1. Home
  2. ਖੇਤੀ ਬਾੜੀ

Bitter Gourd: ਕਰੇਲੇ ਨੇ ਬਦਲੀ ਕਈ ਕਿਸਾਨਾਂ ਦੀ ਜ਼ਿੰਦਗੀ, ਇੱਥੇ ਜਾਣੋ ਕਰੇਲੇ ਦੀ ਕਾਸ਼ਤ ਨਾਲ ਜੁੜੀਆਂ ਸਾਰੀਆਂ ਜ਼ਰੂਰੀ ਗੱਲਾਂ

ਕਣਕ-ਝੋਨੇ ਦੇ ਮੁਕਾਬਲੇ ਸਬਜ਼ੀਆਂ ਦੀ ਫ਼ਸਲ ਘੱਟ ਸਮੇਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਕਿਸਾਨ ਇਸ ਨੂੰ ਵੇਚ ਕੇ ਚੰਗਾ ਮੁਨਾਫ਼ਾ ਕਮਾ ਸਕਦੇ ਹਨ। ਅਜਿਹੇ 'ਚ ਕਿਸਾਨਾਂ ਨੂੰ ਸਬਜ਼ੀਆਂ ਦੀ ਕਾਸ਼ਤ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਜੇਕਰ ਕਿਸਾਨ ਕਰੇਲੇ ਦੀ ਕਾਸ਼ਤ ਨੂੰ ਤਰਜੀਹ ਦੇਣ, ਤਾਂ ਉਨ੍ਹਾਂ ਨੂੰ ਬਾਜ਼ਾਰ ਵਿੱਚ ਇਸਦੀ ਚੰਗੀ ਕੀਮਤ ਪ੍ਰਾਪਤ ਹੁੰਦੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਕਰੇਲੇ ਦੀ ਕਾਸ਼ਤ ਨਾਲ ਜੁੜੀਆਂ ਸਾਰੀਆਂ ਜ਼ਰੂਰੀ ਗੱਲਾਂ ਦੱਸਾਂਗੇ।

Gurpreet Kaur Virk
Gurpreet Kaur Virk
ਕਰੇਲੇ ਨੇ ਬਦਲੀ ਕਈ ਕਿਸਾਨਾਂ ਦੀ ਜ਼ਿੰਦਗੀ

ਕਰੇਲੇ ਨੇ ਬਦਲੀ ਕਈ ਕਿਸਾਨਾਂ ਦੀ ਜ਼ਿੰਦਗੀ

Bitter Gourd Cultivation: ਅੱਜ ਵੀ ਬਹੁਤੇ ਕਿਸਾਨ ਅਜਿਹੇ ਹਨ ਜੋ ਪੁਰਾਣੀਆਂ ਰਵਾਇਤਾਂ ਦਾ ਪਾਲਣ ਕਰਦੇ ਹੋਏ ਆਪਣੇ ਖੇਤਾਂ ਵਿੱਚ ਕਣਕ, ਝੋਨਾ, ਛੋਲੇ, ਸਰ੍ਹੋਂ ਆਦਿ ਲੰਬੇ ਸਮੇਂ ਦੀ ਫ਼ਸਲਾਂ ਉਗਾਉਂਦੇ ਹਨ। ਨਤੀਜੇ ਵਜੋਂ, ਉਨ੍ਹਾਂ ਨੂੰ ਲਾਗਤ ਵੀ ਜ਼ਿਆਦਾ ਆਉਂਦੀ ਹੈ, ਸਮਾਂ ਵੀ ਬਰਬਾਦ ਹੁੰਦਾ ਹੈ ਅਤੇ ਮੁਨਾਫ਼ਾ ਵੀ ਨਾ ਦੇ ਬਰਾਬਰ ਮਿਲਦਾ ਹੈ। ਇਹੀ ਕਾਰਨ ਹੈ ਕਿ ਅੱਜ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਲਈ ਹਾੜੀ ਅਤੇ ਸਾਉਣੀ ਦੀਆਂ ਮੁੱਖ ਫ਼ਸਲਾਂ ਤੋਂ ਇਲਾਵਾ ਸਬਜ਼ੀਆਂ ਅਤੇ ਫਲਾਂ ਦੀ ਕਾਸ਼ਤ 'ਤੇ ਜ਼ਿਆਦਾ ਜ਼ੋਰ ਦੇ ਰਹੀ ਹੈ।

ਸਬਜ਼ੀਆਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਦਾ ਮੁੱਖ ਕਾਰਨ ਇਹ ਹੈ ਕਿ ਇਹ ਥੋੜ੍ਹੇ ਸਮੇਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਕਿਸਾਨ ਇਸ ਨੂੰ ਵੇਚ ਕੇ ਜਲਦੀ ਪੈਸੇ ਪ੍ਰਾਪਤ ਕਰ ਸਕਦਾ ਹੈ। ਅਜਿਹੀ ਵਿੱਚ ਕਿਸਾਨਾਂ ਨੂੰ ਸਬਜ਼ੀਆਂ ਦੀ ਚੋਣ ਵੱਲ ਖ਼ਾਸ ਧਿਆਨ ਦੇਣ ਦੀ ਲੋੜ ਹੈ, ਜਿਸ ਦੀ ਬਾਜ਼ਾਰ ਵਿੱਚ ਵਾਧੂ ਡਿਮਾਂਡ ਹੋਵੇ। ਇਸ ਲਈ ਅੱਜ ਅਸੀਂ ਤੁਹਾਨੂੰ ਕਰੇਲੇ ਦੀ ਕਾਸ਼ਤ ਬਾਰੇ ਦੱਸਣ ਜਾ ਰਹੇ ਹਾਂ।

ਕਰੇਲੇ ਦੀ ਕਾਸ਼ਤ ਨਾਲ ਜੁੜੀਆਂ ਸਾਰੀਆਂ ਜ਼ਰੂਰੀ ਗੱਲਾਂ:

ਮੌਸਮ ਅਤੇ ਜ਼ਮੀਨ

ਭਾਵੇਂ ਕਰੇਲੇ ਵਿੱਚ ਮੌਸਮ ਦਾ ਟਾਕਰਾ ਕਰਨ ਦੀ ਸਹਿਣਸ਼ੀਲਤਾ ਬਹੁਤ ਹੈ, ਪਰ ਚੰਗੀ ਫ਼ਸਲ ਲੈਣ ਲਈ ਗਰਮ ਅਤੇ ਤਰ ਜਲਵਾਯੂ ਦੀ ਲੋੜ ਹੁੰਦੀ ਹੈ। ਕਰੇਲਾ ਕੋਰਾ ਸਹਿਣ ਨਹੀਂ ਕਰ ਸਕਦਾ। ਭਾਵੇਂ ਇਹ ਹਰ ਕਿਸਮ ਦੀਆਂ ਜ਼ਮੀਨਾਂ ਵਿਚ ਹੋ ਸਕਦਾ ਹੈ, ਫਿਰ ਵੀ ਚੰਗੇ ਜਲ ਨਿਕਾਸ ਵਾਲੀ ਮੈਰਾ ਜ਼ਮੀਨ, ਜਿਸ ਵਿੱਚ ਕਾਫ਼ੀ ਮੱਲ੍ਹੜ ਜਾਂ ਰੂੜੀ ਦੀ ਮਾਤਰਾ ਹੋਵੇ ਇਸ ਦੀ ਕਾਸ਼ਤ ਵਾਸਤੇ ਢੁੱਕਵੀਂ ਹੈ। ਅਗੇਤੀ ਫ਼ਸਲ ਲੈਣ ਵਾਸਤੇ ਰੇਤਲੀ ਜਾਂ ਰੇਤਲੀ ਮੈਰਾ ਜ਼ਮੀਨ ਚਾਹੀਦੀ ਹੈ। ਪਰ ਇਸ ਜ਼ਮੀਨ ਵਿਚ ਰੂੜੀ ਤੇ ਰਸਾਇਣਕ ਖਾਦਾਂ ਕਾਫ਼ੀ ਮਾਤਰਾ ਵਿਚ ਪਾਉਣੀਆਂ ਚਾਹੀਦੀਆਂ ਹਨ।

