Weather Forecast: ਦੇਸ਼ ਭਰ ਦੇ ਮੌਸਮ ਵਿੱਚ ਭਾਰੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਉੱਤਰੀ ਭਾਰਤ ਦੇ ਜ਼ਿਆਦਾਤਰ ਸੂਬਿਆਂ ਵਿੱਚ ਜਿੱਥੇ ਭਿਆਨਕ ਗਰਮੀ ਪੈ ਰਹੀ ਹੈ। ਉੱਥੇ ਹੀ ਦੱਖਣੀ ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਵਿਭਾਗ ਅਨੁਸਾਰ 25 ਮਈ ਨੂੰ ਦਿੱਲੀ, ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਗੁਜਰਾਤ ਵਿੱਚ ਗਰਮੀ ਦਾ ਕਹਿਰ ਜਾਰੀ ਰਹੇਗਾ। ਜਦੋਂਕਿ, ਕੇਰਲ 'ਚ ਬੇਹੱਦ ਭਾਰੀ ਬਾਰਿਸ਼ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਤਾਮਿਲਨਾਡੂ ਅਤੇ ਪੁਡੂਚੇਰੀ 'ਚ ਭਾਰੀ ਬਾਰਿਸ਼ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਦਿੱਲੀ ਦਾ ਮੌਸਮ
ਭਿਆਨਕ ਗਰਮੀ ਦਾ ਸਾਹਮਣਾ ਕਰ ਰਹੀ ਰਾਸ਼ਟਰੀ ਰਾਜਧਾਨੀ ਨੂੰ ਵੀਰਵਾਰ ਨੂੰ ਤੇਜ਼ ਹਵਾਵਾਂ ਕਾਰਨ ਅੰਸ਼ਕ ਰਾਹਤ ਮਿਲੀ। ਬੁੱਧਵਾਰ ਦੇ ਮੁਕਾਬਲੇ ਵੱਧ ਤੋਂ ਵੱਧ ਤਾਪਮਾਨ 'ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ, ਪਰ ਨਮੀ ਕਾਰਨ 41 ਡਿਗਰੀ 'ਤੇ ਵੀ 50 ਡਿਗਰੀ ਸੈਲਸੀਅਸ ਵਰਗੀ ਗਰਮੀ ਮਹਿਸੂਸ ਕੀਤੀ ਗਈ। ਮੌਸਮ ਵਿਭਾਗ ਮੁਤਾਬਕ ਸ਼ੁੱਕਰਵਾਰ ਨੂੰ ਆਸਮਾਨ ਸਾਫ ਰਹਿਣ ਦੀ ਸੰਭਾਵਨਾ ਹੈ ਅਤੇ ਦਿਨ ਦੌਰਾਨ 20 ਤੋਂ 30 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਫਿਲਹਾਲ, ਮੌਸਮ ਵਿਭਾਗ ਨੇ ਸ਼ੁੱਕਰਵਾਰ ਯਾਨੀ ਅੱਜ ਲਈ ਲੂ ਨੂੰ ਲੈ ਕੇ ਕੋਈ ਭਵਿੱਖਬਾਣੀ ਨਹੀਂ ਕੀਤੀ ਹੈ। ਮੌਸਮ ਵਿਭਾਗ ਨੇ 25 ਤੋਂ 27 ਮਈ ਤੱਕ ਦਿੱਲੀ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ।
ਪੰਜਾਬ-ਹਰਿਆਣਾ ਦਾ ਮੌਸਮ
ਪੰਜਾਬ 'ਚ ਅਗਲੇ ਚਾਰ ਦਿਨਾਂ ਤੱਕ ਲੂ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਚੰਡੀਗੜ੍ਹ ਅਨੁਸਾਰ 27 ਮਈ ਤੱਕ ਤੇਜ਼ ਗਰਮੀ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਰਾਤ ਨੂੰ ਵੀ ਤੇਜ਼ ਗਰਮੀ ਪੈ ਸਕਦੀ ਹੈ। ਵੀਰਵਾਰ ਨੂੰ ਬਠਿੰਡਾ ਸੂਬੇ ਦਾ ਸਭ ਤੋਂ ਗਰਮ ਜ਼ਿਲ੍ਹਾ ਰਿਹਾ, ਇੱਥੇ ਵੱਧ ਤੋਂ ਵੱਧ ਤਾਪਮਾਨ 45.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦੋਂਕਿ, ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ 41.6, ਪਟਿਆਲਾ ਦਾ 39.5, ਫਿਰੋਜ਼ਪੁਰ ਦਾ 43.4 ਅਤੇ ਪਠਾਨਕੋਟ ਦਾ 41.1 ਡਿਗਰੀ ਸੈਲਸੀਅਸ ਰਿਹਾ। ਫਿਲਹਾਲ, ਪੰਜਾਬ ਦੇ ਕੁਝ ਇਲਾਕਿਆਂ ਵਿੱਚ ਬੱਦਲਵਾਈ ਦੇ ਨਜ਼ਾਰੇ ਦੇਖਣ ਨੂੰ ਮਿਲ ਰਹੇ ਹਨ, ਅਜਿਹੇ 'ਚ ਮੀਂਹ ਪੈਣ ਦੇ ਆਸਾਰ ਜਤਾਏ ਜਾ ਰਹੇ ਹਨ।
ਗੱਲ ਹਰਿਆਣਾ ਸੂਬੇ ਦੀ ਕਰੀਏ ਤਾਂ ਇੱਥੇ ਫਿਲਹਾਲ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਸਿਰਸਾ ਵਿੱਚ ਲਗਾਤਾਰ ਦੂਜੇ ਦਿਨ ਵੀ ਤੇਜ਼ ਗਰਮੀ ਦਰਜ ਕੀਤੀ ਗਈ। ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 47.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ ਚਾਰ ਡਿਗਰੀ ਵੱਧ ਸੀ। ਦੱਖਣੀ ਹਰਿਆਣਾ ਦੇ ਹੋਰ ਸ਼ਹਿਰਾਂ ਦੀ ਸਥਿਤੀ ਵੀ ਸਿਰਸਾ ਵਰਗੀ ਹੀ ਰਹੀ। ਭਿਵਾਨੀ ਵਿੱਚ 45.9 ਡਿਗਰੀ, ਨਾਰਨੌਲ ਵਿੱਚ 46 ਡਿਗਰੀ, ਹਿਸਾਰ ਵਿੱਚ 45.7 ਅਤੇ ਰੋਹਤਕ ਵਿੱਚ 43.2 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ 26 ਮਈ ਤੱਕ ਜਾਰੀ ਕੀਤੀ ਆਪਣੀ ਭਵਿੱਖਬਾਣੀ ਵਿੱਚ ਕਿਹਾ ਹੈ ਕਿ ਹਰਿਆਣਾ ਦੇ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ।
ਮੌਸਮ ਦੀ ਗਤੀਵਿਧੀ
ਮੌਸਮ ਵਿਭਾਗ ਮੁਤਾਬਕ, ਅਗਲੇ 24 ਘੰਟਿਆਂ ਦੌਰਾਨ ਕੇਰਲ, ਤੱਟਵਰਤੀ ਕਰਨਾਟਕ, ਲਕਸ਼ਦੀਪ, ਅੰਡੇਮਾਨ ਨਿਕੋਬਾਰ ਟਾਪੂ ਅਤੇ ਦੱਖਣੀ ਤਾਮਿਲਨਾਡੂ ਵਿੱਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਜਦੋਂਕਿ ਤੇਲੰਗਾਨਾ, ਕਰਨਾਟਕ, ਤਾਮਿਲਨਾਡੂ, ਬਿਹਾਰ ਦੇ ਕੁਝ ਹਿੱਸਿਆਂ ਅਤੇ ਪੂਰਬੀ ਝਾਰਖੰਡ, ਸਿੱਕਮ, ਉੱਤਰ-ਪੂਰਬੀ ਭਾਰਤ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਇਸ ਤੋਂ ਇਲਾਵਾ ਪੱਛਮੀ ਹਿਮਾਲਿਆ, ਛੱਤੀਸਗੜ੍ਹ, ਪੱਛਮੀ ਬੰਗਾਲ, ਉੜੀਸਾ, ਵਿਦਰਭ, ਮਰਾਠਵਾੜਾ, ਦੱਖਣੀ ਕੋਂਕਣ ਅਤੇ ਗੋਆ ਅਤੇ ਦੱਖਣੀ ਮੱਧ ਪ੍ਰਦੇਸ਼ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਜਦੋਂਕਿ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਹੀਟ ਵੇਵ ਆ ਸਕਦੀ ਹੈ।
Summary in English: Weather Today: 46 degree torture in Punjab, people will soon get relief from heat, cloudy and rain expected from this day.