
ਦਿੱਲੀ ਛੱਡ ਕੇ ਸਾਰੇ ਰਾਜਾਂ ਵਿੱਚ ਪਹੁੰਚਿਆ ਮਾਨਸੂਨ
Weather Forecast: ਰਾਜਧਾਨੀ ਦਿੱਲੀ ਨੂੰ ਛੱਡ ਕੇ ਪੂਰੇ ਦੇਸ਼ ਵਿੱਚ ਮਾਨਸੂਨ ਨੇ ਆਪਣੀ ਪਕੜ ਮਜ਼ਬੂਤ ਕਰ ਲਈ ਹੈ। ਹਾਲਾਂਕਿ, ਮੌਸਮ ਵਿਭਾਗ ਨੇ ਅੱਜ ਦਿੱਲੀ-ਐਨਸੀਆਰ ਵਿੱਚ ਮੀਂਹ ਦੇ ਨਾਲ-ਨਾਲ ਗਰਜ-ਤੂਫ਼ਾਨ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਰਾਜਧਾਨੀ ਦਿੱਲੀ ਨੂੰ ਯੈਲੋ ਅਲਰਟ 'ਤੇ ਰੱਖਿਆ ਹੈ। ਆਈਐਮਡੀ ਦੇ ਅਨੁਸਾਰ, ਅੱਜ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ, ਜਦੋਂ ਕਿ ਘੱਟੋ-ਘੱਟ ਤਾਪਮਾਨ 27 ਡਿਗਰੀ ਸੈਲਸੀਅਸ ਹੋ ਸਕਦਾ ਹੈ।
ਮਾਨਸੂਨ ਦੇ ਪ੍ਰਭਾਵ ਕਾਰਨ ਪੰਜਾਬ, ਉਤਰਾਖੰਡ ਅਤੇ ਉੱਤਰ ਪ੍ਰਦੇਸ਼ ਸਮੇਤ 16 ਰਾਜਾਂ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ। ਗੁਜਰਾਤ ਦੇ ਸੂਰਤ ਸ਼ਹਿਰ ਵਿੱਚ ਸੋਮਵਾਰ ਤੋਂ ਮੰਗਲਵਾਰ ਸਵੇਰ ਤੱਕ 100 ਮਿਲੀਮੀਟਰ ਤੋਂ ਵੱਧ ਬਾਰਿਸ਼ ਹੋਈ ਹੈ ਅਤੇ ਪੂਰਾ ਸ਼ਹਿਰ ਨਦੀ ਵਿੱਚ ਬਦਲ ਗਿਆ ਹੈ। ਅਗਲੇ ਸੱਤ ਦਿਨਾਂ ਦੌਰਾਨ ਦੇਸ਼ ਦੇ ਮੱਧ, ਪੂਰਬੀ ਅਤੇ ਉੱਤਰ-ਪੂਰਬੀ ਹਿੱਸਿਆਂ ਵਿੱਚ ਅਤੇ ਬੁੱਧਵਾਰ ਤੋਂ ਉੱਤਰ-ਪੱਛਮ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਵੱਖ-ਵੱਖ ਰਾਜਾਂ ਲਈ ਯੈਲੋ ਤੋਂ ਔਰੇਜ ਅਲਰਟ ਜਾਰੀ ਕੀਤਾ ਗਿਆ ਹੈ।
ਗੁਜਰਾਤ ਦੇ ਸੂਰਤ ਸ਼ਹਿਰ ਵਿੱਚ ਲਗਾਤਾਰ 36 ਘੰਟੇ ਮੀਂਹ ਪੈਣ ਨਾਲ ਸ਼ਹਿਰ ਦਾ ਜ਼ਿਆਦਾਤਰ ਹਿੱਸਾ ਹੜ੍ਹ ਦੀ ਲਪੇਟ ਵਿੱਚ ਹੈ। ਕਈ ਸੁਸਾਇਟੀਆਂ ਵਿੱਚ ਪਾਣੀ ਭਰ ਗਿਆ ਹੈ ਅਤੇ ਲੋਕਾਂ ਨੂੰ ਟਰੈਕਟਰਾਂ ਰਾਹੀਂ ਬਚਾਇਆ ਜਾ ਰਿਹਾ ਹੈ। ਗੁਜਰਾਤ ਦੇ ਕੱਛ ਵਿੱਚ ਮੀਂਹ ਲਈ ਯੈਲੋ ਅਲਰਟ ਹੈ ਅਤੇ ਬਾਕੀ ਖੇਤਰ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 7 ਦਿਨਾਂ ਤੱਕ ਇਹੀ ਸਥਿਤੀ ਬਣੀ ਰਹੇਗੀ।
ਮਾਨਸੂਨ ਪੰਜਾਬ ਵਿੱਚ ਦਾਖਲ ਹੋ ਗਿਆ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 36 ਘੰਟਿਆਂ ਵਿੱਚ ਮਾਨਸੂਨ ਦੇ ਹੋਰ ਅੱਗੇ ਵਧਣ ਲਈ ਹਾਲਾਤ ਅਨੁਕੂਲ ਹਨ। ਮੌਸਮ ਵਿਭਾਗ ਨੇ 30 ਜੂਨ ਤੱਕ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼, ਬਿਜਲੀ ਡਿੱਗਣ ਅਤੇ ਤੇਜ਼ ਹਵਾਵਾਂ ਲਈ ਯੈਲੋ ਅਤੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਵਿਭਾਗ ਨੇ ਅੱਜ ਰਾਜਧਾਨੀ ਦਿੱਲੀ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ। ਵਿਭਾਗ ਨੇ ਦਿੱਲੀ ਵਿੱਚ ਮੀਂਹ ਦੇ ਨਾਲ-ਨਾਲ ਭਾਰੀ ਗਰਜ-ਤੂਫ਼ਾਨ ਦੀ ਉਮੀਦ ਜਤਾਈ ਹੈ। ਮੌਸਮ ਵਿਭਾਗ ਮੁਤਾਬਕ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਹੋ ਸਕਦਾ ਹੈ। ਦੱਸ ਦੇਈਏ ਕਿ ਮੰਗਲਵਾਰ ਨੂੰ ਚੰਡੀਗੜ੍ਹ-ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਮਾਨਸੂਨ ਪਹੁੰਚ ਗਿਆ। ਇਹ ਅਗਲੇ ਦੋ ਦਿਨਾਂ ਵਿੱਚ ਹੋਰ ਅੱਗੇ ਵਧੇਗਾ। ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਵਿੱਚ ਭਾਰੀ ਮਾਨਸੂਨ ਬਾਰਿਸ਼ ਹੋਈ, ਜਿੱਥੇ ਤਿੰਨ ਘੰਟਿਆਂ ਵਿੱਚ 71.6 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਇਸ ਨਾਲ ਪੰਜਾਬ ਵਿੱਚ ਤਾਪਮਾਨ ਘੱਟ ਗਿਆ, ਪਰ ਨਮੀ ਵਧ ਗਈ। ਮੌਸਮ ਵਿਭਾਗ ਨੇ ਪੰਜਾਬ ਅਤੇ ਹਿਮਾਚਲ ਵਿੱਚ ਹੋਰ ਭਾਰੀ ਬਾਰਿਸ਼ ਹੋਣ ਦੀ ਚੇਤਾਵਨੀ ਦਿੱਤੀ ਹੈ।
ਇਹ ਵੀ ਪੜ੍ਹੋ: MONSOON ALERT: ਪੰਜਾਬ ਵਿੱਚ ਕਿਤੇ ਭਾਰੀ ਮੀਂਹ - ਕਿਤੇ ਅੱਤ ਦੀ ਗਰਮੀ, ਮੌਸਮ ਵਿਭਾਗ ਵੱਲੋਂ ਇਨ੍ਹਾਂ ਜ਼ਿਲ੍ਹਿਆਂ ਵਿੱਚ ALERT
ਮੌਸਮ ਵਿਭਾਗ ਦੀ ਮੰਨੀਏ ਤਾਂ ਪਹਾੜਾਂ ਵਿੱਚ ਇੱਕ ਨਵੀਂ ਪੱਛਮੀ ਗੜਬੜੀ ਸਰਗਰਮ ਹੋ ਗਈ ਹੈ, ਇਸ ਕਾਰਨ ਜੰਮੂ-ਕਸ਼ਮੀਰ, ਹਿਮਾਚਲ, ਉਤਰਾਖੰਡ ਅਤੇ ਲੱਦਾਖ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੱਧ ਭਾਰਤ ਵਿੱਚ ਮੱਧ ਪ੍ਰਦੇਸ਼, ਛੱਤੀਸਗੜ੍ਹ, ਪੂਰਬੀ ਗੁਜਰਾਤ ਅਤੇ ਰਾਜਸਥਾਨ ਦੇ ਕਈ ਹਿੱਸਿਆਂ ਵਿੱਚ ਭਾਰੀ ਬਾਰਿਸ਼ ਦੇ ਸੰਕੇਤ ਵੀ ਹਨ। ਅਗਲੇ 24 ਘੰਟਿਆਂ ਵਿੱਚ ਪੰਜਾਬ, ਹਰਿਆਣਾ ਅਤੇ ਦਿੱਲੀ ਵਿੱਚ ਵੀ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ 26 ਜੂਨ ਤੋਂ ਉੱਤਰ-ਪੱਛਮੀ ਰਾਜਸਥਾਨ ਵਿੱਚ ਮਾਨਸੂਨ ਦੇ ਸਰਗਰਮ ਹੋਣ ਨਾਲ, ਬਾਰਿਸ਼ ਤੇਜ਼ ਹੋਣ ਦੀ ਸੰਭਾਵਨਾ ਜਤਾਈ ਹੈ। ਮੱਧ ਪ੍ਰਦੇਸ਼ ਤੋਂ ਲੰਘਦੀ ਟ੍ਰਾਫ ਲਾਈਨ ਕਾਰਨ ਬਾਰਿਸ਼ ਦਾ ਇੱਕ ਮਜ਼ਬੂਤ ਸਿਸਟਮ ਸਰਗਰਮ ਹੈ। ਮੌਸਮ ਵਿਭਾਗ ਦੇ ਅਨੁਸਾਰ, ਟ੍ਰਾਫ ਦੇ ਲੰਘਣ ਦੇ ਨਾਲ-ਨਾਲ ਚੱਕਰਵਾਤੀ ਸਰਕੂਲੇਸ਼ਨ ਵੀ ਸਰਗਰਮ ਹੈ। ਅਗਲੇ 4 ਦਿਨਾਂ ਲਈ ਰਾਜ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਗੱਲ ਹਿਮਾਚਲ ਪ੍ਰਦੇਸ਼ ਦੀ ਕਰੀਏ ਤਾਂ ਸੋਲਨ, ਸ਼ਿਮਲਾ ਅਤੇ ਕੁੱਲੂ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਲਈ ਯੈਲੋ ਅਲਰਟ ਹੈ। ਜਦੋਂਕਿ ਸਿਰਮੌਰ, ਊਨਾ, ਬਿਲਾਸਪੁਰ, ਮੰਡੀ, ਹਮੀਰਪੁਰ, ਕਾਂਗੜਾ, ਚੰਬਾ ਅਤੇ ਮੰਡੀ ਜ਼ਿਲ੍ਹਿਆਂ ਵਿੱਚ ਔਰੇਂਜ ਅਲਰਟ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਹੈ।
ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਪੱਛਮੀ ਬੰਗਾਲ ਵਿੱਚ 25 ਤੋਂ 27 ਜੂਨ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 25, 28 ਅਤੇ 29 ਜੂਨ ਨੂੰ ਉੱਤਰੀ ਬੰਗਾਲ ਦੇ ਦਾਰਜੀਲਿੰਗ, ਕਲੀਮਪੋਂਗ, ਅਲੀਪੁਰਦੁਆਰ, ਜਲਪਾਈਗੁੜੀ ਅਤੇ ਕੂਚ ਬਿਹਾਰ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
Summary in English: Rain alert in Himachal, Punjab and Gujarat, flood-like conditions in Surat due to 36 hours of rain, Monsoon in Delhi