Weather Forecast: ਮੌਸਮ ਵਿਭਾਗ ਮੁਤਾਬਕ ਅਗਸਤ ਦੇ ਸ਼ੁਰੂ ਵਿੱਚ ਮਾਨਸੂਨ ਦੇ ਰਫ਼ਤਾਰ ਫੜਨ ਦੀ ਸੰਭਾਵਨਾ ਹੈ। ਫਿਲਹਾਲ, ਦੇਸ਼ ਭਰ ਵਿਚ ਮੌਸਮ ਦੇ ਵੱਖ-ਵੱਖ ਰੰਗ ਦੇਖਣ ਨੂੰ ਮਿਲ ਰਹੇ ਹਨ। ਇੱਕ ਪਾਸੇ ਮੀਂਹ ਕਾਰਨ ਹੜ੍ਹ ਦੀ ਸਥਿਤੀ ਬਣੀ ਹੋਈ ਹੈ ਤੇ ਦੂਜੇ ਪਾਸੇ ਮੀਂਹ ਦੀ ਉਡੀਕ ਕੀਤੀ ਜਾ ਰਹੀ ਹੈ। ਹਾਲਾਂਕਿ, ਮੌਸਮ ਵਿਭਾਗ ਨੇ ਅਗਲੇ ਤਿੰਨ ਤੋਂ ਚਾਰ ਦਿਨਾਂ ਦੌਰਾਨ ਬਾਰਿਸ਼ ਵਧਣ ਦੀ ਭਵਿੱਖਬਾਣੀ ਕੀਤੀ ਹੈ ਅਤੇ 22-23 ਜੁਲਾਈ ਨੂੰ ਕੁਝ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਔਰੇਂਜ ਅਲਰਟ ਜਾਰੀ ਕੀਤਾ ਹੈ।
ਮੌਸਮ ਵਿਭਾਗ ਨੇ ਆਪਣੇ ਪੂਰਵ ਅਨੁਮਾਨ ਵਿੱਚ ਕਿਹਾ ਹੈ ਕਿ ਸ਼ਨੀਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਮੈਦਾਨੀ ਜਾਂ ਹੇਠਲੇ ਪਹਾੜੀ ਖੇਤਰਾਂ ਵਿੱਚ ਬਾਰਿਸ਼ ਹੋਵੇਗੀ, ਜਦੋਂਕਿ ਮੱਧ ਅਤੇ ਉੱਚਾਈ ਵਾਲੇ ਪਹਾੜੀ ਖੇਤਰਾਂ ਵਿੱਚ ਅਲੱਗ-ਥਲੱਗ ਥਾਵਾਂ 'ਤੇ ਬਾਰਿਸ਼ ਦਰਜ ਕੀਤੀ ਜਾਵੇਗੀ।
ਦਿੱਲੀ ਦਾ ਮੌਸਮ
ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਦਿਨਾਂ ਤੱਕ ਦਿੱਲੀ ਵਾਸੀਆਂ ਨੂੰ ਨਮੀ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। 21 ਤੋਂ 25 ਜੁਲਾਈ ਦੇ ਵਿਚਕਾਰ ਦਿੱਲੀ ਦੇ ਵੱਖ-ਵੱਖ ਥਾਵਾਂ 'ਤੇ ਹਲਕੀ ਬਾਰਿਸ਼ ਹੋ ਸਕਦੀ ਹੈ। ਹਾਲਾਂਕਿ, ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਆਮ ਤੌਰ 'ਤੇ ਬੱਦਲ ਛਾਏ ਰਹਿਣ ਅਤੇ ਹਲਕੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ। ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਕ੍ਰਮਵਾਰ 36 ਅਤੇ 28 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ।
ਪੰਜਾਬ ਦਾ ਮੌਸਮ
ਪੰਜਾਬ ਵਿੱਚ ਮਾਨਸੂਨ ਦੇ ਬਾਵਜੂਦ ਮੀਂਹ ਨਾ ਪੈਣ ਕਰਕੇ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਪੰਜਾਬ ਦੇ ਬਠਿੰਡਾ ਵਿੱਚ ਤਾਪਮਾਨ ਇੱਕ ਵਾਰ ਫਿਰ 40 ਡਿਗਰੀ ਤੱਕ ਪਹੁੰਚ ਗਿਆ ਹੈ। ਇਸ ਦੇ ਨਾਲ ਹੀ 24 ਘੰਟਿਆਂ ਦੇ ਅੰਦਰ ਪੰਜਾਬ ਦੇ ਤਾਪਮਾਨ ਵਿੱਚ 0.6 ਡਿਗਰੀ ਦਾ ਵਾਧਾ ਹੋਇਆ ਹੈ ਅਤੇ ਔਸਤ ਤਾਪਮਾਨ ਆਮ ਨਾਲੋਂ 3.5 ਡਿਗਰੀ ਵੱਧ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਅੱਜ ਵੀ ਪੰਜਾਬ ਵਿੱਚ ਮੀਂਹ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਹੈ। IMD ਅਨੁਸਾਰ ਪੰਜਾਬ ਦੇ 8 ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਐਸਏਐਸ ਨਗਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਜਦੋਂਕਿ ਦੂਜੇ ਰਾਜਾਂ ਵਿੱਚ ਮੀਂਹ ਦੀ ਸੰਭਾਵਨਾ 25% ਤੋਂ ਘੱਟ ਹੈ।
ਪੰਜਾਬ ਵਿੱਚ ਮਾਨਸੂਨ ਦੀ ਰਫ਼ਤਾਰ ਮੱਠੀ ਰਹਿਣ ਦਾ ਕਾਰਨ ਬੰਗਾਲ ਦੀ ਖਾੜੀ ਵਿੱਚ ਦਬਾਅ ਦਾ ਕਮਜ਼ੋਰ ਹੋਣਾ ਅਤੇ ਪੱਛਮੀ ਗੜਬੜੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਜੇਕਰ ਬੰਗਾਲ ਦੀ ਖਾੜੀ ਦਾ ਪ੍ਰਭਾਵ ਘੱਟ ਜਾਂਦਾ ਹੈ ਤਾਂ ਪੰਜਾਬ ਵਿੱਚ 21 ਜੁਲਾਈ ਤੋਂ ਮੀਂਹ ਪੈ ਸਕਦਾ ਹੈ। ਇਸ ਤੋਂ ਬਾਅਦ ਪੰਜਾਬ 'ਚ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਅਤੇ ਝੋਨੇ ਦੀ ਕਾਸ਼ਤ ਵੀ ਚੰਗੀ ਹੋਵੇਗੀ।
ਇਹ ਵੀ ਪੜ੍ਹੋ: Weather Today: ਪੰਜਾਬ ਦਾ ਮੌਸਮ ਰਲਵਾਂ ਮਿਲਵਾਂ, ਕਿਤੇ ਤੇਜ਼ ਧੁੱਪ - ਕਿਤੇ ਬੱਦਲਵਾਈ, 21-22 ਜੁਲਾਈ ਨੂੰ ਭਾਰੀ ਮੀਂਹ ਪੈਣ ਦੇ ਆਸਾਰ
ਮੌਸਮ ਦੀ ਗਤੀਵਿਧੀ
ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਦੌਰਾਨ ਕੋਂਕਣ ਅਤੇ ਗੋਆ, ਉੱਤਰੀ ਤੱਟਵਰਤੀ ਆਂਧਰਾ ਪ੍ਰਦੇਸ਼, ਉੱਤਰੀ ਤੇਲੰਗਾਨਾ ਅਤੇ ਦੱਖਣੀ ਛੱਤੀਸਗੜ੍ਹ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋ ਸਕਦੀ ਹੈ। ਜਦੋਂਕਿ, ਦੱਖਣੀ ਓਡੀਸ਼ਾ, ਵਿਦਰਭ, ਮਰਾਠਵਾੜਾ, ਦੱਖਣੀ ਮੱਧ ਪ੍ਰਦੇਸ਼, ਗੁਜਰਾਤ, ਤੱਟਵਰਤੀ ਕਰਨਾਟਕ, ਉੱਤਰੀ ਕੇਰਲ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ 'ਤੇ ਵੱਖ-ਵੱਖ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।
ਇਸ ਦੇ ਨਾਲ ਹੀ ਸਿੱਕਮ, ਉੱਤਰ-ਪੂਰਬੀ ਭਾਰਤ, ਅੰਦਰੂਨੀ ਕਰਨਾਟਕ, ਲਕਸ਼ਦੀਪ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਝਾਰਖੰਡ, ਬਿਹਾਰ, ਪੱਛਮੀ ਬੰਗਾਲ, ਲੱਦਾਖ, ਜੰਮੂ-ਕਸ਼ਮੀਰ, ਰਾਇਲਸੀਮਾ, ਤਾਮਿਲਨਾਡੂ, ਪੰਜਾਬ ਅਤੇ ਹਰਿਆਣਾ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ।
Summary in English: Weather Today: Temperature in Punjab exceeds 40 degrees, Monsoon Active from July 21, these districts of Punjab are on alert