Weather Forecast: ਸਮੁੱਚਾ ਉੱਤਰ ਭਾਰਤ ਗਰਮੀ ਦੀ ਲਪੇਟ 'ਚ ਹੈ। ਰਾਜਧਾਨੀ ਦਿੱਲੀ ਵਿੱਚ ਪਾਰਾ 48 ਡਿਗਰੀ ਤੋਂ ਉੱਪਰ ਹੈ। ਵਧਦੀ ਗਰਮੀ ਕਾਰਨ ਹੀਟ ਸਟ੍ਰੋਕ ਦਾ ਖਤਰਾ ਵੱਧ ਗਿਆ ਹੈ। ਰਾਜਸਥਾਨ ਵਿੱਚ ਤਾਂ ਸਥਿਤੀ ਹੋਰ ਵੀ ਮਾੜੀ ਹੈ। ਉਥੋਂ ਦਾ ਪਾਰਾ 49 ਡਿਗਰੀ ਤੋਂ ਪਾਰ ਹੈ ਭਾਵ 50 ਡਿਗਰੀ ਦੇ ਬਿਲਕੁਲ ਨੇੜੇ ਹੈ। ਪੱਛਮੀ ਉੱਤਰ ਪ੍ਰਦੇਸ਼, ਹਰਿਆਣਾ ਅਤੇ ਮੱਧ ਪ੍ਰਦੇਸ਼ ਦੇ ਕੁਝ ਜ਼ਿਲ੍ਹਿਆਂ ਵਿੱਚ ਵੀ ਇਹੀ ਸਥਿਤੀ ਹੈ।
ਅਧਿਕਾਰਤ ਅੰਕੜਿਆਂ ਅਨੁਸਾਰ ਮੰਗਲਵਾਰ ਨੂੰ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਗੁਜਰਾਤ ਅਤੇ ਮੱਧ ਪ੍ਰਦੇਸ਼ ਵਿੱਚ ਘੱਟੋ-ਘੱਟ 16 ਥਾਵਾਂ 'ਤੇ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੱਧ ਦਰਜ ਕੀਤਾ ਗਿਆ। ਭਾਰਤੀ ਮੌਸਮ ਵਿਭਾਗ (IMD) ਨੇ ਕਿਹਾ ਕਿ ਅਤਿਅੰਤ ਗਰਮੀ ਦੀ ਲਹਿਰ ਘੱਟੋ-ਘੱਟ ਦੋ ਹੋਰ ਦਿਨਾਂ ਤੱਕ ਜਾਰੀ ਰਹੇਗੀ। ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ ਵਿੱਚ 30 ਮਈ ਤੱਕ ਹੀਟ ਵੇਵ ਅਲਰਟ ਜਾਰੀ ਕੀਤਾ ਹੈ। ਜਦੋਂਕਿ, 31 ਮਈ ਤੋਂ ਰਾਹਤ ਮਿਲਣ ਦੀ ਉਮੀਦ ਜਤਾਈ ਹੈ।
ਦਿੱਲੀ ਦਾ ਮੌਸਮ
ਸੂਰਜ ਦੀ ਤਪਸ਼ ਅਤੇ ਤੇਜ਼ ਗਰਮੀ ਕਾਰਨ ਦਿੱਲੀ, ਨਜਫਗੜ੍ਹ, ਨਰੇਲਾ ਅਤੇ ਮੁੰਗੇਸ਼ਪੁਰ ਦੇ ਪੇਂਡੂ ਖੇਤਰਾਂ ਵਿੱਚ ਤਾਪਮਾਨ 50 ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚ ਗਿਆ। ਨਰੇਲਾ ਅਤੇ ਮੁੰਗੇਸ਼ਪੁਰ ਵਿੱਚ ਸਭ ਤੋਂ ਵੱਧ 49.9 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਇਹ ਦਿੱਲੀ ਦੇ ਕਿਸੇ ਵੀ ਸਥਾਨ 'ਤੇ ਹੁਣ ਤੱਕ ਦਾ ਰਿਕਾਰਡ ਤਾਪਮਾਨ ਹੈ। ਇਸ ਤੋਂ ਪਹਿਲਾਂ ਦਿੱਲੀ ਦੇ ਕਿਸੇ ਵੀ ਹਿੱਸੇ ਵਿੱਚ ਅਜਿਹਾ ਤਾਪਮਾਨ ਕਦੇ ਨਹੀਂ ਪਹੁੰਚਿਆ ਸੀ। ਮੌਸਮ ਵਿਭਾਗ ਮੁਤਾਬਕ ਬੁੱਧਵਾਰ ਨੂੰ ਆਸਮਾਨ ਸਾਫ ਰਹੇਗਾ ਅਤੇ 25 ਤੋਂ 35 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਗਰਮ ਹਵਾਵਾਂ ਚੱਲਣਗੀਆਂ। ਮੌਸਮ ਵਿਭਾਗ ਮੁਤਾਬਕ ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 28 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਆਸਮਾਨ 'ਚ ਬੱਦਲ ਛਾਏ ਰਹਿ ਸਕਦੇ ਹਨ। ਗਰਜ਼-ਤੂਫ਼ਾਨ ਦੇ ਨਾਲ ਧੂੜ ਭਰੀ ਹਨੇਰੀ ਆ ਸਕਦੀ ਹੈ, ਕੁਝ ਖੇਤਰਾਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ।
ਪੰਜਾਬ ਦਾ ਮੌਸਮ
ਪੰਜਾਬ-ਹਰਿਆਣਾ ਸਮੇਤ ਉੱਤਰੀ ਭਾਰਤ 'ਚ ਅਸਮਾਨ ਤੋਂ ਹੋ ਰਹੀ ਅੱਗ ਦੀ ਵਰਖਾ ਕਾਰਨ ਉਬਲਣਾ ਸ਼ੁਰੂ ਹੋ ਗਿਆ ਹੈ। ਪੰਜਾਬ 'ਚ ਪਾਰਾ 49 ਡਿਗਰੀ ਨੂੰ ਪਾਰ ਕਰ ਗਿਆ। ਮੰਗਲਵਾਰ ਨੂੰ ਬਠਿੰਡਾ 49.3 ਡਿਗਰੀ ਦੇ ਨਾਲ ਸਭ ਤੋਂ ਗਰਮ ਰਿਹਾ। ਅੰਮ੍ਰਿਤਸਰ, ਪਟਿਆਲਾ, ਪਠਾਨਕੋਟ, ਆਦਮਪੁਰ, ਹਲਵਾਰਾ, ਫਰੀਦਕੋਟ ਵਿੱਚ ਲੂ ਦੇ ਗੰਭੀਰ ਹਾਲਾਤ ਬਣੇ ਹੋਏ ਹਨ। ਮੌਸਮ ਵਿਭਾਗ ਨੇ ਬੁੱਧਵਾਰ ਨੂੰ ਵੀ ਭਿਆਨਕ ਗਰਮੀ ਦਾ ਰੈੱਡ ਅਲਰਟ ਜਾਰੀ ਕੀਤਾ ਹੈ ਪਰ ਵੀਰਵਾਰ ਤੋਂ ਇਸ ਭਿਆਨਕ ਗਰਮੀ ਤੋਂ ਕੁਝ ਰਾਹਤ ਮਿਲਣ ਦੀ ਉਮੀਦ ਹੈ। ਵਿਭਾਗ ਨੇ ਵੀਰਵਾਰ ਤੋਂ ਚਾਰ ਦਿਨਾਂ ਤੱਕ ਪੰਜਾਬ 'ਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਵਿਭਾਗ ਅਨੁਸਾਰ ਇਸ ਦੌਰਾਨ ਦਿਨ ਦੇ ਤਾਪਮਾਨ ਵਿੱਚ ਦੋ ਤੋਂ ਤਿੰਨ ਡਿਗਰੀ ਦੀ ਗਿਰਾਵਟ ਆ ਸਕਦੀ ਹੈ।
ਹੀਟਵੇਵ ਦਾ ਅਲਰਟ
ਮੌਸਮ ਵਿਭਾਗ ਨੇ ਰਾਜਸਥਾਨ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਇਹ ਹਰ ਉਮਰ ਦੇ ਲੋਕਾਂ ਵਿੱਚ ਗਰਮੀ ਦੀ ਬਿਮਾਰੀ ਅਤੇ ਹੀਟਸਟ੍ਰੋਕ ਦੀ "ਬਹੁਤ ਵੱਧ ਸੰਭਾਵਨਾ" ਨੂੰ ਉਜਾਗਰ ਕਰਦਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਅਗਲੇ ਤਿੰਨ ਦਿਨਾਂ ਵਿੱਚ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਦਿੱਲੀ ਅਤੇ ਰਾਜਸਥਾਨ ਵਿਚ ਰਾਤ ਦੇ ਸਮੇਂ ਵੀ ਗਰਮੀ ਨਾਲ ਜੁੜਿਆ ਤਣਾਅ ਹੋਰ ਵਧ ਸਕਦਾ ਹੈ। ਰਾਤ ਨੂੰ ਜ਼ਿਆਦਾ ਤਾਪਮਾਨ ਖ਼ਤਰਨਾਕ ਮੰਨਿਆ ਜਾਂਦਾ ਹੈ ਕਿਉਂਕਿ ਸਰੀਰ ਨੂੰ ਠੰਢਾ ਹੋਣ ਦਾ ਮੌਕਾ ਨਹੀਂ ਮਿਲਦਾ। ਸ਼ਹਿਰੀਕਰਨ ਦੇ ਕਾਰਨ ਸ਼ਹਿਰਾਂ ਵਿੱਚ ਰਾਤ ਦੇ ਸਮੇਂ ਗਰਮੀ ਵਿੱਚ ਵਾਧਾ ਆਮ ਹੁੰਦਾ ਹੈ, ਮੈਟਰੋ ਖੇਤਰ ਉਹਨਾਂ ਦੇ ਆਲੇ ਦੁਆਲੇ ਦੇ ਖੇਤਰਾਂ ਨਾਲੋਂ ਕਾਫ਼ੀ ਗਰਮ ਹੁੰਦੇ ਹਨ।
ਮੀਂਹ ਦੀਆਂ ਗਤੀਵਿਧੀਆਂ
ਅਗਲੇ 24 ਘੰਟਿਆਂ ਦੌਰਾਨ, 29 ਮਈ ਨੂੰ ਉੱਤਰ-ਪੂਰਬੀ ਭਾਰਤ, ਲਕਸ਼ਦੀਪ, ਕੇਰਲ ਅਤੇ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋ ਸਕਦੀ ਹੈ। ਤੱਟਵਰਤੀ ਕਰਨਾਟਕ ਅਤੇ ਉੱਤਰ-ਪੂਰਬੀ ਬਿਹਾਰ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ ਤਾਮਿਲਨਾਡੂ, ਕੋਂਕਣ ਅਤੇ ਗੋਆ ਅਤੇ ਦੱਖਣੀ ਅੰਦਰੂਨੀ ਕਰਨਾਟਕ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਪੱਛਮੀ ਹਿਮਾਲਿਆ ਵਿੱਚ 29 ਅਤੇ 30 ਮਈ ਨੂੰ ਹਲਕੀ ਬਾਰਿਸ਼ ਹੋ ਸਕਦੀ ਹੈ।
Summary in English: Weather Today: 5th day of Nautapa in Punjab, People will get relief from heat after 49 degree temperature, rain expected from May 31