Feeding and Breeding Management Tips: ਪੰਜਾਬ ਵਿੱਚ ਗਰਮੀਆਂ ਦਾ ਮੌਸਮ ਅਪ੍ਰੈਲ ਵਿੱਚ ਸ਼ੁਰੂ ਹੋ ਕੇ ਜੂਨ ਵਿੱਚ ਆਪਣੇ ਸਿਖਰ 'ਤੇ ਪਹੁੰਚ ਜਾਂਦਾ ਹੈ। ਇਸ ਵੇਲੇ ਗਰਮੀਆਂ ਦਾ ਤਾਪਮਾਨ 45 ਡਿਗਰੀ ਨੂੰ ਵੀ ਪਾਰ ਕਰ ਜਾਂਦਾ ਹੈ। ਪਸ਼ੂਆਂ ਵਿੱਚ ਗਰਮੀ ਦਾ ਤਣਾਅ ਵਧਣ ਨਾਲ ਪਸ਼ੂ ਆਰਾਮਦਾਇਕ ਸਥਿਤੀ ਵਿੱਚ ਨਹੀਂ ਰਹਿੰਦਾ ਜਿਸ ਨਾਲ ਉਸਦੇ ਦੁੱਧ ਉਤਪਾਦਨ ਵਿੱਚ ਗਿਰਾਵਟ ਆ ਜਾਂਦੀ ਹੈ।
ਵਿਦੇਸ਼ੀ ਅਤੇ ਦੋਗਲੀਆਂ ਗਾਵਾਂ ਵਿੱਚ ਇਸਦਾ ਪ੍ਰਭਾਵ ਸਭ ਤੋਂ ਜਿਆਦਾ ਦੇਖਣ ਨੂੰ ਮਿਲਦਾ ਹੈ।ਇਸ ਗਰਮੀ ਦੇ ਤਣਾਅ ਦਾ ਮਾੜਾ ਅਸਰ ਜਾਨਵਰ ਦੇ ਦੁੱਧ ਉਤਪਾਦਨ ਦੇ ਨਾਲ ਨਾਲ ਪ੍ਰਜਨਣ, ਸਰੀਰਕ ਵਾਧੇ ਅਤੇ ਖੁਰਾਕ ਖਾਣ ਦੀ ਸਮੱਰਥਾ ਉੱਤੇ ਹੁੰਦਾ ਹੈ।ਇਸ ਲਈ ਇਹ ਯਕੀਨੀ ਬਣਾਉਣਾ ਜਰੂਰੀ ਹੈ ਕਿ ਖੁਰਾਕੀ ਅਤੇ ਪ੍ਰਬੰਧਨ ਸੰਬੰਧੀ ਤਬਦੀਲੀਆਂ ਕਰਕੇ ਇਸ ਤਣਾਅ ਨੂੰ ਘਟਾਇਆ ਜਾਵੇ।
ਖੁਰਾਕ ਸਬੰਧੀ ਨੁਕਤੇ
ਗਰਮੀਆਂ ਦੇ ਦਿਨਾਂ ਵਿੱਚ ਪਸ਼ੂਆਂ ਦੀ ਖੁਰਾਕ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਪਸ਼ੂ ਪੂਰੀ ਖੁਰਾਕ ਖਾਵੇ ਅਤੇ ਚੋਖਾ ਦੁੱਧ ਦੇਵੇ। ਇਹਨਾਂ ਦਿਨਾਂ ਵਿੱਚ ਪਾਣੀ ਦੀ ਘਾਟ ਕਰਕੇ ਪਸ਼ੂ ਦੇ ਮਿਹਦੇ ਦੇ ਤੇਜਾਬੀਪਨ ਦੀ ਸਮੱਸਿਆ ਵਧ ਜਾਂਦੀ ਹੈ। ਇਸ ਤੋਂ ਇਲਾਵਾ, ਗਰਮੀਆਂ ਦੇ ਮੌਸਮ ਵਿੱਚ ਪਸ਼ੂਆਂ ਦੇ ਸਰੀਰ ਵਿੱਚੋਂ ਵਾਸ਼ਪੀਕਰਨ ਪ੍ਰਕਿਰਿਆ ਰਾਹੀਂ ਨਿਕਲੀ ਊਰਜਾ ਲਈ ਜਿਆਦਾ ਪਾਣੀ ਦੀ ਲੋੜ ਹੁੰਦੀ ਹੈ। ਨਤੀਜੇ ਵਜੋਂ ਗਰਮੀਆਂ ਦੇ ਦਿਨਾਂ ਵਿੱਚ ਪਸ਼ੂਆਂ ਵਿੱਚ ਪਾਣੀ ਦੀ ਮੰਗ 25-40% ਤੱਕ ਵਧ ਜਾਂਦੀ ਹੈ। ਗਰਮੀਆਂ ਦੇ ਦਿਨਾਂ ਵਿੱਚ ਅੱਤ ਦੀ ਗਰਮੀ ਕਰਕੇ ਅਤੇ ਜ਼ਿਆਦਾ ਖੁਸ਼ਕ ਪੱਠਿਆਂ ਕਰਕੇ ਵੀ ਪਾਣੀ ਦੀ ਲੋੜ ਵਧ ਜਾਂਦੀ ਹੈ। ਇਸ ਲਈ ਪਸ਼ੂਆਂ ਦੀ ਖੁਰਾਕ ਦੇ ਨਾਲ ਨਾਲ ਖੁੱਲ੍ਹਾ ਪਾਣੀ ਦੇਣਾ ਲਾਜਮੀ ਬਨਾਉਣਾ ਚਾਹੀਦਾ ਹੈ।ਇਸ ਕਰਕੇ ਪਸ਼ੂਆਂ ਦੇ ਲਈ ਹਰ ਵੇਲੇ ਤਾਜਾ ਅਤੇ ਠੰਡਾ ਪਾਣੀ ਉਪਲੱਬਧ ਕਰਵਾਓ। ਇਸ ਦੇ ਨਾਲ ਨਾਲ ਪਸ਼ੂਆਂ ਦੀ ਖੁਰਾਕ ਵਿੱਚ ਬਫਰ ਦੀ ਵਰਤੋਂ ਕਰਨੀ ਫਾਇਦੇਮੰਦ ਰਹਿੰਦੀ ਹੈ ਜੋ ਤੇਜਾਬੀਪਨ ਦੀ ਸਮੱਸਿਆ ਨੂੰ ਰੋਕਦਾ ਹੈ।
ਇਹਨਾਂ ਦਿਨਾਂ ਵਿੱਚ ਯੀਸਟ (ਖਮੀਰ) 150-200 ਗ੍ਰਾਮ/ ਕੁਇੰਟਲ ਦੇ ਹਿਸਾਬ ਨਾਲ ਵਰਤਨ ਨਾਲ ਪਸ਼ੂਆਂ ਦੀ ਪਾਚਨਸ਼ਕਤੀ ਸਹੀ ਰਹਿੰਦੀ ਹੈ। ਇਸਦੇ ਨਾਲ ਨਾਲ ਇਹ ਵੀ ਯਕੀਨੀ ਬਣਾਓ ਕਿ ਗਲੀ ਸੜੀ ਤੂੜੀ ਜਾਂ ਉੱਲੀ ਵਾਲੇ ਅਚਾਰ ਦੀ ਵਰਤੋਂ ਦੁੱਧ ਦੇਣ ਵਾਲੇ ਪਸ਼ੂਆਂ ਲਈ ਨਾ ਕੀਤੀ ਜਾਵੇ। ਵੰਡ, ਹਰਾ ਚਾਰਾ/ਅਚਾਰ ਅਤੇ ਤੂੜੀ ਰਲਾ ਕੇ ਪਾਉਣ ਨੂੰ ਤਰਜੀਹ ਦੇਣੀ ਚਾਹੀਦੀ ਹੈ ਅਤੇ ਪਸ਼ੂਆਂ ਦੀ ਖੁਰਾਕ ਵਿੱਚ ਧਾਤਾਂ ਦੇ ਚੂਰੇ ਦੀ ਵਰਤੋਂ ਯਕੀਨੀ ਬਨਾਉਣੀ ਚਾਹੀਦੀ ਹੈ। ਗਰਮੀਆਂ ਦੇ ਦਿਨਾਂ ਵਿੱਚ ਪੱਠੇ ਸਵੇਰੇ 9 ਤੋਂ ਪਹਿਲਾਂ ਅਤੇ ਸ਼ਾਮੀਂ 5 ਤੋਂ ਬਾਅਦ ਪਾਉਣੇ ਚਾਹੀਦੇ ਹਨ ਕਿਉਂਕਿ ਦੁਪਿਹਰ ਵੇਲੇ ਪੱਠੇ ਖਾਣ ਨਾਲ ਪਸ਼ੂ ਨੂੰ ਵੱਧ ਗਰਮੀ ਲਗਦੀ ਹੈ। ਠੰਡੇ ਸਮੇਂ ਵਿੱਚ ਦਿੱਤੀ ਖੁਰਾਕ ਨੂੰ ਪਸ਼ੂ ਜਿਆਦਾ ਪਸੰਦ ਕਰਦੇ ਹਨ ਅਤੇ ਇਸ ਤਰ੍ਹਾਂ ਵਾਧੂ ਖੁਰਾਕ ਖਾਂਦੇ ਹਨ ।
ਪ੍ਰਜਨਣ ਪ੍ਰਬੰਧਨ ਸਬੰਧੀ ਨੁਕਤੇ
ਆਮ ਦੇਖਿਆ ਗਿਆ ਹੈ ਕਿ ਇਸ ਮੌਸਮ ਚ ਲਵੇਰੀਆਂ ਦੀ ਖੁਰਾਕ ਖਾਣ ਦੀ ਸਮਰੱਥਾ ਘਟ ਜਾਂਦੀ ਹੈ ਜਿਸਦੇ ਨਤੀਜੇ ਵਜੋਂ ਉਹਨਾਂ ਦੇ ਗੱਭਣ ਹੋਣ ਦੀ ਦਰ ਘਟ ਜਾਂਦੀ ਹੈ ਜਾਂ ਪਸ਼ੂ ਹੇਹੇ ਦੇ ਪੂਰੇ ਲੱਛਣ ਨਹੀਂ ਦਿਖਾਉਂਦਾ, ਖਾਸ ਕਰਕੇ ਮੱਝਾਂ ਵਿੱਚ ਗੂੰਗਾ ਹੇਹਾ ਆਮ ਦੇਖਿਆ ਜਾਂਦਾ ਹੈ। ਇਸ ਕਰਕੇ ਸਵੇਰੇ ਸ਼ਾਮ ਪਸ਼ੂਆਂ ਨੂੰ ਗਹੁ ਨਾਲ ਦੇਖਣ ਦੇ ਨਾਲ ਨਾਲ ਪਸ਼ੂ ਦੇ ਬੈਠਣ ਵਾਲੀ ਥਾਂ ਤੇ ਜਾਂ ਸਰੀਰ ਤੇ ਲੱਗੀਆਂ ਤਾਰਾਂ ਵੇਖਣੀਆਂ ਚਾਹੀਦੀਆਂ ਹਨ। ਹੇਹੇ ਦੀਆਂ ਨਿਸ਼ਾਨੀਆਂ ਜਿਵੇਂ ਕਿ ਪਸ਼ੂ ਦਾ ਬੇਚੈਨ ਹੋਣਾ, ਪੱਠੇ ਘੱਟ ਖਾਣਾ, ਦੂਜੇ ਪਸ਼ੂਆਂ ਤੇ ਚੜ੍ਹਨਾ, ਲਵੇਰੀਆਂ ਦੀ ਸੂਅ ਦਾ ਸੁਜ ਜਾਣਾ ਤੇ ਗੁਲਾਬੀ ਰੰਗ ਦਾ ਹੋ ਜਾਣਾ, ਵਾਰ ਵਾਰ ਪਿਸ਼ਾਬ ਕਰਨਾ ਆਦਿ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ: Fish Farming ਤੋਂ ਚੰਗੀ ਕਮਾਈ ਲੈਣ ਲਈ ਇਨ੍ਹਾਂ ਗੱਲਾਂ ਦਾ ਰੱਖੋ ਵਿਸ਼ੇਸ਼ ਧਿਆਨ, ਗਰਮੀਆਂ ਵਿੱਚ ਮੱਛੀਆਂ ਦੇ ਸੰਪੂਰਨ ਵਿਕਾਸ ਲਈ ਕਰੋ ਇਹ ਕੰਮ
ਵਾੜੇ ਜਾਂ ਸ਼ੈੱਡ ਸਬੰਧੀ ਨੁਕਤੇ
ਗਰਮੀ ਦੇ ਦਬਾਅ ਨੂੰ ਘੱਟ ਕਰਨ ਲਈ ਦੁਧਾਰੂ ਪਸ਼ੂਆਂ ਨੂੰ ਲੋੜੀਂਦੀ ਜਗ੍ਹਾ ਦੇਣੀ ਚਾਹੀਦੀ ਹੈ ਤਾਂ ਕਿ ਉਹ ਆਰਾਮਦਾਇਕ ਸਥਿਤੀ ਵਿੱਚ ਬੈਠ ਸਕਣ।ਵਾੜੇ ਵਿੱਚ ਠੰਡੇ ਅਤੇ ਛਾਂਦਾਰ ਖੇਤਰ ਦਾ ਬੰਦੋਬਸਤ ਕਰਨਾ ਚਾਹੀਦਾ ਹੈ। ਪਸ਼ੂਆਂ ਦੇ ਵਾੜੇ ਦੀ ਛੱਤ ਬਾਹਰੋਂ ਹਲਕੇ ਰੰਗ ਦੀ ਹੋਣੀ ਚਾਹੀਦੀ ਹੈ ਜਿਸ ਨਾਲ ਵਾੜੇ ਵਿੱਚ ਗਰਮੀ ਨਹੀਂ ਹੁੰਦੀ। ਇਸਤੋਂ ਇਲਾਵਾ ਸ਼ੈੱਡਾਂ ਵਿੱਚ ਪੱਖਿਆਂ ਦੇ ਨਾਲ ਨਾਲ ਪਾਣੀ ਵਾਲੇ ਫਵਾਰਿਆਂ ਦੀ ਵਰਤੋਂ ਕਰਨੀ ਲਾਭਕਾਰੀ ਰਹਿੰਦੀ ਹੈ। ਬਜਾਰ ਵਿੱਚ ਕਈ ਪ੍ਰਕਾਰ ਦੇ ਕੂਲੰਿਗ ਸਿਸਟਮ ਵੱਖ ਵੱਖ ਲੰਬਾਈ-ਚੌੜਾਈ ਵਾਲੇ ਸ਼ੈੱਡਾਂ ਲਈ ਉਪਲੱਬਧ ਹਨ।ਖੁਰਲੀਆਂ ਵਿੱਚੋਂ ਬਚੇ ਹੋਏ ਪੱਠੇ ਬਾਹਰ ਕੱਢ ਚਾਹੀਦੇ ਹਨ । ਗਰਮੀਆਂ ਦੇ ਦਿਨਾਂ ਵਿੱਚ ਦਰਿਆਈ ਮਿੱਟੀ ਦੀ 1.5 ਤੋਂ 2 ਇੰਚ ਮੋਟੀ ਤਹਿ ਪਾਉਣੀ ਲਾਭਕਾਰੀ ਰਹਿੰਦੀ ਹੈ । ਇਸ ਉੱਪਰ ਪਾਣੀ ਛਿੜਕਣ ਨਾਲ ਪਸ਼ੂ ਨੂੰ ਠੰਡਕ ਪਹੁੰਚਦੀ ਹੈ।
ਗਰਮੀਆਂ ਦੇ ਦਿਨਾਂ ਵਿੱਚ ਮੱਖੀਆਂ ਮੱਛਰਾਂ ਦੀ ਸੰਖਿਆ ਵਿੱਚ ਵੀ ਵਾਧਾ ਹੁੰਦਾ ਹੈ। ਮੱਖੀਆਂ ਅਤੇ ਮੱਛਰ ਪਸ਼ੂਆਂ ਨੂੰ ਨਿਰੰਤਰ ਤੰਗ ਕਰਦੇ ਹਨ ਜਿਸ ਕਰਕੇ ਪਸ਼ੂ ਅਰਾਮ ਨਾਲ ਬੈਠ ਕੇ ਜੁਗਾਲੀ ਨਹੀਂ ਕਰ ਪਾਉਂਦਾ ਜਿਸ ਕਰਕੇ ਪਾਚਣ ਕਿਰਿਆ ਪ੍ਰਭਾਵਿਤ ਹੁੰਦੀ ਹੈ ਅਤੇ ਪਸ਼ੂ ਦੀ ਦੁੱਧ ਦੀ ਪੈਦਾਵਾਰ ਘਟਦੀ ਹੈ। ਇਸ ਲਈ ਇਹਨਾਂ ਦੀ ਰੋਕਥਾਮ ਲਈ ਢਾਰੇ ਸਾਫ ਅਤੇ ਸੁੱਕੇ ਰੱਖਣੇ ਚਾਹੀਦੇ ਹਨ।
ਗਰਮੀਆਂ ਦੇ ਦਿਨਾਂ ਵਿੱਚ ਹੋਰ ਧਿਆਨ ਦੇਣ ਯੋਗ ਗੱਲਾਂ
ਗਰਮੀਆਂ ਦੇ ਦਿਨਾਂ ਵਿੱਚ ਢਾਰਿਆਂ ਅਤੇ ਖੁਰਲੀਆਂ ਦੀ ਸਮੇਂ ਸਮੇਂ ਤੇ ਸਫਾਈ ਕਰਨੀ ਚਾਹੀਦੀ ਹੈ।ਗਰਮੀਆਂ ਦੇ ਦਿਨਾਂ ਵਿੱਚ ਪਸ਼ੂਆਂ ਨੂੰ 2-3 ਵਾਰ ਨਹਾਉਣਾ ਚਾਹੀਦਾ ਹੈ ਤਾਂ ਜੋ ਪਸ਼ੂ ਅੱਤ ਦੀ ਗਰਮੀ ਤੋਂ ਬਚ ਸਕਣ।ਪਸ਼ੂਆਂ ਨੂੰ ਧੁੱਪ ਵਿੱਚ ਲੰਬੇ ਸਮੇਂ ਲਈ ਖੜ੍ਹੇ ਨਹੀਂ ਰਹਿਣ ਦੇਣਾ ਚਾਹੀਦਾ। ਗਰਮੀਆਂ ਦੇ ਦਿਨਾਂ ਵਿੱਚ ਪਸ਼ੂਆਂ ਨੂੰ ਲੰਬੀ ਦੂਰੀ ਤੱਕ ਨਹੀਂ ਤੋਰਨਾ ਚਾਹੀਦਾ। ਜੇਕਰ ਕਿਸੇ ਕਾਰਨ ਤੋਰਨਾ ਵੀ ਪਵੇ ਤਾਂ ਉਹਨਾਂ ਲਈ ਪਾਣੀ ਦੀ ਪੂਰੀ ਵਿਵੱਸਥਾ ਹੋਣੀ ਚਾਹੀਦੀ ਹੈ ਤਾਂ ਜੋ ਪਸ਼ੂ ਉੱਪਰ ਗਰਮੀ ਦਾ ਪ੍ਰਭਾਵ ਘੱਟ ਪਵੇ। ਗਰਮੀਆਂ ਦੇ ਦਿਨਾਂ ਵਿੱਚ ਪਸ਼ੂਆਂ ਦੀ ਫੜ-ਫੜ੍ਹਾਈ ਅਤੇ ਢੋਆ-ਢੁਆਈ ਵੀ ਸਵੇਰ ਵੇਲੇ ਕਰਨੀ ਚਾਹੀਦੀ ਹੈ ਤਾਂ ਜੋ ਉਹਨਾਂ ਉੱਪਰ ਗਰਮੀ ਦਾ ਵਾਧੂ ਤਣਾਅ ਨਾ ਵੱਧ ਸਕੇ।
ਸਰੋਤ: ਵਿਵੇਕ ਸ਼ਰਮਾ, ਕਰਮਜੀਤ ਸ਼ਰਮਾ ਅਤੇ ਕੰਵਰਪਾਲ ਸਿੰਘ ਢਿੱਲੋਂ, ਕ੍ਰਿਸ਼ੀ ਵਿਗਿਆਨ ਕੇਂਦਰ, ਸ੍ਰੀ ਮੁਕਤਸਰ ਸਾਹਿਬ
Summary in English: Summer Care Tips: Do this in 45 degree temperature, take care of the calves, know about feeding and breeding management tips.