Weather Forecast: ਮੌਨਸੂਨ ਦਾ ਅਸਰ ਪੂਰੇ ਦੇਸ਼ 'ਚ ਦੇਖਣ ਨੂੰ ਮਿਲ ਰਿਹਾ ਹੈ। ਮੀਂਹ ਕਾਰਨ ਲੋਕਾਂ ਨੂੰ ਗਰਮੀ ਤੋਂ ਵੀ ਰਾਹਤ ਮਿਲੀ ਹੈ। ਹਾਲਾਂਕਿ, ਬਹੁਤ ਜ਼ਿਆਦਾ ਬਾਰਿਸ਼ ਕਾਰਨ ਕੁਝ ਸੂਬਿਆਂ ਵਿੱਚ ਹੜ੍ਹ ਵਰਗੇ ਹਾਲਾਤ ਵੀ ਬਰਕਰਾਰ ਹਨ। ਫਿਲਹਾਲ, ਮੌਸਮ ਵਿਭਾਗ ਨੇ ਅਗਲੇ 4-5 ਦਿਨਾਂ ਤੱਕ ਦੇਸ਼ ਭਰ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ।
ਅਜਿਹੇ 'ਚ ਮੌਸਮ ਵਿਭਾਗ ਨੇ 12 ਤੋਂ 15 ਜੁਲਾਈ ਤੱਕ ਦੇਸ਼ ਭਰ ਦੇ ਲਗਭਗ ਸਾਰੇ ਹਿੱਸਿਆਂ 'ਚ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ। ਇਸ ਦੇ ਨਾਲ ਹੀ ਪਹਾੜਾਂ 'ਤੇ ਭਾਰੀ ਮੀਂਹ ਪੈਣ ਕਾਰਨ ਜ਼ਮੀਨ ਖਿਸਕਣ ਦਾ ਖਤਰਾ ਵੀ ਵਧ ਗਿਆ ਹੈ।
ਦਿੱਲੀ ਦਾ ਮੌਸਮ
ਪਿਛਲੇ ਦੋ ਦਿਨਾਂ ਤੋਂ ਰਾਜਧਾਨੀ ਦਿੱਲੀ ਵਿੱਚ ਰੁੱਕ-ਰੁੱਕ ਕੇ ਮੀਂਹ ਪੈ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਹਾਲਾਂਕਿ, ਥੋੜ੍ਹੇ ਜਿਹੇ ਮੀਂਹ ਕਾਰਨ ਨਮੀ ਵੀ ਵਧ ਗਈ ਹੈ। ਫਿਲਹਾਲ, ਮੌਸਮ ਵਿਭਾਗ ਮੁਤਾਬਕ ਅੱਜ ਯਾਨੀ 11 ਜੁਲਾਈ ਨੂੰ ਆਸਮਾਨ 'ਚ ਬੱਦਲ ਛਾਏ ਰਹਿਣਗੇ, ਜਿਸ ਨਾਲ ਕੁਝ ਥਾਵਾਂ 'ਤੇ ਮੀਂਹ ਵੀ ਪੈ ਸਕਦਾ ਹੈ। ਇਸ ਦੇ ਨਾਲ ਹੀ ਅੱਜ ਰਾਜਧਾਨੀ ਦਾ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 28 ਡਿਗਰੀ ਰਹਿਣ ਦਾ ਅਨੁਮਾਨ ਹੈ।
ਪੰਜਾਬ ਦਾ ਮੌਸਮ
ਪੰਜਾਬ ਵਿੱਚ ਬੁੱਧਵਾਰ ਨੂੰ ਦਿਨ ਭਰ ਨਮੀ ਰਹੀ, ਜਦੋਂਕਿ ਕਈ ਜ਼ਿਲ੍ਹਿਆਂ ਵਿੱਚ ਸ਼ਾਮ ਨੂੰ ਭਾਰੀ ਮੀਂਹ ਤੋਂ ਰਾਹਤ ਮਿਲੀ। ਕਰੀਬ ਇੱਕ ਘੰਟੇ ਤੱਕ ਪਏ ਮੀਂਹ ਕਾਰਨ ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੋਂ ਪਾਣੀ ਭਰਨ ਦੀਆਂ ਖ਼ਬਰਾਂ ਸਾਹਮਣੇ ਆਈਆਂ। ਗੱਲ ਅੰਮ੍ਰਿਤਸਰ ਜ਼ਿਲ੍ਹੇ ਦੀ ਕਰੀਏ ਤਾਂ ਇੱਥੇ ਸਭ ਤੋਂ ਵੱਧ 30 ਮਿਲੀਮੀਟਰ ਮੀਂਹ ਪਿਆ। ਵਿਰਾਸਤੀ ਗਲਿਆਰੇ ਸਮੇਤ ਕਈ ਥਾਵਾਂ ’ਤੇ ਪਾਣੀ ਭਰ ਜਾਣ ਕਾਰਨ ਸੈਲਾਨੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਬ ਦੀ ਮੰਨੀਏ ਤਾਂ ਅੱਜ ਯਾਨੀ ਵੀਰਵਾਰ ਨੂੰ ਵੀ ਬੱਦਲਵਾਈ ਨਾਲ ਕਿਤੇ-ਕਿਤੇ ਮੀਂਹ ਪੈਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: Weather Today: ਮੀਂਹ ਤੋਂ ਬਾਅਦ ਹੁੰਮਸ ਵਾਲੀ ਗਰਮੀ ਸ਼ੁਰੂ, 12 ਜੁਲਾਈ ਤੋਂ ਬਾਅਦ ਮੁੜ ਮੌਸਮ ਵਿੱਚ ਬਦਲਾਅ
ਮੌਸਮ ਦੀ ਗਤੀਵਿਧੀ
ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਦੌਰਾਨ, ਉਪ-ਹਿਮਾਲੀਅਨ ਪੱਛਮੀ ਬੰਗਾਲ, ਸਿੱਕਮ, ਬਿਹਾਰ ਅਤੇ ਪੂਰਬੀ ਉੱਤਰ ਪ੍ਰਦੇਸ਼ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋ ਸਕਦੀ ਹੈ। ਜਦੋਂਕਿ, ਉੱਤਰਾਖੰਡ, ਉੱਤਰ ਪ੍ਰਦੇਸ਼, ਅਸਾਮ, ਮੇਘਾਲਿਆ, ਅਰੁਣਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਵਿਦਰਭ, ਦੱਖਣ-ਪੂਰਬੀ ਰਾਜਸਥਾਨ, ਲਕਸ਼ਦੀਪ, ਕੋਂਕਣ, ਗੋਆ, ਤੱਟਵਰਤੀ ਕਰਨਾਟਕ, ਤੇਲੰਗਾਨਾ ਅਤੇ ਦੱਖਣੀ ਛੱਤੀਸਗੜ੍ਹ ਦੇ ਕੁਝ ਹਿੱਸਿਆਂ ਵਿੱਚ ਵੱਖ-ਵੱਖ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।
ਹਿਮਾਚਲ ਪ੍ਰਦੇਸ਼, ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ, ਮੱਧ ਪ੍ਰਦੇਸ਼, ਉੱਤਰ-ਪੂਰਬੀ ਭਾਰਤ, ਮਰਾਠਵਾੜਾ, ਮੱਧ ਮਹਾਰਾਸ਼ਟਰ ਅਤੇ ਕੇਰਲ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਲੱਦਾਖ, ਜੰਮੂ ਅਤੇ ਕਸ਼ਮੀਰ, ਗੰਗਾ ਪੱਛਮੀ ਬੰਗਾਲ, ਸੌਰਾਸ਼ਟਰ ਅਤੇ ਕੱਛ, ਰਾਇਲਸੀਮਾ, ਅੰਦਰੂਨੀ ਕਰਨਾਟਕ, ਤਾਮਿਲਨਾਡੂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ।
Summary in English: Today's weather: Monsoon weak in Haryana-Punjab-Himachal, second phase of monsoon begins from July 12