1. Home
  2. ਸਫਲਤਾ ਦੀਆ ਕਹਾਣੀਆਂ

Alpana Gupta ਦੇ ਰਸਾਇਣ ਮੁਕਤ ਉਤਪਾਦ ਬਣੇ ਲੋਕਾਂ ਵਿੱਚ ਹਰਮਨ ਪਿਆਰੇ, Lockdown ਦੌਰਾਨ ਵੀ ਚੜ੍ਹਦੀ ਰਹੀ ਗੁੱਡੀ, ਕਈ ਔਰਤਾਂ ਨੂੰ ਦਿੱਤਾ ਰੁਜ਼ਗਾਰ

ਅਲਪਨਾ ਗੁਪਤਾ ਨੇ ਸਾਲ 2017 ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ (Punjab Agricultural University, Ludhiana) ਤੋਂ ਉਤਪਾਦਾਂ ਨੂੰ ਬਣਾਉਣ ਲਈ ਤਕਨੀਕੀ ਸਿਖਲਾਈ ਲਈ ਅਤੇ ਇਸ ਕੰਮ ਨੂੰ ਪੂਰੀ ਤਰਾਂ ਨਾਲ ਵਪਾਰਕ ਪੱਧਰ 'ਤੇ ਕਰਨਾ ਸ਼ੁਰੂ ਕਰ ਦਿੱਤਾ। ਕਰੋਨਾ ਕਾਲ ਦੌਰਾਨ ਵੀ ਅਲਪਨਾ ਗੁਪਤਾ ਨੇ ਆਪਣੇ ਗਾਹਕਾਂ ਨੂੰ ਰਸਾਇਣ ਮੁਕਤ ਉਤਪਾਦ ਪਹੁੰਚਾਏ ਅਤੇ ਨਵੇਂ ਗਾਹਕਾਂ ਨਾਲ ਆਪਣੇ ਵਪਾਰ ਨੂੰ ਵਧਾਇਆ। ਅੱਜ ਇਹ ਉੱਦਮੀ ਔਰਤ ਤਿਉਹਾਰਾਂ, ਵਿਆਹ ਸ਼ਾਦੀਆਂ ਅਤੇ ਹੋਰ ਖ਼ਾਸ ਸਮਾਗਮਾਂ ਲਈ ਵੀ ਵੱਖ-ਵੱਖ ਉਤਪਾਦਾਂ ਨੂੰ ਬਣਾਉਣ ਲਈ ਕੰਮ ਕਰਦੀ ਹੈ ਅਤੇ ਪੂਰੀ ਕਾਮਯਾਬੀ ਨਾਲ ਲੋਕਾਂ ਨੂੰ ਆਪਣੀ ਸੇਵਾ ਪ੍ਰਦਾਨ ਕਰ ਰਹੀ ਹੈ।

Gurpreet Kaur Virk
Gurpreet Kaur Virk
ਅਲਪਨਾ ਗੁਪਤਾ ਨੇ ਕਈ ਔਰਤਾਂ ਨੂੰ ਦਿੱਤਾ ਰੁਜ਼ਗਾਰ

ਅਲਪਨਾ ਗੁਪਤਾ ਨੇ ਕਈ ਔਰਤਾਂ ਨੂੰ ਦਿੱਤਾ ਰੁਜ਼ਗਾਰ

Success Story: ਮਹਿਲਾ ਉੱਦਮਤਾ ਨੂੰ ਕਿਸੇ ਵੀ ਦੇਸ਼ ਦੀ ਆਰਥਿਕ ਤਰੱਕੀ ਲਈ ਇੱਕ ਮਹੱਤਵਪੂਰਨ ਸਾਧਨ ਮੰਨਿਆ ਜਾਂਦਾ ਹੈ। ਮਹਿਲਾ ਉੱਦਮੀਆਂ ਨਾ ਸਿਰਫ਼ ਆਪਣੇ ਆਪ ਨੂੰ ਆਤਮ ਨਿਰਭਰ ਬਣਾਉਂਦੀਆਂ ਹਨ, ਸਗੋਂ ਦੂਜਿਆਂ ਲਈ ਵੀ ਪ੍ਰੇਰਨਾ ਬਣ ਜਾਂਦੀਆਂ ਹਨ। ਭਾਰਤੀ ਸਮਾਜ ਵਿੱਚ ਮਹਿਲਾ ਉਦਮਸ਼ੀਲਤਾ ਨੂੰ ਉਤਸ਼ਾਹਿਤ ਕਰਨ ਲਈ ਸਮਾਜਿਕ, ਪਰਿਵਾਰਕ ਅਤੇ ਆਰਥਿਕ ਮੋਰਚਿਆਂ 'ਤੇ ਬਦਲਾਅ ਲਿਆਉਣ ਦੀ ਲੋੜ ਹੈ।

ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਉੱਦਮੀ ਔਰਤ ਨਾਲ ਜਾਣੂ ਕਰਵਾਉਣ ਜਾ ਰਹੇ ਹਾਂ, ਜੋ ਦੂਜੀਆਂ ਔਰਤਾਂ ਲਈ ਇੱਕ ਚੰਗੀ ਮਿਸਾਲ ਕਾਇਮ ਕਰ ਰਹੀ ਹੈ ਅਤੇ ਪ੍ਰੇਰਨਾ ਸਰੋਤ ਬਣੀ ਹੈ। ਇਹ ਉੱਦਮੀ ਔਰਤ ਹੈ ਅਲਪਨਾ ਗੁਪਤਾ ਪਤਨੀ ਸ਼੍ਰੀ ਮੁਨੀਸ਼ ਗੁਪਤਾ ਜ਼ਿਲਾ ਲੁਧਿਆਣਾ ਦੀ ਵਸਨੀਕ।

ਸਾਲ 2017 ਵਿੱਚ ਲਈ ਤਕਨੀਕੀ ਸਿਖਲਾਈ

ਐੱਮ.ਏ. ਅੰਗਰੇਜੀ ਦੀ ਪੜ੍ਹਾਈ ਪੂਰੀ ਕਰਕੇ ਵਿਆਹ ਤੋਂ ਬਾਅਦ ਇੱਕ ਘਰੇਲੂ ਔਰਤ ਹੋਣ ਕਰਕੇ ਆਪਣੇ ਬੱਚਿਆਂ ਬੇਟੀ ਸੁਰਭੀ ਗੁਪਤਾ ਅਤੇ ਬੇਟਾ ਪਿਯੂਸ਼ ਗੁਪਤਾ ਦੀ ਸਿਹਤ ਦੀ ਸੁਰੱਖਿਆ ਲਈ ਜੋ ਵੀ ਖਾਣ-ਪੀਣ ਵਾਲੀਆਂ ਵਸਤੂਆਂ ਬਣਾਉਂਦੀ ਸੀ ਉਨ੍ਹਾਂ ਨੂੰ ਬਣਾ ਕੇ ਵੇਚਣਾ ਸ਼ੁਰੂ ਕਰ ਦਿੱਤਾ ਅਤੇ ਇਸ ਕਿੱਤੇ ਨੂੰ ਹੀ ਆਪਣੀ ਆਮਦਨ ਦਾ ਜ਼ਰੀਆ ਬਣਾਅ ਲਿਆ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਇਸ ਨੇ ਉਤਪਾਦਾਂ ਨੂੰ ਬਣਾਉਣ ਲਈ ਸਾਲ 2017 ਵਿੱਚ ਤਕਨੀਕੀ ਸਿਖਲਾਈ ਲੈ ਕੇ ਲਗਭਗ 2 ਸਾਲਾਂ ਬਾਅਦ ਹੀ ਆਪਣੇ ਇਸ ਕੰਮ ਨੂੰ ਪੂਰੀ ਤਰਾਂ ਨਾਲ ਵਪਾਰਕ ਪੱਧਰ 'ਤੇ ਕਰਨਾ ਸ਼ੁਰੂ ਕਰ ਦਿੱਤਾ।

ਰਸਾਇਣ ਮੁਕਤ ਉਤਪਾਦ

ਜੇਕਰ ਅਲਪਨਾ ਗੁਪਤਾ ਦੁਆਰਾ ਬਣਾਏ ਉਤਪਾਦਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਮੁੱਖ ਤੌਰ 'ਤੇ ਰਾਗੀ ਦੇ ਆਟੇ ਦੇ ਉਤਪਾਦ, ਜਵਾਰ ਦੇ ਆਟੇ ਦੇ ਵੱਖ-ਵੱਖ ਉਤਪਾਦ, ਬਾਜਰਾ ਅਤੇ ਕੋਧਰਾ ਭਾਵ ਮੋਟੇ ਅਨਾਜਾਂ ਦੇ ਉਤਪਾਦ, ਮਿਲੱਟਸ ਦੇ ਵੱਖ ਵੱਖ ਉਤਪਾਦ ਬਣਾਅ ਕੇ ਸ਼ਹਿਰੀ ਲੋਕਾਂ ਲਈ ਇੱਕ ਨਵਾਂ ਉੱਦਮ ਅਤੇ ਵਸੀਲਾ ਪੈਦਾ ਕੀਤਾ। ਇਸ ਤੋਂ ਇਲਾਵਾ ਦੁਧ ਤੋਂ ਬਣੇ ਸਿਹਤਮੰਦ ਪੀਣ ਵਾਲੇ ਪਾਊਡਰ ਦੇ ਰੂਪ ਵਿੱਚ ਉਤਪਾਦ ਜਿਸ ਵਿੱਚ ਹਲਦੀ ਆਦਿ ਮਿਲਾ ਕੇ ਬਣਾਇਆ। ਇਸ ਤੋਂ ਇਲਾਵਾ ਅਲਸੀ, ਰਾਗੀ ਅਤੇ ਕੋਧਰੇ ਦੀਆਂ ਪਿੰਨੀਆਂ ਅਤੇ ਮੂੰਗੀ ਦੀ ਦਾਲ ਦੀ ਪੰਜੀਰੀ ਵੀ ਤਿਆਰ ਕੀਤੀ ਹੈ। ਅਲਪਨਾ ਗੁਪਤਾ ਦੁਆਰਾ ਬਣਾਏ ਉਤਪਾਦ ਪੂਰੀ ਤਰਾਂ ਨਾਲ ਰਸਾਇਣਾਂ ਤੋਂ ਮੁਕਤ ਹੁੰਦੇ ਹਨ ਅਤੇ ਆਮ ਲੋਕਾਂ ਵਿੱਚ ਬਹੁਤ ਹਰਮਨ ਪਿਆਰੇ ਵੀ ਸਾਬਿਤ ਹੋ ਰਹੇ ਹਨ।

ਔਰਤਾਂ ਨੂੰ ਦਿੱਤਾ ਰੁਜ਼ਗਾਰ

ਸ਼ੁਰੂਆਤ ਵਿੱਚ ਅਲਪਨਾ ਗੁਪਤਾ ਨੇ ਬਿਨਾਂ ਮੈਦੇ ਅਤੇ ਅੰਡੇ ਤੋਂ ਵੱਖ ਵੱਖ ਤਰਾਂ ਦੇ ਕੇਕ ਜਿਵੇਂ ਸੁੱਕੇ ਕੇਕ, ਗੁੜ ਆਟੇ ਦੇ ਕੇਕ, ਖਜੂਰ ਦਾ ਕੇਕ ਆਦਿ ਬਣਾਅ ਕੇ ਇਸ ਕੰਮ ਦੀ ਸ਼ੁਰੂਆਤ ਕੀਤੀ ਅਤੇ ਆਪਣੇ ਗਾਹਕਾਂ ਨੂੰ ਸੁਆਦਲੇ ਅਤੇ ਸਿਹਤਮੰਤ ਉਤਪਾਦਾਂ ਦਾ ਤੋਹਫ਼ਾ ਦਿੱਤਾ ਹੈ। ਅਲਪਨਾ ਗੁਪਤਾ ਦੁਆਰਾ ਕਈ ਤਰਾਂ ਦੇ ਆਧੁਨਿਕ ਢੰਗਾਂ ਨਾਲ ਕੇਕ ਅਤੇ ਕੁਕੀਜ਼ ਆਦਿ ਬਣਾਏ ਜਾਂਦੇ ਹਨ ਜਿਨਾਂ ਨੂੰ ਹਰ ਵਰਗ ਦੇ ਲੋਕ ਬਹੁਤ ਖੁਸ਼ ਹੋ ਕੇ ਖਾਂਦੇ ਹਨ। ਅਲਪਨਾ ਗੁਪਤਾ ਆਪਣੇ ਕਿਸੇ ਵੀ ਉਤਪਾਦ ਵਿੱਚ ਬਨਾਵਟੀ ਸੁਆਦ, ਰੰਗ ਜਾਂ ਸੁਗੰਧ ਦੀ ਵਰਤੋਂ ਨਹੀਂ ਕਰਦੀ। ਅਲਪਨਾ ਗੁਪਤਾ ਦੇ ਕੋਲ ਇਸ ਕੰਮ ਨੂੰ ਕਰਨ ਲਈ ਲਗਭਗ 3 ਦੇ ਕਰੀਬ ਕਰਮਚਾਰੀ ਔਰਤਾਂ ਕੰਮ ਕਰਦੀਆਂ ਹਨ ਜੋ ਕਿ ਇਸ ਦੇ ਕੰਮ ਵਿੱਚ ਇਸ ਦਾ ਪੂਰਾ ਸਾਥ ਦਿੰਦੀਆਂ ਹਨ।

ਇਹ ਵੀ ਪੜ੍ਹੋ : Success Story: ਸੂਰ ਅਤੇ ਮੱਛੀ ਪਾਲਣ ਦਾ ਸਾਂਝਾ ਕਿੱਤਾ ਕਰਨ ਵਾਲੀ ਹਿੰਮਤੀ ਅਤੇ ਉੱਦਮੀ ਔਰਤ Amandeep Kaur Sangha, ਭਵਿੱਖ ਵਿੱਚ Dairy ਅਤੇ Poultry Farm ਸ਼ੁਰੂ ਕਰਨ ਦੀ ਯੋਜਨਾ

ਪਰਿਵਾਰ ਦਾ ਸਹਿਯੋਗ

ਅਲਪਨਾ ਗੁਪਤਾ ਦਾ ਪੂਰਾ ਪਰਿਵਾਰ ਵੀ ਉਸ ਦੇ ਇਸ ਕੰਮ ਵਿੱਚ ਉਸਦੀ ਮਦਦ ਕਰਦਾ ਹੈ ਅਤੇ ਹੱਲਾ-ਸ਼ੇਰੀ ਦਿੰਦਾ ਹੈ। ਅਲਪਨਾ ਗੁਪਤਾ ਦੀ ਬੇਟੀ ਸੁਰਭੀ ਗੁਪਤਾ ਤ੍ਰੇਹਨ ਇਸ ਸਾਰੇ ਕੰਮ ਵਿੱਚ ਬਣਾਏ ਹੋਏ ਉਤਪਾਦਾਂ ਦੇ ਮੰਡੀਕਰਨ ਲਈ ਉਸਦੀ ਪੂਰੀ ਮਦਦ ਕਰਦੀ ਹੈ। ਆਪਣੇ ਉਤਪਾਦਾਂ ਦੀ ਮੰਡੀਕਾਰੀ ਲਈ ਅਲਪਨਾ ਗੁਪਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਲੁਧਿਆਣਾ ਅਤੇ ਹੋਰ ਕਈ ਸਰਕਾਰੀ ਅਤੇ ਗ਼ੈਰ-ਸਰਕਾਰੀ ਵਿਭਾਗਾਂ ਅਤੇ ਸੰਸਥਾਵਾਂ ਦੁਆਰਾ ਸਮੇਂ-ਸਮੇਂ ਲਗਾਈਆਂ ਜਾਂਦੀਆਂ ਪ੍ਰਦਰਸ਼ਨੀਆਂ ਅਤੇ ਕਿਸਾਨ ਮੇਲਿਆਂ ਵਿੱਚ ਆਪਣੇ ਉਤਪਾਦ ਵੇਚਦੀ ਹੈ ਅਤੇ ਚੰਗੀ ਆਮਦਨ ਪ੍ਰਾਪਤ ਕਰਦੀ ਹੈ। ਇਸ ਤੋਂ ਇਲਾਵਾ ਆਨਲਾਈਨ ਆਪਣੇ ਉਤਪਾਦਾਂ ਦੀ ਵਿਕਰੀ ਕਰਨਾ ਵੀ ਅਲਪਨਾ ਗੁਪਤਾ ਦਾ ਇੱਕ ਖ਼ਾਸ ਉੱਦਮ ਹੈ।

ਲਾਕਡਾਊਨ ਵਿੱਚ ਵੀ ਚੰਗੀ ਕਮਾਈ

ਕਰੋਨਾ ਕਾਲ ਸਮੇਂ ਦੌਰਾਨ ਪੂਰੀ ਦੁਨੀਆਂ ਨੂੰ ਲਾਕਡਾਊਨ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਵਿੱਚ ਲਗਭਗ ਸਾਰੀ ਦੁਨੀਆਂ ਦੇ ਸਾਰੇ ਕੰਮ-ਕਾਜ ਜਿਵੇਂ ਠੱਪ ਹੋ ਗਏ ਸਨ, ਪਰ ਅਲਪਨਾ ਗੁਪਤਾ ਨੇ ਇਸ ਸਮੇਂ ਵੀ ਹੌਂਸਲਾ ਨਹੀਂ ਹਾਰਿਆ ਅਤੇ ਆਪਣੇ ਗਾਹਕਾਂ ਨੂੰ ਆਪਣੇ ਉਤਪਾਦ ਪਹੁੰਚਾਏ ਅਤੇ ਨਵੇਂ ਗਾਹਕਾਂ ਨਾਲ ਆਪਣੇ ਵਪਾਰ ਨੂੰ ਵਧਾਇਆ। ਅਜੇ ਤਾਂ ਅਲਪਨਾ ਗੁਪਤਾ ਆਪਣੇ ਇਨ੍ਹਾਂ ਉਤਪਾਦਾਂ ਨੂੰ ਆਪਣੇ ਘਰ ਵਿੱਚ ਹੀ ਰਹਿ ਕੇ ਬਣਾਉਂਦੀ ਹੈ, ਪਰ ਭਵਿੱਖ ਵਿੱਚ ਉਸ ਨੇ ਇਸ ਲਈ ਹੋਰ ਵੱਡੇ ਪੱਧਰ 'ਤੇ ਜਾ ਕੇ ਇਸ ਕੰਮ ਨੂੰ ਕਰਨ ਦਾ ਨਿਸਚਾ ਕੀਤਾ ਹੋਇਆ ਹੈ। ਤਿਉਹਾਰਾਂ, ਵਿਆਹ ਸ਼ਾਦੀਆਂ ਅਤੇ ਹੋਰ ਖ਼ਾਸ ਸਮਾਗਮਾਂ ਲਈ ਵੀ ਅਲਪਨਾ ਗੁਪਤਾ ਵੱਖ-ਵੱਖ ਉਤਪਾਦਾਂ ਨੂੰ ਬਣਾਉਣ ਲਈ ਕੰਮ ਕਰਦੀ ਹੈ ਅਤੇ ਪੂਰੀ ਕਾਮਯਾਬੀ ਨਾਲ ਲੋਕਾਂ ਨੂੰ ਆਪਣੀ ਸੇਵਾ ਪ੍ਰਦਾਨ ਕਰ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਦੀਆਂ Top 5 Women Farmers ਦੀ ਸੰਘਰਸ਼ ਅਤੇ ਮਿਹਨਤ ਦੀ Success Story, ਕਈ ਔਂਕੜਾਂ ਤੋਂ ਬਾਅਦ ਵੀ ਨਹੀਂ ਮੰਨੀ ਹਾਰ, ਰੱਚ ਦਿੱਤੀ ਸਫਲਤਾ ਦੀ ਵੱਖਰੀ ਮਿਸਾਲ

ਅਲਪਨਾ ਗੁਪਤਾ ਨੇ ਕਈ ਔਰਤਾਂ ਨੂੰ ਦਿੱਤਾ ਰੁਜ਼ਗਾਰ

ਅਲਪਨਾ ਗੁਪਤਾ ਨੇ ਕਈ ਔਰਤਾਂ ਨੂੰ ਦਿੱਤਾ ਰੁਜ਼ਗਾਰ

ਅਲਪਨਾ ਗੁਪਤਾ ਆਪਣੇ ਕੰਮ ਨੂੰ ਕਰਨ ਵਿੱਚ ਜਿੰਨੀ ਮਿਹਨਤ ਅਤੇ ਇਮਾਨਦਾਰੀ ਰੱਖਦੀ ਹੈ। ਉਨ੍ਹੀ ਹੀ ਉਹ ਇੱਕ ਸਹੁਣੀ ਸੂਰਤ ਅਤੇ ਸੀਰਤ ਦੀ ਮਾਲਿਕ ਹੈ ਅਤੇ ਆਪਣੇ ਗਾਹਕਾਂ ਨਾਲ ਹਮੇਸ਼ਾਂ ਮਿਠਬੋਲੜਾ ਸੁਭਾਅ ਰੱਖਦੀ ਹੈ। ਨਵੀਂ ਪੀੜ੍ਹੀ ਦੀਆਂ ਕੁੜੀਆਂ ਨੂੰ ਵੀ ਅਲਪਨਾ ਗੁਪਤਾ ਸਲਾਹ ਦਿੰਦੀ ਹੈ ਕਿ ਉਹ ਆਪਣੇ ਜੀਵਨ ਵਿੱਚ ਆਪਣੇ ਸ਼ੌਂਕ ਨੂੰ ਆਪਣਾ ਕਿੱਤਾ ਬਣਾਉਣ ਅਤੇ ਸਿਖਲਾਈ ਲੈ ਕੇ ਹੀ ਕਿਸੇ ਕੰਮ ਨੂੰ ਸ਼ੁਰੂ ਕਰਨ ਅਤੇ ਆਤਮ ਨਿਰਭਰ ਹੋਣ। ਅਲਪਨਾ ਗੁਪਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਕਿੱਲ ਡੀਵੈੱਲਪਮੈਂਟ ਸੈਂਟਰ ਦੁਆਰਾ ਚਲਾਏ ਜਾਂਦੇ ਕਈ ਪ੍ਰੋਜੈਕਟਾਂ ਲਈ ਵੀ ਕੰਮ ਕਰਦੀ ਹੈ। ਅਲਪਨਾ ਗੁਪਤਾ ਦੁਆਰਾ ਬਣਾਏ ਗਏ ਸਾਰੇ ਉਤਪਾਦਾਂ ਨੂੰ ਬਹੁਤ ਹੀ ਸਾਫ਼-ਸੁਥਰੇ ਢੰਗ ਨਾਲ ਬਣਾਇਆ ਅਤੇ ਪੈਕ ਕਰਕੇ ਮੰਡੀਕਰਨ ਕੀਤਾ ਜਾਂਦਾ ਹੈ।

ਅਲਪਨਾ ਗੁਪਤਾ ਜਿਹੀਆਂ ਉੱਦਮੀ ਔਰਤਾਂ ਆਪਣੇ ਪਰਿਵਾਰ ਦੀ ਸਿਹਤ ਹੀ ਨਹੀਂ ਸਗੋਂ ਹੋਰ ਦੂਜੇ ਲੋਕਾਂ ਦੀ ਸਿਹਤ ਲਈ ਵੀ ਵਚਨਬੱਧ ਹੁੰਦੀਆਂ ਹਨ। ਜਿਹੜੀਆਂ ਔਰਤਾਂ ਆਪਣੇ ਘਰਾਂ ਵਿੱਚ ਹੀ ਆਪਣੇ ਪਤੀ ਉੱਤੇ ਨਿਰਭਰ ਹੁੰਦੇ ਹੋਏ ਸਾਰੀ ਉਮਰ ਬਿਤਾ ਦਿੰਦੀਆਂ ਹਨ ਉਹਨਾਂ ਔਰਤਾਂ ਲਈ ਅਲਪਨਾ ਗੁਪਤਾ ਇੱਕ ਜੀਊਂਦੀ-ਜਾਗਦੀ ਮਿਸਾਲ ਹੈ। ਅਸੀਂ ਅਲਪਨਾ ਗੁਪਤਾ ਦੇ ਇਸ ਸੁਆਦਲੇ ਅਤੇ ਸਿਹਤਮੰਦ ਉੱਦਮ ਲਈ ਉਸ ਨੂੰ ਭਵਿੱਖ ਵਿੱਚ ਹੋਰ ਬੁਲੰਦੀਆਂ ਛੂਹਣ ਲਈ ਸ਼ੁਭ ਇਛਾਵਾਂ ਭੇਂਟ ਕਰਦੇ ਹਾਂ।

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Alpana Gupta's chemical-free products are popular among people, Best example of women empowerment

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters