Weather Forecast: ਦੇਸ਼ ਦੇ ਮੌਸਮ ਦਾ ਮਿਜਾਜ਼ ਫਿਲਹਾਲ ਰਲਵਾਂ-ਮਿਲਵਾਂ ਜਿਹਾ ਹੈ। ਜੀ ਹਾਂ, ਉੱਤਰੀ ਭਾਰਤ ਦੇ ਰਾਜਾਂ ਵਿੱਚ ਸਵੇਰ ਅਤੇ ਰਾਤ ਵੇਲੇ ਜਿੱਥੇ ਮੌਸਮ ਠੰਡਾ ਹੋਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਰਹੀ ਹੈ, ਉਥੇ ਹੀ ਦੱਖਣੀ ਭਾਰਤ ਵਿੱਚ ਬਾਰਿਸ਼ ਨੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 4-5 ਦਿਨਾਂ ਤੱਕ ਦੱਖਣੀ ਭਾਰਤ ਵਿੱਚ ਬਾਰਿਸ਼ ਹੋਵੇਗੀ।
ਅੱਜ ਯਾਨੀ ਸ਼ਨੀਵਾਰ ਨੂੰ ਤਾਮਿਲਨਾਡੂ ਅਤੇ ਦੱਖਣੀ ਕਰਨਾਟਕ 'ਚ ਭਾਰੀ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅਗਲੇ ਹਫ਼ਤੇ ਤੱਕ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਜਤਾਈ ਹੈ।
ਦੱਖਣੀ ਭਾਰਤ ਦਾ ਮੌਸਮ
ਮੌਸਮ ਵਿਭਾਗ ਮੁਤਾਬਕ ਤਾਮਿਲਨਾਡੂ, ਪੁਡੂਚੇਰੀ, ਕਰਾਈਕਲ, ਕੇਰਲ, ਮਾਹੇ, ਲਕਸ਼ਦੀਪ ਸਮੇਤ ਕਰਨਾਟਕ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਆਈਐਮਡੀ ਨੇ ਖੇਤਰ ਦੇ ਬਾਕੀ ਖੇਤਰਾਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਮਹੀਨੇ ਦੀ 20, 21 ਅਤੇ 24 ਤਰੀਕ ਨੂੰ ਤਾਮਿਲਨਾਡੂ, ਪੁਡੂਚੇਰੀ ਅਤੇ ਕਰਾਈਕਲ ਵਿੱਚ ਅਲੱਗ-ਥਲੱਗ ਥਾਵਾਂ 'ਤੇ ਭਾਰੀ ਮੀਂਹ ਪੈ ਸਕਦਾ ਹੈ। ਇਸ ਦੇ ਨਾਲ ਹੀ 20 ਅਤੇ 21 ਤਰੀਕ ਨੂੰ ਦੱਖਣੀ ਅੰਦਰੂਨੀ ਕਰਨਾਟਕ ਅਤੇ 24 ਤਰੀਕ ਨੂੰ ਤੱਟਵਰਤੀ ਆਂਧਰਾ ਪ੍ਰਦੇਸ਼ ਅਤੇ ਯਾਨਮ ਦੇ ਕੁਝ ਖੇਤਰਾਂ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਉੱਤਰੀ ਭਾਰਤ ਦਾ ਮੌਸਮ
ਉੱਤਰੀ ਭਾਰਤ ਦੇ ਜ਼ਿਆਦਾਤਰ ਰਾਜਾਂ ਵਿੱਚ ਦਿਨ ਵੇਲੇ ਪਾਰਾ ਉੱਚਾ ਹੋਣ ਕਾਰਨ ਜਿੱਥੇ ਲੋਕ ਗਰਮੀ ਮਹਿਸੂਸ ਕਰ ਰਹੇ ਹਨ, ਉੱਥੇ ਹੀ ਸ਼ਾਮ ਦੇ ਨੇੜੇ ਆਉਣ ਨਾਲ ਥੋੜੀ ਠੰਡ ਦਾ ਆਨੰਦ ਵੀ ਮਾਣ ਰਹੇ ਹਨ। ਜੇਕਰ ਉੱਤਰ ਪ੍ਰਦੇਸ਼ ਦੇ ਮੌਸਮ ਦੀ ਗੱਲ ਕਰੀਏ ਤਾਂ ਕਈ ਜ਼ਿਲ੍ਹਿਆਂ ਵਿੱਚ ਘੱਟੋ-ਘੱਟ ਤਾਪਮਾਨ 20 ਡਿਗਰੀ ਸੈਲਸੀਅਸ ਤੋਂ ਹੇਠਾਂ ਚਲਾ ਗਿਆ ਹੈ, ਜਿਸ ਕਾਰਨ ਕਈ ਜ਼ਿਲ੍ਹਿਆਂ ਵਿੱਚ ਠੰਡ ਮਹਿਸੂਸ ਕੀਤੀ ਜਾ ਰਹੀ ਹੈ। ਹਾਲਾਂਕਿ, ਬਿਹਾਰ 'ਚ ਅਗਲੇ 5 ਦਿਨਾਂ ਤੱਕ ਮੌਸਮ ਖੁਸ਼ਕ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇੱਥੇ ਤਾਪਮਾਨ ਵਿੱਚ ਕਿਸੇ ਤਰ੍ਹਾਂ ਦੇ ਬਦਲਾਅ ਦੀ ਕੋਈ ਸੰਭਾਵਨਾ ਨਹੀਂ ਹੈ।
ਜਦੋਂਕਿ, ਹਰਿਆਣਾ ਵਿੱਚ ਅਗਲੇ ਸੱਤ ਦਿਨਾਂ ਤੱਕ ਮੌਸਮ ਸਾਫ਼ ਰਹੇਗਾ। ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਦੇ ਨਾਲ ਹੀ ਸਵੇਰੇ ਅਤੇ ਰਾਤ ਵੇਲੇ ਠੰਡ ਪਵੇਗੀ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ 3-4 ਦਿਨਾਂ 'ਚ ਦਿਨ ਅਤੇ ਰਾਤ ਦੇ ਤਾਪਮਾਨ 'ਚ ਵੀ ਗਿਰਾਵਟ ਆਵੇਗੀ। ਇਸ ਦੇ ਨਾਲ ਹੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ 'ਚ ਆਉਣ ਵਾਲੇ ਦਿਨਾਂ ਵਿੱਚ ਮੌਸਮ ਸਾਫ਼ ਰਹੇਗਾ ਅਤੇ 27 ਤੋਂ ਬਾਅਦ ਮੌਸਮ ਪੂਰੀ ਤਰ੍ਹਾਂ ਬਦਲ ਜਾਵੇਗਾ।
ਇਹ ਵੀ ਪੜ੍ਹੋ: Weather Today: 27 ਅਕਤੂਬਰ ਤੱਕ ਪੰਜਾਬ ਦਾ ਮੌਸਮ ਸਾਫ, ਇਸ ਦਿਨ ਤੋਂ ਮੀਂਹ ਪੈਣ ਨਾਲ ਵਧੇਗੀ ਹੜ੍ਹ ਭੰਨਵੀਂ ਠੰਡ, ਜਾਣੋ ਅਗਲੇ 7 ਦਿਨਾਂ ਦਾ ਮੌਸਮ
ਪਹਾੜਾਂ ਦਾ ਮੌਸਮ
ਮੌਸਮ ਵਿਭਾਗ ਮੁਤਾਬਕ ਦੀਵਾਲੀ ਤੋਂ ਪਹਿਲਾਂ ਹੀ ਹਿਮਾਚਲ ਪ੍ਰਦੇਸ਼ ਵਿੱਚ ਠੰਡ ਸ਼ੁਰੂ ਹੋ ਜਾਵੇਗੀ। ਵੈਸਟਰਨ ਡਿਸਟਰਬੈਂਸ 3 ਦਿਨਾਂ ਬਾਅਦ ਸਰਗਰਮ ਹੋ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਇਸ ਕਾਰਨ 22 ਅਕਤੂਬਰ ਨੂੰ ਚੰਬਾ, ਕਾਂਗੜਾ, ਕਿਨੌਰ, ਕੁੱਲੂ, ਲਾਹੌਲ ਸਪਿਤੀ, ਮੰਡੀ, ਸ਼ਿਮਲਾ ਅਤੇ ਸਿਰਮੌਰ ਜ਼ਿਲ੍ਹਿਆਂ ਦੇ ਉਚਾਈ ਵਾਲੇ ਇਲਾਕਿਆਂ ਵਿੱਚ ਹਲਕੀ ਬਰਫ਼ਬਾਰੀ ਅਤੇ ਦਰਮਿਆਨੀ ਉਚਾਈ ਵਾਲੇ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਹੈ। ਦੂਜੇ ਪਾਸੇ ਲਾਹੌਲ ਸਪੀਤੀ ਵਿੱਚ ਤਾਬੋ ਦਾ ਘੱਟੋ-ਘੱਟ ਤਾਪਮਾਨ ਮਨਫ਼ੀ 0.9 ਡਿਗਰੀ ਤੱਕ ਹੇਠਾਂ ਚਲਾ ਗਿਆ ਹੈ।
ਸੂਬੇ ਵਿੱਚ ਪਹਿਲੀ ਵਾਰ ਤਾਪਮਾਨ ਮਨਫ਼ੀ ਹੋ ਗਿਆ ਹੈ। ਸੂਬੇ ਵਿੱਚ 23 ਅਕਤੂਬਰ ਨੂੰ ਮੌਸਮ ਸਾਫ਼ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ, ਜਦੋਂਕਿ 24 ਅਕਤੂਬਰ ਨੂੰ ਉੱਚਾਈ ਵਾਲੇ ਇਲਾਕਿਆਂ ਵਿੱਚ ਮੁੜ ਬਰਫ਼ਬਾਰੀ ਅਤੇ ਦਰਮਿਆਨੀ ਉਚਾਈ ਵਾਲੇ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਹੈ।
Summary in English: Weather Today, Temperature Falls, Rainfall Alert, South India Weather, North India Weather major change in weather after Karva Chauth