬਾਰੀ ਹੋਣ ਦੀ ਸੰਭਾਵਨਾ ਹੈ।
● ਜੰਮੂ-ਕਸ਼ਮੀਰ 'ਚ 27 ਜਨਵਰੀ ਤੱਕ ਬਰਫਬਾਰੀ ਅਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ।
● ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ 'ਚ ਵੀ ਗੜ੍ਹੇਮਾਰੀ ਅਤੇ ਬਰਫਬਾਰੀ ਦਾ ਅਲਰਟ ਜਾਰੀ ਕੀਤਾ ਹੈ।
ਮੌਸਮ ਵਿਭਾਗ ਵੱਲੋਂ ਅਲਰਟ (Alert from IMD)
● 25 ਜਨਵਰੀ ਨੂੰ ਯੂਪੀ ਵਿੱਚ ਮੀਂਹ ਪੈ ਸਕਦਾ ਹੈ।
● ਕਸ਼ਮੀਰ ਅਤੇ ਲੱਦਾਖ 'ਚ ਬਰਫਬਾਰੀ ਦੀ ਸੰਭਾਵਨਾ ਹੈ।
● ਹਿਮਾਚਲ ਪ੍ਰਦੇਸ਼, ਉੱਤਰਾਖੰਡ ਵਿੱਚ ਮੀਂਹ ਦੀਆਂ ਗਤੀਵਿਧੀਆਂ ਜਾਰੀ।
● ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
● ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
Summary in English: Punjab-Haryana Alert! Rain and hail forecast in many places today, know weather update