1. Home
  2. ਖਬਰਾਂ

ਪੰਜਾਬ 'ਚ ਕਣਕ ਦੀ ਵਾਢੀ 'ਚ ਦੇਰੀ, ਵਿਸਾਖੀ ਤੋਂ ਬਾਅਦ ਫ਼ਸਲ ਦੀ ਆਮਦ ਸ਼ੁਰੂ ਹੋਣ ਦਾ ਅਨੁਮਾਨ

ਬੇਮੌਸਮੀ ਬਰਸਾਤ ਕਾਰਨ ਐਤਕੀਂ ਕਣਕ ਦੀ ਵਾਢੀ 'ਚ ਦੇਰੀ ਹੋਵੇਗੀ, ਅਨੁਮਾਨ ਲਾਇਆ ਜਾ ਰਿਹਾ ਹੈ ਕਿ ਵਿਸਾਖੀ ਤੋਂ ਬਾਅਦ ਫ਼ਸਲ ਦੀ ਆਮਦ ਸ਼ੁਰੂ ਹੋਣ ਦਾ ਸੰਭਾਵਨਾ ਹੈ।

Gurpreet Kaur Virk
Gurpreet Kaur Virk
ਐਤਕੀਂ ਕਣਕ ਦੀ ਵਾਢੀ 'ਚ ਦੇਰੀ

ਐਤਕੀਂ ਕਣਕ ਦੀ ਵਾਢੀ 'ਚ ਦੇਰੀ

Wheat Procurement 2023: ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਨੇ ਸਰਕਾਰੀ ਖਰੀਦ ਕੇਂਦਰਾਂ 'ਚ 1 ਅਪ੍ਰੈਲ ਯਾਨੀ ਅੱਜ ਤੋਂ ਕਣਕ ਦੀ ਖਰੀਦ ਸ਼ੁਰੂ ਹੋਣ ਦਾ ਐਲਾਨ ਕੀਤਾ ਹੈ, ਉੱਥੇ ਹੀ ਖੇਤੀਬਾੜੀ ਅਧਿਕਾਰੀਆਂ ਨੇ ਮੌਸਮ ਦੀ ਖ਼ਰਾਬੀ ਦੇ ਚਲਦਿਆਂ ਕਣਕ ਦੀ ਵਾਢੀ 15 ਅਪ੍ਰੈਲ ਤੋਂ ਬਾਅਦ ਸ਼ੁਰੂ ਹੋਣ ਦੀ ਗੱਲ ਕਹੀ ਹੈ। ਹਾਲਾਂਕਿ, ਮੌਸਮ ਵਿਭਾਗ ਦੀ ਮੰਨੀਏ ਤਾਂ ਆਉਂਦੇ ਦਿਨਾਂ 'ਚ ਮੀਂਹ ਅਤੇ ਗੜ੍ਹੇਮਾਰੀ ਦੀ ਸੰਭਾਵਨਾ ਬਣੀ ਹੋਈ ਹੈ, ਜਿਸਦੇ ਚਲਦਿਆਂ ਕਿਸਾਨਾਂ ਦੀਆਂ ਚਿਤਾਵਾਂ ਹੋਰ ਵਧ ਗਈਆਂ ਹਨ।

ਐਤਕੀਂ ਫਰਵਰੀ ਮਹੀਨੇ 'ਚ ਗਰਮੀ ਅਤੇ ਮਾਰਚ ਮਹੀਨੇ 'ਚ ਮੀਂਹ-ਗੜ੍ਹੇਮਾਰੀ ਕਾਰਨ ਹਾੜੀ ਦੀਆਂ ਫਸਲਾਂ 'ਤੇ ਮਾੜਾ ਅਸਰ ਪਿਆ ਹੈ। ਬੇਮੌਸਮੀ ਬਰਸਾਤ ਕਾਰਨ ਕਣਕ ਦੀ ਵਾਢੀ ਪਛੜਨ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਹਾਲਾਂਕਿ, ਸੂਬੇ 'ਚ ਕਣਕ ਦੀ ਸਰਕਾਰੀ ਖਰੀਦ 1 ਅਪ੍ਰੈਲ ਯਾਨੀ ਅੱਜ ਤੋਂ ਸ਼ੁਰੂ ਹੋ ਗਈ ਹੈ, ਪਰ ਅਜੇ ਤੱਕ ਫਸਲ ਕਿਸੇ ਵੀ ਮੰਡੀ ਵਿੱਚ ਪਹੁੰਚੀ ਨਹੀਂ ਹੈ।

ਮੌਸਮੀ ਬਦਲਾਅ ਨੂੰ ਦੇਖਦੇ ਹੋਏ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਣਕ ਦੀ ਵਾਢੀ 15 ਅਪ੍ਰੈਲ ਤੋਂ ਬਾਅਦ ਹੀ ਸ਼ੁਰੂ ਹੋਵੇਗੀ। ਜਦੋਂਕਿ, ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ ਮੁਤਾਬਕ ਅਪ੍ਰੈਲ ਮਹੀਨੇ ਵਿਚ ਵੀ ਮੀਂਹ ਅਤੇ ਗੜ੍ਹੇਮਾਰੀ ਹੋਣ ਦੀ ਸੰਭਾਵਨਾ ਹੈ, ਜਿਸਦੇ ਚਲਦਿਆਂ ਕਿਸਾਨ ਚਿੰਤਤ ਹਨ ਕਿ ਫੰਗਲ ਬਿਮਾਰੀਆਂ ਅਨਾਜ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ 4 ਜ਼ਿਲ੍ਹਿਆਂ 'ਚ ਮੂੰਗੀ ਨਾ ਬੀਜਣ ਦੀ ਸਲਾਹ, ਸਰਕਾਰ ਵੱਲੋਂ ਕਪਾਹ ਦੀ ਫ਼ਸਲ ਦੇ ਨੁਕਸਾਨ ਲਈ ਬੀਮਾ ਯੋਜਨਾ!

ਵਿਗੜੇ ਮੌਸਮ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਬੇਮੌਸਮੀ ਮੀਂਹ ਕਰਕੇ ਇਸ ਵਾਰ ਉਨ੍ਹਾਂ ਦੇ ਲਾਗਤ ਖ਼ਰਚੇ ਕਾਫ਼ੀ ਵਧ ਜਾਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਐਤਕੀਂ ਕਿਸਾਨਾਂ ਨੂੰ ਹੱਥੀਂ ਵਾਢੀ ਕਰਨੀ ਪਵੇਗੀ ਕਿਉਂਕਿ ਫ਼ਸਲ ਇੰਨੀ ਡਿੱਗ ਪਈ ਹੈ ਜਿਸ ਨੂੰ ਕੰਬਾਈਨ ਚੁੱਕ ਨਹੀਂ ਸਕੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਨਾ ਸਿਰਫ ਕੰਬਾਈਨਾਂ ਦੇ ਰੇਟ ਵਧਣਗੇ ਸਗੋਂ ਫ਼ਸਲ ਦੀ ਗੁਣਵੱਤਾ ਵੀ ਪ੍ਰਭਾਵਿਤ ਹੋਵੇਗੀ।

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅੱਜ ਯਾਨੀ ਸ਼ਨੀਵਾਰ ਤੇ ਐਤਵਾਰ ਨੂੰ ਵੀ ਬੱਦਲਵਾਈ ਨਾਲ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ। ਇਸ ਤੋਂ ਬਾਅਦ ਸੋਮਵਾਰ ਤੋਂ ਮੁੜ ਪੰਜਾਬ ਵਿੱਚ ਮੀਂਹ ਨਾਲ ਗੜ੍ਹੇਮਾਰੀ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਮੰਗਲਵਾਰ ਨੂੰ ਵੀ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਦੀ ਇਸ ਭਵਿੱਖਬਾਣੀ ਤੋਂ ਬਾਅਦ ਅੰਨਦਾਤਾ ਦੀਆਂ ਚਿੰਤਾਵਾਂ ਵੱਧ ਗਈਆਂ ਹਨ।

ਇਹ ਵੀ ਪੜ੍ਹੋ : ਸਿਫਾਰਸ ਕੀਤੇ ਹਾਈਬ੍ਰਿਡ ਕਪਾਹ ਦੇ ਬੀਜ ਵਰਤਣ 'ਤੇ ਕਿਸਾਨਾਂ ਨੂੰ ਮਿਲੇਗੀ 33% ਦੀ ਸਬਸਿਡੀ: PAU

ਮਿਲੀ ਜਾਣਕਾਰੀ ਮੁਤਾਬਕ ਇਸ ਵਾਰ ਕਣਕ ਦੀ ਫ਼ਸਲ ਦਾ ਕਰੀਬ 15 ਫ਼ੀਸਦੀ ਝਾੜ ਘਟਣ ਦਾ ਅਨੁਮਾਨ ਹੈ। ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੀਂਹ-ਗੜ੍ਹੇਮਾਰੀ ਕਾਰਨ ਨਾ ਸਿਰਫ ਪੰਜਾਬ ਹੀ ਨਹੀਂ ਸਗੋਂ ਹਰਿਆਣਾ, ਯੂਪੀ ਵਿੱਚ ਵੀ ਹਾੜੀ ਦੀਆਂ ਫ਼ਸਲਾਂ ਪ੍ਰਭਾਵਿਤ ਹੋਈਆਂ ਹਨ।

ਖੇਤੀ ਵਿਭਾਗ ਦਾ ਕਹਿਣਾ ਹੈ ਕਿ ਜਿਵੇਂ ਹੀ ਧੁੱਪ ਨਿਕਲਦੀ ਹੈ ਤਾਂ ਕਣਕ ਦੀ ਵਾਢੀ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਹਾਲਾਂਕਿ, ਕੇਂਦਰ ਸਰਕਾਰ ਨੇ ਮੀਂਹ ਕਾਰਨ ਪ੍ਰਭਾਵਿਤ ਹੋਈ ਕਣਕ ਦੀ ਫ਼ਸਲ ਬਾਰੇ ਪੰਜਾਬ ਤੋਂ ਰਿਪੋਰਟ ਅਤੇ ਖ਼ਰਾਬੇ ਵਾਲੀ ਫ਼ਸਲ ਦੇ ਨਮੂਨੇ ਮੰਗੇ ਹਨ, ਪਰ ਸੂਬੇ ਵਿੱਚ ਹਾਲੇ ਫ਼ਸਲ ਮੰਡੀਆਂ ਵਿੱਚ ਨਹੀਂ ਆਈ ਹੈ ਜਿਸ ਕਰਕੇ ਇਹ ਨਮੂਨੇ ਭੇਜਣੇ ਮੁਨਾਸਿਬ ਨਹੀਂ ਹਨ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਮੰਡੀਆਂ ਵਿੱਚ ਪਹਿਲੀ ਅਪ੍ਰੈਲ ਤੋਂ ਕਣਕ ਦੀ ਆਮਦ ਸ਼ੁਰੂ ਹੋ ਗਈ ਸੀ। ਖੇਤੀ ਮਾਹਿਰਾਂ ਮੁਤਾਬਿਕ ਐਤਕੀਂ ਵਿਸਾਖੀ ਮਗਰੋਂ ਫ਼ਸਲ ਦੀ ਆਮਦ ਸ਼ੁਰੂ ਹੋਣ ਦਾ ਅਨੁਮਾਨ ਹੈ।

Summary in English: Wheat harvesting delayed in Punjab, arrival of crop expected after Baisakhi

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters