Weather Forecast: ਦੇਸ਼ 'ਚ ਮੌਸਮ ਦੇ ਵੱਖ-ਵੱਖ ਰੰਗ ਦੇਖਣ ਨੂੰ ਮਿਲ ਰਹੇ ਹਨ। ਇੱਕ ਪਾਸੇ ਜਿੱਥੇ ਮੀਂਹ ਅਤੇ ਬਰਫ਼ਬਾਰੀ ਕਾਰਨ ਕੁਝ ਸੂਬਿਆਂ ਵਿੱਚ ਠੰਡਕ ਹੈ, ਉੱਥੇ ਹੀ ਦੂਜੇ ਪਾਸੇ ਦੇਸ਼ ਦੇ ਕੁਝ ਹਿੱਸਿਆਂ ਵਿੱਚ ਲੂ ਵਰਗੇ ਹਾਲਾਤ ਬਣੇ ਹੋਏ ਹਨ।
ਮੌਸਮ ਵਿਭਾਗ ਅਨੁਸਾਰ 24 ਅਪ੍ਰੈਲ ਨੂੰ ਪੰਜਾਬ, ਹਰਿਆਣਾ ਅਤੇ ਦਿੱਲੀ ਵਿੱਚ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਬਰਫਬਾਰੀ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਓਡੀਸ਼ਾ, ਬਿਹਾਰ ਅਤੇ ਝਾਰਖੰਡ ਵਿੱਚ ਹੀਟਵੇਵ ਅਲਰਟ ਜਾਰੀ ਕੀਤਾ ਗਿਆ ਹੈ।
ਦਿੱਲੀ ਦਾ ਮੌਸਮ
ਮੌਸਮ ਵਿਭਾਗ ਨੇ ਦਿੱਲੀ ਦੇ ਮੌਸਮ ਵਿੱਚ ਬਦਲਾਅ ਦੇ ਸੰਕੇਤ ਦਿੱਤੇ ਹਨ। ਦਰਅਸਲ, ਮੰਗਲਵਾਰ ਨੂੰ ਪਏ ਮੀਂਹ ਕਾਰਨ ਦਿੱਲੀ ਵਾਸੀਆਂ ਨੂੰ ਅੱਤ ਦੀ ਗਰਮੀ ਤੋਂ ਕੁਝ ਹੱਦ ਤੱਕ ਰਾਹਤ ਨਸੀਬ ਹੋਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 24 ਅਪ੍ਰੈਲ ਨੂੰ ਦਿੱਲੀ 'ਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਆਈਐਮਡੀ ਮੁਤਾਬਕ ਇਸ ਪੂਰੇ ਹਫ਼ਤੇ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 38 ਤੋਂ 40 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿ ਸਕਦਾ ਹੈ। ਜਦੋਂਕਿ, ਘੱਟੋ-ਘੱਟ ਤਾਪਮਾਨ 23 ਤੋਂ 25 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਰਾਜਸਥਾਨ ਦਾ ਮੌਸਮ
ਅਪ੍ਰੈਲ ਮਹੀਨੇ ਦਾ ਆਖਰੀ ਹਫਤਾ ਚੱਲ ਰਿਹਾ ਹੈ। ਇਸ ਮਹੀਨੇ ਜਿੱਥੇ ਅੱਤ ਦੀ ਗਰਮੀ ਪੈਣੀ ਸ਼ੁਰੂ ਹੋ ਜਾਂਦੀ ਹੈ, ਉੱਥੇ ਹੀ ਐਤਕੀਂ ਮੌਸਮ ਦੇ ਪੈਟਰਨ ਵਿੱਚ ਲਗਾਤਾਰ ਬਦਲਾਅ ਆ ਰਿਹਾ ਹੈ। ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ ਮੁਤਾਬਕ ਰਾਜਸਥਾਨ 'ਚ ਅਗਲੇ 2 ਦਿਨਾਂ ਤੱਕ ਮੌਸਮ ਖੁਸ਼ਕ ਰਹੇਗਾ, ਫਿਰ ਅਚਾਨਕ ਮੌਸਮ ਬਦਲ ਜਾਵੇਗਾ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਜੋਧਪੁਰ, ਕੋਟਾ ਡਿਵੀਜ਼ਨ ਵਿੱਚ, 25-26 ਅਪ੍ਰੈਲ ਨੂੰ ਵੱਧ ਤੋਂ ਵੱਧ ਤਾਪਮਾਨ 41 ਤੋਂ 42 ਡਿਗਰੀ ਸੈਲਸੀਅਸ ਦੇ ਆਸਪਾਸ ਰਿਕਾਰਡ ਕੀਤੇ ਜਾਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਨਵੇਂ ਅਪਡੇਟ ਦੇ ਅਨੁਸਾਰ, ਇੱਕ ਨਵਾਂ ਮੌਸਮ ਪ੍ਰਣਾਲੀ ਯਾਨੀ ਪੱਛਮੀ ਗੜਬੜੀ 26 ਅਪ੍ਰੈਲ ਨੂੰ ਮੁੜ ਸੂਬੇ ਵਿੱਚ ਸਰਗਰਮ ਹੋ ਜਾਵੇਗੀ। ਇਸ ਦੇ ਪ੍ਰਭਾਵ ਕਾਰਨ ਰਾਜਸਥਾਨ ਦੀਆਂ ਵੱਖ-ਵੱਖ ਥਾਵਾਂ 'ਤੇ ਹਲਕੀ ਬਾਰਿਸ਼ ਦੇ ਨਾਲ ਤੇਜ਼ ਧੂੜ ਭਰੀਆਂ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : Weather Today: ਆਈਐਮਡੀ ਦਾ ਵੱਡਾ ਅਲਰਟ, 5 ਦਿਨ ਜਾਰੀ ਰਹੇਗੀ Heatwave, ਇਸ ਦਿਨ ਤੋਂ ਮੁੜ ਮੀਂਹ ਪੈਣ ਦੇ ਆਸਾਰ
ਮੌਸਮ ਦੀ ਗਤੀਵਿਧੀ
ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਏਜੰਸੀ ਸਕਾਈਮੇਟ ਮੁਤਾਬਕ 24 ਤੋਂ 26 ਅਪ੍ਰੈਲ ਦਰਮਿਆਨ ਜੰਮੂ-ਕਸ਼ਮੀਰ, ਲੱਦਾਖ, ਗਿਲਗਿਤ-ਬਾਲਟਿਸਤਾਨ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ 'ਚ ਮੀਂਹ ਅਤੇ ਬਰਫਬਾਰੀ ਹੋ ਸਕਦੀ ਹੈ। ਇਸ ਦੇ ਨਾਲ ਹੀ ਅੱਜ ਉੱਤਰੀ ਪੰਜਾਬ ਅਤੇ ਉੱਤਰੀ ਹਰਿਆਣਾ ਵਿੱਚ ਗਰਜ, ਬਿਜਲੀ ਅਤੇ ਤੇਜ਼ ਹਵਾਵਾਂ (30-40 ਕਿਲੋਮੀਟਰ ਪ੍ਰਤੀ ਘੰਟਾ) ਦੇ ਨਾਲ ਮੀਂਹ ਪੈ ਸਕਦਾ ਹੈ। ਇਸ ਤੋਂ ਇਲਾਵਾ 24 ਤੋਂ 25 ਅਪ੍ਰੈਲ ਦਰਮਿਆਨ ਉੱਤਰ-ਪੂਰਬੀ ਭਾਰਤ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਉਪ-ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ ਵਿੱਚ 24 ਅਤੇ 27 ਅਪ੍ਰੈਲ ਨੂੰ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਇਸੇ ਤਰ੍ਹਾਂ ਮੱਧ ਮਹਾਰਾਸ਼ਟਰ ਅਤੇ ਮਰਾਠਵਾੜਾ ਵਿੱਚ 26 ਅਪ੍ਰੈਲ ਨੂੰ ਅਤੇ ਕੋਂਕਣ ਅਤੇ ਗੋਆ ਵਿੱਚ 25 ਅਪ੍ਰੈਲ ਨੂੰ ਹਲਕੀ ਬਾਰਿਸ਼ ਹੋ ਸਕਦੀ ਹੈ। ਜਦੋਂਕਿ 24 ਤੋਂ 26 ਅਪ੍ਰੈਲ ਦੇ ਵਿਚਕਾਰ ਕੇਰਲ, ਤੱਟਵਰਤੀ ਆਂਧਰਾ ਪ੍ਰਦੇਸ਼ ਅਤੇ ਅੰਦਰੂਨੀ ਕਰਨਾਟਕ ਵਿੱਚ ਥੋੜਾ-ਬਹੁਤ ਮੀਂਹ ਪੈ ਸਕਦਾ ਹੈ।
Summary in English: Weather Today: Big change in weather from this day, know the weather of April 24, 25, 26 and 27, Read IMD Report