ਉੱਨਤ ਕਿਸਮਾਂ

ਪੰਜਾਬ ਕਰੇਲਾ-15 (2019): ਇਸ ਕਿਸਮ ਦੇ ਪਤੇ ਹਰੇ ਅਤੇ ਕਿੰਗਰਿਆਂ ਵਾਲੇ ਹੁੰਦੇ ਹਨ। ਵੇਲਾਂ ਗੂੜ੍ਹੀਆਂ ਹਰੀਆਂ ਅਤੇ ਲੰਮੀਆਂ ਹੁੰਦੀਆਂ ਹਨ। ਫਲ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ ਕਿਸਮ ਕਰੇਲੇ ਦੇ ਵਿਸ਼ਾਣੂ ਰੋਗ ਦਾ ਦਰਮਿਆਨਾਂ ਟਾਕਰਾ ਕਰਨ ਯੋਗ ਹੈ। ਇਸ ਕਿਸਮ ਦਾ ਔਸਤਨ ਝਾੜ 51 ਕੁਇੰਟਲ ਪ੍ਰਤੀ ਏਕੜ ਹੈ।

ਪੰਜਾਬ ਝਾੜ ਕਰੇਲਾ-1 (2017): ਇਸ ਕਿਸਮ ਦੀਆਂ ਵੇਲਾਂ ਦਰਮਿਆਨੀਆਂ ਲੰਮੀਆਂ ਅਤੇ ਪੱਤੇ ਹਰੇ ਰੰਗ ਦੇ ਕਿੰਗਰਿਆਂ ਵਾਲੇ ਹੁੰਦੇ ਹਨ। ਇਸ ਦੇ ਫਲ ਹਰੇ, ਨਰਮ ਅਤੇ ਬਿਨਾਂ ਛਿੱਲੇ, ਕੱਟ ਕੇ ਸਬਜ਼ੀ ਬਣਾਉਣ ਲਈ ਢੁੱਕਵੇਂ ਹਨ। ਇੱਕ ਵੇਲ ਨੂੰ ਔਸਤਨ 47 ਤੋਂ 52 ਫ਼ਲ ਲੱਗਦੇ ਹਨ। ਇਸ ਕਿਸਮ ਵਿੱਚ ਜੜ੍ਹ-ਗੰਢ ਅਤੇ ਵਿਸ਼ਾਣੂ ਰੋਗ ਦਾ ਟਾਕਰਾ ਕਰਨ ਦੀ ਸਹਿਣਸ਼ੀਲਤਾ ਹੈ । ਇਸ ਦਾ ਔਸਤ ਝਾੜ 35 ਕੁਇੰਟਲ ਪ੍ਰਤੀ ਏਕੜ ਹੈ।

ਪੰਜਾਬ ਕਰੇਲੀ-1 (2009): ਇਸ ਕਿਸਮ ਦੀਆਂ ਵੇਲਾਂ ਲੰਮੀਆਂ ਅਤੇ ਪੱਤੇ ਹਰੇ ਰੰਗ ਦੇ ਕਿੰਗਰਿਆਂ ਵਾਲੇ ਹੁੰਦੇ ਹਨ। ਇਸ ਦੇ ਫ਼ਲ ਲੰਮੇ, ਪਤਲੇ, ਹਰੇ ਅਤੇ ਕਿੰਗਰਿਆਂ ਵਾਲੇ ਹੁੰਦੇ ਹਨ। ਇਹ ਕਿਸਮ ਪਹਿਲੀ ਤੁੜਾਈ ਲਈ 66 ਦਿਨ ਲੈਂਦੀ ਹੈ। ਇੱਕ ਫ਼ਲ ਦਾ ਭਾਰ ਤਕਰੀਬਨ 50 ਗ੍ਰਾਮ ਅਤੇ ਪ੍ਰਤੀ ਏਕੜ ਔਸਤਨ ਝਾੜ 70 ਕੁਇੰਟਲ ਹੁੰਦਾ ਹੈ ।

ਪੰਜਾਬ-14 (1985): ਪੰਜਾਬ ਕਰੇਲੀ-1 ਕਿਸਮ ਨਾਲੋਂ ਇਸ ਕਿਸਮ ਦੀਆਂ ਵੇਲਾਂ ਛੋਟੀਆਂ ਹੁੰਦੀਆਂ ਹਨ। ਫ਼ਲ ਦਾ ਭਾਰ ਤਕਰੀਬਨ 35 ਗ੍ਰਾਮ ਅਤੇ 18 ਹਲਕੇ ਹਰੇ ਰੰਗ ਦਾ ਹੁੰਦਾ ਹੈ। ਇਹ ਬਹਾਰ ਅਤੇ ਬਰਸਾਤ ਰੁੱਤ ਦੀ ਬਿਜਾਈ ਲਈ ਢੁੱਕਵੀਂ ਹੈ । ਔਸਤ ਝਾੜ ਤਕਰੀਬਨ 50 ਕੁਇੰਟਲ ਪ੍ਰਤੀ ਏਕੜ ਹੈ।

ਇਹ ਵੀ ਪੜ੍ਹੋ : Short-Duration Paddy Varieties: ਪੀਏਯੂ ਵੱਲੋਂ ਝੋਨੇ ਦੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਸਿਫ਼ਾਰਸ਼, ਕਿਸਾਨਾਂ ਲਈ ਮੁਨਾਫ਼ੇ ਦਾ ਸੌਦਾ

ਕਾਸ਼ਤ ਦੇ ਢੰਗ

ਬਿਜਾਈ ਦਾ ਸਮਾਂ: ਕਰੇਲੇ ਦੀ ਬਿਜਾਈ ਲਈ ਫ਼ਰਵਰੀ ਤੋਂ ਮਾਰਚ ਅਤੇ ਜੂਨ ਤੋਂ ਜੁਲਾਈ ਦਾ ਮਹੀਨਾ ਉੱਤਮ ਮੰਨਿਆ ਜਾਂਦਾ ਹੈ।

ਬੀਜ ਦੀ ਮਾਤਰਾ: ਮਾਹਿਰਾਂ ਮੁਤਾਬਕ ਇਕ ਏਕੜ ਲਈ 2 ਕਿਲੋ ਬੀਜ ਦੀ ਵਰਤੋਂ ਕਰਨੀ ਚਾਹੀਦੀ ਹੈ।

ਬੀਜ ਦੀ ਸੋਧ: ਕਰੇਲੇ ਦੀ ਅਗੇਤੀ ਅਤੇ ਮੁੱਖ ਮੌਸਮ ਦੀ ਬਿਜਾਈ ਲਈ ਬੀਜ ਦੀ ਪੁੰਗਰਣ ਸਮਰੱਥਾ ਵਧਾਉਣ ਲਈ ਇਸ ਨੂੰ 24 ਘੰਟੇ ਲਈ ਪੋਟਾਸ਼ੀਅਮ ਡਾਈਹਾਈਡ੍ਰੋਜਨ ਔਰਥੋਫੌਸਫੇਟ (13.6 ਗ੍ਰਾਮ ਪ੍ਰਤੀ ਲਿਟਰ ਪਾਣੀ) ਵਿੱਚ ਡੁਬੋ ਕੇ ਫਿਰ 2-3 ਦਿਨ ਲਈ ਜੂਟ ਦੀ ਗਿੱਲੀ ਬੋਰੀ ਵਿੱਚ ਰੱਖੋ।

ਫ਼ਾਸਲਾ: 1.5 ਮੀਟਰ ਚੌੜੀਆਂ ਪਟੜੀਆਂ ਬਣਾਓ ਅਤੇ ਬੂਟੇ ਤੋਂ ਬੂਟੇ ਵਿਚਕਾਰ 45 ਸੈਂਟੀਮੀਟਰ ਫ਼ਾਸਲਾ ਰੱਖੋ। ਬਿਜਾਈ ਕਿਆਰੀਆਂ ਦੇ ਦੋਵੇਂ ਪਾਸੇ ਕਰਨੀ ਚਾਹੀਦੀ ਹੈ। ਪੰਜਾਬ ਝਾੜ ਕਰੇਲਾ-1 ਨੂੰ 1.35 ਮੀਟਰ ਚੌੜੀਆਂ ਪਟੜੀਆਂ ਦੇ ਇੱਕ ਪਾਸੇ 30 ਸੈਂਟੀਮੀਟਰ ਦੀ ਵਿੱਥ ਉੱਪਰ ਲਗਾਉ।

ਖਾਦਾਂ: 10-15 ਟਨ ਗਲੀ ਸੜੀ ਰੂੜੀ ਬਿਜਾਈ ਤੋਂ ਪਹਿਲਾਂ ਪਾਓ। ਇਸ ਤੋਂ ਇਲਾਵਾ 40 ਕਿਲੋ ਨਾਈਟ੍ਰੋਜਨ (90 ਕਿਲੋ ਯੂਰੀਆ), 20 ਕਿਲੋ ਫ਼ਾਸਫ਼ੋਰਸ (125 ਕਿਲੋ ਸੁਪਰਫ਼ਾਸਫ਼ੇਟ) ਅਤੇ 20 ਕਿਲੋ ਪੋਟਾਸ਼ (35 ਕਿਲੋ ਮਿਊਰੇਟ ਆਫ਼ ਪੋਟਾਸ਼) ਪ੍ਰਤੀ ਏਕੜ ਪਾਓ। ਸਾਰੀ ਫ਼ਾਸਫ਼ੋਰਸ, ਪੋਟਾਸ਼ ਅਤੇ ਤੀਜਾ ਹਿੱਸਾ ਨਾਈਟ੍ਰੋਜਨ 45 ਸੈਂਟੀਮੀਟਰ ਦੂਰੀ ਤੇ ਸਮਾਂਨਅੰਤਰ ਕਤਾਰਾਂ ਵਿਚ ਪਾਓ ਅਤੇ ਦੋ ਕਤਾਰਾਂ ਦੇ ਵਿਚਕਾਰ ਬੀਜ ਬੀਜਣ ਤੋਂ ਪਹਿਲਾਂ ਖਾਲ ਬਣਾਓ। ਬਿਜਾਈ ਤੋਂ 25-30 ਦਿਨਾਂ ਬਾਅਦ ਬਾਕੀ ਨਾਈਟ੍ਰੋਜਨ ਦੀ ਖਾਦ ਪਾ ਦਿਉ।

ਸਿੰਚਾਈ: ਪਹਿਲਾ ਪਾਣੀ ਬਿਜਾਈ ਤੋਂ ਬਾਅਦ ਲਾਓ। ਗਰਮੀਆਂ ਵਿਚ ਪਾਣੀ 6-7 ਦਿਨ ਬਾਅਦ ਅਤੇ ਬਰਸਾਤ ਰੁੱਤ ਵਿਚ ਜ਼ਰੂਰਤ ਮੁਤਾਬਕ ਲਾਓ। ਕੁੱਲ 8-9 ਪਾਣੀ ਕਾਫ਼ੀ ਹੁੰਦੇ ਹਨ।

ਇਹ ਵੀ ਪੜ੍ਹੋ : Profitable Crop: 90 ਦਿਨਾਂ ਵਿੱਚ ਕਮਾਈ ਦਾ ਵਧੀਆ ਮੌਕਾ, ਇਸ ਫਸਲ ਦੀ ਕਾਸ਼ਤ ਤੋਂ ਕਿਸਾਨਾਂ ਨੂੰ ਹੋਵੇਗਾ Bumper Profit

ਤੁੜਾਈ, ਸਾਂਭ-ਸੰਭਾਲ ਅਤੇ ਮੰਡੀਕਰਨ

ਕਿਸਮ ਅਤੇ ਮੌਸਮ ਮੁਤਾਬਕ ਫ਼ਸਲ ਬਿਜਾਈ ਤੋਂ 55-60 ਦਿਨ ਬਾਅਦ ਤੁੜਾਈ ਲਈ ਤਿਆਰ ਹੋ ਜਾਂਦੀ ਹੈ। ਤੁੜਾਈ 2-3 ਦਿਨਾਂ ਦੇ ਵਕਫ਼ੇ ਤੇ ਕਰੋ। ਕਰੇਲੇ ਦੇ 1-2 ਸੈਂਟੀਮੀਟਰ ਟੁਕੜਿਆਂ ਨੂੰ 5 ਪ੍ਰਤੀਸ਼ਤ ਨਮਕ ਵਾਲੇ ਉੱਬਲਦੇ ਪਾਣੀ ਵਿੱਚ ਦੋ ਮਿੰਟ ਲਈ ਬਲੀਚ ਕਰਨ ਤੋਂ ਬਾਅਦ ਮਕੈਨੀਕਲ ਟਰੇਅ ਡਰਾਈਅਰ ਵਿੱਚ ਸੁਕਾਓ। ਫਿਰ ਟੁਕੜਿਆਂ ਨੂੰ 65 ਸੈਂਟੀਗ੍ਰੇਡ ਤਾਪਮਾਨ ਤੇ 2 ਘੰਟੇ, 55 ਸੈਂਟੀਗ੍ਰੇਡ ਤਾਪਮਾਨ ਤੇ 7 ਘੰਟੇ ਅਤੇ 40 ਸੈਂਟੀਗ੍ਰੇਡ ਤਾਪਮਾਨ ਤੇ 3 ਘੰਟੇ ਲਈ ਸੁਕਾਇਆ ਜਾਵੇ ਤਾਂ ਤਿਆਰ ਪ੍ਰੋਡਕਟ ਦੀ ਗੁਣਵੱਤਾ ਬਣੀ ਰਹਿੰਦੀ ਹੈ।

ਬੀਜ ਉਤਪਾਦਨ

ਬੀਜ ਪੈਦਾ ਕਰਨ ਵਾਲੀ ਫ਼ਸਲ ਨੂੰ ਮੰਡੀਕਰਨ ਕਰਨ ਵਾਲੀ ਫ਼ਸਲ ਦੀ ਤਰ੍ਹਾਂ ਹੀ ਬੀਜਿਆ ਜਾਂਦਾ ਹੈ। ਸ਼ੁੱਧ ਬੀਜ ਦੀ ਪੈਦਾਵਾਰ ਵਾਸਤੇ ਕਿਸਮ ਦੀ ਅਨੁਵਾਨਸ਼ਿਕ ਸ਼ੁਧਤਾ ਨੂੰ ਬਰਕਰਾਰ ਰੱਖਣਾ ਬਹੁਤ ਜ਼ਰੂਰੀ ਹੈ। ਓਪਰੇ ਬੂਟਿਆਂ ਨੂੰ ਖੇਤ ਵਿਚੋਂ ਤਿੰਨ ਵਾਰੀ ਬੂਟੇ ਦੇ ਵਾਧੇ ਸਮੇਂ, ਫੁੱਲ ਆਉਣ ਸਮੇਂ ਅਤੇ ਫ਼ਲ ਆਉਣ ਸਮੇਂ ਕੱਢ ਦਿਓ। ਇਸ ਫ਼ਸਲ ਦੀਆਂ ਵੱਖ-ਵੱਖ ਕਿਸਮਾਂ ਵਿੱਚ ਘੱਟੋ ਘੱਟ 1000 ਮੀਟਰ ਦਾ ਫ਼ਾਸਲਾ ਹੋਣਾ ਚਾਹੀਦਾ ਹੈ। ਬੀਜ ਦੇ ਵਧੀਆ ਉਤਪਾਦਨ ਵਾਸਤੇ ਇੱਕ ਏਕੜ ਵਿੱਚ ਸ਼ਹਿਦ ਦੀਆਂ ਮੱਖੀਆਂ ਦੀ ਇੱਕ ਕਲੋਨੀ ਰੱਖ ਦਿਓ। ਫ਼ਲਾਂ ਦੇ ਗੂੜ੍ਹੇ ਪੀਲੇ ਰੰਗ ਵਿੱਚ ਤਬਦੀਲ ਹੋਣ ਤੇ ਉਨ੍ਹਾਂ ਦੀ ਤੁੜਾਈ ਕਰ ਲਓ। ਬੀਜ ਨੂੰ ਫ਼ਲਾਂ ਦੇ ਗੁੱਦੇ ਤੋਂ ਅਲੱਗ ਕਰ ਕੇ ਸਾਫ਼ ਕਰਨ ਤੋਂ ਬਾਅਦ ਛਾਂ ਵਿੱਚ ਸੁਕਾ ਲਓ।

Summary in English: Bitter gourd has changed the lives of many farmers, Important things related to successful cultivation of bitter gourd

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters