1. Home
  2. ਖੇਤੀ ਬਾੜੀ

ਪੀ.ਏ.ਯੂ. ਟਰੈਕਟਰ ਚਲਿਤ ਝੋਨੇ ਦੀ Mat-Type Nursery Seeder Machine ਦੇ ਫਾਇਦੇ, ਧਿਆਨ ਰੱਖਣਯੋਗ ਨੁਕਤੇ ਅਤੇ ਕਿਸਾਨਾਂ ਦੀ Success Story

ਕਿਸਾਨਾਂ ਦਾ ਰੁਝਾਨ ਹੁਣ ਝੋਨੇ ਦੀ ਮਸ਼ੀਨੀ ਲੁਆਈ ਵੱਲ ਵੱਧਿਆ ਹੈ, ਜਿਸ ਨਾਲ ਲੇਬਰ ਦੀ ਬੱਚਤ ਅਤੇ ਝੋਨੇ ਦੀ ਲੁਆਈ ਸਮੇਂ ਸਿਰ ਹੁੰਦੀ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਨੇ ਝੋਨੇ ਦੀ ਮਸ਼ੀਨੀ ਲੁਆਈ ਲਈ ਮਸ਼ੀਨਾਂ ਦੀ ਸਿਫਾਰਿਸ਼ ਕੀਤੀ ਹੈ।

Gurpreet Kaur Virk
Gurpreet Kaur Virk
ਪੀ.ਏ.ਯੂ. ਟਰੈਕਟਰ ਚਲਿਤ ਝੋਨੇ ਦੀ ਮੈਟ ਟਾਇਪ ਨਰਸਰੀ ਸੀਡਰ

ਪੀ.ਏ.ਯੂ. ਟਰੈਕਟਰ ਚਲਿਤ ਝੋਨੇ ਦੀ ਮੈਟ ਟਾਇਪ ਨਰਸਰੀ ਸੀਡਰ

Paddy Sowing: ਖੇਤਾਂ ਨੂੰ ਕੱਦੂ ਕਰਨ ਤੋਂ ਬਾਅਦ ਝੋਨੇ ਦੀ ਪਨੀਰੀ ਨੂੰ ਹੱਥ ਨਾਲ ਲਾ ਕੇ ਜ਼ਿਆਦਾਤਰ ਕਿਸਾਨਾਂ ਵੱਲੋਂ ਝੋਨੇ ਦੀ ਕਾਸ਼ਤ ਕੀਤੀ ਜਾਂਦੀ ਹੈ ਅਤੇ ਇਸ ਵਿਧੀ ਨਾਲ ਝੋਨੇ ਦੀ ਲੁਆਈ ਦੌਰਾਨ ਲੇਬਰ ਦੀ ਬਹੁਤ ਜ਼ਿਆਦਾ ਵਰਤੋਂ ਹੁੰਦੀ ਹੈ। ਕਈ ਵਾਰ ਸਮੇਂ ਸਿਰ ਲੇਬਰ ਨਾ ਮਿਲਣ ਕਰਕੇ ਝੋਨੇ ਦੀ ਲੁਆਈ ਲੇਟ ਹੋ ਜਾਂਦੀ ਹੈ ਤੇ ਲੇਬਰ ਵੀ ਮਨਚਾਹੇ ਪੈਸੇ ਲੈਂਦੀ ਹੈ, ਜਿਸ ਨਾਲ ਝੋਨੇ ਦੀ ਲੁਆਈ ਦੀ ਲਾਗਤ ਵਿੱਚ ਵਾਧਾ ਹੋ ਜਾਂਦਾ ਹੈ।

ਇਨ੍ਹਾਂ ਕਾਰਨਾਂ ਕਰਕੇ ਕਿਸਾਨਾਂ ਦਾ ਰੁਝਾਨ ਝੋਨੇ ਦੀ ਮਸ਼ੀਨੀ ਲੁਆਈ ਵੱਲ ਵੱਧਿਆ ਹੈ, ਜਿਸ ਨਾਲ ਲੇਬਰ ਦੀ ਬੱਚਤ ਅਤੇ ਝੋਨੇ ਦੀ ਲੁਆਈ ਸਮੇਂ ਸਿਰ ਹੁੰਦੀ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਨੇ ਝੋਨੇ ਦੀ ਮਸ਼ੀਨੀ ਲੁਆਈ ਲਈ ਮਸ਼ੀਨਾਂ ਦੀ ਸਿਫਾਰਿਸ਼ ਕੀਤੀ ਹੈ।

ਪਿੰਡ ਕੋਟ ਫਤੂਹੀ ਵਿਖੇ ਖੇਤਾਂ ਵਿੱਚ ਪੀ.ਏ.ਯੂ. ਮੈਟ ਟਾਇਪ ਨਰਸਰੀ ਸੀਡਰ ਨਾਲ ਮੈਟ ਤਿਆਰ ਕਰਦੇ ਹੋਏ

ਪਿੰਡ ਕੋਟ ਫਤੂਹੀ ਵਿਖੇ ਖੇਤਾਂ ਵਿੱਚ ਪੀ.ਏ.ਯੂ. ਮੈਟ ਟਾਇਪ ਨਰਸਰੀ ਸੀਡਰ ਨਾਲ ਮੈਟ ਤਿਆਰ ਕਰਦੇ ਹੋਏ

ਝੋਨੇ ਦੀ ਮਸ਼ੀਨੀ ਲੁਆਈ ਲਈ ਮੈਟ ਟਾਇਪ ਪਨੀਰੀ ਦੀ ਲੋੜ੍ਹ ਹੁੰਦੀ ਹੈ। ਝੋਨੇ ਦੀ ਮਸ਼ੀਨੀ ਲੁਆਈ ਦੀ ਕਾਰਜਕੁਸ਼ਲਤਾ, ਝੋਨੇ ਦੀ ਮੈਟ ਟਾਇਪ ਪਨੀਰੀ ਤੇ ਬਹੁਤ ਨਿਰਭਰ ਕਰਦੀ ਹੈ ਅਤੇ ਮੈਟਾਂ ਵਿੱਚ ਪੁੰਗਰਿਆ ਹੋਇਆ ਬੀਜ ਇਕਸਾਰ ਖਿਲਰਿਆ ਹੋਣਾ ਚਾਹੀਦਾ ਹੈ।ਰਵਾਇਤੀ ਤਰੀਕੇ ਨਾਲ 2 ਕਾਮੇ ਪ੍ਰਤੀ ਦਿਨ ਵਿੱਚ 5 ਏਕੜ ਰਕਬੇ ਦੀ ਮਸ਼ੀਨੀ ਲੁਆਈ ਲਈ ਮੈਟ ਤਿਆਰ ਕਰ ਸਕਦੇ ਹਨ।2.5 ਏਕੜ ਰਕਬੇ ਦੀ ਮਸ਼ੀਨੀ ਲੁਆਈ ਲਈ ਲੱਗਭਗ 50 ਵਰਗ ਮੀਟਰ ਨਰਸਰੀ ਖੇਤਰ ਦੀ ਲੋੜ ਹੁੰਦੀ ਹੈ।ਲੇਬਰ ਦੁਆਰਾ ਮੈਟ ਟਾਇਪ ਪਨੀਰੀ ਤਿਆਰ ਕਰਨ ਲਈ ਬਹੁਤ ਸਾਰੇ ਕੰਮ (ਪਨੀਰੀ ਵਾਲਾ ਖੇਤ ਤਿਆਰ ਹੋਣ ਉਪਰੰਤ ਪਲਾਸਟਿਕ ਦੀ ਸ਼ੀਟ ਨੂੰ ਵਿਛਾਉਣਾ, ਵਿਛਾਈ ਹੋਈ ਸ਼ੀਟ ਉੱਪਰ ਫਰੇਮਾਂ ਨੂੰ ਰੱਖਣਾ, ਫਰੇਮ ਦੇ ਦੋਨੋਂ ਪਾਸਿਆਂ ਤੋਂ ਇਕਸਾਰ ਮਿੱਟੀ ਚੁੱਕ ਕੇ ਫਰੇਮ ਵਿੱਚ ਪਾ ਕੇ ਪੱਧਰਾ ਕਰਨਾ, ਹਰੇਕ ਖਾਨੇ ਵਿੱਚ 50-60 ਗ੍ਰਾਮ ਪੁੰਗਰਿਆ ਝੋਨੇ ਦਾ ਬੀਜ ਨੂੰ ਰੋਲਰ ਦੀ ਸਹਾਇਤਾ ਨਾਲ ਖਿਲਾਰਨਾ ਤਾਂ ਜੋ 2 ਜਾਂ 3 ਦਾਣੇ ਪ੍ਰਤੀ ਸੈਂਟੀਮੀਟਰ ਖੇਤਰਫਲ ਵਿੱਚ ਆਉਣ, ਬੀਜ ਨੂੰ ਮਿੱਟੀ ਦੀ ਬਰੀਕ ਪਰਤ ਨਾਲ ਢੱਕਣ ਉਪਰੰਤ ਹੱਥ ਵਾਲੇ ਫੁਆਰੇ ਨਾਲ ਪਾਣੀ ਦਾ ਛਿੜਕਾਅ ਕਰਨਾ ਤਾਂ ਜੋ ਮਿੱਟੀ ਜੰਮ ਜਾਵੇ, ਫਰੇਮਾਂ ਨੂੰ ਹੌਲੀ ਚੁੱਕਣਾ ਅਤੇ ਅੱਗੇ ਵਿਛਾਈ ਹੋਈ ਪਲਾਸਟਿਕ ਸ਼ੀਟ 'ਤੇ ਰੱਖਣਾ) ਵਿੱਚ ਬਹੁਤ ਜਿਆਦਾ ਸਮਾਂ ਲੱਗਦਾ ਹੈ ਅਤੇ ਕਾਮੇ ਨੂੰ ਵੀ ਬਹੁਤ ਸ਼ਰੀਰਕ ਥਕਾਵਟ ਮਹਿਸੂਸ ਹੁੰਦੀ ਹੈ। ਇਹਨਾਂ ਕਾਰਨਾਂ ਕਰਕੇ ਕਿਸਾਨ ਵੀਰ ਇਸ ਤਰੀਕੇ ਨੂੰ ਘੱਟ ਪਸੰਦ ਕਰਦੇ ਹਨ।

ਟਰੈਕਟਰ ਚਲਿਤ ਪੀ.ਏ.ਯੂ. ਮੈਟ ਟਾਇਪ ਨਰਸਰੀ ਸੀਡਰ ਨਾਲ ਤਿਆਰ ਮੈਟ

ਟਰੈਕਟਰ ਚਲਿਤ ਪੀ.ਏ.ਯੂ. ਮੈਟ ਟਾਇਪ ਨਰਸਰੀ ਸੀਡਰ ਨਾਲ ਤਿਆਰ ਮੈਟ

ਝੋਨੇ ਦੀ ਮੈਟ ਟਾਇਪ ਪਨੀਰੀ ਦੀ ਬਿਜਾਈ ਨੂੰ ਆਸਾਨ ਅਤੇ ਤੇਜ਼ੀ ਨਾਲ ਕਰਨ ਲਈ, ਸਾਲ 2021 ਦੌਰਾਨ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਨੇ ਮੈਟ ਟਾਇਪ ਪਨੀਰੀ ਦੀ ਮਸ਼ੀਨੀ ਬਿਜਾਈ ਲਈ ਟਰੈਕਟਰ ਨਾਲ ਚੱਲਣ ਵਾਲੀ ਮੈਟ ਟਾਇਪ ਨਰਸਰੀ ਸੀਡਰ ਮਸ਼ੀਨ ਵਿਕਸਿਤ ਕੀਤੀ।ਇਸ ਮਸ਼ੀਨ ਨਾਲ ਆਸਾਨੀ ਨਾਲ ਮੈਟ ਤਿਆਰ ਕੀਤੇ ਜਾ ਸਕਦੇ ਹਨ।ਇਸ ਮਸ਼ੀਨ ਵਿੱਚ ਦੋਨੋਂ ਪਾਸੇ ਤੋਂ ਮਿੱਟੀ ਕੱਟਣ ਵਾਲਾ ਬਲੇਡ ਲੱਗਾ ਹੁੰਦਾ ਹੈ ਅਤੇ ਨਾਲ ਹੀ ਡੂੰਘਾਈ ਕੰਟਰੋਲ ਕੀਤੀ ਜਾਂਦੀ ਹੈ, ਜਿਸ ਨਾਲ ਤਿਆਰ ਕਰਨ ਵੇਲੇ ਮਿੱਟੀ ਦੀ ਕਟਾਈ ਦੀ ਮਾਤਰਾ ਨੂੰ ਨਿਰਧਾਰਿਤ ਕੀਤਾ ਜਾਂਦਾ ਹੈ।ਮਿੱਟੀ ਨੂੰ ਕਨਵੇਆਰ ਅਤੇ ਔਗਰ ਰਾਹੀਂ ਛਾਨਣੀ ਵਾਲੀ ਇਕਾਈ ਵਿੱਚ ਭੇਜਿਆਂ ਜਾਂਦਾ ਹੈ, ਜਿੱਥੇ ਮਿੱਟੀ ਦੇ ਛੋਟੇ ਡਲੇ ਜਾਂ ਹੋਰ ਰੋੜੇ, ਮਿੱਟੀ ਤੋਂ ਵੱਖ ਹੋ ਜਾਂਦੇ ਹਨ ਅਤੇ ਸਾਫ਼ ਮਿੱਟੀ ਹੌਪਰ ਵਿੱਚ ਜਾਂਦੀ ਹੈ।

ਇਕ ਪੋਲੀਥੀਨ ਸ਼ੀਟ ਰੋਲ ਹੌਪਰ ਦੇ ਸਾਹਮਣੇ ਲਗਾਈ ਗਈ ਰਾਡ ਵਿੱਚ ਪਾਇਆ ਜਾਂਦਾ ਹੈ ਤਾਂ ਜੋ 1.0 ਮੀਟਰ ਚੌੜੇ ਮਿੱਟੀ ਦੇ ਬੈੱਡ ਉੱਤੇ ਪੋਲੀਥੀਨ ਸ਼ੀਟ (50-60 ਗੇਜ਼) ਨੂੰ ਵਿਛਾਇਆ ਜਾ ਸਕੇ ਤੇ ਉਸ ਉੱਤੇ ਮਿੱਟੀ ਡਿੱਗਦੀ ਹੋ ਜਾਵੇ।ਛਾਨਣੀ ਵਾਲੇ ਯੂਨਿਟ ਦੇ ਪਿੱਛੇ ਬੀਜ ਬਕਸਾ ਲੱਗਾ ਹੁੰਦਾ ਹੈ, ਇਸ ਤੋਂ ਮਿਣਤੀ ਕੀਤਾ ਝੋਨੇ ਦਾ ਬੀਜ ਮੈਟ ਉੱਤੇ ਗਿਰਦਾ ਹੈ, ਜਿਸ ਤੋਂ ਬਾਅਦ ਇਸ ਝੋਨੇ ਦੇ ਬੀਜ ਨੂੰ ਢੱਕਣ ਲਈ ਮਸ਼ੀਨ ਦੁਆਰਾ ਹਲਕੀ ਮਿੱਟੀ ਦੀ ਪਰਤ ਵੀ ਪਾਈ ਜਾਂਦੀ ਹੈ।ਇਹ ਮਸ਼ੀਨ ਆਸਾਨੀ ਨਾਲ 40 ਹਾਰਸ ਪਾਵਰ ਜਾਂ ਇਸ ਤੋਂ ਵੱਧ ਹਾਰਸ ਪਾਵਰ ਦੇ ਟਰੈਕਟਰ ਨਾਲ ਚਲਾਈ ਜਾ ਸਕਦੀ ਹੈ।ਇਹ ਮਸ਼ੀਨ ਇੱਕ ਦਿਨ ਵਿੱਚ 150 ਏਕੜ ਦੀ ਪਨੀਰੀ ਲਈ ਮੈਟ ਤਿਆਰ ਕਰ ਦਿੰਦੀ ਹੈੈ।ਇਸ ਮਸ਼ੀਨ ਔਸਤਨ 4.65 ਲੀਟਰ/ਘੰਟਾ ਡੀਜਲ ਦੀ ਖਪਤ ਕਰਦੀ ਹੈ। ਇਸ ਮਸ਼ੀਨ ਦੁਆਰਾ ਮੈਟ ਦੀ ਮੋਟਾਈ 24-27 ਮਿਲੀਮੀਟਰ ਤੱਕ ਹੁੰਦੀ ਹੈ।

ਸਾਰਣੀ ਨੰਬਰ 1: ਝੋਨੇ ਦੀ ਮੈਟ ਟਾਇਪ ਪਨੀਰੀ ਤਿਆਰ ਕਰਨ ਸਬੰਧੀ ਵੱਖ-ਵੱਖ ਤਰੀਕਿਆਂ ਦਾ ਮੁੱਲਾਂਕਣ

ਵੇਰਵਾ

ਯੂਨਿਟ

ਪੀ.ਏ.ਯੂ. ਮੈਟ ਟਾਇਪ ਨਰਸਰੀ ਸੀਡਰ ਮਸ਼ੀਨ ਦੁਆਰਾ ਮੈਟ ਤਿਆਰ ਕਰਨਾ

ਲੇਬਰ ਦੁਆਰਾ ਮੈਟ ਤਿਆਰ ਕਰਨਾ

ਫਾਇਦਾ

 

ਕਾਰਜ ਦੀ ਲਾਗਤ

ਰੁਪਏ/ਦਿਨ

9,000–9,500

700–750 (ਦੋ ਕਾਮੇ)

-

ਝੋਨੇ ਦੀ ਮਸ਼ੀਨੀ ਲੁਆਈ ਮੈਟ ਦੀ ਪਨੀਰੀ ਤਿਆਰ ਕਰਨ ਦਾ ਰਕਬਾ

ਏਕੜ/ਦਿਨ

150

5

30 ਗੁਣਾ ਵਧੇਰੇ ਝੋਨੇ ਦੀ ਮੈਟ ਟਾਇਪ ਪਨੀਰੀ ਤਿਆਰ ਕਰਨ ਦੀ ਕਾਰਜਕੁਸ਼ਲਤਾ

ਸੰਚਾਲਨ ਲਾਗਤ ਪ੍ਰਤੀ ਏਕੜ   

ਰੁਪਏ/ਏਕੜ

275–312.5

875

ਸੰਚਾਲਨ ਲਾਗਤ ਵਿੱਚ ਮਹੱਤਵਪੂਰਨ ਕਮੀ

ਲ਼ੇਬਰ ਦੀ ਜ਼ਰੂਰਤ

ਮਨੁੱਖੀ ਘੰਟੇ/ਏਕੜ

0.2

3.75

ਮਜ਼ਦੂਰੀ ਵਿੱਚ ਮਹੱਤਵਪੂਰਨ ਬੱਚਤ

ਲਾਗਤ ਵਿੱਚ ਬੱਚਤ

%

64–68%

ਘੱਟ ਖਰਚੇ

ਮਜ਼ਦੂਰੀ ਵਿੱਚ ਬੱਚਤ

%

93-94.4%

ਘੱਟ ਮਜ਼ਦੂਰੀ ਅਤੇ ਮਨੁੱਖੀ ਸਰੀਰ ਵਿੱਚ ਬਹੁਤ ਜਿਆਦਾ ਘੱਟ ਥਕਾਵਟ ਮਹਿਸੂਸ ਹੋਣਾ

ਇਹ ਵੀ ਪੜ੍ਹੋ: ਅਗਲੇ ਸਾਲ ਲਈ ਵਧੀਆ ਕੁਆਲਿਟੀ ਵਾਲਾ ਕਣਕ ਦਾ ਬੀਜ ਪੈਦਾ ਕਰਨ ਲਈ ਕਿਸਾਨ ਵੀਰ ਇਹ 6 ਸਾਵਧਾਨੀਆਂ ਵਰਤਣ

ਝੋਨੇ ਦੀ ਮੈਟ ਟਾਇਪ ਨਰਸਰੀ ਸੀਡਰ ਨਾਲ ਤਿਆਰ ਮੈਟਾਂ ਦੀ ਇੱਕ ਝੱਲਕ

ਝੋਨੇ ਦੀ ਮੈਟ ਟਾਇਪ ਨਰਸਰੀ ਸੀਡਰ ਨਾਲ ਤਿਆਰ ਮੈਟਾਂ ਦੀ ਇੱਕ ਝੱਲਕ

ਪੀ.ਏ.ਯੂ. ਮੈਟ ਟਾਇਪ ਨਰਸਰੀ ਸੀਡਰ ਮਸ਼ੀਨ ਦੀ ਵਰਤੋਂ ਦੇ ਫਾਇਦੇ:

• ਰਵਾਇਤੀ ਢੰਗ ਨਾਲ ਮੈਟ ਵਾਲੀ ਪਨੀਰੀ ਦੇ ਬਿਜਾਈ ਦੇ ਮੁਕਾਬਲੇ ਲਾਗਤ ਵਿੱਚ 64-68% ਅਤੇ ਮਜ਼ਦੂਰੀ ਵਿੱਚ 93-94.4% ਦੀ ਬੱਚਤ ਹੁੰਦੀ ਹੈ।

• ਪੀ.ਏ.ਯੂ. ਮੈਟ ਟਾਇਪ ਨਰਸਰੀ ਸੀਡਰ ਮਸ਼ੀਨ ਨਾਲ ਮੈਟ ਦੀ ਬਿਜਾਈ ਪ੍ਰਕਿਰਿਆ ਤੇਜ਼ ਅਤੇ ਨਿਰਵਿਘਨ ਹੁੰਦੀ ਹੈ, ਜਦੋਂ ਕਿ ਮੈਟ ਵਾਲੀ ਪਨੀਰੀ ਦੀ ਹੱਥੀਂ ਬਿਜਾਈ, ਹੌਲੀ ਅਤੇ ਜਿਆਦਾ ਸਰੀਰਕ ਥਕਾਵਟ ਵਾਲੀ ਹੁੰਦੀ ਹੈ।

• ਪੀ.ਏ.ਯੂ. ਮੈਟ ਟਾਇਪ ਨਰਸਰੀ ਸੀਡਰ ਮਸ਼ੀਨ ਬੈਡ ਤਿਆਰ ਕਰਨ ਦੇ ਨਾਲ, ਪੋਲੀਥੀਨ ਸ਼ੀਟ ਵਿਛਾਉਂਦੀ ਹੋਈ ਤੇ ਨਾਲ ਹੀ ਮਿੱਟੀ ਪਾਉਂਦੀ ਜਾਂਦੀ ਹੈ, ਉਸ ਉੱਪਰ ਬੀਜ ਵੀ ਕੇਰ ਕੇ ਨਾਲ ਦੀ ਨਾਲ ਹੱਲਕੀ ਮਿੱਟੀ ਦੀ ਪਰਤ ਵੀ ਵਿਛਾਉਂਦੀ ਹੈ। ਇਸ ਤਰ੍ਹਾਂ ਮਸ਼ੀਨ ਬਹੁਤ ਸਾਰੇ ਕੰਮ ਇੱਕ ਹੀ ਲਾਂਘੇ ਵਿੱਚ ਕਰਨ ਦੇ ਸਮੱਰਥ ਹੈ।

• ਮਸ਼ੀਨ ਦੁਆਰਾ ਬਣਾਏ ਮੈਟਾਂ ਵਿੱਚ ਝੋਨੇ ਦਾ ਬੀਜ ਇਕਸਾਰ ਖਿਲਰਦਾ ਹੈ।

• ਲੇਬਰ ਦੁਆਰਾ ਮੈਟ ਪਨੀਰੀ ਦੀ ਬਿਜਾਈ ਜ਼ਿਆਦਾ ਸਮਾਂ, ਘੱਟ ਸਮਰੱਥਾ ਅਤੇ ਜਿਆਦਾ ਸਰੀਰਕ ਥਕਾਵਟ ਹੋਣ ਕਰਕੇ, ਕਈ ਕਿਸਾਨ ਵੀਰ ਝੋਨੇ ਦੀ ਮਸ਼ੀਨੀ ਲੁਆਈ ਛੱਡ ਗਏ ਸਨ, ਪਰ ਮੈਟ ਟਾਇਪ ਪਨੀਰੀ ਦੀ ਮਸ਼ੀਨੀ ਬਿਜਾਈ ਕਰਕੇ ਬਹੁਤ ਸਾਰੇ ਕਿਸਾਨ ਵੀਰ ਫਿਰ ਤੋਂ ਝੋਨੇ ਦੀ ਮਸ਼ੀਨੀ ਲੁਆਈ ਵਾਲੇ ਪਾਸੇ ਉਤਸ਼ਾਹਿਤ ਹੋਏ ਹਨ।

ਪੀ.ਏ.ਯੂ. ਮੈਟ ਟਾਇਪ ਨਰਸਰੀ ਸੀਡਰ ਮਸ਼ੀਨ ਦੀ ਵਰਤੋਂ ਕਰਦੇ ਸਮੇਂ ਧਿਆਨ ਵਿੱਚ ਰੱਖਣ ਵਾਲੇ ਮਹੱਤਵਪੂਰਨ ਨੁਕਤੇ:

• ਝੋਨੇ ਦੀ ਮੈਟ ਟਾਇਪ ਪਨੀਰੀ ਦੀ ਬਿਜਾਈ ਵਾਲਾ ਖੇਤ ਲੇਜ਼ਰ ਕਰਾਹੇ ਨਾਲ ਪੱਧਰ ਹੋਣਾ ਚਾਹੀਦਾ ਹੈ ਅਤੇ ਖੇਤਾਂ ਨੂੰ ਤਿਆਰ ਕਰਨ ਤੋਂ ਪਹਿਲਾਂ ਰੂੜੀ ਖਾਦ ਦੀ ਵਰਤੋਂ ਕਰਨੀ ਚਾਹੀਦੀ ਹੈ।ਪਨੀਰੀ ਵਾਲੇ ਖੇਤ ਵਿੱਚ ਪੱਥਰ ਜਾਂ ਕਿਸੇ ਤਰ੍ਹਾਂ ਦੀ ਸਖਤ ਵਸਤੂ ਨਹੀਂ ਹੋਣੀ ਚਾਹੀਦੀ ਹੈ।

• ਝੋਨਾ ਲਗਾਉਣ ਵਾਲੇ ਖੇਤਾਂ ਦੇ ਨੇੜੇ ਝੋਨੇ ਦੀ ਮੈਟ ਟਾਇਪ ਪਨੀਰੀ ਤਿਆਰ ਕਰਨੀ ਚਾਹੀਦੀ ਹੈ ਅਤੇ ਟਿਊਬਵੈਲ ਤੇ ਦਰੱਖਤਾਂ ਤੋਂ ਵੀ ਘੱਟੋ ਘੱਟ 20 ਮੀਟਰ ਦੀ ਦੂਰੀ ਤੇ ਹੋਣਾ ਚਾਹੀਦਾ ਹੈ।

• ਬਿਜਾਈ ਤੋਂ ਪਹਿਲਾਂ ਪਨੀਰੀ ਵਾਲਾ ਖੇਤ ਸੁੱਕਾ ਹਣਾ ਚਾਹੀਦਾ ਹੈ।

• ਬਿਜਾਈ ਤੋਂ ਪਹਿਲਾਂ ਝੋਨੇ ਦੇ ਬੀਜ ਦਾ ਸਿਫ਼ਾਰਸ਼ ਉੱਲੀਨਾਸ਼ਕਾਂ ਨਾਲ ਸੋਧਿਆ ਹੋਣਾ ਚਾਹੀਦਾ ਹੈ।

• ਪੀ.ਏ.ਯੂ. ਮੈਟ ਟਾਇਪ ਨਰਸਰੀ ਸੀਡਰ ਵਿੱਚ ਮੈਟ ਦੀ ਮੋਟਾਈ ਲੱਗਭਗ 1 ਇੰਚ ਤੇ ਸੈਟ ਕਰੋ ਅਤੇ ਇਸ ਸੈਟਿੰਗ ਲਈ ਸਾਹਮਣੇ ਵਾਲੇ ਰੋਲਰ ਦਾ ਲੈਵਲ ਸੈਟ ਕਰੋ।

ਇਹ ਵੀ ਪੜ੍ਹੋ: Millets: ਬਹੁਮੁੱਖੀ ਪੱਖਾਂ ਵਾਲੇ ਮਿਲਟਸ ਉਗਾਓ ਤੇ ਖੇਤੀ ਨੂੰ ਲਾਹੇਵੰਦ ਬਣਾਓ

ਪਿੰਡ ਬਹਿਬਲਪੁਰ ਵਿਖੇ ਪੀ.ਏ.ਯੂ. ਮੈਟ ਟਾਇਪ ਨਰਸਰੀ ਸੀਡਰ ਨਾਲ ਤਿਆਰ ਪਨੀਰੀ ਬਾਬਤ ਖੇਤ ਦਿਵਸ ਦਾ ਆਯੋਜਨ

ਪਿੰਡ ਬਹਿਬਲਪੁਰ ਵਿਖੇ ਪੀ.ਏ.ਯੂ. ਮੈਟ ਟਾਇਪ ਨਰਸਰੀ ਸੀਡਰ ਨਾਲ ਤਿਆਰ ਪਨੀਰੀ ਬਾਬਤ ਖੇਤ ਦਿਵਸ ਦਾ ਆਯੋਜਨ

ਸਫਲਤਾ ਦੀ ਕਹਾਣੀ:

ਮੈਟ ਦੀ ਮਸ਼ੀਨੀ ਬਿਜਾਈ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਉਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਇਸ ਅਧੀਨ ਆਉਂਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਵੱਲੋਂ ਪੀ.ਏ.ਯੂ. ਮੈਟ ਟਾਇਪ ਨਰਸਰੀ ਸੀਡਰ ਦੀਆਂ ਸਿਖਲਾਈਆਂ, ਖੇਤ ਪ੍ਰਦਰਸ਼ਨੀਆਂ ਅਤੇ ਖੇਤ ਦਿਵਸਾਂ ਦਾ ਆਯੋਜਨ ਲਗਾਤਾਰ ਕੀਤਾ ਜਾ ਰਿਹਾ ਹੈ।ਇਨ੍ਹਾਂ ਖੇਤੀ ਪਸਾਰ ਗਤੀਵਿਧੀਆਂ ਰਾਹੀਂ ਕਿਸਾਨਾਂ ਨੂੰ ਇਸ ਨਵੀਨਤਮ ਮਸ਼ੀਨ ਨੂੰ ਚਲਾਉਣ ਅਤੇ ਤਿਆਰ ਪਨੀਰੀ ਦੀ ਦੇਖ ਭਾਲ ਬਾਬਤ ਮਾਹਿਰਾਂ ਵੱਲੋਂ ਖੇਤੀ ਦੌਰੇ ਵੀ ਕੀਤੇ ਜਾਂਦੇ ਹਨ।ਸਾਉਣੀ 2023 ਦੌਰਾਨ, ਹੁਸ਼ਿਆਰਪੁਰ ਜ਼ਿਲ੍ਹੇ ਦੇ ਤਿੰਨ ਅਗਾਂਹਵਧੂ ਕਿਸਾਨਾਂ ਨੇ ਮਿਲਕੇ ਪੀ.ਏ.ਯੂ. ਮੈਟ ਟਾਇਪ ਨਰਸਰੀ ਸੀਡਰ ਖਰੀਦਿਆ।

ਕੇ.ਵੀ.ਕੇ. ਹੁਸ਼ਿਆਰਪੁਰ ਦੇ ਤਕਨੀਕੀ ਮਾਹਿਰਾਂ ਦੀ ਨਿਗਰਾਨੀ ਹੇਠ ਇਹਨਾਂ ਕਿਸਾਨਾਂ ਨੇ ਲੱਗਭਗ 300 ਏਕੜ ਦੀ ਮਸ਼ੀਨੀ ਲੁਆਈ ਲਈ ਮੈਟ ਟਾਇਪ ਪਨੀਰੀ ਦੀ ਸਫਲਤਾਪੂਰਵਕ ਬਿਜਾਈ ਕੀਤੀ।ਇਸ ਮਸ਼ੀਨ ਦੀ ਕਾਰਜਗੁਜ਼ਾਰੀ ਦੇਖ ਕੇ ਹੋਰ ਕਿਸਾਨ ਵੀ ਸੰਤੂਸ਼ਟ ਹਨ ਅਤੇ ਹੋਰ ਕਿਸਾਨ ਵੀ ਹੁਣ ਇਹ ਮਸ਼ੀਨ ਖਰੀਦ ਰਹੇ ਹਨ ਜਾਂ ਕਿਰਾਏ ਰਾਹੀਂ ਵਰਤ ਰਹੇ ਹਨ।ਮਾਰਚ 2025 ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਕਿਸਾਨ ਮੇਲੇ ਦੌਰਾਨ ਇਹਨਾਂ ਕਿਸਾਨਾਂ ਵਿੱਚੋਂ ਜਿਲ੍ਹੇ ਹਸਿਆਰਪੁਰ ਦੇ ਪਿੰਡ ਕੋਟ ਫਤੂਹੀ ਦੇ ਅਗਾਂਹਵਧੂ ਕਿਸਾਨ ਸ. ਗੁਰਦੀਪ ਸਿੰਘ ਨੂੰ ਖੇਤੀ ਵਿੱਚ ਆਧੁਨਿਕ ਮਸ਼ੀਨੀਕਰਨ ਅਪਣਾਉਣ ਬਾਬਤ ਸੀ.ਆਈ.ਆਰ. ਪੰਪਸ ਇਨਾਮ ਨਾਲ ਸਨਮਾਨਿਤ ਕੀਤਾ ਗਿਆ।

ਸਾਉਣੀ 2025 ਦੌਰਾਨ, ਜਿਲ੍ਹੇ ਦੇ ਵੱਖ-ਵੱਖ ਕਿਸਾਨਾਂ ਵੱਲੋਂ ਇਸ ਮਸ਼ੀਨ ਦੀ ਵਰਤੋਂ ਕਰਕੇ 500 ਏਕੜ ਦੀ ਮੈਟ-ਟਾਇਪ ਪਨੀਰੀ ਦੀ ਸਫਲਤਾਪੂਰਵਕ ਬਿਜਾਈ ਕੀਤੀ ਗਈ। ਇਸ ਮਸ਼ੀਨ ਦੀ ਕੀਮਤ 3,35,000/- ਰੁਪਏ ਹੈ ਅਤੇ ਸਰਕਾਰ ਵੱਲੋਂ 40% ਸਬਸਿਡੀ ਤੇ ਇਹ ਮਸ਼ੀਨ ਕਿਸਾਨਾਂ ਨੂੰ ਮੁਹੱਇਆ ਕਰਵਾਈ ਜਾ ਰਹੀ ਹੈ।ਮੈਸਰਜ਼ ਰਾਜੜ ਐਗਰੀਕਲਚਰਲ ਵਰਕਸ, ਮੁੱਲਾਂਪੁਰ, ਲੁਧਿਆਣਾ ਵੱਲੋਂ ਹੁਣ ਤੱਕ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ 28 ਪੀ.ਏ.ਯੂ. ਮੈਟ ਟਾਇਪ ਨਰਸਰੀ ਸੀਡਰ ਵੇਚ ਚੱੁਕੇ ਹਨ।ਇਹ ਤਕਨੀਕ ਹੁਣ ਝੋਨੇ ਦੀ ਮੈਟ ਕਿਸਮ ਦੀ ਪਨੀਰੀ ਦੀ ਬਿਜਾਈ ਵਿੱਚ ਇੱਕ ਸਫਲ ਤੇ ਭਰੋਸੇਯੋਗ ਹੱਲ ਵਜੋਂ ਆਪਣੀ ਪਹਿਚਾਣ ਬਣਾਉਂਦੀ ਜਾ ਰਹੀ ਹੈ।

ਸਰੋਤ: ਅਜੈਬ ਸਿੰਘ* ਅਤੇ ਮਨਿੰਦਰ ਸਿੰਘ ਬੌਂਸ*
*ਪੀ.ਏ.ਯੂ. ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ
**ਵਧੀਕ ਨਿਦਰੇਸ਼ਕ ਪਸਾਰ ਸਿੱਖਿਆ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ

Summary in English: Advantages of PAU Tractor-operated Paddy Mat-Type Nursery Seeder Machine, Points to Keep in Mind and Farmers' Success Story

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters