Weather Forecast: ਦਿੱਲੀ-ਐਨਸੀਆਰ ਸਮੇਤ ਉੱਤਰੀ ਅਤੇ ਦੱਖਣ ਪੂਰਬੀ ਭਾਰਤ ਤੋਂ ਮਾਨਸੂਨ ਖਤਮ ਹੋ ਗਿਆ ਹੈ ਅਤੇ ਹੁਣ ਠੰਡ ਹੌਲੀ-ਹੌਲੀ ਪੈ ਰਹੀ ਹੈ, ਜਿਸ ਕਾਰਨ ਲੋਕ ਸਵੇਰ ਅਤੇ ਸ਼ਾਮ ਨੂੰ ਥੋੜੀ ਠੰਡ ਮਹਿਸੂਸ ਕਰ ਰਹੇ ਹਨ। ਮੌਸਮ ਵਿਭਾਗ ਨੇ ਕਿਹਾ ਹੈ ਕਿ ਦਿੱਲੀ ਵਿੱਚ ਠੰਡ ਦੇ ਆਉਣ ਦੇ ਸੰਕੇਤ ਘੱਟੋ-ਘੱਟ ਤਾਪਮਾਨ 17 ਡਿਗਰੀ ਤੱਕ ਪਹੁੰਚਣ ਦੇ ਨਾਲ ਦੇਖੇ ਜਾ ਰਹੇ ਹਨ।
ਹਾਲਾਂਕਿ, ਕਈ ਰਾਜਾਂ ਵਿੱਚ ਅਜੇ ਵੀ ਭਾਰੀ ਮੀਂਹ ਦੀ ਸੰਭਾਵਨਾ ਹੈ, ਜਿਸ ਨੂੰ ਲੈ ਕੇ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਉੱਤਰ-ਪੂਰਬੀ ਮਾਨਸੂਨ ਨੇ ਬਾਰਿਸ਼ ਦੇ ਜ਼ਰੀਏ ਪ੍ਰਾਇਦੀਪ ਭਾਰਤ ਵਿੱਚ ਮੁਸ਼ਕਲਾਂ ਪੈਦਾ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਕਾਰਨ ਮੰਗਲਵਾਰ ਨੂੰ ਤੱਟੀ ਖੇਤਰਾਂ ਯਾਨੀ ਤਾਮਿਲਨਾਡੂ, ਆਂਧਰਾ ਪ੍ਰਦੇਸ਼ ਅਤੇ ਪੁਡੂਚੇਰੀ 'ਚ ਬਾਰਿਸ਼ ਦੇਖਣ ਨੂੰ ਮਿਲੀ।
ਮੌਸਮ ਵਿਭਾਗ ਵੱਲੋਂ ਰੈੱਡ ਅਲਰਟ
ਮੌਸਮ ਵਿਭਾਗ ਮੁਤਾਬਕ ਸਮੁੰਦਰ ਵਿੱਚ ਚੱਲ ਰਹੀ ਗੜਬੜੀ ਕਾਰਨ ਦੇਸ਼ ਦੇ ਤੱਟਵਰਤੀ ਰਾਜਾਂ ਆਂਧਰਾ ਪ੍ਰਦੇਸ਼, ਤਾਮਿਲਨਾਡੂ, ਕੇਰਲ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਇਸ ਤੋਂ ਇਲਾਵਾ ਅੰਦਰੂਨੀ ਕਰਨਾਟਕ ਅਤੇ ਦੱਖਣੀ ਤੇਲੰਗਾਨਾ ਵਿੱਚ ਵੀ ਅੱਜ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਭਾਗ ਨੇ ਇਨ੍ਹਾਂ ਸਾਰਿਆਂ ਲਈ ਰੈੱਡ ਅਲਰਟ ਵੀ ਜਾਰੀ ਕੀਤਾ ਹੈ। ਆਈਐਮਡੀ ਨੇ ਕਿਹਾ ਕਿ ਬੰਗਾਲ ਦੀ ਖਾੜੀ ਵਿੱਚ ਦਬਾਅ ਬਣਿਆ ਹੋਇਆ ਹੈ, ਅਤੇ ਤੱਟਵਰਤੀ ਖੇਤਰਾਂ ਵੱਲ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ। ਇਹ ਅੱਜ ਤੱਟ ਨਾਲ ਟਕਰਾ ਸਕਦਾ ਹੈ, ਜਿਸ ਕਾਰਨ ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਦੇ ਤੱਟ 'ਤੇ ਤੇਜ਼ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਤੱਕ ਮੀਂਹ ਦਾ ਅਲਰਟ ਜਾਰੀ ਕੀਤਾ ਹੈ।
15 ਤੋਂ 18 ਅਕਤੂਬਰ ਤੱਕ ਭਾਰੀ ਮੀਂਹ
ਮੌਸਮ ਵਿਭਾਗ ਨੇ ਕਿਹਾ ਹੈ ਕਿ ਆਉਣ ਵਾਲੇ ਦੋ-ਤਿੰਨ ਦਿਨਾਂ ਵਿੱਚ ਦੱਖਣੀ ਭਾਰਤ ਦੇ ਕਈ ਰਾਜਾਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਅੱਜ ਤੋਂ ਅਗਲੇ 48 ਘੰਟਿਆਂ ਤੱਕ ਤਾਮਿਲਨਾਡੂ, ਪੁਡੂਚੇਰੀ, ਕੇਰਲ, ਲਕਸ਼ਦੀਪ, ਕਰਨਾਟਕ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਇਸ ਦੌਰਾਨ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ 'ਚ ਵੀ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ। ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼, ਛੱਤੀਸਗੜ੍ਹ ਵਿੱਚ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।
ਇਹ ਵੀ ਪੜ੍ਹੋ: Weather Today: ਗੁਲਾਬੀ ਠੰਡ ਨੇ ਦਿੱਤੀ ਦਸਤਕ, ਪੰਜਾਬ 'ਚ 25 ਅਕਤੂਬਰ ਤੋਂ ਬਾਅਦ ਵਧੇਗੀ ਠੰਡ, ਜਾਣੋ ਮੌਸਮ ਸਬੰਧੀ Latest Update
ਦਿੱਲੀ-ਐਨਸੀਆਰ ਦਾ ਮੌਸਮ
ਦਿੱਲੀ 'ਚ ਅਕਤੂਬਰ ਮਹੀਨੇ ਦੌਰਾਨ ਇਹ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ, ਜਦੋਂ ਦਿਨ ਦਾ ਤਾਪਮਾਨ ਨਹੀਂ ਡਿੱਗ ਰਿਹਾ ਹੈ। ਦਿਨ ਦਾ ਤਾਪਮਾਨ ਅਜੇ ਵੀ 30 ਤੋਂ 34 ਡਿਗਰੀ ਸੈਲਸੀਅਸ 'ਤੇ ਬਰਕਰਾਰ ਹੈ, ਜਿਸ ਕਾਰਨ ਲੋਕਾਂ ਨੂੰ ਦਿਨ ਵੇਲੇ ਵੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਪਹਿਰ ਵੇਲੇ ਕੜਕਦੀ ਧੁੱਪ ਚਮਕ ਰਹੀ ਹੈ, ਜਦੋਂਕਿ ਰਾਤ ਦਾ ਤਾਪਮਾਨ 17 ਤੋਂ 18 ਡਿਗਰੀ ਸੈਲਸੀਅਸ ਤੱਕ ਪਹੁੰਚ ਰਿਹਾ ਹੈ। ਅਜਿਹੇ 'ਚ ਰਾਤ ਵੇਲੇ ਲੋਕ ਕੰਬਣੀ ਮਹਿਸੂਸ ਕਰ ਰਹੇ ਹਨ। ਆਈਐਮਡੀ ਵੀ ਮੌਸਮ ਵਿੱਚ ਇਸ ਵੱਡੇ ਬਦਲਾਅ ਨੂੰ ਲੈ ਕੇ ਕਾਫੀ ਚਿੰਤਤ ਹੈ।
ਪੰਜਾਬ ਦਾ ਮੌਸਮ
ਪੰਜਾਬ ਅਤੇ ਚੰਡੀਗੜ੍ਹ ਵਿੱਚ ਰਾਤਾਂ ਠੰਡੀਆਂ ਪੈਣ ਲੱਗ ਪਈਆਂ ਹਨ। ਘੱਟੋ-ਘੱਟ ਤਾਪਮਾਨ ਡਿੱਗਣਾ ਸ਼ੁਰੂ ਹੋ ਗਿਆ ਹੈ। ਸਾਰੇ ਜ਼ਿਲ੍ਹਿਆਂ ਵਿੱਚ ਘੱਟੋ-ਘੱਟ ਤਾਪਮਾਨ 16.9 ਡਿਗਰੀ ਤੋਂ 19 ਡਿਗਰੀ ਦੇ ਵਿਚਕਾਰ ਚੱਲ ਰਿਹਾ ਹੈ। ਇਸ ਦੇ ਨਾਲ ਹੀ ਵੱਧ ਤੋਂ ਵੱਧ ਤਾਪਮਾਨ ਵੀ ਆਮ ਵਾਂਗ ਹੋ ਗਿਆ ਹੈ। ਮੌਸਮ ਵਿਗਿਆਨੀਆਂ ਅਨੁਸਾਰ 27 ਅਕਤੂਬਰ ਤੱਕ ਮੌਸਮ ਸਾਫ਼ ਰਹੇਗਾ। 30 ਤੋਂ ਬਾਅਦ ਮੌਸਮ ਬਦਲ ਜਾਵੇਗਾ। ਇਸ ਦੌਰਾਨ ਕੁਝ ਥਾਵਾਂ 'ਤੇ ਤੂਫਾਨ ਅਤੇ ਹਲਕੀ ਬਾਰਿਸ਼ ਵੀ ਹੋ ਸਕਦੀ ਹੈ।
Summary in English: Weather Today: Weather Change, temperature of Delhi-NCR, including Punjab-Haryana, recorded a continuous fall