Weather Forecast: ਉੱਤਰ ਭਾਰਤ ਵਿੱਚ ਮੀਂਹ ਪੈਣ ਨਾਲ ਮੌਸਮ ਸੁਹਾਵਣਾ ਹੋ ਗਿਆ ਹੈ। ਬੇਸ਼ਕ ਮੀਂਹ ਦੀਆਂ ਗਤੀਵਿਧੀਆਂ ਕਾਰਨ ਤਾਪਮਾਨ ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ, ਪਰ ਹਾਲੇ ਵੀ ਲੋਕ ਗਰਮੀ ਦੀ ਮਾਰ ਝੱਲ ਰਹੇ ਹਨ। ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਜ਼ਿਆਦਾਤਰ ਜ਼ਿਲਿਆਂ 'ਚ ਅਜੇ ਵੀ ਭਿਆਨਕ ਗਰਮੀ ਪੈ ਰਹੀ ਹੈ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 3 ਦਿਨਾਂ ਦੌਰਾਨ ਮਾਨਸੂਨ ਮੱਧ ਅਰਬ ਸਾਗਰ, ਕਰਨਾਟਕ, ਦੱਖਣੀ ਮਹਾਰਾਸ਼ਟਰ, ਤੇਲੰਗਾਨਾ, ਤੱਟਵਰਤੀ ਆਂਧਰਾ ਪ੍ਰਦੇਸ਼, ਦੱਖਣੀ ਛੱਤੀਸਗੜ੍ਹ, ਦੱਖਣੀ ਉੜੀਸਾ, ਪੱਛਮੀ-ਮੱਧ ਅਤੇ ਉੱਤਰ-ਪੱਛਮੀ ਬੰਗਾਲ ਦੀ ਖਾੜੀ ਦੇ ਕੁਝ ਹਿੱਸਿਆਂ ਵਿੱਚ ਅੱਗੇ ਵੱਧ ਰਿਹਾ ਹੈ।
ਦਿੱਲੀ ਦਾ ਮੌਸਮ
ਰਾਜਧਾਨੀ ਦਿੱਲੀ ਵਿੱਚ ਇਨ੍ਹੀਂ ਦਿਨੀਂ ਬਹੁਤ ਗਰਮੀ ਪੈ ਰਹੀ ਹੈ। ਬੱਦਲਾਂ ਦੀ ਹਲਚਲ ਨੇ ਅੱਤ ਦੀ ਗਰਮੀ ਤੋਂ ਕੁਝ ਰਾਹਤ ਜ਼ਰੂਰ ਦਿੱਤੀ ਹੈ, ਪਰ ਫਿਰ ਵੀ ਗਰਮੀ ਘੱਟ ਹੋਣ ਦਾ ਨਾਮ ਨਹੀਂ ਲੈ ਰਹੀ। ਮੌਸਮ ਵਿਭਾਗ ਮੁਤਾਬਕ 7 ਜੂਨ ਤੱਕ ਦਿੱਲੀ 'ਚ ਬੱਦਲ ਛਾਏ ਰਹਿਣਗੇ ਅਤੇ ਇਸ ਦੌਰਾਨ ਗਰਜ ਨਾਲ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਹਾਲਾਂਕਿ, ਮੌਸਮ 'ਚ ਬਦਲਾਅ ਦੇ ਬਾਵਜੂਦ ਗਰਮੀ ਤੋਂ ਰਾਹਤ ਮਿਲਣ ਦੇ ਕੋਈ ਸੰਕੇਤ ਨਜ਼ਰ ਨਹੀਂ ਆ ਰਹੇ ਹਨ। ਆਈਐਮਡੀ ਮੁਤਾਬਕ ਇਸ ਪੂਰੇ ਹਫ਼ਤੇ ਦਿੱਲੀ ਦਾ ਦਿਨ ਦਾ ਤਾਪਮਾਨ 40 ਡਿਗਰੀ ਤੋਂ ਉਪਰ ਰਹੇਗਾ। ਹਫ਼ਤੇ ਦੇ ਅੰਤ ਵਿੱਚ ਤਾਪਮਾਨ 45 ਡਿਗਰੀ ਤੱਕ ਵੀ ਪਹੁੰਚ ਸਕਦਾ ਹੈ। ਇਸ ਦੌਰਾਨ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
ਪੰਜਾਬ-ਹਰਿਆਣਾ ਦਾ ਮੌਸਮ
ਉੱਤਰੀ ਭਾਰਤ ਦੇ ਸੂਬਿਆਂ ਵਿੱਚ ਪੱਛਮੀ ਗੜਬੜੀ ਜ਼ੋਰ ਫੜਨ ਲੱਗੀ ਹੈ। ਗੱਲ ਪੰਜਾਬ ਦੀ ਕਰੀਏ ਤਾਂ ਕੱਲ੍ਹ ਯਾਨੀ ਬੁਧਵਾਰ ਸ਼ਾਮ ਨੂੰ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਤਾਪਮਾਨ ਵਿੱਚ ਅਚਾਨਕ ਤਬਦੀਲੀ ਦੇਖਣ ਨੂੰ ਮਿਲੀ, ਜਿਸ ਤੋਂ ਬਾਅਦ ਲੋਕਾਂ ਨੇ ਗਰਮੀ ਤੋਂ ਕੁਝ ਰਾਹਤ ਮਹਿਸੂਸ ਕੀਤੀ। ਫਿਲਹਾਲ, ਅੱਜ ਯਾਨੀ ਵੀਰਵਾਰ ਨੂੰ ਵੀ ਮੌਸਮ ਵਿਭਾਗ ਨੇ ਅਜਿਹਾ ਹੀ ਮੌਸਮ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਵਿੱਚ ਵੀ ਮੀਂਹ ਦਾ ਸਿਲਸਿਲਾ ਜਾਰੀ ਰਿਹਾ, ਇੱਥੇ ਮੀਂਹ ਪੈਣ ਨਾਲ ਲੋਕਾਂ ਨੂੰ ਗਰਮ ਹਵਾਵਾਂ ਤੋਂ ਕੁਝ ਹੱਦ ਤੱਕ ਰਾਹਤ ਮਿਲੀ।
ਮੌਸਮ ਦੀਆਂ ਗਤੀਵਿਧੀਆਂ
ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਦੌਰਾਨ ਉੱਤਰੀ ਤਾਮਿਲਨਾਡੂ, ਕਰਨਾਟਕ, ਕੇਰਲ, ਮੱਧ ਮਹਾਰਾਸ਼ਟਰ, ਕੋਂਕਣ ਅਤੇ ਗੋਆ, ਅੰਡੇਮਾਨ ਅਤੇ ਨਿਕੋਬਾਰ ਟਾਪੂ, ਤੱਟਵਰਤੀ ਆਂਧਰਾ ਪ੍ਰਦੇਸ਼ ਅਤੇ ਅਸਾਮ ਦੇ ਕੁਝ ਹਿੱਸਿਆਂ ਵਿੱਚ ਵੱਖ-ਵੱਖ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਲਕਸ਼ਦੀਪ, ਦੱਖਣੀ ਉੜੀਸਾ, ਤੇਲੰਗਾਨਾ, ਤਾਮਿਲਨਾਡੂ, ਮਰਾਠਵਾੜਾ, ਉੱਤਰ-ਪੂਰਬੀ ਭਾਰਤ, ਜੰਮੂ ਅਤੇ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਲੱਦਾਖ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।
ਉੱਤਰ-ਪੂਰਬੀ ਬਿਹਾਰ, ਦੱਖਣੀ ਛੱਤੀਸਗੜ੍ਹ, ਦੱਖਣੀ ਮੱਧ ਪ੍ਰਦੇਸ਼ ਅਤੇ ਉਪ-ਹਿਮਾਲੀਅਨ ਪੱਛਮੀ ਬੰਗਾਲ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਪੰਜਾਬ, ਹਰਿਆਣਾ, ਉੱਤਰ-ਪੱਛਮੀ ਉੱਤਰ ਪ੍ਰਦੇਸ਼ ਅਤੇ ਉੱਤਰੀ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਗਰਜ, ਧੂੜ ਭਰੀ ਹਨੇਰੀ ਅਤੇ ਛਿੱਟੇ-ਪੁੱਟੇ ਮੀਂਹ ਦੀ ਸੰਭਾਵਨਾ ਹੈ। ਪੂਰਬੀ ਮੱਧ ਪ੍ਰਦੇਸ਼, ਪੰਜਾਬ, ਹਰਿਆਣਾ ਅਤੇ ਉੜੀਸਾ ਦੇ ਅਲੱਗ-ਥਲੱਗ ਖੇਤਰਾਂ ਵਿੱਚ ਹੀਟ ਵੇਵ ਦੇ ਹਾਲਾਤ ਸੰਭਵ ਹਨ।
Summary in English: Weather Today: Strong winds and rain have changed the punjab weather, From this day the temperature will start increasing again, know the Monsoon Report released by IMD