1. Home
  2. ਬਾਗਵਾਨੀ

ਪੱਤਝੜੀ ਕਿਸਮ ਦੇ ਫ਼ਲਦਾਰ ਬੂਟਿਆਂ ਦੀ ਸਿਧਾਈ ਅਤੇ ਕਾਂਟ-ਛਾਂਟ ਲਈ Techniques

ਇਸ ਲੇਖ ਵਿੱਚ ਸਾਂਝੀਆਂ ਕੀਤੀਆਂ ਗਈਆਂ ਤਕਨੀਕਾਂ ਰਾਹੀਂ ਬਾਗਬਾਨ ਵੀਰ ਵਧੀਆ ਗੁਣਵੱਤਾ ਵਾਲਾ ਵਧੇਰੇ ਝਾੜ ਪ੍ਰਾਪਤ ਕਰ ਸਕਦੇ ਹਨ ਅਤੇ ਬਾਗ ਦੀ ਸਿਹਤ ਵੀ ਲੰਬੇ ਸਮੇਂ ਤੱਕ ਬਰਕਰਾਰ ਰੱਖ ਸਕਦੇ ਹਨ।

Gurpreet Kaur Virk
Gurpreet Kaur Virk
ਲੰਬੇ ਸਮੇਂ ਤੱਕ ਬਰਕਰਾਰ ਰੱਖੋ ਬਾਗ ਦੀ ਸਿਹਤ

ਲੰਬੇ ਸਮੇਂ ਤੱਕ ਬਰਕਰਾਰ ਰੱਖੋ ਬਾਗ ਦੀ ਸਿਹਤ

Best Techniques: ਸਿਧਾਈ ਅਤੇ ਕਾਂਟ-ਛਾਂਟ ਪੱਤਝੜੀ ਕਿਸਮ ਦੇ ਫ਼ਲਦਾਰ ਬੂਟਿਆਂ ਲਈ ਅਜਿਹੇ ਮਹੱਤਵਪੂਰਨ ਕਾਰਜ ਹਨ ਜਿਨ੍ਹਾਂ ਵੱਲ ਅਕਸਰ ਧਿਆਨ ਨਹੀਂ ਦਿੱਤਾ ਜਾਂਦਾ। ਬਾਗਾਂ ਤੋਂ ਭਰਪੂਰ ਗੁੱਣਵਤਾ ਵਾਲਾ ਚੋਖਾ ਫ਼ਲ ਲੈਣ ਲਈ ਕਾਂਟ-ਛਾਂਟ ਅਤੇ ਸਿਧਾਈ ਕਰਨਾ ਅਤਿ ਜਰੂਰੀ ਹੈ।

ਸਿਧਾਈ ਨਵੇਂ ਬੂਟਿਆਂ ਦੀ ਲਵਾਈ ਦੇ ਨਾਲ ਹੀ ਸ਼ੁਰੂ ਹੋ ਜਾਂਦੀ ਹੈ ਤਾਂ ਜੌ ਬੂਟਿਆਂ ਦਾ ਸਹੀ ਅਕਾਰ ਬਣ ਸਕੇ। ਜਦਕਿ ਕਾਂਟ-ਛਾਂਟ ਤੋਂ ਭਾਵ ਫਲ ਦਿੰਦੇ ਬੂਟਿਆਂ ਤੋਂ ਕੁਝ ਕਮਜੋਰ ਜਾਂ ਅਜਿਹੀਆਂ ਟਾਹਣੀਆਂ ਨੂੰ ਕੱਟਣਾ ਹੈ ਜਿਸ ਨਾਲ ਬੂਟਿਆਂ ਤੋਂ ਭਰਪੂਰ ਅਤੇ ਚੰਗੀ ਗੁਣਵੱਤਾ ਦਾ ਫਲ ਪ੍ਰਾਪਤ ਕੀਤਾ ਜਾ ਸਕੇ। ਫਲ ਨੂੰ ਸਹੀ ਅਤੇ ਮਜਬੂਤ ਅਕਾਰ ਦੇਣ ਨਾਲ ਬੂਟਿਆਂ ਦੇ ਅੰਦਰੂਨੀ ਹਿੱਸਿਆਂ ਤੱਕ ਹਵਾ ਅਤੇ ਰੋਸ਼ਨੀ ਦਾ ਚੰਗਾ ਪ੍ਰਵਾਹ ਹੁੰਦਾ ਹੈ ਜਿਸ ਨਾਲ ਫਲਾਂ ਦੇ ਝਾੜ ਅਤੇ ਗੁੱਣਵਤਾ ਵਿੱਚ ਵਾਧੇ ਦੇ ਨਾਲ-ਨਾਲ ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਵਿੱਚ ਵੀ ਮੱਦਦ ਮਿਲਦੀ ਹੈ।

ਪੱਤਝੜੀ ਕਿਸਮ ਦੇ ਫਲਦਾਰ ਪੌਦੇ ਜਿਵੇਂ ਕਿ ਆੜੂ, ਅਲੂਚਾ, ਨਾਸ਼ਪਾਤੀ ਆਦਿ ਦੀ ਕਾਂਟ-ਛਾਂਟ ਦਾ ਕੰਮ ਸਰਦੀਆਂ ਵਿੱਚ ਉਸ ਸਮੇਂ ਕੀਤਾ ਜਾਂਦਾ ਹੈ ਜਦੋਂ ਉਹ ਅਜੇ ਨੀਂਦਰ ਅਵਸਥਾ ਵਿੱਚ ਹੋਣ। ਇਹਨਾਂ ਵੱਖ-ਵੱਖ ਤਰ੍ਹਾਂ ਦੇ ਬੂਟਿਆਂ ਦੀ ਕਾਂਟ-ਛਾਂਟ ਅਤੇ ਸਿਧਾਈ ਦਾ ਕੰਮ ਬਹੁਤ ਹੀ ਤਕਨੀਕੀ ਕੰਮ ਹੈ, ਇਸ ਲਈ ਵਧੇਰੇ ਅਤੇ ਵਧੀਆ ਗੁਣਵੱਤਾ ਵਾਲਾ ਫ਼ਲ ਪ੍ਰਾਪਤ ਕਰਨ ਲਈ ਇਸ ਕੰਮ ਦੀ ਪੂਰੀ ਜਾਣਕਾਰੀ ਹੋਣਾ ਅਤਿ ਜਰੂਰੀ ਹੈ।

ਫ਼ਲਦਾਰ ਬੂਟਿਆਂ ਦੀ ਸਿਧਾਈ ਅਤੇ ਕਾਂਟ-ਛਾਂਟ ਲਈ ਤਕਨੀਕਾਂ

ਨਾਸ਼ਪਾਤੀ ਦੀ ਸਿਧਾਈ ਅਤੇ ਕਾਂਟ-ਛਾਂਟ:
ਨਾਸ਼ਪਾਤੀ ਦਾ ਮਜਬੂਤ ਟਾਹਣੀ ਵਾਲਾ ਬੂਟਾ ਤਿਆਰ ਕਰਨ ਲਈ ਪੌਦੇ ਦੀ ਸੁਧਰੀ ਹੋਈ ਟੀਸੀ ਵਾਲੇ ਤਰੀਕੇ ਨਾਲ ਸਿਧਾਈ ਕੀਤੀ ਜਾਂਦੀ ਹੈ। ਜਨਵਰੀ-ਫਰਵਰੀ ਮਹੀਨੇ ਨਵੇਂ ਲਗਾਏ ਪੌਦੇ ਨੂੰ 90 ਸੈਟੀਂਮੀਟਰ ਦੀ ਉਚਾਈ ਤੋਂ ਕੱਟ ਦੇਣਾਂ ਚਾਹੀਦਾ ਹੈ ਅਤੇ ਇਹ ਪੌਦਾ ਫਰਵਰੀ-ਮਾਰਚ ਵਿੱਚ ਫੁੱਟਣ ਲੱਗੇਗਾ। ਇਸ ਦੇ ਮੁੱਖ ਤਣੇ ਉਪਰ ਜ਼ਮੀਨ ਤੋਂ ਲੈ ਕੇ 45 ਸੈਟੀਂਮੀਟਰ ਦੀ ਉਚਾਈ ਤਕ ਕੋਈ ਸ਼ਾਖ ਨਹੀਂ ਰਹਿਣੀ ਚਾਹੀਦੀ।

ਇਹ ਵੀ ਪੜ੍ਹੋ : ਕਿਸਾਨ ਭਰਾਵੋਂ ਢੁੱਕਵੀਂ ਅਵਸਥਾ ਦੌਰਾਨ ਕਰੋ ‘ਕਿੰਨੂ' ਤੁੜਾਈ

ਦੂਜੇ ਸਾਲ ਦਰਮਿਆਨ ਦੀ ਸਭ ਤੋਂ ਲੰਮੀ ਟਾਹਣੀ ਨੂੰ ਛੱਡ ਦਿੱਤਾ ਜਾਂਦਾ ਹੈ ਪ੍ਰੰਤੂ ਜਿਥੇ ਕੱਚਾ ਭਾਗ ਸ਼ੁਰੂ ਹੁੰਦਾ ਹੈ ਉਥੇ ਇਸ ਨੂੰ ਕੱਟ ਦਿੱਤਾ ਜਾਂਦਾ ਹੈ। ਪਾਸੇ ਦੀਆਂ 3-4 ਟਹਿਣੀਆਂ ਨੂੰ ਆਪਸ ਵਿੱਚ 15 ਤੋਂ 20 ਸੈਟੀਂਮੀਟਰ ਦੇ ਫਾਸਲੇ ਤੇ ਜੋ ਵੱਖ-ਵੱਖ ਦਿਸ਼ਾਵਾਂ ਵਿੱਚ ਹੋਣ, ਰੱਖ ਲਈਆਂ ਜਾਂਦੀਆਂ ਹਨ। ਜੇਕਰ ਇਹਨਾਂ ਟਹਿਣੀਆਂ ਨੂੰ ਸੇਬੇ ਨਾਲ ਬੰਨ ਕੇ ਧਰਤੀ ਨਾਲ ਬੰਨ ਦਿੱਤਾ ਜਾਵੇ ਤਾਂ ਇਹਨਾਂ ਟਹਿਣੀਆਂ ਤੇ ਹੋਰ ਸ਼ਾਖਾਵਾਂ ਨਿਕਲਣ ਵਿੱਚ ਮੱਦਦ ਮਿਲਦੀ ਹੈ।

ਤੀਸਰੇ ਅਤੇ ਚੌਥੇ ਸਾਲ ਦੀ ਸਿਧਾਈ ਕਰਨ ਸਮੇਂ ਬੂਟੇ ਦੀਆਂ ਟਹਿਣੀਆਂ ਵਿੱਚ ਆਪਸੀ ਤਾਲ-ਮੇਲ ਵਧਾਉਣ ਲਈ ਦੂਸਰੇ ਜਾਂ ਤੀਸਰੇ ਦਰਜੇ ਦੀਆਂ ਟਹਿਣੀਆਂ ਨੂੰ ਸਾਫ ਕੱਟ ਦੇ ਕੇ ਵੱਢ ਦਿੱਤਾ ਜਾਂਦਾ ਹੈ। ਜਿਨਾਂ ਟਹਿਣੀਆਂ ਦੇ ਕੋਣ ਛੋਟੇ ਹੋਣ ਉਨ੍ਹਾਂ ਨੂੰ ਵੀ ਮੁੱਢ ਤੋਂ ਹੀ ਕੱਟ ਦੇਣਾ ਚਾਹੀਦਾ ਹੈ। ਮੁੱਖ ਤਣੇ ਉਪਰ ਆਈਆਂ ਟਹਿਣੀਆਂ ਦੇ ਕੋਣ ਚੌੜੇ ਹੋਣੇ ਚਾਹੀਦੇ ਹਨ। ਤੇਜ ਵੱਧਣ ਵਾਲੇ ਗੁੱਲੇ ਅਤੇ ਤਣੇ ਤੋਂ ਫੁੱਟਣ ਵਾਲੀਆਂ ਟਹਿਣੀਆਂ ਨੂੰ ਕੱਟਦੇ ਰਹਿਣਾ ਚਾਹੀਦਾ ਹੈ। ਇਹਨਾਂ ਸਾਲਾਂ ਵਿੱਚ ਦਰੱਖਤਾਂ ਦੀ ਜ਼ਿਆਦਾ ਕਾਂਟ-ਛਾਂਟ ਨਹੀਂ ਕਰਨੀ ਚਾਹੀਦੀ। ਨਾਸ਼ਪਾਤੀ ਦਾ ਫ਼ਲ ਖੁੰਘਿਆਂ ਉਪਰ ਲੱਗਦਾ ਹੈ ਜੋ ਲਗਾਤਾਰ ਲੱਗਭਗ 8 ਸਾਲ ਤੱਕ ਫ਼ਲ ਦਿੰਦੇ ਹਨ।

ਆੜੂ ਦੀ ਸਿਧਾਈ ਅਤੇ ਕਾਂਟ-ਛਾਂਟ:
ਆੜੂ ਵਿੱਚ ਸਿਧਾਈ ਅਤੇ ਕਾਂਟ-ਛਾਂਟ ਦਸੰਬਰ-ਜਨਵਰੀ ਦੇ ਮਹੀਨੇ ਵਿੱਚ ਕੀਤੀ ਜਾਂਦੀ ਹੈ ਜਦੋਂ ਬੂਟੇ ਸਥਿਲ ਅਵਸਥਾ ਵਿੱਚ ਹੁੰਦੇ ਹਨ। ਇਸ ਦੀ ਸਿਧਾਈ ਸੁਧਰੀ ਹੋਈ ਟੀਸੀ ਵਾਲੇ ਢੰਗ ਨਾਲ ਹੀ ਕੀਤੀ ਜਾਂਦੀ ਹੈ। ਇਸ ਪ੍ਰੀਕ੍ਰਿਆ ਨੂੰ 3-4 ਸਾਲ ਵਿੱਚ ਪੂਰਾ ਕੀਤਾ ਜਾਂਦਾ ਹੈ। ਇਸ ਨਾਲ ਬੂਟੇ ਦੇ ਅਕਾਰ ਨੂੰ ਸੀਮਿਤ ਕਰਨ ਵਿੱਚ ਅਤੇ ਹਰ ਵਰ੍ਹੇ ਫ਼ਲ ਲੱਗਣ ਵਾਲੀਆਂ ਨਵੀਆਂ ਟਹਿਣੀਆਂ ਪੈਦਾ ਕਰਨ ਵਿੱਚ ਮੱਦਦ ਮਿਲਦੀ ਹੈ। ਆੜੂ ਦੀ ਸਿਧਾਈ ਲਈ ਇਕ ਸਾਲ ਦੇ ਬੂਟੇ ਨਰਸਰੀ ਤੋਂ ਲਿਆ ਕੇ ਖੇਤ ਵਿੱਚ ਲਾਏ ਜਾਂਦੇ ਹਨ ਅਤੇ ਲਾਉਣ ਤੋਂ ਪਹਿਲਾ 90 ਸੈਂਟੀਮੀਟਰ ਦੀ ਉਚਾਈ ਤੋਂ ਕੱਟ ਦਿਤਾ ਜਾਂਦਾ ਹੈ।

ਇਹ ਵੀ ਪੜ੍ਹੋ : ਫ਼ਲਦਾਰ ਬੂਟਿਆਂ ਵਿੱਚ ਖਾਦਾਂ ਦੀ ਸਚੁੱਜੀ ਵਰਤੋਂ

ਲੰਬੇ ਸਮੇਂ ਤੱਕ ਬਰਕਰਾਰ ਰੱਖੋ ਬਾਗ ਦੀ ਸਿਹਤ

ਲੰਬੇ ਸਮੇਂ ਤੱਕ ਬਰਕਰਾਰ ਰੱਖੋ ਬਾਗ ਦੀ ਸਿਹਤ

ਜੇਕਰ ਬੂਟਿਆਂ ਦੇ ਪਾਸਿਆਂ ਤੇ ਸ਼ਾਖਾਵਾਂ ਹੋਣ ਤਾਂ 1-2 ਅੱਖਾਂ ਰੱਖ ਕੇ ਉਤੋਂ ਕੱਟ ਦੇਣਾ ਚਾਹੀਦਾ ਹੈ। ਮਾਰਚ ਦੇ ਮਹੀਨੇ ਬੂਟਿਆਂ ਦੇ ਤਣਿਆਂ 'ਤੇ ਕਈ ਸ਼ਾਖਾਵਾਂ ਉੱਗ ਪੈਂਦੀਆਂ ਹਨ। ਇਹਨਾਂ ਸ਼ਾਖਾਵਾਂ ਨੂੰ ਪੂਰਾ ਸਮਾਂ ਵੱਧ ਜਾਣ ਦੇਣਾ ਚਾਹੀਦਾ ਹੈ। ਜਨਵਰੀ ਦੇ ਮਹੀਨੇ ਜਦੋਂ ਇਹਨਾਂ ਦੇ ਪੱਤੇ ਝੱੜ ਜਾਣ ਤਾਂ ਉਦੋਂ ਬੂਟੇ ਤੇ 4-5 ਨਰੋਈਆਂ ਟਹਿਣੀਆਂ ਜਿਹੜੀਆਂ ਕਿ ਤਣੇ ਤੋਂ ਥੱਲੇ ਉੱਤੇ ਚਾਰ-ਚੁਫੇਰੇ ਹੋਣ ਉਨ੍ਹਾਂ ਨੂੰ ਚੁਣ ਕੇ ਬਾਕੀਆਂ ਨੂੰ ਮੁੱਢੋਂ 1-2 ਅੱਖਾਂ ਰੱਖ ਕੇ ਕੱਟ ਦੇਣਾ ਚਾਹੀਦਾ ਹੈ। ਸਭ ਤੋਂ ਹੇਠਲੀ ਟਹਿਣੀ ਜ਼ਮੀਨ ਤੋਂ 45 ਸੈਂਟੀਮੀਟਰ ਦੀ ਉਚਾਈ ਤੇ ਰੱਖਣੀ ਚਾਹੀਦੀ ਹੈ। ਜੇਕਰ ਇਸ ਸਮੇਂ ਲੋੜੀਂਦੀਆਂ ਟਹਿਣੀਆਂ ਪ੍ਰਾਪਤ ਨਾ ਹੋਣ ਤਾਂ ਇਹ ਅਗਲੇ ਸਾਲ ਦੇ ਵਾਧੇ ਮਗਰੋਂ ਚੁਣੀਆਂ ਜਾ ਸਕਦੀਆਂ ਹਨ।

ਬੂਟੇ ਲਾਉਣ ਤੋਂ ਦੂਜੇ ਸਾਲ ਗਰਮੀ ਅਤੇ ਵਰਖਾ ਰੁੱਤ ਦੇ ਬੂਟੇ ਦੀਆਂ ਚੁਣੀਆਂ ਹੋਈਆਂ ਟਹਿਣੀਆਂ ਅਤੇ ਹੋਰ ਸ਼ਾਖਾਵਾਂ ਤਿਆਰ ਹੁੰਦੀਆਂ ਹਨ। ਬੂਟੇ ਦੀ ਸਿੱਧੀ ਟਹਿਣੀ (ਲੀਡਰ) ਵੀ ਵੱਧਦੀ ਰਹਿੰਦੀ ਹੈ ਅਤੇ ਇਸ ਤੇ ਹੋਰ ਕਈ ਟਹਿਣੀਆਂ ਨਿਕਲ ਆਂਉਦੀਆਂ ਹਨ। ਇਨ੍ਹਾਂ ਟਹਿਣੀਆਂ ਵਿੱਚੋਂ 3-4 ਟਾਹਿਣੀਆਂ ਚੁੱਣ ਕੇ ਬਾਕੀਆਂ ਨੂੰ ਮੁੱਢ ਤੋਂ ਹੀ ਕੱਟ ਦੇਣਾ ਚਾਹੀਦਾ ਹੈ। ਇਸ ਸਮੇਂ ਲੀਡਰ ਟਹਿਣੀ ਨੂੰ ਵੀ ਹੇਠਲੀ ਕਿਸੇ ਪਾਸੇ ਦੀ ਟਹਿਣੀ ਦੇ ਨੇੜਿਉ ਰੱਖ ਕੇ ਕੱਟ ਦਿਉ ਤਾਂ ਕਿ ਇਸ ਦਾ ਵਾਧਾ ਰੁਕ ਜਾਵੇ। ਇਸ ਤਰੀਕੇ ਨਾਲ ਸਿਧਾਈ ਕੀਤੇ ਬੂਟਿਆਂ ਨੂੰ ਮਜਬੂਤ ਢਾਂਚਾ ਮਿਲਦਾ ਹੈ ਅਤੇ ਲੰਬੇ ਸਮੇਂ ਤੱਕ ਭਰਵਾਂ ਫ਼ਲ ਮਿਲਦਾ ਹੈ। ਆੜੂ ਦੀ ਸਿਧਾਈ ਦੇ ਨਾਲ-ਨਾਲ ਕਾਂਟ-ਛਾਂਟ ਵੀ ਅਤਿ ਜਰੂਰੀ ਹੈ।

ਆੜੂ ਦਾ ਫਲ ਬੂਟਿਆਂ ਦੀਆਂ ਇੱਕ ਸਾਲ ਪੁਰਾਣੀਆਂ ਟਹਿਣੀਆਂ ਨੂੰ ਲੱਗਦਾ ਹੈ। ਇਸ ਲਈ ਜਿਨ੍ਹਾਂ ਟਹਿਣੀਆਂ ਤੇ ਫ਼ਲ ਲੱਗਣ ਦੀ ਉਮੀਦ ਹੋਵੇ ਉਹਨਾਂ ਦੀ ਕਾਂਟ-ਛਾਂਟ ਕਰਨ ਦੇ ਨਾਲ-ਨਾਲ ਉਹਨਾਂ ਨੂੰ ਵਿਰਲੇ ਵੀ ਕਰਨਾ ਚਾਹੀਦਾ ਹੈ। ਕੁੱਝ ਲੰਮੀਆਂ ਅਤੇ ਫ਼ਲ ਨਾ ਦੇਣ ਵਾਲੀਆਂ ਟਹਿਣੀਆਂ ਨੂੰ ਉਤੋਂ ਕੱਟ ਕੇ ਛੋਟਾ ਕਰ ਦਿਉ ਤਾਂ ਜੋ ਬੂਟਿਆਂ ਦਾ ਵਾਧਾ ਸਹੀ ਹੋਵੇ ਅਤੇ ਵੱਡੇ ਆਕਾਰ ਦੇ ਵਧੇਰੇ ਫਲ ਲੱਗਣ। ਲੰਮੀਆਂ ਅਤੇ ਨੀਵੀਆਂ ਟਹਿਣੀਆਂ ਨੂੰ ਉੱਤੋਂ ਕੱਟ ਕੇ ਛੋਟਾ ਕਰ ਦਿਉ। ਬਿਮਾਰ,ਟੁੱਟੀਆਂ ਸੁਕੀਆਂ ਅਤੇ ਆਪਸ ਵਿੱਚ ਫਸਦੀਆਂ ਟਹਿਣੀਆਂ ਨੂੰ ਕੱਟ ਦਿਉ। ਜਿਹੜੇ ਟੱਕ 5 ਸੈਟੀਮੀਟਰ ਤੋਂ ਮੋਟੇ ਹੁੰਦੇ ਹਨ ਉਨਾਂ ਨੂੰ ਬੋਰਡੋ ਪੇਸਟ (ਨੀਲਾ ਥੋਥਾ 2 ਕਿਲੋ ਅਣਬੁਝਿਆ ਚੂਨਾ 3 ਕਿਲੋ 30 ਲਿਟਰ ਪਾਣੀ) ਅਤੇ ਦੋ ਹਫਤੇ ਬਾਅਦ ਬੋਰਡੋ ਪੇਂਟ (ਨੀਲਾ ਥੋਥਾ 1 ਕਿਲੋ, ਅਣਬੂਝਿਆ ਚੂਨਾ 2 ਕਿਲੋ ਅਲਸੀ ਦਾ ਤੇਲ 3 ਲਿਟਰ) ਦਾ ਲੇਪ ਲਾ ਦਿਉ।

ਇਹ ਵੀ ਪੜ੍ਹੋ : Peach Cultivation ਰਾਹੀਂ ਕਿਸਾਨਾਂ ਦੀ ਆਮਦਨ ਦੁੱਗਣੀ

ਲੰਬੇ ਸਮੇਂ ਤੱਕ ਬਰਕਰਾਰ ਰੱਖੋ ਬਾਗ ਦੀ ਸਿਹਤ

ਲੰਬੇ ਸਮੇਂ ਤੱਕ ਬਰਕਰਾਰ ਰੱਖੋ ਬਾਗ ਦੀ ਸਿਹਤ

ਅਲੂਚੇ ਦੀ ਸਿਧਾਈ ਅਤੇ ਕਾਂਟ-ਛਾਂਟ:
ਅਲੂਚੇ ਦੇ ਬੂਟਿਆਂ ਦੀ ਸਿਧਾਈ ਵੀ ਸੁਧਰੀ ਟੀਸੀ ਢੰਗ ਨਾਲ ਕੀਤੀ ਜਾਂਦੀ ਹੈ ਅਤੇ ਇਸ ਦੀ ਸਿਧਾਈ ਦਾ ਕੰਮ ਤਿੰਨ ਸਾਲਾਂ ਵਿੱਚ ਪੂਰਾ ਹੁੰਦਾ ਹੈ। ਪਹਿਲੇ ਸਾਲ ਇੱਕ ਸਾਲ ਦੀ ਉਮਰ ਦੇ ਤਕਰੀਬਨ ਇੱਕ ਮੀਟਰ ਲੰਬੇ ਬੂਟੇ ਜਨਵਰੀ ਦੇ ਮਹੀਨੇ ਜਾਂ ਫਰਵਰੀ ਦੇ ਪਹਿਲੇ ਪੰਦਰਵਾੜੇ ਵਿੱਚ ਖੇਤ ਵਿੱਚ ਲਗਾਏ ਜਾਂਦੇ ਹਨ। ਬੂਟੇ ਲਾਉਣ ਤੋਂ ਬਾਅਦ ਇਹਨਾਂ ਦੀ 8-10 ਸੈਂਟੀਮੀਟਰ ਕੱਚੀ ਟੀਸੀ ਕੱਟ ਦਿਉ। ਜੇਕਰ ਤਣੇ ਤੇ ਹੋਰ ਸ਼ਾਖਾਵਾਂ ਵੀ ਉੱਗੀਆਂ ਹੋਣ ਤਾਂ ਉਹਨਾਂ ਤੇ ਛੋਟੇ ਖੁੰਘੇ ਰੱਖ ਕੇ ਉੱਪਰੋਂ ਕੱਟ ਦਿਉ। ਇਸ ਤੋਂ ਬਾਅਦ ਬਹਾਰ ਰੁੱਤ ਆਉਣ ਤੇ ਬੂਟਿਆਂ ਤੇ ਕਾਫੀ ਸ਼ਾਖਾਵਾਂ ਨਿਕਲ ਜਾਂਦੀਆਂ ਹਨ। ਇਹਨਾਂ ਸ਼ਾਖਾਵਾਂ ਦਾ ਗਰਮੀ ਅਤੇ ਬਰਸਾਤ ਰੁੱਤ ਵਿੱਚ ਕਾਫੀ ਵਾਧਾ ਹੂੰਦਾ ਹੈ।

ਫਿਰ ਦੂਸਰੇ ਸਾਲ ਸਰਦੀ ਰੁੱਤ ਵਿੱਚ ਜਦੋਂ ਇਹ ਬੂਟੇ ਪੱਤੇ ਝਾੜ ਦਿੰਦੇ ਹਨ ਅਤੇ ਨੀਂਦਰ ਅਵਸਥਾ ਵਿੱਚ ਹੁੰਦੇ ਹਨ। ਉਦੋਂ ਤਣੇ ਉੱਤੇ ਚਾਰ ਚੁਫੇਰੇ ਵੱਲ 15-20 ਸੈਂਟੀਮੀਟਰ ਵਿੱਥ ਤੇ ਤਣੇ ਉੱਤੇ ਉਗੀਆਂ 4-5 ਟਹਿਣੀਆਂ ਨੂੰ ਚੁੱਣ ਕੇ ਬਾਕੀ ਟਹਿਣੀਆਂ ਨੂੰ ਮੁੱਢੋਂ ਕੱਟ ਦਿਉ। ਤਣੇ ਦੀ ਸਭ ਤੋਂ ਨੀਵੀਂ ਟਹਿਣੀ 45 ਸੈਟੀਮੀਟਰ ਉੱਚੀ ਹੋਣੀ ਚਾਹੀਦੀ ਹੈ। ਇਸ ਤੋਂ ਬਾਅਦ ਬੂਟੇ ਨੂੰ ਵੱਧਣ ਦਿਉ ਬੁਟਿਆਂ ਦੀ ਲੀਡਰ ਟਹਿਣੀ ਅਤੇ ਹੋਰ ਮੁੱਖ ਟਹਿਣੀਆਂ ਤੇ ਨਵੀਆਂ ਟਹਿਣੀਆਂ ਉੱਘਦੀਆਂ ਹਨ।

ਇਸ ਤੋਂ ਪਿੱਛੋਂ ਤੀਜੇ ਸਾਲ ਪੱਤਝੜ ਰੁੱਤੇ ਜਦੋਂ ਇਹ ਬੂਟੇ ਸਥਿਲ ਅਵਸਥਾ ਵਿੱਚ ਹੋਣ ਉਸ ਸਮੇਂ ਇਹਨਾਂ ਟਹਿਣੀਆਂ ਵਿੱਚੋਂ ਸਹੀ ਵਿੱਥ ਵਾਲੀਆਂ ਟਹਿਣੀਆਂ ਨੂੰ ਚੁਣ ਲਵੋ ਅਤੇ ਬਾਕੀਆਂ ਨੂੰ ਮੁੱਢੋਂ ਕੱਟ ਦਿਉ। ਇਸ ਸਮੇਂ ਬੂਟੇ ਦੇ ਢਾਂਚੇ ਦਾ ਸਹੀ ਵਿਕਾਸ ਹੋ ਜਾਂਦਾ ਹੈ। ਲੀਡਰ ਟਾਹਣੀ ਨੂੰ ਕਿਸੇ ਵਧੀ ਹੋਈ ਟਹਿਣੀ ਦੇ ਨੇੜੇ ਰੱਖ ਕੇ ਕੱਟ ਦਿਉ। ਇਸ ਤਰ੍ਹਾਂ ਸੁਧਰੀ ਟੀਸੀ ਨਾਲ ਸਿਧਾਈ ਕੀਤਾ ਬੂਟਾ ਪੂਰਾ ਅਤੇ ਗੁਣਵੱਤਾ ਭਰਪੂਰ ਫ਼ਲ ਦਿੰਦਾ ਹੈ। ਅਲੂਚੇ ਨੂੰ ਫ਼ਲ, ਕਿਸਮ ਮੁਤਾਬਿਕ 3-4 ਸਾਲ ਦੀ ਉਮਰ ਵਿੱਚ ਇੱਕ ਸਾਲ ਦੀ ਉਮਰ ਦੀਆਂ ਟਹਿਣੀਆਂ ਅਤੇ ਅਤੇ ਛੋਟੀਆਂ ਖੁੰਘੀਆਂ ਤੇ ਲੱਗਦਾ ਹੈ। ਇਸ ਲਈ ਬੂਟਿਆਂ ਦੀ ਹਰ ਵਰ੍ਹੇ ਹਲਕੀ ਕਾਂਟ-ਛਾਂਟ ਜਨਵਰੀ ਦੇ ਪਹਿਲੇ ਪੰਦਰਵਾੜੇ ਤੱਕ ਕਰ ਦੇਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਕਿੰਨੂ ਮੈਂਡਰਿਨ ਦੀ ਚੰਗੀ ਪੈਦਾਵਾਰ ਲਈ ਸੁਝਾਅ, ਗੂੰਦੀਆ ਰੋਗ ਦੇ ਪ੍ਰਬੰਧਨ ਲਈ ਢੁਕਵੇਂ ਤਰੀਕੇ

ਲੰਬੇ ਸਮੇਂ ਤੱਕ ਬਰਕਰਾਰ ਰੱਖੋ ਬਾਗ ਦੀ ਸਿਹਤ

ਲੰਬੇ ਸਮੇਂ ਤੱਕ ਬਰਕਰਾਰ ਰੱਖੋ ਬਾਗ ਦੀ ਸਿਹਤ

ਅੰਗੂਰਾਂ ਦੀਆਂ ਵੇਲਾਂ ਦੀ ਸਿਧਾਈ ਅਤੇ ਕਾਂਟ-ਛਾਂਟ:
ਅੰਗੂਰਾਂ ਦੀਆਂ ਵੇਲਾਂ ਦੀ ਸਿਧਾਈ ‘ਬਾਵਰ’ ਅਤੇ ‘ਵਾਈ’ ਸਿਸਟਮ ਨਾਲ ਕਰਨੀ ਚਾਹੀਦੀ ਹੈ । ਮੁੱਖ ਟਹਿਣੀਆਂ ਅਤੇ ਵਿੱਚੋਂ ਨਿਕਲੀਆਂ ਹੋਰ ਟਹਿਣੀਆਂ ਦੋਵੇਂ ਪਾਸੇ ਫੈਲਾ ਦਿਉ ਅਤੇ ਇਨ੍ਹਾਂ ਟਹਿਣੀਆਂ ਵਿੱਚੋਂ ਹੋਰ ਟਹਿਣੀਆਂ ਨਿੱਕਲਨ ਦਿਉ । ਹਰ ਵੇਲ ਉੱਤੇ 60-80 ਸ਼ਾਖਾਵਾਂ ਰਹਿਣ ਦਿਉ ਜੋ ਕਿ 3ਗ3 ਮੀਟਰ ਦੀ ਦੂਰੀ ਤੇ ਹੋਣ । ਜਨਵਰੀ ਤੇ ਫਰਵਰੀ ਦੇ ਪਹਿਲੇ ਪੰਦਰਵਾੜੇ ਵਿੱਚ ਪੁਰਾਣੀਆਂ ਵੇਲਾ ਤੇ ਹਰ ਸ਼ਾਖ ਦੇ ਮੁੱਢੋਂ ਚਾਰ ਅੱਖਾਂ ਛੱਡ ਕੇ ਸੁੱਕੀਆਂ ਟਹਿਣੀਆਂ ਛਾਂਗ ਦਿਉ । ਵੇਲਾਂ ਦੀ ਸਿਧਾਈ ਅੰਗਰੇਜੀ ਦੇ ਅੱਖਰ ਵਾਈ ਢੰਗ ਨਾਲ ਵੀ ਕੀਤੀ ਜਾ ਸਕਦੀ ਹੈ । ਇਸ ਢੰਗ ਨਾਲ 1.5ਗ4.0 ਮੀਟਰ ਦੇ ਫ਼ਾਸਲੇ ਤੇ 666 ਬੂਟੇ ਪ੍ਰਤੀ ਏਕੜ ਲਾਏ ਜਾ ਸਕਦੇ ਹਨ। ਇਸ ਢੰਗ ਨਾਲ ਕੀਤੀ ਸੁਧਾਈ ਕਰਨ ਨਾਲ ਅੰਗੂਰਾਂ ਦੀ ਗੁਣਵਤਾ ਸੁਧਾਰ ਹੁੰਦੀ ਹੈ ਅਤੇ ਪਕਾਈ ਵੀ ਇਕ ਹਫ਼ਤਾ ਪਹਿਲਾਂ ਹੋ ਜਾਂਦੀ ਹੈ।

ਇਹ ਵੀ ਪੜ੍ਹੋ : ਅੰਮ੍ਰਿਤ ਫਲ “Amla” ਦੀ ਕਾਸ਼ਤ ਅਤੇ ਪ੍ਰੋਸੈਸਿੰਗ ਦਾ ਸਭ ਤੋਂ ਵਧੀਆ ਤਰੀਕਾ

ਅਨਾਰ, ਫ਼ਾਲਸਾ ਅਤੇ ਅੰਜੀਰ ਦੀ ਸਿਧਾਈ ਅਤੇ ਕਾਂਟਛਾਂਟ:
ਅਨਾਰ ਦੇ ਪੌਦਿਆਂ ਦਾ 30 ਸੈਂਟੀਮੀਟਰ ਦੀ ਉੱਚਾਈ ਤੱਕ ਇੱਕੋ ਤਣਾ ਰੱਖੋ ਅਤੇ ਮੁੱਢਲੀਆਂ ਸ਼ਾਖਾਂਵਾਂ ਜੋ ਜ਼ਮੀਨ ਤੇ ਲੱਗਦੀਆਂ ਹੋਣ ਉਹਨਾਂ ਨੂੰ ਲਗਾਤਾਰ ਕੱਟਦੇ ਰਹੋ। ਸੁੱਕੀਆਂ, ਬਿਮਾਰੀ ਅਤੇ ਆਪਸ ਵਿੱਚ ਫਸਦੀਆਂ ਟਾਹਣੀਆਂ ਨੂੰ ਕੱਟਦੇ ਰਹੋ ਅਤੇ ਮੁੱਖ ਤਣੇ ਤੋਂ ਨਿੱਕਲੇ ਪੜਸੂੰਏ ਵੀ ਕੱਟਦੇ ਰਹੋ। ਫ਼ਾਲਸੇ ਦੇ ਬੂਟਿਆਂ ਦੀ ਕਾਂਟ-ਛਾਂਟ ਵੀ ਹਰ ਸਾਲ ਜਨਵਰੀ-ਫ਼ਰਵਰੀ ਵਿੱਚ ਧਰਤੀ ਦੇ ਬਰਾਬਰ ਕਰੋ, ਪਰ ਜੇ ਬੂਟੇ ਦੀ ਸਿਧਾਈ ਇੱਕ ਮੀਟਰ 'ਤੇ ਕੀਤੀ ਹੋਵੇ ਤਾਂ ਉਸ ਦੀ ਕਾਂਟ-ਛਾਂਟ ਹਰ ਸਾਲ ਉਸੇ ਉੱਚਾਈ ਤੇ ਕਰੋ।

ਅੰਜ਼ੀਰ ਦੇ ਬੂਟਿਆਂ ਦੀ ਸਿਧਾਈ ‘ਸੁਧਰੇ ਮੁੱਢ’ ਢੰਗ ਨਾਲ ਕੀਤੀ ਜਾਂਦੀ ਹੈ ਅਤੇ ਸਿਧਾਈ ਦਾ ਕੰਮ ਬੂਟੇ ਲਗਾਉਣ ਤੋਂ ਤਿੰਨ ਚਾਰ ਸਾਲ ਅੰਦਰ ਪੂਰਾ ਕਰ ਲਿਆ ਜਾਂਦਾ ਹੈ। ਕਿਉਂਕਿ ਅੰਜ਼ੀਰ ਦਾ ਫ਼ਲ ਚਾਲੂ ਮੌਸਮ ਦੌਰਾਨ ਫੁੱਟੀਆਂ-ਨਵੀਆਂ ਸ਼ਾਖਾਂ ਦੇ ਪੱਤਿਆਂ ਦੇ ਧੁਰੇ ਵਿੱਚ ਲੱਗਦਾ ਹੈ ਇਸ ਲਈ ਸਰਦੀਆਂ ਵਿੱਚ ਹਲਕੀ ਕਾਂਟ-ਛਾਂਟ ਨਾਲ ਨਵੀਆਂ ਸ਼ਾਖਾਵਾਂ ਜ਼ਿਆਦਾ ਬਣਦੀਆਂ ਹਨ ਅਤੇ ਭਰਪੂਰ ਫ਼ਲ ਲੱਗਦਾ ਹੈ। ਅੰਜ਼ੀਰ ਦੇ ਬੂਟਿਆਂ ਦੀ ਭਰਵੀਂ ਕਟਾਈ ਹਰ ਤੀਜੇ ਸਾਲ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਸਾਲ ਦੀਆਂ ਪਤਲੀਆਂ, ਸੁੱਕੀਆਂ, ਟੁੱਟੀਆਂ ਅਤੇ ਬਿਮਾਰ ਟਾਹਣੀਆਂ ਵੀ ਕੱਟ ਦਿਉ ਅਤੇ ਕੱਟੇ ਹੋਏ ਸਿਰਿਆਂ ਤੇ ਬੋਰਡੋ ਪੇਸਟ ਲਗਾਉ ।

ਰਚਨਾ ਅਰੋੜਾ ਅਤੇ ਐਨ ਕੇ ਅਰੋੜਾ, ਫ਼ਲ ਵਿਗਿਆਨ ਵਿਭਾਗ
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)

Summary in English: Techniques for pruning and training of deciduous fruit plants

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters