Weather Forecast: ਮੌਨਸੂਨ ਦੇ ਸਥਿਰ ਹੋਣ ਕਾਰਨ ਉੱਤਰੀ ਭਾਰਤ ਦੇ ਜ਼ਿਆਦਾਤਰ ਸੂਬੇ 19 ਜੂਨ ਤੱਕ ਸਖ਼ਤ ਗਰਮੀ ਦੀ ਲਪੇਟ ਵਿੱਚ ਰਹਿਣ ਵਾਲੇ ਹਨ। ਮੌਸਮ ਵਿਭਾਗ ਨੇ ਫਿਲਹਾਲ ਬੰਗਾਲ, ਬਿਹਾਰ, ਝਾਰਖੰਡ ਵਿੱਚ ਭਿਆਨਕ ਗਰਮੀ ਅਤੇ ਹੀਟ ਵੇਵ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਅਨੁਸਾਰ ਇਨ੍ਹਾਂ ਸੂਬਿਆਂ ਦੇ ਜ਼ਿਆਦਾਤਰ ਹਿੱਸਿਆਂ ਵਿੱਚ 14 ਤੋਂ 19 ਜੂਨ ਤੱਕ ਤਾਪਮਾਨ 45 ਤੋਂ 47 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਇਸ ਤੋਂ ਇਲਾਵਾ ਪੰਜਾਬ, ਹਰਿਆਣਾ ਅਤੇ ਦਿੱਲੀ 'ਚ ਗਰਮੀ ਦੀ ਲਹਿਰ ਤੋਂ ਇਲਾਵਾ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਉਤਰਾਖੰਡ ਅਤੇ ਹਿਮਾਚਲ 'ਚ ਕੁਝ ਥਾਵਾਂ 'ਤੇ ਗਰਮ ਹਵਾਵਾਂ ਚੱਲ ਸਕਦੀਆਂ ਹਨ।
ਪੰਜਾਬ ਦਾ ਮੌਸਮ
ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਤਾਪਮਾਨ 44 ਡਿਗਰੀ ਨੂੰ ਪਾਰ ਕਰ ਗਿਆ ਹੈ। ਪਠਾਨਕੋਟ ਵਿੱਚ ਸਭ ਤੋਂ ਵੱਧ ਤਾਪਮਾਨ 47.8 ਡਿਗਰੀ ਦਰਜ ਕੀਤਾ ਗਿਆ। ਇਸ ਦੌਰਾਨ ਮੌਸਮ ਵਿਭਾਗ ਨੇ ਅੱਜ 21 ਜ਼ਿਲ੍ਹਿਆਂ ਲਈ ਹੀਟ ਵੇਵ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਵਿੱਚੋਂ 19 ਲਈ ਯੈਲੋ ਅਲਰਟ ਅਤੇ 2 ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਪਰ ਇਸ ਨਾਲ ਤਾਪਮਾਨ 'ਤੇ ਕੋਈ ਅਸਰ ਨਹੀਂ ਹੋਵੇਗਾ, ਇਸ ਲਈ ਫਿਲਹਾਲ ਅੱਤ ਦੀ ਗਰਮੀ ਤੋਂ ਰਾਹਤ ਨਹੀਂ ਮਿਲੇਗੀ। ਮੌਸਮ ਵਿਭਾਗ ਦੀ ਮੰਨੀਏ ਤਾਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ, ਬਠਿੰਡਾ ਅਤੇ ਮਾਨਸਾ ਜ਼ਿਲ੍ਹੇ ਵਿੱਚ ਮੀਂਹ ਪੈਣ ਦੇ ਆਸਾਰ ਹਨ।
ਪਹਾੜੀ ਸੂਬੇ ਦਾ ਮੌਸਮ
ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ ਮੁਤਾਬਕ ਆਉਂਦੇ 72 ਘੰਟਿਆਂ ਦੌਰਾਨ ਸ਼ਿਮਲਾ ਸਮੇਤ 10 ਜ਼ਿਲ੍ਹਿਆਂ ਵਿੱਚ ਤੇਜ਼ ਗਰਮੀ ਪੈਣ ਦੇ ਆਸਾਰ ਹਨ, ਜਿਸਦੇ ਚਲਦਿਆਂ ਮੌਸਮ ਵਿਭਾਗ ਨੇ ਚੇਤਾਵਨੀ ਵੀ ਜਾਰੀ ਕੀਤੀ ਹੈ। ਅਜਿਹੀ ਸਥਿਤੀ ਵਿੱਚ, ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲੋਕਾਂ ਨੂੰ ਦਿਨ ਵੇਲੇ ਤੇਜ਼ ਧੁੱਪ ਵਿੱਚ ਬਾਹਰ ਜਾਣ ਤੋਂ ਬਚਣ ਅਤੇ ਠੰਡੇ ਪੀਣ ਵਾਲੇ ਪਦਾਰਥਾਂ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ। ਮੌਸਮ ਵਿਭਾਗ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਚੰਬਾ, ਮੰਡੀ, ਕੁੱਲੂ, ਕਾਂਗੜਾ ਅਤੇ ਸ਼ਿਮਲਾ 'ਚ ਤੂਫਾਨ ਅਤੇ ਬਿਜਲੀ ਡਿੱਗਣ ਨੂੰ ਲੈ ਕੇ ਯੈਲੋ ਅਲਰਟ ਵੀ ਜਾਰੀ ਕੀਤਾ ਹੈ। ਇਸ ਦਾ ਅਸਰ ਵੀਰਵਾਰ ਸ਼ਾਮ ਨੂੰ ਦੇਖਣ ਨੂੰ ਮਿਲਿਆ ਅਤੇ ਸ਼ਿਮਲਾ ਸਮੇਤ ਕਾਂਗੜਾ ਜ਼ਿਲੇ 'ਚ ਤੇਜ਼ ਹਵਾਵਾਂ ਨਾਲ ਕੁਝ ਸਮੇਂ ਲਈ ਬੱਦਲ ਛਾਏ ਰਹੇ।
ਇਹ ਵੀ ਪੜ੍ਹੋ: Weather Today: ਪੰਜਾਬ ਵਿੱਚ ਅੱਤ ਦੀ ਗਰਮੀ ਦਾ ਆਲਮ, ਇਸ ਦਿਨ ਤੋਂ Pre-Monsoon ਦੀਆਂ ਬੌਛਾਰਾਂ ਸ਼ੁਰੂ
ਮੌਸਮ ਦੀ ਗਤੀਵਿਧੀ
ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ, ਕੋਂਕਣ ਅਤੇ ਗੋਆ, ਉੱਤਰੀ ਅੰਦਰੂਨੀ ਕਰਨਾਟਕ ਤੇਲੰਗਾਨਾ, ਦੱਖਣੀ ਛੱਤੀਸਗੜ੍ਹ ਅਤੇ ਦੱਖਣੀ ਉੜੀਸਾ ਵਿੱਚ ਭਾਰੀ ਬਾਰਿਸ਼ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ। ਇਸ ਦੇ ਨਾਲ ਹੀ ਆਂਧਰਾ ਪ੍ਰਦੇਸ਼, ਲਕਸ਼ਦੀਪ, ਅੰਡੇਮਾਨ ਅਤੇ ਨਿਕੋਬਾਰ ਟਾਪੂ, ਕਰਨਾਟਕ, ਆਂਧਰਾ ਪ੍ਰਦੇਸ਼, ਸਿੱਕਮ, ਉੱਤਰ-ਪੂਰਬੀ ਭਾਰਤ, ਦੱਖਣ-ਪੱਛਮੀ ਮੱਧ ਪ੍ਰਦੇਸ਼, ਦੱਖਣੀ ਗੁਜਰਾਤ ਅਤੇ ਜੰਮੂ ਅਤੇ ਕਸ਼ਮੀਰ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੇ ਆਸਾਰ ਜਤਾਏ ਹਨ।
ਦੱਖਣੀ ਮੱਧ ਪ੍ਰਦੇਸ਼, ਅੰਦਰੂਨੀ ਉੜੀਸਾ, ਪੰਜਾਬ ਦੇ ਕੁਝ ਹਿੱਸਿਆਂ ਅਤੇ ਦੱਖਣ-ਪੂਰਬੀ ਰਾਜਸਥਾਨ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਪੱਛਮੀ ਬੰਗਾਲ, ਪੂਰਬੀ ਉੱਤਰ ਪ੍ਰਦੇਸ਼, ਬਿਹਾਰ ਅਤੇ ਝਾਰਖੰਡ ਦੇ ਗੰਗਾ ਤੱਟੀ ਖੇਤਰ ਵਿੱਚ ਹੀਟ ਵੇਵ ਦੇ ਗੰਭੀਰ ਹਾਲਾਤ ਜਾਰੀ ਰਹਿ ਸਕਦੇ ਹਨ। ਜਦੋਂਕਿ, ਪੰਜਾਬ, ਹਰਿਆਣਾ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼, ਉੱਤਰਾਖੰਡ, ਝਾਰਖੰਡ ਅਤੇ ਬਿਹਾਰ ਦੇ ਕੁਝ ਹਿੱਸਿਆਂ ਵਿੱਚ ਹੀਟ ਵੇਵ ਦੇ ਹਾਲਾਤ ਜਾਰੀ ਰਹਿ ਸਕਦੇ ਹਨ।
Summary in English: Weather Today: Expected change in weather from June 20, Cloudy, thunderstorm and rain forecast in these states including Punjab-Haryana