1. Home
  2. ਖਬਰਾਂ

ਬਿਜਲੀ ਅਤੇ ਪਾਣੀ ਦੀ ਨਿਰਵਿਘਨ ਸਪਲਾਈ ਨਾਲ ਕਿਸਾਨਾਂ ਦੇ ਖਿੜ੍ਹੇ ਚਹਿਰੇ

ਨਹਿਰੀ ਪਾਣੀ ਅਤੇ ਬਿਜਲੀ ਦੀ ਨਿਰਵਿਘਨ ਸਪਲਾਈ ਤੋਂ ਕਿਸਾਨ ਖੁਸ਼, ਹੁਣ ਤੱਕ 60 ਤੋਂ 65 ਫੀਸਦੀ ਝੋਨੇ ਦੀ ਲੁਆਈ ਦਾ ਕੰਮ ਮੁਕੰਮਲ।

Gurpreet Kaur Virk
Gurpreet Kaur Virk
ਝੋਨੇ ਦੀ ਲੁਆਈ ਦਾ ਕੰਮ ਮੁਕੰਮਲ

ਝੋਨੇ ਦੀ ਲੁਆਈ ਦਾ ਕੰਮ ਮੁਕੰਮਲ

Paddy Cultivation: ਮੌਜੂਦਾ ਝੋਨੇ ਦੇ ਸੀਜ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਨਹਿਰੀ ਪਾਣੀ ਅਤੇ ਬਿਜਲੀ ਦੀ ਨਿਰਵਿਘਨ ਸਪਲਾਈ ਨਾਲ ਕਿਸਾਨਾਂ ਦੇ ਚਿਹਰਿਆਂ 'ਤੇ ਖੁਸ਼ੀ ਦੀ ਲਹਿਰ ਦੌੜ ਗਈ ਹੈ, ਜਿਸਦੇ ਚਲਦਿਆਂ ਜ਼ਿਲ੍ਹਾ ਬਰਨਾਲਾ ਦੇ 60 ਤੋਂ 65 ਫ਼ੀਸਦੀ ਕਿਸਾਨਾਂ ਨੇ ਝੋਨੇ ਦੀ ਲੁਆਈ ਦਾ ਕੰਮ ਮੁਕੰਮਲ ਕਰ ਲਿਆ ਹੈ।

ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਝੋਨੇ ਦੇ ਸੀਜ਼ਨ ਦੌਰਾਨ ਨਹਿਰੀ ਪਾਣੀ ਪੂਰਾ ਨਹੀਂ ਦਿੱਤਾ ਜਾਂਦਾ ਸੀ ਅਤੇ ਪਾਣੀ ਦੀ ਅਧੂਰੀ ਸਪਲਾਈ ਕਾਰਨ ਨਹਿਰਾਂ ਦੇ ਟੇਲਾਂ ’ਤੇ ਸਥਿਤ ਪਿੰਡਾਂ ਤੱਕ ਪਾਣੀ ਨਹੀਂ ਪਹੁੰਚਦਾ ਸੀ। ਇਸ ਦੇ ਨਾਲ ਹੀ ਬਿਜਲੀ ਸਪਲਾਈ ਦੀ ਸਮੱਸਿਆ ਵੀ ਬਣੀ ਰਹਿੰਦੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਿਜਲੀ ਅਤੇ ਪਾਣੀ ਦੀ ਨਿਰਵਿਘਨ ਸਪਲਾਈ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਕਾਰਨ ਜਿੱਥੇ ਕਿਸਾਨਾਂ ਲਈ ਇਸ ਸੀਜ਼ਨ ਦੀ ਝੋਨੇ ਦੀ ਫ਼ਸਲ ਦੀ ਕਟਾਈ ਕਰਨੀ ਸੌਖੀ ਹੋ ਗਈ ਹੈ, ਉੱਥੇ ਹੀ ਧਰਤੀ ਹੇਠਲਾ ਬਹੁਮੁੱਲਾ ਪਾਣੀ ਵੀ ਬਚਦਾ ਹੈ।

ਝੋਨੇ ਦੀ ਲੁਆਈ ਦਾ ਕੰਮ ਮੁਕੰਮਲ

ਝੋਨੇ ਦੀ ਲੁਆਈ ਦਾ ਕੰਮ ਮੁਕੰਮਲ

ਦੂਜੇ ਪਾਸੇ ਪਿੰਡ ਅਸਪਾਲ ਕਲਾਂ ਦੇ ਕਿਸਾਨ ਭਰਪੂਰ ਸਿੰਘ ਨੇ ਦੱਸਿਆ ਕਿ ਉਹ 22 ਪਿੰਡਾਂ ਵਿੱਚ ਝੋਨੇ ਦੀ ਖੇਤੀ ਕਰਦਾ ਹੈ। ਉਨ੍ਹਾਂ ਕਿਹਾ, “ਪਹਿਲੀ ਵਾਰ ਪਾਣੀ ਅਤੇ ਬਿਜਲੀ ਦੀ ਸਮੇਂ ਸਿਰ ਅਤੇ ਨਿਰਵਿਘਨ ਸਪਲਾਈ ਮਿਲੀ ਹੈ। ਨਹਿਰੀ ਪਾਣੀ ਕਾਰਨ ਉਸ ਨੂੰ ਮੋਟਰ ਚਲਾਉਣ ਦੀ ਬਹੁਤੀ ਲੋੜ ਨਹੀਂ ਪਈ।

ਇਸੇ ਤਰ੍ਹਾਂ ਪਿੰਡ ਝਲੂਰ ਦੇ ਕਿਸਾਨ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ 30-35 ਸਾਲਾਂ ਤੋਂ ਖੇਤੀ ਕਰ ਰਿਹਾ ਹੈ ਅਤੇ ਇਸ ਵਾਰ ਪਹਿਲੀ ਵਾਰ ਕਿਸਾਨਾਂ ਨੂੰ ਪਾਣੀ ਅਤੇ ਬਿਜਲੀ ਦੀ ਸਹੀ ਸਪਲਾਈ ਮਿਲੀ ਹੈ। “ਪਹਿਲਾਂ ਅਸੀਂ ਪਾਵਰ ਗਰਿੱਡ ਨੂੰ ਫੋਨ ਕਰਕੇ ਪੁੱਛਦੇ ਰਹਿੰਦੇ ਸੀ ਕਿ ਬਿਜਲੀ ਕਦੋਂ ਆਵੇਗੀ ਤਾਂ ਜੋ ਅਸੀਂ ਧਰਤੀ ਹੇਠਲੇ ਪਾਣੀ ਤੋਂ ਆਪਣੀਆਂ ਸਿੰਚਾਈ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਮੋਟਰ ਚਲਾ ਸਕੀਏ, ਪਰ ਇਸ ਵਾਰ ਸਾਨੂੰ ਅਜਿਹੀ ਕੋਈ ਕਾਲ ਨਹੀਂ ਕਰਨੀ ਪਈ,” ਉਸਨੇ ਕਿਹਾ।

ਇਹ ਵੀ ਪੜ੍ਹੋ : ਫ਼ਸਲਾਂ ਦੀ ਬਿਜਾਈ ਲਈ ਖੇਤਾਂ ਵਿੱਚ ਸਮੇਂ ਸਿਰ ਪਹੁੰਚਿਆ ਨਹਿਰੀ ਪਾਣੀ

ਪਿੰਡ ਬਡਬਰ ਦੇ ਕਿਸਾਨ ਸ਼ੀਸ਼ਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਪਾਣੀ ਦੀ ਸਪਲਾਈ ਨਿਰਵਿਘਨ ਹੋਣ ਕਾਰਨ ਕਿਸਾਨਾਂ ਨੂੰ ਮੋਟਰਾਂ ਚਲਾ ਕੇ ਧਰਤੀ ਹੇਠਲੇ ਪਾਣੀ ਦੀ ਵਰਤੋਂ ਕਰਨ ਦੀ ਲੋੜ ਨਹੀਂ ਹੈ।

ਪਿੰਡ ਕਾਹਨੇਕੇ ਦੇ ਕਿਸਾਨ ਜਗਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਖੇਤਾਂ ਵਿੱਚ ਪਿਛਲੇ ਕਈ ਸਾਲਾਂ ਤੋਂ ਪਾਣੀ ਨਹੀਂ ਆ ਰਿਹਾ। ਉਹ ਮੋਟਰਾਂ ਉਧਾਰ ਲੈ ਕੇ ਝੋਨੇ ਦੀ ਸਿੰਚਾਈ ਲਈ ਜ਼ਮੀਨਦੋਜ਼ ਪਾਣੀ ਦੀ ਵਰਤੋਂ ਕਰਦੇ ਸਨ, ਪਰ ਇਸ ਸਾਲ ਉਨ੍ਹਾਂ ਨੂੰ ਮੋਟਰਾਂ ਦੀ ਲੋੜ ਨਹੀਂ ਪਈ ਅਤੇ ਨਹਿਰੀ ਪਾਣੀ ਉਨ੍ਹਾਂ ਦੇ ਖੇਤਾਂ ਤੱਕ ਪਹੁੰਚ ਗਿਆ। ਉਨ੍ਹਾਂ ਕਿਹਾ ਕਿ ਕਿਸਾਨ ਇਨ੍ਹਾਂ ਪ੍ਰਬੰਧਾਂ ਤੋਂ ਕਾਫੀ ਖੁਸ਼ ਹਨ।

ਇਹ ਵੀ ਪੜ੍ਹੋ : Agro Processing Complex ਰਾਹੀਂ ਵਧੇਗੀ ਕਿਸਾਨਾਂ ਦੀ ਆਮਦਨ: PAU

ਇਸੇ ਤਰ੍ਹਾਂ ਧੂਰਕੋਟ ਵਾਸੀ ਕਿਸਾਨ ਗੁਰਦਾਸ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਅਣਥੱਕ ਯਤਨਾਂ ਸਦਕਾ ਨਾ ਸਿਰਫ਼ ਬਰਨਾਲਾ ਜ਼ਿਲ੍ਹੇ ਦੇ ਸਗੋਂ ਪੰਜਾਬ ਭਰ ਦੇ ਕਿਸਾਨਾਂ ਨੂੰ ਰਾਹਤ ਮਿਲੀ ਹੈ।

ਸਰੋਤ: ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਬਰਨਾਲਾ (District Public Relations Office Barnala)

Summary in English: The happy faces of farmers with uninterrupted supply of electricity and water

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

Top Stories

More Stories

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters