1. Home
  2. ਖੇਤੀ ਬਾੜੀ

ਪੀਏਯੂ ਵੱਲੋਂ ਸਿਫਾਰਿਸ਼ ਇਨ੍ਹਾਂ ਤਕਨੀਕਾਂ ਨੂੰ ਅਪਣਾਓ ਤੇ ਗੰਨੇ ਦੀ ਫ਼ਸਲ ਨੂੰ ਕੋਰੇ ਤੋਂ ਬਚਾਓ

ਇਨ੍ਹਾਂ ਤਕਨੀਕਾਂ ਨੂੰ ਅਪਣਾਉਣ ਨਾਲ ਨਾ ਸਿਰਫ ਗੰਨੇ ਦੀ ਫ਼ਸਲ 'ਤੇ ਕੋਰੇ ਦੇ ਪ੍ਰਭਾਵ ਨੂੰ ਘਟਾਇਆ ਜਾ ਸਕਦਾ ਹੈ, ਸਗੋਂ ਗੰਨੇ ਦੀ ਉਤਪਾਦਕਤਾ, ਗੁਣਵੱਤਾ ਅਤੇ ਆਮਦਨ 'ਚ ਵੀ ਵਾਧਾ ਕੀਤਾ ਜਾ ਸਕਦਾ ਹੈ।

Gurpreet Kaur Virk
Gurpreet Kaur Virk

ਇਨ੍ਹਾਂ ਤਕਨੀਕਾਂ ਨੂੰ ਅਪਣਾਉਣ ਨਾਲ ਨਾ ਸਿਰਫ ਗੰਨੇ ਦੀ ਫ਼ਸਲ 'ਤੇ ਕੋਰੇ ਦੇ ਪ੍ਰਭਾਵ ਨੂੰ ਘਟਾਇਆ ਜਾ ਸਕਦਾ ਹੈ, ਸਗੋਂ ਗੰਨੇ ਦੀ ਉਤਪਾਦਕਤਾ, ਗੁਣਵੱਤਾ ਅਤੇ ਆਮਦਨ 'ਚ ਵੀ ਵਾਧਾ ਕੀਤਾ ਜਾ ਸਕਦਾ ਹੈ।

ਗੰਨੇ ਦੀ ਫ਼ਸਲ ਨੂੰ ਕੋਰੇ ਤੋਂ ਬਚਾਓ

ਗੰਨੇ ਦੀ ਫ਼ਸਲ ਨੂੰ ਕੋਰੇ ਤੋਂ ਬਚਾਓ

ਗੰਨਾ ਪੰਜਾਬ ਵਿੱਚ ਲਗਭਗ 1.0 ਲੱਖ ਹੈਕਟੇਅਰ ਰਕਬੇ ਵਿੱਚ ਬੀਜੀ ਜਾਣ ਵਾਲੀ ਇੱਕ ਮਹੱਤਵਪੂਰਨ ਖੰਡ ਪੈਦਾ ਕਰਨ ਵਾਲੀ ਫ਼ਸਲ ਹੈ। ਗੰਨਾ ਸ਼ੁਗਰ ਮਿੱਲਾਂ ਨੂੰ ਸਪਲਾਈ ਕੀਤਾ ਹੀ ਜਾਂਦਾ ਹੈ, ਪਰ ਦੱਖਣ ਪੱਛਮੀ ਜ਼ਿਲ੍ਹਿਆਂ ਵਿੱਚ ਕਿਸਾਨ ਜੂਸ ਵਾਸਤੇ ਵੇਚਣ ਲਈ ਅਤੇ ਗੁੜ ਬਣਾਉਣ ਲਈ ਵੀ ਗੰਨੇ ਦੀ ਬੀਜਾਈ ਕਰਦੇ ਹਨ। ਪਰ ਫ਼ਸਲ 'ਤੇ ਕੋਰੇ ਦੀ ਮਾਰ ਅਕਸਰ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੰਦੀਆਂ ਹਨ। ਅਜਿਹੇ 'ਚ ਅੱਜ ਅੱਸੀ ਪੀਏਯੂ ਵੱਲੋਂ ਸਿਫਾਰਿਸ਼ ਕੀਤੀਆਂ ਤਕਨੀਕਾਂ ਨੂੰ ਆਪਣਾ ਕੇ ਗੰਨੇ ਦੀ ਫ਼ਸਲ ਨੂੰ ਕੋਰੇ ਤੋਂ ਆਸਾਨੀ ਨਾਲ ਬਚਾ ਸਕਦੇ ਹਾਂ। ਆਓ ਜਾਣਦੇ ਹਾਂ ਕਿਵੇਂ...

ਪੰਜਾਬ ਵਿੱਚ ਕਮਾਦ ਦੀ ਫ਼ਸਲ ਦਾ ਤਕਰੀਬਨ 80 ਪ੍ਰਤੀਸ਼ਤ ਵਾਧਾ ਮਾਨਸੂਨ ਦੇ ਮਹੀਨਿਆਂ (ਜੁਲਾਈ, ਅਗਸਤ ਅਤੇ ਸਤੰਬਰ) ਵਿੱਚ ਹੀ ਹੁੰਦਾ ਹੈ, ਜਦੋਂਕਿ ਫ਼ਸਲ ਲਈ ਤਾਪਮਾਨ ਅਤੇ ਨਮੀ ਬਹੁਤ ਢੁੱਕਵੀਂ ਹੁੰਦੀ ਹੈ। ਇੱਕ ਲੰਬੇ ਸਮੇਂ ਦੀ ਫ਼ਸਲ ਹੋਣ ਕਰਕੇ ਗੰਨਾ ਵੱਖ-ਵੱਖ ਮੌਸਮੀ ਹਲਾਤਾਂ ਵਿੱਚੋਂ ਲੰਘਦਾ ਹੈ। ਤਾਪਮਾਨ ਵਿੱਚ ਅਚਾਨਕ ਗਿਰਾਵਟ ਕਾਰਨ ਜ਼ਮੀਨ ਉੱਤੇ ਤ੍ਰੇਲ ਜੰਮ ਜਾਂਦੀ ਹੈ ਅਤੇ ਬਰਫ਼ ਦੀ ਇੱਕ ਪਤਲੀ ਪਰਤ ਬਣ ਜਾਂਦੀ ਹੈ ਜਿਸ ਨੂੰ ਕੋਰਾ ਕਿਹਾ ਜਾਂਦਾ ਹੈ।

ਇਸ ਲਈ ਭਾਵੇਂ ਗੰਨਾ ਖੰਡ ਮਿੱਲਾ ਨੂੰ ਸਪਲਾਈ ਕਰਨ ਲਈ ਬੀਜੀਆਂ ਹੋਵੇ ਜਾਂ ਜੂਸ ਵੇਚਣ ਵਾਲਿਆਂ ਲਈ ਅਤੇ ਗੁੜ ਬਣਾਉਣ ਲਈ ਬੀਜੀਆਂ ਹੋਵੇ, ਇਸ ਨੂੰ ਕੋਰੇ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਕੋਰਾ ਜੂਸ ਦੀ ਕੁਆਲਿਟੀ ਉੱਪਰ ਵੀ ਮਾੜਾ ਅਸਰ ਪਾਉਂਦਾ ਹੈ। ਇਸੇ ਤਰ੍ਹਾਂ, ਬਸੰਤ ਰੁੱਤ ਵਿੱਚ ਬੀਜ ਲਈ ਰੱਖੇ ਹੋਏ ਗੰਨੇ ਦੇ ਬੀਜ ਦੀ ਗੁਣਵੱਤਾ ਕੋਰੇ ਤੋਂ ਖ਼ਰਾਬ ਹੋ ਜਾਂਦੀ ਹੈ ਅਤੇ ਉੱਗਣ ਦੀ ਸਮਰੱਥਾ ਵੀ ਪ੍ਰਭਾਵਿਤ ਹੁੰਦੀ ਹੈ।

ਇਹ ਵੀ ਪੜ੍ਹੋ : ਗੰਨੇ ਦੀ ਨਵੀਂ ਕਿਸਮ ਦਾ ਸਫਲ ਪ੍ਰੀਖਣ, 55 ਟਨ ਪ੍ਰਤੀ ਏਕੜ ਝਾੜ, ਬਿਜਾਈ ਦੀ ਲਾਗਤ ਅੱਧੇ ਤੋਂ ਵੀ ਘੱਟ

ਕੋਰੇ ਦੀ ਮਾਰ ਗੰਨੇ ਦੇ ਬੀਜ ਦੀਆਂ ਅੱਖਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਜਿਸ ਕਾਰਨ ਗੰਨੇ ਦੀ ਉੱਗਣ ਸ਼ਕਤੀ ਘੱਟ ਜਾਂਦੀ ਹੈ ਅਤੇ ਖੇਤ ਵਿੱਚ ਬੂਟਿਆਂ ਦੀ ਗਿਣਤੀ ਉੱਪਰ ਮਾੜਾ ਅਸਰ ਪੈਂਦਾ ਹੈ। ਇਸ ਤੋਂ ਇਲਾਵਾ, ਨਵੰਬਰ-ਦਸੰਬਰ ਦੌਰਾਨ ਕਟਾਈ ਕੀਤੇ ਗੰਨੇ ਦੇ ਮੂਢੇ ਕਮਾਦ ਨੂੰ ਵੀ ਕੋਰੇ ਤੋਂ ਬਚਾਉਣਾ ਜਰੂਰੀ ਹੈ। ਭਾਰਤ ਦੇ ਕਈ ਸੂਬਿਆਂ (ਜਿਵੇਂ ਕਿ, ਪੰਜਾਬ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ) ਜਿੱਥੇ ਫ਼ਸਲ ਦੇ ਵਧਣ-ਫੁੱਲਣ ਵਾਸਤੇ ਅਨੁਕੂਲਿਤ ਮੌਸਮ ਘੱਟ ਹੁੰਦਾ ਹੈ, ਗੰਨੇ ਤੋਂ ਵੱਧ ਉਤਪਾਦਨ ਲੈਣ ਲਈ ਬਹੁਤ ਘੱਟ ਤਾਪਮਾਨ ਅਤੇ ਕੋਰੇ ਤੋਂ ਬਚਾਉਣਾ ਜਰੂਰੀ ਹੋ ਜਾਂਦਾ ਹੈ।

ਆਮਤੋਰ ਤੇ, ਥੋੜ੍ਹਾ ਜਿਹਾ ਕੋਰਾ ਪੱਤਿਆਂ ਨੂੰ ਫੈਲਣ ਵੇਲੇ ਨੁਕਸਾਨ ਪਹੁੰਚਾਉਂਦਾ ਹੈ, ਜਦੋਂਕਿ ਬਹੁਤ ਜ਼ਿਆਦਾ ਕੋਰਾ ਨਵੇਂ ਪੱਤਿਆਂ ਦੀ ਮੌਤ ਦਾ ਕਾਰਨ ਬਣਦਾ ਹੈ। ਇਸੇ ਤਰ੍ਹਾਂ, ਕੋਰੇ ਦੇ ਬਹੁਤ ਗੰਭੀਰ ਹਲਾਤਾਂ ਵਿੱਚ ਪੌਦੇ ਦੇ ਅੰਦਰੂਨੀ ਸ਼ੈਲਾਂ ਦੇ ਨਸਟ ਹੇਣ ਕਾਰਨ ਕਮਾਦ ਖੋਖਲਾ ਹੋ ਜਾਂਦਾ ਹੈ। ਸਿਹਤਮੰਦ ਗੰਨੇ ਦੇ ਮੁਕਾਬਲੇ, ਕੋਰਾ ਪ੍ਰਭਾਵਿਤ ਗੰਨੇ ਵਿਚੋਂ ਖੰਡ ਦੀ ਘੱਟ ਅਤੇ ਗੈਰ- ਖੰਡ ਦੀ ਵੱਧ ਮਾਤਰਾ ਨਾਲ ਤੇਜ਼ਾਬ ਬਣ ਜਾਂਦਾ ਹੈ। ਕੋਰਾ ਸਿਰਫ ਗੰਨੇ ਦਾ ਵਿਕਾਸ, ਖੰਡ ਦੀ ਮਾਤਰਾ ਅਤੇ ਗੁਣਵੱਤਾ ਨੂੰ ਹੀ ਨਹੀਂ ਘਟਾਉਂਦਾ ਹੈ ਸਗੋਂ ਗੰਨੇ ਦੀ ਫਸਲ ਵਿੱਚ ਕੀੜੇ-ਮਕੌੜਿਆਂ, ਬਿਮਾਰੀਆਂ ਅਤੇ ਨਦੀਨਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ।

ਗੰਨੇ ਦੀ ਫ਼ਸਲ ਨੂੰ ਕੋਰੇ ਦੀ ਮਾਰ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਪੰਜਾਬ ਦੀਆਂ ਖੰਡ ਮਿੱਲਾਂ ਅਪ੍ਰੈਲ ਦੇ ਅੰਤ ਤੱਕ ਪਿੜਾਈ ਕਰਦੀਆਂ ਹਨ। ਇਸ ਲਈ ਅੰਤ ਤੱਕ ਗੰਨੇ ਦੀ ਨਿਰੰਤਰ ਸਪਲਾਈ ਦੀ ਲੋੜ ਹੁੰਦੀ ਹੈ। ਜੂਸ ਵਿਕਰੇਤਾਵਾਂ ਨੂੰ ਗੰਨਾ ਵੇਚਣ ਲਈ ਵੀ ਕਿਸਾਨਾਂ ਨੂੰ ਗੰਨੇ ਦੀ ਫ਼ਸਲ ਨੂੰ ਲੰਬੇ ਸਮੇਂ ਤੱਕ ਖੇਤ ਵਿੱਚ ਰੱਖਣਾ ਪੈਂਦਾ ਹੈ।

ਇਹ ਵੀ ਪੜ੍ਹੋ : ਗੰਨੇ ਦੀ ਖੇਤੀ ਦੀ ਬਿਹਤਰ ਤਕਨੀਕ, ਹੁਣ ਕਿਸਾਨਾਂ ਨੂੰ ਮਿਲੇਗਾ 30 ਫੀਸਦੀ ਵੱਧ ਝਾੜ

ਹੇਠਾਂ ਦਿੱਤੀਆਂ ਤਕਨੀਕਾਂ ਨੂੰ ਅਪਣਾਓ:

• ਗੰਨੇ ਦੀਆਂ ਕਿਸਮਾਂ ਸੀ ਓ ਪੀ ਬੀ 95, ਸੀ ਓ ਪੀ ਬੀ 96, ਸੀ ਓ ਪੀ ਬੀ 98, ਸੀ ਓ ਪੀ ਬੀ 92, ਸੀ ਓ ਜੇ 85, ਸੀ ਓ 118, ਸੀ ਓ ਜੇ 64, ਸੀ ਓ ਪੀ ਬੀ 93, ਸੀ ਓ ਪੀ ਬੀ 94, ਸੀ ਓ ਪੀ ਬੀ 91, ਸੀ ਓ 238 ਅਤੇ ਸੀ ਓ ਜੇ 88 ਵਿੱਚ ਕੁਝ ਹੱਦ ਤੱਕ ਕੋਰੇ ਨੂੰ ਸਹਿਣ ਕਰਨ ਦੀ ਅੰਦਰੂਨੀ ਸਮਰੱਥਾ ਹੁੰਦੀ ਹੈ। ਇਸ ਲਈ ਵੱਧ ਝਾੜ ਅਤੇ ਗੁਣਵੱਤਾ ਲਈ ਪੀ.ਏ.ਯੂ. ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਹੀ ਬੀਜੋ। ਤੇਜ਼ੀ ਨਾਲ ਵੱਧਣ ਵਾਲੀਆਂ ਕਿਸਮਾਂ ਘੱਟ ਮਿਆਦ ਵਿੱਚ ਜਿਆਦਾ ਮਿਠਾਸ ਦਿੰਦੀਆਂ ਹਨ ਅਤੇ ਕੋਰੇ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਅ ਵਿੱਚ ਵੀ ਸਹਾਈ ਹੁੰਦੀਆਂ ਹਨ।

• ਸਿਹਤਮੰਦ ਫ਼ਸਲ ਕੋਰੇ ਨੂੰ ਕਾਫੀ ਹਦ ਤੱਕ ਸਹਿਣ ਕਰ ਸਕਦੀ ਹੈ ਜਦਕਿ, ਮਾੜੀ ਅਤੇ ਖਰਾਬ ਫ਼ਸਲ ਉੱਤੇ ਇਸਦਾ ਵਧੇਰੇ ਅਸਰ ਹੁੰਦਾ ਹੈ। ਇਸ ਲਈ ਸਿਹਤਮੰਦ ਫਸਲ ਲੈਣ ਲਈ ਸਿਫਾਰਸ਼ ਕੀਤੀ ਖਾਦਾਂ ਦੀ ਵਰਤੋਂ ਨੂੰ ਯਕੀਨੀ ਬਣਾਉ। ਗੰਨੇ ਦੀ ਫ਼ਸਲ ਤੋਂ ਵੱਧ ਆਮਦਨ ਲੈਣ ਲਈ ਪੀ.ਏ.ਯੂ. ਦੀਆਂ ਸਿਫਾਰਸਾਂ ਅਪਣਾਓ।

• ਕੋਰੇ ਦਾ ਅਸਰ ਖੜ੍ਹੀ ਫ਼ਸਲ ਦੇ ਮੁਕਾਬਲੇ ਡਿੱਗੀ ਫ਼ਸਲ ਉੱਤੇ ਜਿਆਦਾ ਦੇਖਿਆ ਗਿਆ ਹੈ ਇਸ ਲਈ ਜੂਨ ਦੇ ਅੰਤ ਤੱਕ ਕਤਾਰਾਂ ਦੇ ਨਾਲ ਨਾਲ ਮਿੱਟੀ ਚੜ੍ਹਾ ਦੇਣੀ ਚਾਹੀਦੀ ਹੈ। ਅਗਸਤ ਦੇ ਅਖੀਰ ਵਿੱਚ ਜਾਂ ਸਤੰਬਰ ਦੇ ਸ਼ੁਰੂ ਵਿੱਚ ਫ਼ਸਲ ਦੇ ਮੂੰਏ ਬੰਨ੍ਹ ਦਿਉ। ਕਮਾਦ ਦੇ ਪੱਤਿਆਂ ਨੂੰ ਵੱਟ ਚਾੜ੍ਹ ਕੇ ਰੱਸੀ ਬਣਾ ਲਓ ਅਤੇ ਇੱਕ ਮੂਆ ਛੱਡ ਕੇ ਦੂਸਰੇ ਦੇ ਵਿੱਚੋਂ ਲੰਘਾਉਂਦੇ ਜਾਓ। ਇਸ ਤਰ੍ਹਾਂ ਫ਼ਸਲ ਦਾ ਵਾਧਾ ਨਹੀਂ ਰੁਕਦਾ ਜਦਕਿ ਦੋ ਕਤਾਰਾਂ ਦੇ ਇਕੱਠੇ ਮੂੰਏ ਬੰਨ੍ਹਣ ਨਾਲ ਵਧਣ ਵਿੱਚ ਰੁਕਾਵਟ ਪੈਂਦੀ ਹੈ।

• ਪਾਣੀ ਮਿੱਟੀ ਦੇ ਤਾਪਮਾਨ ਨੂੰ ਨਿਯੰਤਰਿਤ ਕਰਦਾ ਹੈ। ਢੁੱਕਵੀਂ ਨਮੀ ਵਾਲੀ ਮਿੱਟੀ ਆਮ ਤੌਰ ਤੇ ਗਰਮ ਰਹਿੰਦੀ ਹੈ ਅਤੇ ਫ਼ਸਲ ਕੋਰੇ ਤੋਂ ਬਚੀ ਰਹਿੰਦੀ ਹੈ। ਸਰਦੀਆਂ ਦੇ ਮਹੀਨਿਆਂ ਵਿੱਚ ਫ਼ਸਲ ਨੂੰ ਨਿਯਮਤ ਰੂਪ ਵਿੱਚ ਪਾਣੀ ਦਿੰਦੇ ਰਹੋ। ਜੇਕਰ ਫ਼ਸਲ ਮੂਢੀ ਰੱਖਣ ਲਈ ਕੱਟੀ ਹੋਵੇ ਤਾਂ ਖੇਤ ਨੂੰ ਪਾਣੀ ਲਾ ਦਿਓ ਅਤੇ ਖੇਤ ਨੂੰ ਲਾਈਨਾਂ ਵਿਚਕਾਰੋਂ ਵਾਹ ਦਿਓ। ਮੋਢੀ ਫ਼ਸਲ ਦੀ ਵੀ ਸਮੇ ਸਿਰ ਸਿੰਜਾਈ ਕਰਨੀ ਚਾਹੀਦੀ ਹੈ।

• ਤੇਜ਼ੀ ਨਾਲ ਉੱਗਣ ਵਾਲੀਆਂ ਕਿਸਮਾਂ ਦੀ ਚੋਣ ਕੋਰੇ ਨਾਲ ਹੋਣ ਵਾਲੇ ਨੁਕਸਾਨ ਤੋਂ ਬੱਚਣ ਦੀ ਇੱਕ ਸੌਖੀ ਰਣਨੀਤੀ ਹੈ। ਕੋਰੇ ਵਾਲੇ ਇਲਾਕਿਆਂ ਵਿੱਚ, ਕਮਾਦ ਬੀਜਣ ਲਈ ਗੰਨੇ ਦੇ ਉਪਰਲੇ ਹਿੱਸੇ ਦਾ ਹੀ ਪ੍ਰਯੋਗ ਕਰੋ ਕਿਉਂਕਿ ਉਪਰਲੇ ਸਿਰੇ ਤੇ ਹੇਠਲੇ ਹਿੱਸੇ ਨਾਲੋਂ ਕੋਰੇ ਦਾ ਘੱਟ ਨੁਕਸਾਨ ਹੁੰਦਾ ਹੈ। ਕੋਰਾ ਪੈਣ ਤੋਂ ਪਹਿਲਾਂ ਬੀਜ ਵਾਲੇ ਗੰਨੇ ਜ਼ਮੀਨ ਵਿੱਚ ਨੱਪ ਕੇ ਰੱਖਣ ਨਾਲ ਵੀ ਕੋਰੇ ਤੋਂ ਬਚਿਆ ਜਾ ਸਕਦਾ ਹੈ ਅਤੇ ਬਹਾਰ ਰੁੱਤ ਆਉਣ ਤੇ ਪੁੱਟ ਕੇ ਬੀਜੇ ਜਾ ਸਕਦੇ ਹਨ।

ਉਪਰੋਕਤ ਗੱਲਾਂ ਨੂੰ ਧਿਆਨ ਵਿੱਚ ਰੱਖਕੇ ਗੰਨੇ ਦੀ ਫ਼ਸਲ ਨੂੰ ਕੋਰੇ ਦੀ ਮਾਰ ਤੋਂ ਬਚਾਇਆ ਜਾ ਸਕਦਾ ਹੈ ਅਤੇ ਵੱਧ ਮੁਨਾਫਾ ਪ੍ਰਾਪਤ ਕੀਤਾ ਜਾ ਸਕਦਾ ਹੈ।

Summary in English: Adopt these techniques recommended by PAU and save the sugarcane crop from fog

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters