ਉੱਤਰ ਭਾਰਤ ਦੇ ਇਨ੍ਹਾਂ ਸੂਬਿਆਂ 'ਚ ਸੀਤ ਲਹਿਰ ਤੇ ਧੁੰਦ ਲੋਕਾਂ ਨੂੰ ਤੜਫਾਉਣ ਦਾ ਕੰਮ ਕਰ ਰਹੀ ਹੈ। ਜਦੋਂਕਿ, ਦੱਖਣੀ ਸੂਬੇ ਮੀਂਹ ਦੀ ਮਾਰ ਝੱਲ ਰਹੇ ਹਨ।
Weather Update: ਦਸੰਬਰ ਦਾ ਮਹੀਨਾ ਸ਼ੁਰੂ ਹੋ ਗਿਆ ਹੈ, ਅਜਿਹੇ 'ਚ ਉੱਤਰ ਭਾਰਤ ਦੇ ਜ਼ਿਆਦਾਤਰ ਸੂਬਿਆਂ ਵਿੱਚ ਮੌਸਮੀ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਪਹਾੜਾਂ 'ਚ ਹੋ ਰਹੀ ਲਗਾਤਾਰ ਬਰਫਬਾਰੀ ਕਾਰਨ ਮੌਸਮ ਵਿਭਾਗ ਨੇ ਉੱਤਰ ਭਾਰਤ ਦੇ ਜ਼ਿਆਦਾਤਰ ਸੂਬਿਆਂ ਵਿੱਚ ਪਾਰਾ ਡਿੱਗਣ ਦੀ ਭਵਿੱਖਬਾਣੀ ਕੀਤੀ ਹੈ। ਪੰਜਾਬ, ਹਰਿਆਣਾ, ਦਿੱਲੀ, ਯੂਪੀ, ਬਿਹਾਰ, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਸਮੇਤ ਕਈ ਸੂਬਿਆਂ ਵਿੱਚ ਠੰਢ ਵਧਣ ਦੀ ਸੰਭਾਵਨਾ ਹੈ।
ਪੰਜਾਬ 'ਚ ਸੀਤ ਲਹਿਰ ਤੇ ਧੁੰਦ
ਪੰਜਾਬ 'ਚ ਠੰਡ ਦਾ ਪ੍ਰਕੋਪ ਵਧ ਗਿਆ ਹੈ। ਸਵੇਰ ਵੇਲੇ ਚੱਲ ਰਹੀ ਸੀਤ ਲਹਿਰ ਲੋਕਾਂ ਨੂੰ ਤੜਫਾਉਣ ਦਾ ਕੰਮ ਕਰ ਰਹੀ ਹੈ। ਸਭ ਤੋਂ ਵੱਧ ਮੁਸ਼ਕਲਾਂ ਦਾ ਸਾਹਮਣਾ ਸੈਲਾਨੀਆਂ ਨੂੰ ਕਰਨਾ ਪੈ ਰਿਹਾ ਹੈ। ਗਰਮ ਕੱਪੜਿਆਂ ਨਾਲ ਪੂਰੀ ਤਰ੍ਹਾਂ ਢੱਕਣ ਤੋਂ ਬਾਅਦ ਵੀ ਠੰਢ ਘੱਟ ਨਹੀਂ ਹੋ ਰਹੀ ਹੈ। ਬੁੱਧਵਾਰ ਵਾਂਗ ਅੱਜ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਕੜਾਕੇ ਦੀ ਠੰਢ ਪੈਣ ਦੀ ਸੰਭਾਵਨਾ ਹੈ।
ਹਿਮਾਚਲ ਪ੍ਰਦੇਸ਼ 'ਚ ਪੱਛਮੀ ਗੜਬੜੀ ਸਰਗਰਮ
ਜੇਕਰ ਗੱਲ ਹਿਮਾਚਲ ਪ੍ਰਦੇਸ਼ ਦੀ ਕੀਤੀ ਜਾਵੇ ਤਾਂ ਇੱਥੇ ਤਾਜ਼ਾ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ, ਜਿਸ ਕਾਰਨ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਉੱਪਰਲੇ ਇਲਾਕਿਆਂ 'ਚ ਬਰਫਬਾਰੀ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਇਸ ਦਾ ਅਸਰ ਮੈਦਾਨੀ ਇਲਾਕਿਆਂ 'ਤੇ ਵੀ ਪੈ ਸਕਦਾ ਹੈ, ਜਿਸ ਨਾਲ ਹੋਰ ਵੀ ਠੰਡ ਵਧਣ ਦੀ ਸੰਭਾਵਨਾ ਹੈ।
ਰਾਜਸਥਾਨ 'ਚ ਠੰਡ ਵਧਣ ਦੀ ਚਿਤਾਵਨੀ
ਪਹਾੜਾਂ ਤੋਂ ਚੱਲਣ ਵਾਲੀਆਂ ਬਰਫੀਲੀਆਂ ਹਵਾਵਾਂ ਕਾਰਨ ਉੱਤਰੀ ਅਤੇ ਮੱਧ ਭਾਰਤ ਵਿੱਚ ਤਾਪਮਾਨ ਹੌਲੀ-ਹੌਲੀ ਡਿੱਗਣਾ ਸ਼ੁਰੂ ਹੋ ਗਿਆ ਹੈ। ਦੇਸ਼ ਦੇ ਮੈਦਾਨੀ ਇਲਾਕਿਆਂ 'ਚ ਠੰਡ ਵਧ ਗਈ ਹੈ। ਗੱਲ ਰਾਜਸੱਤ੍ਹਾ ਦੀ ਕਰੀਏ ਤਾਂ ਇੱਥੇ ਸੀਤ ਲਹਿਰ ਕਾਰਨ ਤਾਪਮਾਨ ਤੇਜ਼ੀ ਨਾਲ ਡਿੱਗ ਰਿਹਾ ਹੈ। ਸਵੇਰੇ-ਸ਼ਾਮ ਦੇ ਨਾਲ-ਨਾਲ ਰਾਤ ਨੂੰ ਵੀ ਠੰਢ ਵਧ ਗਈ ਹੈ। ਹਾਲਾਂਕਿ, ਦਿਨ ਵੇਲੇ ਧੁੱਪ ਨਿਕਲਣ ਕਾਰਨ ਲੋਕਾਂ ਨੂੰ ਰਾਹਤ ਮਿਲ ਰਹੀ ਹੈ। ਫਿਲਹਾਲ, 3 ਦਸੰਬਰ ਤੱਕ ਮੌਸਮ ਖੁਸ਼ਕ ਰਹਿਣ ਨਾਲ ਪੂਰੇ ਰਾਜਸਥਾਨ 'ਚ ਠੰਡ ਵਧਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਦਿੱਲੀ 'ਚ ਠੰਡ ਨੇ ਠਾਰੇ ਲੋਕ
ਦਿੱਲੀ ਦਾ ਮੌਸਮ ਪਿਛਲੇ ਕਈ ਦਿਨਾਂ ਤੋਂ ਗੁਲਾਬੀ ਬਣਿਆ ਹੋਇਆ ਹੈ। ਸਵੇਰ-ਸ਼ਾਮ ਦੀ ਠੰਡ ਲੋਕਾਂ ਨੂੰ ਤੰਗ ਜ਼ਰੂਰ ਕਰ ਰਹੀ ਹੈ, ਪਰ ਦੁਪਹਿਰ ਨੂੰ ਸੂਰਜ ਖਿੜ ਰਿਹਾ ਹੈ, ਜਿਸ ਨਾਲ ਥੋੜੀ ਰਾਹਤ ਵੀ ਨਸੀਬ ਹੋ ਰਹੀ ਹੈ। ਪਰ ਗੁਲਾਬੀ ਮੌਸਮ ਦੇ ਬਾਵਜੂਦ ਹਵਾ ਗੁਣਵੱਤਾ ਸੂਚਕ ਅੰਕ ਵਿੱਚ ਕੋਈ ਸੁਧਾਰ ਨਹੀਂ ਹੋਇਆ ਹੈ। ਦਿੱਲੀ ਦੇ ਮੌਸਮ ਵਿੱਚ ਲੋਕਾਂ ਨੂੰ ਹਲਕੀ ਧੁੰਦ ਦੀ ਚਾਦਰ ਵੀ ਦੇਖਣ ਨੂੰ ਮਿਲ ਰਹੀ ਹੈ।
ਇਹ ਵੀ ਪੜ੍ਹੋ : ਧੁੰਦ ਦੀ ਲਪੇਟ 'ਚ ਸਮੁੱਚਾ ਪੰਜਾਬ, ਉੱਤਰ ਭਾਰਤ 'ਚ ਵਧੀ ਠੰਢ, ਦੱਖਣ ਭਾਰਤ 'ਚ ਮੀਂਹ ਦੀ ਮਾਰ
ਇਨ੍ਹਾਂ ਸੂਬਿਆਂ 'ਚ ਮੀਂਹ ਜਾਰੀ
ਅਰਬ ਸਾਗਰ ਵਿੱਚ ਹਵਾ ਦਾ ਦਬਾਅ ਦਿਖਾਈ ਦੇ ਰਿਹਾ ਹੈ। ਇਸ ਕਾਰਨ ਦੇਸ਼ ਦੇ ਕਈ ਸੂਬਿਆਂ ਵਿੱਚ ਅਗਲੇ ਹਫ਼ਤੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਦੱਖਣੀ ਸੂਬਿਆਂ ਦੇ ਕਈ ਇਲਾਕਿਆਂ 'ਚ ਬੱਦਲ ਛਾਏ ਰਹਿਣ ਅਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਤਾਮਿਲਨਾਡੂ ਅਤੇ ਅੰਡੇਮਾਨ-ਨਿਕੋਬਾਰ 'ਚ ਅਗਲੇ 24 ਘੰਟਿਆਂ ਦੌਰਾਨ ਕੁਝ ਇਲਾਕਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਕਈ ਜ਼ਿਲ੍ਹਿਆਂ ਵਿੱਚ ਵੀ ਮੀਂਹ ਦੀ ਸੰਭਾਵਨਾ ਜਤਾਈ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਮੱਧ ਪ੍ਰਦੇਸ਼ ਦੇ ਕਈ ਇਲਾਕਿਆਂ 'ਚ ਸੀਤ ਲਹਿਰ ਦਾ ਪ੍ਰਕੋਪ ਵੀ ਦੇਖਿਆ ਜਾ ਸਕਦਾ ਹੈ। ਮੀਂਹ ਅਤੇ ਸੀਤ ਲਹਿਰ ਕਾਰਨ ਤਾਪਮਾਨ ਵਿੱਚ ਭਾਰੀ ਗਿਰਾਵਟ ਆਵੇਗੀ।
Summary in English: The fury of cold wave and fog in Punjab, the hardships of the people increased